ਪੰਜਾਬ ਵਿਚ ਚੋਣ ਮੁਕਾਬਲੇ ਹੋਣਗੇ ਬਹੁਕੋਨੇ

 ਪੰਜਾਬ ਵਿਚ ਚੋਣ ਮੁਕਾਬਲੇ ਹੋਣਗੇ ਬਹੁਕੋਨੇ

 * ਮੋਦੀ ਨੇ ਕਿਹਾ ਕਿ ਸਰਕਾਰ ਬਣਾ ਦਿਓ, ਪੰਜਾਬ ਨੂੰ ਬੁਲੰਦੀਆਂ 'ਤੇ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ

ਅੰਮ੍ਰਿਤਸਰ ਟਾਈਮਜ਼

ਪੰਜਾਬ ਵਿਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ, ਭਾਜਪਾ-ਪੰਜਾਬ ਕਾਂਗਰਸ  ਤੇ ਅਕਾਲੀ ਦਲ (ਸੰਯੁਕਤ) ਗੱਠਜੋੜ, ਬਾਦਲ ਅਕਾਲੀ ਦਲ ਤੇ ਬਸਪਾ  ਗੱਠਜੋੜ, ਆਪ ਪਾਰਟੀਅਕਾਲੀ ਦਲ ਅੰਮ੍ਰਿਤਸਰ , ਕਿਸਾਨਾਂ ਦੀ ਸੰਯੁਕਤ ਸਮਾਜ ਮੋਰਚਾ , ਹੋਰ ਖੇਤਰੀ ਪਾਰਟੀਆਂ ਤੇ ਆਜ਼ਾਦ 1304 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੰਜਾਬ ਵਿਚ ਬਹੁਕੋਣੇ ਮੁਕਾਬਲਿਆਂ ਨੇ ਚੋਣਾਂ ਦੇ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਪੰਜਾਬ ਦੇ ਤਿੰਨ ਮੁੱਖ ਜ਼ੋਨਾਂ ਮਾਝਾ ਵਿਚ 23, ਦੁਆਬਾ ਵਿਚ 25 ਅਤੇ ਮਾਲਵਾ ਵਿਚ ਸਭ ਤੋਂ ਵੱਧ 69 ਹਲਕੇ ਹਨ। ਪੰਜਾਬ ਵਿਚ ਹਮੇਸ਼ਾ ਮਾਲਵਾ ਦੀ ਸਿਆਸਤ ਭਾਰੂ ਰਹੀ ਹੈ। ਸਭ ਤੋਂ ਵੱਧ ਮੁੱਖ ਮੰਤਰੀ ਮਾਲਵਾ ਵਿੱੱਚੋਂ ਰਹੇ ਹਨ। ਪੰਜਾਬ ਦੀ  ਸਾਰੀਆਂ ਸਿਆਸੀ ਪਾਰਟੀਆਂ ਵੱਲੋਂਂ ਡੇਰਿਆਂਂ ਦੇ ਪੈਰੋਕਾਰਾਂ ਦੀਆਂ ਵੋਟਾਂ ਬਟੋਰਨ ਲਈ ਹਰ ਯਤਨ ਕੀਤਾ ਜਾ ਰਿਹਾ ਹੈ। ਸੁਨਾਰੀਆ ਜੇਲ੍ਹ ਵਿਚ ਸਜ਼ਾ ਭੁਗਤ ਰਹੇ  ਸੌਦਾ ਸਾਧ  ਦੀ 21 ਦਿਨਾਂ ਦੀ ਫਰਲੋ ਸਿਆਸੀ ਪ੍ਰਭਾਵ ਦਾ ਨਤੀਜਾ  ਹੈ।  ਡੇਰਾ ਸੌਦਾ ਦਾ  ਜ਼ਿਲ੍ਹਾ ਬਠਿੰਡਾ ਵਿਚ ਮੁੱਖ ਡੇਰਾ ਸਲਾਬਤਪੁਰਾ ਵਿਖੇ ਹੋਣ ਕਾਰਨ ਜ਼ਿਲ੍ਹਾ ਬਠਿੰਡਾ, ਮੋਗਾ, ਮੁਕਤਸਰ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ ਵਿਚ  ਪ੍ਰਭਾਵ ਹੈ। ਇਸੇ ਲਈ ਲੋਕ ਡੇਰਾ ਮੁਖੀ ਨੂੰ ਜੇਲ੍ਹ ਤੋਂ ਬਾਹਰ ਕੱਢੇ ਜਾਣ ਨੂੰ ਭਾਜਪਾ ਦੀ ਵੋਟਾਂ ਬਟੋਰਨ ਦੀ ਰਾਜਨੀਤੀ ਨਾਲ ਜੋੜ ਰਹੇ ਹਨ।  ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਡੇਰਾ ਪੈਰੋਕਾਰਾਂ ਦੀ ਹਮਾਇਤ ਖ਼ਾਤਰ  ਅਕਾਲ ਤਖ਼ਤ ਸਾਹਿਬ ਤੋਂ ਡੇਰਾ ਮੁਖੀ ਨੂੰ ਮਾਫ਼ੀ ਦਿਵਾਈ ਸੀ। ਕੈਪਟਨ ਤੇ ਕਾਂਗਰਸ ਤੇ ਦੂਜੀਆਂ ਪਾਰਟੀਆਂ ਦੇ ਕਈ ਨੇਤਾ ਡੇਰੇ ਤੋਂ ਹਮਾਇਤ ਪ੍ਰਾਪਤ ਕਰ ਚੁੱਕੇ ਹਨ। ਅਜੇ ਤਕ ਡੇਰਾ ਮੁਖੀ ਵੱਲੋਂ ਆਪਣੇ ਪੈਰੋਕਾਰਾਂ ਨੂੰ ਕੋਈ ਆਦੇਸ਼ ਜਾਰੀ ਨਹੀਂ ਹੋਇਆ ਪਰ ਗੁਪਤ ਮੀਟਿੰਗਾਂ ਜਾਰੀ ਹਨ। ਡੇਰਾ ਸੌਦਾ ਦਾ ਪੰਜਾਬ , ਰਾਜਸਥਾਨ, ਯੂਪੀ, ਹਰਿਆਣਾ, ਹਿਮਾਚਲ, ਦਿੱਲੀ ਤੇ ਹੋਰ ਸੂਬਿਆਂ ਵਿਚ ਵੀ ਪ੍ਰਭਾਵ ਹੈ।

ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਇਸ ਵਾਰ  ਲਟਕਵੀਂ ਵਿਧਾਨ ਸਭਾ ਬਣਨ ਦੀ ਸੰਭਾਵਨਾ ਹੈ।ਬਹੁਤ ਸਾਰੇ ਸਰਵੇ ਤੇ ਬਹੁਤੇ ਸਿਆਸੀ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਲਟਕਵੀਂ ਵਿਧਾਨ ਸਭਾ ਬਣਨ ਦੀ ਗੱਲ ਹੀ ਕਰ ਰਹੇ ਹਨ।  ਇਸ ਵਾਰ ਭਾਜਪਾ ਨੇ ਜਿਸ ਤਰ੍ਹਾਂ ਦਾ ਜ਼ੋਰ ਪੰਜਾਬ ਵਿਚ ਲਾਇਆ ਹੋਇਆ ਹੈ। ਭਾਜਪਾ ਬੇਸ਼ੱਕ ਸੀਟਾਂ ਦੀ ਗਿਣਤੀ ਦੇ ਹਿਸਾਬ ਨਾਲ ਕੋਈ ਵੱਡੀ ਜਿੱਤ ਪ੍ਰਾਪਤ ਨਾ ਕਰ ਸਕੇ  ਪਰ ਉਸ ਦੇ ਵੋਟ ਫ਼ੀਸਦੀ ਵਿਚ ਵੱਡਾ ਸੁਧਾਰ ਹੋ ਸਕਦਾ  ਹੈ। ਭਾਜਪਾ ਇਕ ਪਾਸੇ ਉਹ ਡੇਰਿਆਂ ਦੀਆਂ ਵੋਟਾਂ ਆਪਣੇ ਹੱਕ ਵਿਚ ਕਰ ਰਹੀ ਹੈ ਤੇ ਦੂਜੇ ਪਾਸੇ ਸਿੱਖਾਂ ਨੂੰ ਲੁਭਾਉਣ ਲਈ ਵੀ ਪੂਰਾ ਜ਼ੋਰ ਲਾ ਰਹੀ ਹੈ। ਹਿੰਦੂ ਵੋਟਾਂ ਨੂੰ ਕਤਾਰਬੱਧ ਕਰਨ ਦੀ ਕੋਸ਼ਿਸ਼ ਵਿਚ ਹੈ।ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ  ਨਾਲ ਗੰਢਤੁੱਪ ਕਰ ਕੇ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ ਤੇ ਸੁਖਦੇਵ ਸਿੰਘ ਢੀਂਡਸਾ ਦੇ  ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ਕੀਤਾ ਹੋਇਆ ਹੈ।  ਸ਼੍ਰੋਮਣੀ ਅਕਾਲੀ ਦਲ (ਬ) ਨੇ ਕਿਸਾਨ ਸੰਘਰਸ਼ ਦੌਰਾਨ ਭਾਜਪਾ ਨਾਲੋਂ ਪੁਰਾਣਾ ਨਾਤਾ ਤੋੜ ਕੇ ਬਸਪਾ ਨਾਲ ਜੋੜ ਲਿਆ ਸੀ। ਅਕਾਲੀ ਦਲ ਦੇ ਸੁਪਰੀਮੋ ਸੁਖਬੀਰ  ਬਾਦਲ ਨੇ ਲਗਾਤਾਰ 3-4 ਮਹੀਨੇ ਭਰਪੂਰ ਮਿਹਨਤ ਕੀਤੀ ਹੈ । ਇਹੀ ਕਾਰਨ ਹੈ ਕਿ ਸ਼ੁਰੂਆਤੀ ਦੌਰ ਵਿਚ ਮੁਕਾਬਲੇ ਤੋਂ ਬਾਹਰ ਦਿਖਦਾ ਅਕਾਲੀ ਦਲ ਮੁਕਾਬਲੇ ਵਿਚ ਤਾਂ ਪਰਤ ਆਇਆ ਹੈ ਪਰ ਸੀਟਾਂ ਜਿੱਤਣੀਆਂ ਵੱਖਰੀ ਗੱਲ ਹੈ । 

