ਭਾਰਤੀ ਮਰੀਜ਼ਾਂ ’ਤੇ ਬੇਅਸਰ ਹੋਈਆਂ ਐਂਟੀਬਾਇਓਟਿਕ ਦਵਾਈਆਂ
ਆਈਸੀਐੱਮਆਰ ਦੇ ਅਧਿਐਨ ’ਵਿਚ ਸਾਹਮਣੇ ਆਈ ਰਿਪੋਰਟ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ : ਭਾਰਤੀ ਮੈਡੀਕਲ ਰਿਸਰਚ ਕੌਂਸਲ ਵੱਲੋਂ ਐਂਟੀਬਾਇਓਟਿਕ ਦਵਾਈਆਂ ਬਾਰੇ ਕੀਤੇ ਗਏ ਅਧਿਐਨ ’ਵਿਚ ਬਹੁਤ ਡਰਾਉਣੀ ਤਸਵੀਰ ਸਾਹਮਣੇ ਆਈ ਹੈ। ਅਧਿਐਨ ਮੁਤਾਬਕ, ਅਜਿਹਾ ਖ਼ਦਸ਼ਾ ਹੈ ਕਿ ਜ਼ਿਆਦਾਤਰ ਮਰੀਜ਼ਾਂ ’ਤੇ ਐਂਟੀਬਾਇਓਟਿਕ ਦਵਾਈ ‘ਕਾਰਬਾਪੈਨੇਮ’ ਕੰਮ ਨਾ ਕਰੇ ਕਿਉਂਕਿ ਇਨ੍ਹਾਂ ਮਰੀਜ਼ਾਂ ’ਵਿਚ ਇਸ ਦਵਾਈ ਪ੍ਰਤੀ ਸੂਖਮ ਜੀਵਾਣੂ ਰੋਧਕ (ਐਂਟੀਮਾਈਕ੍ਰੋਬੀਅਲ) ਸਮਰੱਥਾ ਵਿਕਸਿਤ ਹੋ ਰਹੀ ਹੈ। ‘ਕਾਰਬਾਪੈਨੇਮ’ ਇਕ ਸ਼ਕਤੀਸ਼ਾਲੀ ਐਂਟੀਬਾਇਓਟਿਕ ਦਵਾਈ ਹੈ ਜਿਹਡ਼ੀ ਮੁੱਖ ਤੌਰ ’ਤੇ ਆਈਸੀਯੂ ’ਵਿਚ ਦਾਖ਼ਲ ਨਿਮੋਨੀਆ ਤੇ ਸੈਪਟੀਸੀਮੀਆ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।
ਇਹ ਅਧਿਐਨ ਕਰਨ ਵਾਲੀ ਟੀਮ ਦੀ ਅਗਵਾਈ ਕਰਨ ਵਾਲੀ ਆਈਸੀਐੱਮਆਰ ਦੀ ਵਿਗਿਆਨੀ ਡਾ. ਕਾਮਿਨੀ ਵਾਲੀਆ ਨੇ ਕਿਹਾ ਕਿ ਇਕ ਜਨਵਰੀ ਤੋਂ 31 ਦਸੰਬਰ, 2021 ਵਿਚਕਾਰ ਮਿਲੇ ਅੰਕਡ਼ਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ’ਵਿਚ ਪਤਾ ਲੱਗਾ ਕਿ ਦਵਾਈ ਵਿਰੋਧੀ ਰੋਗਾਣੂਆਂ (ਪੈਥੋਜੇਨ) ਦੀ ਗਿਣਤੀ ’ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਮੌਜੂਦਾ ਐਂਟੀਬਾਇਓਟਿਕ ਦਵਾਈਆਂ ਦੀ ਮਦਦ ਨਾਲ ਕੁਝ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਦਾ ਇਲਾਜ ਕਰਨਾ ਮੁਸ਼ਕਲ ਹੋ ਰਿਹਾ ਹੈ। ਡਾ. ਵਾਲੀਆ ਨੇ ਕਿਹਾ ਕਿ ਜੇਕਰ ਤੁਰੰਤ ਉਚਿਤ ਕਦਮ ਨਾ ਚੁੱਕੇ ਗਏ ਤਾਂ ਸੂਖਮ ਜੀਵਾਣੂ ਰੋਧਕ ਸਮਰੱਥਾ ਦਾ ਵਿਕਸਿਤ ਹੋਣਾ ਭਵਿੱਖ ਵਿਚ ਮਹਾਮਾਰੀ ਦਾ ਰੂਪ ਧਾਰ ਸਕਦਾ ਹੈ।
ਰਿਪੋਰਟ ਮੁਤਾਬਕ, ਐਂਟੀਬਾਇਓਟਿਕ ਦਵਾਈ ਇਮੀਪੈਨੇਮ ਪ੍ਰਤੀ ਏਐੱਮਆਰ 2016 ਦੇ 14 ਫ਼ੀਸਦੀ ਦੇ ਮੁਕਾਬਲੇ 2021 ’ਵਿਚ ਵੱਧ ਕੇ 36 ਫ਼ੀਸਦੀ ਹੋ ਗਈ ਹੈ। ਇਸ ਦਵਾਈ ਦੀ ਵਰਤੋਂ ‘ਈ ਕੋਲਾਈ’ ਬੈਕਟੀਰੀਆ ਨਾਲ ਹੋਣ ਵਾਲੀ ਇਨਫੈਕਸ਼ਨ ਦੇ ਇਲਾਜ ’ਵਿਚ ਕੀਤੀ ਜਾਂਦੀ ਹੈ। ‘ਕਲੇਬਸੀਏਲਾ ਨਿਮੋਨੀਆ’ ਦੇ ਇਲਾਜ ’ਵਿਚ ਵਰਤੀਆਂ ਜਾਣ ਵਾਲੀਆਂ ਖ਼ਾਸ ਤਰ੍ਹਾਂ ਦੀਆਂ ਐਂਟੀਬਾਇਓਟਿਕ ਦਵਾਈਆਂ ਦੇ ਅਸਰ ’ਚ ਵੀ ਕਮੀ ਦੇਖੀ ਗਈ ਹੈ। 2016 ’ਚ ਇਸ ਬਿਮਾਰੀ ਦੇ ਇਲਾਜ ’ਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਾ ਅਸਰ 65 ਫ਼ੀਸਦੀ ਹੁੰਦਾ ਸੀ ਜਿਹਡ਼ਾ 2020 ’ਚ ਘੱਟ ਕੇ 45 ਫ਼ੀਸਦੀ ’ਤੇ ਅਤੇ 2021 ’ਚ ਘੱਟ ਹੋ ਕੇ 43 ਫ਼ੀਸਦੀ ’ਤੇ ਆ ਗਿਆ।
ਡਾ. ਵਾਲੀਆ ਦਾ ਕਹਿਣਾ ਹੈ ਕਿ ਐਂਟੀਬਾਇਓਟਿਕ ਦਵਾਈਆਂ ਦੀ ਤਰਕਸੰਗਤ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਲਈ ਜਾਂਚ ਕਰਨ ਵਾਲੀਆਂ ਲੈਬਾਰਟਰੀਆਂ ਦੀ ਗੁਣਵੱਤਾ ’ਵਿਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਡਾਕਟਰਾਂ ਵੱਲੋਂ ਵੀ ਐਂਟੀਬਾਇਓਟਿਕ ਦਵਾਈਆਂ ਨਿਸ਼ਚਿਤ ਜਾਂਚ ਰਿਪੋਰਟ ਦੇ ਆਧਾਰ ’ਤੇ ਹੀ ਲਿਖਣੀਆਂ ਚਾਹੀਦੀਆਂ ਹਨ, ਅੰਦਾਜ਼ੇ ਦੇ ਆਧਾਰ ’ਤੇ ਨਹੀਂ।
Comments (0)