ਜੇਕਰ ਮੇਰੇ ਬਾਰੇ ਹਾਨੀਕਾਰਕ ਲੇਖ ਨਾ ਲਿਖੇ ਜਾਂਦੇ ਤਾਂ ਮੈ ਚੋਣ ਜਿੱਤ ਜਾਣੀ ਸੀ- ਰਾਬਰਟ ਟੈਲਸ
-ਪੱਤਰਕਾਰ ਜੈਫ ਜਰਮਨ ਦੀ ਹੱਤਿਆ ਦਾ ਮਾਮਲਾ-
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨੇਵਾਡਾ ਦੇ ਸਾਬਕਾ ਰਾਜਸੀ ਆਗੂ ਰਾਬਰਟ ਟੈਲਸ (47) ਜਿਸ ਉਪਰ ਲਾਸ ਵੇਗਾਸ ਦੇ ਖੋਜ਼ੀ ਪੱਤਰਕਾਰ ਜੈਫ ਜਰਮਨ ਦੀ ਹੱਤਿਆ ਦਾ ਦੋਸ਼ ਹੈ, ਨੇ ਅਦਾਲਤ ਵਿਚ ਕਿਹਾ ਕਿ ਉਹ ਨਿਰਦੋਸ਼ ਹੈ ਪਰੰਤੂ ਇਸ ਦੇ ਨਾਲ ਹੀ ਉਸ ਨੇ ਮੰਨਿਆ ਕਿ ਜੇਕਰ ਜੈਫ ਉਸ ਬਾਰੇ ਹਾਨੀਕਾਰਕ ਲੇਖ ਨਾ ਲਿਖਦਾ ਤਾਂ ਉਹ ਕਲਾਰਕ ਕਾਊਂਟੀ ਪਬਲਿਕ ਐਡਮਨਿਸਟ੍ਰੇਟਰ ਦੀ ਮੁੱਢਲੀ ਚੋਣ ਜਿੱਤ ਜਾਂਦਾ। ਲਾਸ ਵੇਗਾਸ ਰੀਵਿਊ ਜਰਨਲ ਦੇ ਰਿਪੋਰਟਰ ਜੈਫ ਜਰਮਨ ਦੀ ਸਤੰਬਰ 2022 ਵਿਚ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਟੈਲਸ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦਾ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਟੈਲਸ ਨੂੰ ਫਸਾਇਆ ਗਿਆ ਹੈ।
ਦੂਸਰੇ ਪਾਸੇ ਮੁਦਈ ਪੱਖ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਟੈਲਸ ਜਰਮਨ ਵੱਲੋਂ ਲਿਖੇ ਲੇਖਾਂ ਤੋਂ ਨਰਾਜ਼ ਸੀ ਜਿਨਾਂ ਲੇਖਾਂ ਵਿਚ ਉਸ ਦੇ ਰਾਜਸੀ ਦਫਤਰ ਵਿਚ ਚਲ ਰਹੀ ਗੜਬੜ ਨੂੰ ਨੰਗਾ ਕੀਤਾ ਗਿਆ ਸੀ। ਵਕੀਲ ਕ੍ਰਿਸਟੋਫਰ ਹੈਮਨਰ ਨੇ ਟੈਲਸ ਨੂੰ ਪੁੱਛਿਆ ਕਿ ਕੀ ਉਹ ਵਿਸ਼ਵਾਸ਼ ਰਖਦਾ ਹੈ ਕਿ ਜੇਕਰ ਜੈਫ ਜਰਮਨ ਉਸ ਬਾਰੇ 4 ਲੇਖ ਨਾ ਲਿਖਦਾ ਤਾਂ ਉਹ ਚੋਣ ਜਿੱਤ ਜਾਂਦਾ? ਇਸ 'ਤੇ ਟੈਲਸ ਨੇ ਕਿਹਾ ਹਾਂ ਮੇਰਾ ਅਜਿਹਾ ਹੀ ਯਕੀਨ ਹੈ। ਹੈਮਨਰ ਨੇ ਟੈਲਸ ਤੇ ਇਕ ਸਹਿ ਕਰਮਚਾਰੀ ਵਿਚਾਲੇ ਹੋਏ ਟੈਕਸਟ ਸੁਨੇਹਿਆਂ ਦਾ ਜਿਕਰ ਕੀਤਾ ਜਿਨਾਂ ਵਿਚ ਟੈਲਸ ਨੇ ਕਿਹਾ ਕਿ ਉਹ ਲੇਖਾਂ ਤੋਂ ਫਿਕਰਮੰਦ ਹੈ ਜੋ ਲੇਖ ਸਾਲਾਂ ਤੱਕ ਉਸ ਦਾ ਪਿੱਛਾ ਕਰਨਗੇ ਤੇ ਉਸ ਦੇ ਕਰੀਅਰ ਤੇ ਭਵਿੱਖ ਨੂੰ ਖਤਰੇ ਵਿਚ ਪਾ ਦੇਣਗੇ। ਟੈਲਸ ਨੇ ਕਿਹਾ ਕਿ ''ਮੈ ਕਿਸੇ ਨੂੰ ਨਹੀਂ ਮਾਰਿਆ, ਮੈ ਜਰਮਨ ਨੂੰ ਨਹੀਂ ਮਾਰਿਆ,ਇਹ ਹੀ ਮੇਰਾ ਸੱਚ ਹੈ।'' ਟੈਲਸ ਨੇ ਕਿਹਾ ਜਰਮਨ ਦੀ ਹੱਤਿਆ ਵਾਲੇ ਦਿਨ ਸੈਰ ਤੇ ਜਿਮ ਜਾਣ ਤੋਂ ਪਹਿਲਾਂ ਉਸ ਨੇ ਕੁਝ ਸਮਾਂ ਟੀ ਵੀ ਵੇਖਿਆ ਸੀ। ਉਸ ਨੇ ਦਿਨ ਭਰ ਦੀਆਂ ਸਰਗਰਮੀਆਂ ਬਾਰੇ ਆਪਣਾ ਫੋਨ ਲਾਗ ਵਿਖਾਉਂਦਿਆਂ ਕਿਹਾ ਕਿ ਇਸ ਵਿਚ ਕੁਝ ਵੀ ਸੰਦੇਹਪੂਰਨ ਨਹੀਂ ਹੈ। ਦੂਸਰੇ ਪਾਸੇ ਹੈਮਨਰ ਨੇ ਟੈਲਸ ਤੇ ਉਸ ਦੀ ਪਤਨੀ ਵਿਚਾਲੇ ਹੋਏ ਇਕ ਸੁਨੇਹੇ ਦੇ ਵਟਾਂਦਰੇ ਦਾ ਜਿਕਰ ਕੀਤਾ ਜਿਸ ਵਿਚ ਉਸ ਦੀ ਪਤਨੀ ਪੁੱਛਦੀ ਹੈ, ਤੁਸੀਂ ਕਿਥੇ ਹੋ?
Comments (0)