ਕਾਂਗਰਸ ਸ਼ੁਰੂਆਤੀ ਦੌਰ ਵਿਚ ਸਾਫ਼ ਜਿੱਤਦੀ ਆ ਰਹੀ ਸੀ ਪਰ ਕਾਂਗਰਸ ਦੀ ਆਪਸੀ ਫੁੱਟ ਕਾਂਗਰਸ ਦਾ ਕਾਫੀ ਨੁਕਸਾਨ ਕਰ ਗਈ ਹੈ। ਬੇਸ਼ੱਕ ਕਾਂਗਰਸ ਅਜੇ ਵੀ ਮੁਕਾਬਲੇ ਵਿਚ ਹੈ ਤੇ ਨਤੀਜੇ ਕੁਝ ਵੀ ਨਿਕਲ ਸਕਦੇ ਹਨ । ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਨੇ ਇਕ ਦਲਿਤ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾ ਕੇ ਤੇ ਉਸ ਨੂੰ ਹੀ ਅਗਲੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਜੋ ਖੇਡ ਖੇਡੀ ਸੀ, ਉਸ ਦਾ ਦੁਆਬੇ ਵਿਚ ਤਾਂ ਕਾਫੀ ਅਸਰ ਦਿਖਾਈ ਦੇ ਰਿਹਾ ਹੈ। ਮਾਲਵੇ , ਮਾਝੇ ਵਿਚ ਬਹੁਤਾ ਪ੍ਰਭਾਵ ਨਹੀਂ ਹੈ। ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਆਗੂ ਚੋਣ ਰੈਲੀਆਂਂ ਕਰ ਰਹੇ ਹਨ। ਕਾਂਗਰਸ ਨੇ ਬੀਤੇ ਸਾਲ ਸਤੰਬਰ ਵਿਚ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਕੇ ਚਰਨਜੀਤ ਸਿੰਘ ਚੰਨੀ ਦੇ ਹੱਥ ਸੂਬੇ ਵਾਗ ਫੜਾ ਕੇ ਅਨੁਸੂਚਿਤ ਜਾਤੀ ਦੇ ਲੋਕਾਂ ਦੀਆਂ ਵੋਟਾਂ ਨੂੰ ਪ੍ਰਭਾਵਿਤ ਕਰਨ ਦਾ ਪੱਤਾ ਖੇਡਿਆ ਸੀ। ਉਹ ਦੋ ਹਲਕਿਆਂ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਲੜ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਆਪਣੀ ਚੁਣੌਤੀ ਵਿਚ ਆਪ ਫਸ ਗਏ ਹਨ।ਇਸੇ ਲਈ ਆਪਣੇ ਹਲਕੇ ਤੋਂ ਬਾਹਰ ਨਹੀਂ ਨਿਕਲ ਰਹੇ। 

