ਭਾਈ ਨਿਝਰ ਕਤਲ ਕਾਂਡ ਵਿਚ ਅਮਰੀਕਾ-ਬਰਤਾਨੀਆ ਆਦਿ ਨੇ ਕੈਨੇਡਾ ਦੀ ਕੀਤੀ ਹਮਾਇਤ
ਰੂਸ ਭਾਰਤ ਦੇ ਹੱਕ ਵਿਚ, ਖਾਲਿਸਤਾਨ 'ਤੇ ਟਰੂਡੋ ਦੀ ਕੀਤੀ ਨਿਖੇਧੀ
*ਕੈਨੇਡਾ ਨੇ ਲਗਾਏ ਦੋਸ਼ ਭਾਰਤੀ ਏਜੰਸੀਆਂ ਨੇ ਬਿਸ਼ਨੋਈ ਗੈਂਗ ਨਾਲ ਮਿਲਕੇ ਕਰਵਾਈਆਂ ਵਰਦਾਤਾਂ
*ਨਿੱਝਰ ਤੇ ਪੰਨੂੰ ਕਾਂਡ ਇਕ ਹੀ ਸਾਜਿਸ਼ ਦਾ ਹਿੱਸਾ-ਸਾਬਕਾ ਕੈਨੇਡੀਅਨ ਰਾਜਦੂਤ
ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਪੁਰਾਣਾ ਵਿਵਾਦ ਇਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਕੂਟਨੀਤਕ ਰਿਸ਼ਤੇ ਟੁੱਟਣ ਦੀ ਕਗਾਰ 'ਤੇ ਨਜ਼ਰ ਆ ਰਹੇ ਹਨ।
ਹਾਲ ਹੀ ਵਿਚ ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਜਦੋਂ ਕੈਨੇਡਾ ਦੀ ਪੁਲਸ ਨੇ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ‘ਪਰਸਨ ਆਫ ਇੰਟਰਸਟ’ ਐਲਾਨ ਕੀਤਾ ਸੀ ਤਾਂ ਮਾਮਲਾ ਕਾਫੀ ਗਰਮਾ ਗਿਆ ਸੀ। ਦੋਵਾਂ ਦੇਸ਼ਾਂ ਨੇ ਆਪਣੇ-ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਸੀ।
.ਕੈਨੇਡਾ ਵਿਚ ਭਾਰਤ ਦੇ ਰਾਜਦੂਤ ਸੰਜੇ ਕੁਮਾਰ ਵਰਮਾ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਵਿਗਾੜਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਖ਼ਾਲਿਸਤਾਨੀ ਵੱਖਵਾਦੀ ਦੀ ਹੱਤਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ 'ਤੇ ਲੱਗੇ ਦੋਸ਼ ਸਿਆਸੀ ਤੌਰ 'ਤੇ ਪ੍ਰੇਰਿਤ ਹਨ । ਵਰਮਾ ਨੇ ਕਿਹਾ ਕਿ ਨਿੱਝਰ ਦੀ ਹੱਤਿਆ ਬਾਰੇ ਟਰੂਡੋ ਦੇ ਦੋਸ਼ ਠੋਸ ਸਬੂਤਾਂ ਦੀ ਬਜਾਏ ਖੁਫ਼ੀਆ ਜਾਣਕਾਰੀ 'ਤੇ ਆਧਾਰਿਤ ਸਨ ।
ਦੁਜੇ ਪਾਸੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਸੀ ਕਿ ਕੈਨੇਡਾ ਵਲੋਂ ਦੇਸ਼ ਵਿਚ ਬਾਕੀ ਬਚੇ ਭਾਰਤੀ ਕੂਟਨੀਤਿਕਾਂ ਨੂੰ ਕੈਨੇਡੀਅਨਾਂ ਦੀ ਜਾਨ ਨੂੰ ਖਤਰੇ ਵਿਚ ਨਾ ਪਾਉਣ ਲਈ ਸਪੱਸ਼ਟ ਤੌਰ 'ਤੇ ਨੋਟਿਸ ਦਿੱਤਾ ਗਿਆ ਸੀ ।ਜੌਲੀ ਨੇ ਕਿਹਾ ਸੀ ਕਿ ਸਰਕਾਰ ਕਿਸੇ ਵੀ ਅਜਿਹੇ ਕੂਟਨੀਤਿਕ ਨੂੰ ਬਰਦਾਸ਼ਤ ਨਹੀਂ ਕਰੇਗੀ, ਜੋ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕਰਦਾ ਹੈ ਜਾਂ ਕੈਨੇਡੀਅਨਾਂ ਦੀਆਂ ਜਾਨਾਂ ਨੂੰ ਖਤਰੇ ਵਿਚ ਪਾਉਂਦਾ ਹੈ ।