ਤੀਜੀ ਧਿਰ ਵਜੋਂ ਉੱਭਰ ਕੇ ਆਈ ਆਪ  ਦੇ ਸੁਪਰੀਮੋ ਕੇਜਰੀਵਾਲ ਨੇ ਪੰਜਾਬ ਵਿਚ ਸਰਗਰਮੀਆਂ ਕੇਂਦ੍ਰਿਤ ਕਰਦਿਆਂ ਡੇਰਾ ਲਾਇਆ ਹੋਇਆ ਹੈ। ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਹਨ। ਕਿਸਾਨ ਮੋਰਚੇ ਦੀ ਜਿੱਤ ਤੋਂ ਬਾਅਦ ਹਰਿਆਣਾ ਦੀ ਕਿਸਾਨ ਜੱਥੇਬੰਦੀ (ਚੜੂਨੀ) ਨੇ ਪੰਜਾਬ ਵਿਚ ਸਿਆਸੀ ਪਾਰਟੀ ਬਣਾ ਕੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ।ਆਪ ਪਾਰਟੀ ਇਸ ਵਾਰ 80 ਸੀਟਾਂ 'ਤੇ ਜਿੱਤ ਦਾ ਦਾਅਵਾ  ਕਰ ਰਹੀ । ਅਸਲ ਵਿਚ ਲੋਕ 'ਆਪ' ਦੀਆਂ ਨੀਤੀਆਂ ਜਾਂ ਕੰਮ ਘੱਟ ਵੇਖ ਰਹੇ ਹਨ ਪਰ ਕਾਂਗਰਸ ਤੇ ਅਕਾਲੀ ਦਲ ਦੇ ਲੰਮੇ ਪ੍ਰਸ਼ਾਸਨਾਂ ਦੀ ਕਾਰਗੁਜ਼ਾਰੀ ਨੂੰ ਰੱਦ ਕਰਦੇ ਜ਼ਿਆਦਾ ਦਿਖਾਈ ਦੇ ਰਹੇ ਹਨ। ' ਉਹ ਤਾਂ ਬਸ ਅਕਾਲੀ ਤੇ ਕਾਂਗਰਸ ਦੋਵਾਂ ਦੀ ਥਾਂ ਬਦਲਾਓ ਦੀ ਗੱਲ ਹੀ ਕਰਦੇ ਹਨ ਕਿ ਤੀਸਰੀ ਧਿਰ ਨੂੰ ਵੀ ਅਜ਼ਮਾ ਕੇ ਵੇਖ ਲਈਏ। 

ਸੰਯੁਕਤ ਸਮਾਜ ਮੋਰਚਾ ਤੇ ਚੜੂਨੀ ਦੀ ਪਾਰਟੀ ਸਮਝੌਤਾ ਕਰ ਕੇ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ।  ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਸਾਨਾਂ ਦੀ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾ ਨਾਲੋਂ ਦੂਰੀ ਬਣਾਈ ਹੋਈ ਹੈ। ਸਿਮਰਨਜੀਤ ਸਿੰਘ ਮਾਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵੱਖਰੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹੋਏ ਹਨ। ਪੰਜਾਬ ਵਿਚ ਵੋਟਾਂ ਭਾਵੇਂ 20 ਫਰਵਰੀ ਨੂੰ ਪੈਣੀਆਂ ਹਨ ਪਰ ਅਸਲ ਤਸਵੀਰ 10 ਮਾਰਚ ਨੂੰ ਸਾਹਮਣੇ ਆਵੇਗੀ।ਉਂਜ ਤਾਂ ਕੋਈ ਜਿੱਤੇ ਕੋਈ ਹਾਰੇ ਇਨ੍ਹਾਂ ਵਿਚੋਂ ਕਿਸੇ ਵੀ ਧਿਰ ਤੋਂ ਪੰਜਾਬ ਦੇ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਚੋਣਾਂ ਵਿਚ ਪੰਜਾਬ ਦੀਆਂ ਅਸਲੀ ਜ਼ਰੂਰਤਾਂ ਤੇ ਰਵਾਇਤੀ ਮੰਗਾਂ ਤਾਂ ਚੋਣਾਂ ਦਾ ਮੁੱਦਾ ਹੀ ਨਹੀਂ ਬਣ ਸਕੀਆਂ।