ਭਾਰਤ ਤੇ ਕੈਨੇਡਾ ਦਰਮਿਆਨ ਵਧਦੇ ਵਿਵਾਦ ਦੇ ਮੱਦੇਨਜ਼ਰ ਕੈਨੇਡਾ ਦੇ ਭਾਰਤ ਵਿਚਲੇ ਸਾਬਕਾ ਰਾਜਦੂਤ ਕੈਮਰੌਨ ਮੈੱਕੇ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਵਿਚ ਖ਼ਾਲਿਸਤਾਨੀ ਪੱਖੀ ਗੁਰਪਤਵੰਤ ਸਿੰਘ ਪੰਨੂੰ ਦੀ ਹੱਤਿਆ ਦੀ ਨਾਕਾਮ ਕੋਸ਼ਿਸ਼ ਤੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਇਕੋ ਹੀ ਸਾਜਿਸ਼ ਦਾ ਹਿੱਸਾ ਸੀ ।ਅਗਸਤ ਵਿਚ ਭਾਰਤ ਛੱਡਣ ਵਾਲੇ ਕੈਮਰੌਨ ਨੇ ਕਿਹਾ ਸੀ ਕਿ ਇਨ੍ਹਾਂ ਮਾਮਲਿਆਂ ਦੀ ਅਮਰੀਕਾ ਤੇ ਕੈਨੇਡਾ ਵੱਖਰੇ-ਵੱਖਰੇ ਜਾਂਚ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਭਾਰਤ ਸੋਚਦਾ ਹੈ ਕਿ ਉਸ ਦੇ ਏਜੰਟ ਵਿਦੇਸ਼ੀ ਧਰਤੀ 'ਤੇ ਹਿੰਸਾ ਕਰਕੇ ਵਾਪਸ ਬਚ ਕੇ ਆ ਸਕਦੇ ਹਨ, ਜੋ ਗਲਤ ਹੈ। ਕੈਮਰੌਨ ਮੈੱਕੇ ਨੇ ਕਿਹਾ ਕਿ ਕੈਨੇਡਾ ਸਰਕਾਰ ਲਈ ਉਨ੍ਹਾਂ ਦੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਅਤੇ ਇਸ ਮਾਮਲੇ ਵਿਚ ਜਵਾਬਦੇਹੀ ਜ਼ਰੂਰੀ ਹੈ, ਪਰ ਭਾਰਤ ਨੇ ਇਸ ਮਾਮਲੇ ਵਿਚ ਕੈਨੇਡਾ ਨਾਲ ਸਹਿਯੋਗ ਨਹੀਂ ਕੀਤਾ
ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਇਸ ਮਾਮਲੇ ਵਿਚ ਜਿਵੇਂ ਅਮਰੀਕਾ ਨੂੰ ਤਰਜੀਹ ਦੇ ਰਿਹਾ ਹੈ, ਕੈਨੇਡਾ ਨੂੰ ਜ਼ਿਆਦਾ ਤਵੱਜੋਂ ਨਹੀਂ ਦੇ ਰਿਹਾ ਹੈ।ਇਸ ਕਾਰਨ ਜਸਟਿਨ ਟਰੂਡੋ ਨੇ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਫਾਈਵ ਆਈਜ਼ ਦੇਸ਼ਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਬ੍ਰਿਟੇਨ ਨਾਲ ਸਾਂਝਾ ਕੀਤਾ ਸੀ ਅਤੇ ਦੋਸ਼ ਲਾਏ ਸਨ ਕਿ ਭਾਰਤ ਭਾਈ ਨਿੱਝਰ ਦੇ ਕਤਲ ਦੀ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ। ਘਟਨਾ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੇ ਭਾਰਤ ’ਤੇ ਜਾਂਚ ਵਿਚ ਸਹਿਯੋਗ ਕਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਦੂਜੇ ਪਾਸੇ ਅਮਰੀਕਾ ਨੇ ਭਾਈ ਹਰਦੀਪ ਸਿੰਘ ਨਿਝਰ ਕੇਸ ਵਿਚ ਭਾਰਤ ਨੂੰ ਜਲਦੀ ਤੋਂ ਜਲਦੀ ਜਾਂਚ ਵਿੱਚ ਮਦਦ ਕਰਨ ਦੀ ਸਲਾਹ ਦਿੱਤੀ ਸੀ, ਕਿਉਂਕਿ ਭਾਰਤ ਨੇ ਅਜੇ ਤੱਕ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ । ਭਾਵ ਅਮਰੀਕਾ ਕੈਨੇਡਾ ਦੇ ਹੱਕ ਵਿਚ ਦਿ੍ੜਤਾ ਨਾਲ ਖੜ੍ਹਾ ਹੈ। ਵੈਸੇ ਤਾਂ ਅਮਰੀਕਾ ਨੇ ਖੁਦ ਦੋਸ਼ ਲਾਏ ਸਨ ਕਿ ਭਾਰਤੀ ਏਜੰਟ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਦੀ ਧਰਤੀ 'ਤੇ ਮਾਰਨਾ ਚਾਹੁੰਦੇ ਸਨ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫੋਨ 'ਤੇ ਗੱਲ ਕੀਤੀ ਹੈ। ਭਾਰਤ ਨਾਲ ਗੱਲਬਾਤ ਕਰਨ ਤੋਂ ਬਾਅਦ ਜਸਟਿਨ ਟਰੂਡੋ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੂੰ ਫੋਨ ਕੀਤਾ ਸੀ। ਬ੍ਰਿਟੇਨ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੀ ਕੈਨੇਡੀਅਨ ਜਾਂਚ ਦੇ ਸਬੰਧ ਵਿੱਚ ਕੈਨੇਡੀਅਨ ਭਾਈਵਾਲਾਂ ਦੇ ਸੰਪਰਕ ਵਿੱਚ ਹੈ ਅਤੇ ਓਟਾਵਾ ਦੀ ਨਿਆਂ ਪ੍ਰਣਾਲੀ ਵਿੱਚ ਭਰੋਸਾ ਪ੍ਰਗਟਾਇਆ ਹੈ।
.ਕੈਨੇਡੀਅਨ ਪੁਲਿਸ ਨੇ ਕਿਹਾ ਕਿ ਸਿਖ ਭਾਈਚਾਰਾ ਸਹਿਯੋਗ ਕਰੇ
ਕੈਨੇਡਾ ਦੀ ਧਰਤੀ 'ਤੇ ਹੋਈ ਹਿੰਸਾ ਮਾਮਲੇ ਵਿਚ ਭਾਰਤ ਸਰਕਾਰ ਦੇ ਸਬੰਧਾਂ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਦੇਸ਼ ਦੀ ਰਾਸ਼ਟਰੀ ਪੁਲਸ ਬਲ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ.ਸੀ.ਐਮ.ਪੀ.) ਦੇ ਮੁਖੀ ਕਮਿਸ਼ਨਰ ਮਾਈਕ ਡੂਹੇਮ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਅੱਗੇ ਆਉਣ ਅਤੇ ਪੁਲਸ ਜਾਂਚ ਵਿਚ ਸਹਿਯੋਗ ਕਰਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤ ਸਰਕਾਰ ਦੇ "ਏਜੰਟਾਂ" ਨੇ ਕੈਨੇਡਾ ਵਿੱਚ ਕਤਲਾਂ ਸਮੇਤ "ਵਿਆਪਕ" ਹਿੰਸਾ ਦੀਆਂ ਘਟਨਾਵਾਂ ਵਿੱਚ ਭੂਮਿਕਾ ਨਿਭਾਈ ਹੈ।
ਰੂਸ ਦਾ ਪੱਖ ਭਾਰਤ ਦੇ ਹੱਕ ਵਿਚ
ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਮਾਹਿਰ ਜੋਅ ਐਡਮ ਜਾਰਜ ਨੇ ਜਸਟਿਨ ਟਰੂਡੋ ਨੂੰ ਨਸੀਹਤ ਦਿੱਤੀ ਹੈ ਕਿ ਮੈਨੂੰ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਨੂੰ ਇਸ 'ਤੇ ਇੰਤਜ਼ਾਰ ਕਰਨਾ ਚਾਹੀਦਾ ਹੈ। ਕਿਸੇ ਵੀ ਧਿਰ ਲਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਾ ਮੂਰਖਤਾ ਹੋਵੇਗੀ, ਕਿਉਂਕਿ ਬਾਅਦ ਵਿਚ ਉਨ੍ਹਾਂ ਨੂੰ ਪਛਤਾਉਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਲਈ ਪ੍ਰਵਾਸੀ ਭਾਰਤੀ ਬਹੁਤ ਮਹੱਤਵਪੂਰਨ ਹਨ। ਇਸ ਦੇ ਨਾਲ ਹੀ ਕੈਨੇਡਾ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਤੋਂ ਕਾਫੀ ਮਾਲੀਆ ਮਿਲਦਾ ਹੈ। ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ।