ਭਾਜਪਾ ਦਾ ਜੋਰ ਸਿੱਖਾਂ ਦੀ ਹਮਾਇਤ ਲੈਣ ਉਪਰ  

  ਬੇਸ਼ੱਕ ਇਕ ਪਾਸੇ ਭਾਜਪਾ ਦੀ ਹਰਿਆਣਾ ਸਰਕਾਰ ਨੇ ਵੋਟਾਂ ਲਈ ਹੀ ਚੋਣਾਂ ਦੌਰਾਨ ਡੇਰਾ ਸਿਰਸਾ ਦੇ ਮੁਖੀ  ਨੂੰ ਫਰਲੋ 'ਤੇ ਭੇਜਿਆ ਹੈ ਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ  ਮੋਦੀ ਨੇ ਬਿਆਸ ਡੇਰੇ ਦੇ ਮੁਖੀ ਨਾਲ ਵੀ ਮੁਲਾਕਾਤ ਕੀਤੀ ਹੈ। ਪਰ ਇਨ੍ਹਾਂ ਚੋਣਾਂ ਵਿਚ ਭਾਜਪਾ ਦਾ ਸਭ ਤੋਂ ਵਧ ਜ਼ੋਰ ਸਿੱਖਾਂ ਨੂੰ ਭਾਜਪਾ ਦੇ ਨੇੜੇ ਕਰਨ 'ਤੇ ਵੀ ਲੱਗਾ ਹੋਇਆ ਹੈ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਲੈ ਕੇ ਪੰਜਾਬ ਵਿਚ ਫਿਰ ਰਿਹਾ ਹਰ ਕੇਂਦਰੀ ਮੰਤਰੀ ਇਹ ਗਿਣਵਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਕਿਹੜੇ-ਕਿਹੜੇ ਕੰਮ ਸਿੱਖਾਂ ਲਈ ਕੀਤੇ ਹਨ। ਉਹ ਪੰਜਾਬੀਆਂ ਤੇ ਸਿੱਖਾਂ ਦੀ ਬਹਾਦਰੀ ਦੀਆਂ ਤਾਰੀਫ਼ਾਂ ਕਰਦੇ ਵੀ ਨਹੀਂ ਥਕਦੇ।ਪ੍ਰਧਾਨ ਮੰਤਰੀ  ਮੋਦੀ ਨੇ  ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪੰਜਾਬ ਹਰ ਪੱਖੋਂ ਪਛੜ ਚੁੱਕਿਆ ਹੈ ।ਪੰਜਾਬ ਦੇ ਲੋਕ ਪੰਜ ਸਾਲ ਦਾ ਸਮਾਂ ਮੇਰੀ ਝੋਲੀ ਪਾ ਦੇਣ, ਪੰਜਾਬ ਨੂੰ ਫਿਰ ਉਚਾਈਆਂ 'ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ ਤੇ ਪੰਜਾਬ ਵਿਚ ਸੁਨਹਿਰੇ ਯੁੱਗ ਦੀ ਸ਼ੁਰੂਆਤ ਹੋਵੇਗੀ । ਸਰਕਾਰ ਸੂਬੇ ਵਿਚੋਂ ਰੇਤ, ਨਸ਼ਾ ਤੇ ਭੂ ਮਾਫ਼ੀਆ ਨੂੰ ਪਹਿਲ ਦੇ ਆਧਾਰ 'ਤੇ ਖ਼ਤਮ ਕਰੇਗੀ । ਉਨ੍ਹਾਂ ਕਿਹਾ ਕਿ 1984 ਅੰਦਰ ਸਿੱਖ ਕਤਲੇਆਮ ਲਈ ਕਾਂਗਰਸ  ਦੋਸ਼ੀ ਹੈ । ਉਨ੍ਹਾਂ ਕਿਹਾ ਕਿ ਝੂਠ ਅਤੇ ਮੁਫ਼ਤ ਦੇ ਲਾਰੇ ਲਾ ਕੇ ਆਪ ਪਾਰਟੀ ਪੰਜਾਬ ਨੂੰ ਹਨੇਰੇ ਵਿਚ ਧੱਕਣਾ ਚਾਹੁੰਦੀ ਹੈ ।ਉਨ੍ਹਾਂ ਕਿਹਾ ਕਿ ਜੋ ਦਿੱਲੀ ਵਿਚ ਸਕੂਲ, ਕਾਲਜਾਂ ਨੇੜੇ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ, ਉਹ ਪੰਜਾਬ ਵਿਚ ਨਸ਼ਾਖੋਰੀ ਨੂੰ ਕਿਵੇਂ ਖ਼ਤਮ ਕਰਨਗੇ? ਪਤਾ ਲੱਗਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਦੀ ਬੰਦ ਕਮਰਾ ਮਲਾਕਾਤ ਵਿਚ ਜਥੇਦਾਰ ਵਲੋਂ ਉਠਾਈਆਂ ਬਹੁਤੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।