ਇਸ ਦੌਰਾਨ ਸਰਕਾਰੀ ਰੂਸੀ ਮੀਡੀਆ ਆਰਟੀਆਈ ਨੇ ਇਸ ਮਾਮਲੇ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਲੋਚਨਾ ਕੀਤੀ ਸੀ। ਰੂਸੀ ਮੀਡੀਆ ਚੈਨਲ ਆਰਟੀ ਇੰਟਰਨੈਸ਼ਨਲ ਨੇ ਟਰੂਡੋ ਅਤੇ ਖਾਲਿਸਤਾਨੀਆਂ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦਰਸਾਉਂਦਾ ਇੱਕ ਮੀਮ ਸਾਂਝਾ ਕੀਤਾ ਸੀ। ਮੀਮ ਵਿਚ ਸੰਗੀਤ 'ਤੇ ਨੱਚਣ ਵਾਲੇ ਲੜਕੇ ਨੂੰ ਜਸਟਿਨ ਟਰੂਡੋ ਦੱਸਿਆ ਗਿਆ ਹੈ। ਲੜਕੇ ਦੇ ਡਾਂਸ ਦਾ ਆਨੰਦ ਲੈ ਰਹੇ ਦੋ ਵਿਅਕਤੀਆਂ ਨੂੰ ਖਾਲਿਸਤਾਨੀ ਵੱਖਵਾਦੀ ਦੱਸਿਆ ਗਿਆ ਹੈ। ਮੀਮ ਦੇ ਨਾਲ ਕੈਪਸ਼ਨ ਵਿਚ ਲਿਖਿਆ ਗਿਆ ਸੀ ਕਿ ਭਾਰਤ ਵਿਰੋਧੀ ਦੋਸ਼ਾਂ ਦੀ ਰਿਪੋਰਟ ਟਰੂਡੋ ਦੇ ਘਰ ਦੇ ਅੰਦਰ ਤਾਂ ਹੈ ਪਰ ਕੋਈ ਸਬੂਤ ਤਹਿਤ ਨਹੀਂ ਹੈ। ਜਦੋਂ ਸੱਤਾ ਤੁਹਾਡੇ ਹੱਥੋਂ ਖਿਸਕ ਰਹੀ ਹੋਵੇ ਅਤੇ ਤੁਹਾਨੂੰ ਵੋਟਾਂ ਦੀ ਸਖ਼ਤ ਲੋੜ ਹੋਵੇ, ਤੁਸੀਂ ਸਿਰਫ਼ ਇੱਕ ਹੀ ਕੰਮ ਕਰ ਸਕਦੇ ਹੋ- ਜਸਟ ਡਾਂਸ।
ਗੱਲਬਾਤ ਨੂੰ ਤਿਆਰ ਹੈ ਟਰੂਡੋ ਸਰਕਾਰ
ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਿਹਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ’ਤੇ ਇਸ ਦਾ ਸਿੱਧਾ ਅਸਰ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ।
ਕੈਨੇਡਾ ਨੇ ਵੀ ਵਪਾਰਕ ਸਬੰਧਾਂ ਨੂੰ ਲੈ ਕੇ ਅਨਿਸ਼ਚਿਤਤਾ ਪ੍ਰਗਟਾਈ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਤਣਾਅ ਦੇ ਬਾਵਜੂਦ ਕੈਨੇਡਾ ਦੀ ਸੰਘੀ ਸਰਕਾਰ ਭਾਰਤ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਗਲੋਬਲ ਮੇਲ ਦੀ ਰਿਪੋਰਟ ਮੁਤਾਬਕ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐੱਨ. ਜੀ. ਨੇ ਕਿਹਾ ਹੈ ਕਿ ਅਸੀਂ ਭਾਰਤ ਨਾਲ ਜੁੜੇ ਸਾਰੇ ਕੈਨੇਡੀਅਨ ਵਪਾਰੀਆਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਇਹ ਮਹੱਤਵਪੂਰਨ ਆਰਥਿਕ ਸਬੰਧ ਮਜ਼ਬੂਤ ਬਣੇ ਰਹਿ ਸਕਣ।ਹਾਲਾਂਕਿ ਉਨ੍ਹਾਂ ਇਹ ਕਿਹਾ ਹੈ ਕਿ ਕੈਨੇਡਾ ਕੈਨੇਡੀਅਨ ਨਾਗਰਿਕਾਂ ਨੂੰ ਧਮਕਾਉਣ, ਜ਼ਬਰਦਸਤੀ ਵਸੂਲੀ ਕਰਨ ਜਾਂ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ।
ਭਾਰਤੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਆਮ ਵਾਂਗ ਰਹੇ ਹਨ। ਹੁਣ ਕੈਨੇਡਾ ਵਿਚ ਆਮ ਚੋਣਾਂ ਨੂੰ ਤਕਰੀਬਨ ਇਕ ਸਾਲ ਬਾਕੀ ਰਹਿ ਗਿਆ ਹੈ, ਇਸ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੋਟ ਬੈਂਕ ਦੀ ਖ਼ਾਤਰ ਆਪਣੀ ਸੱਤਾ ਬਚਾਉਣ ਲਈ ਪ੍ਰਭਾਵਸ਼ਾਲੀ ਖਾਲਿਸਤਾਨੀ ਪੱਖੀ ਆਗੂਆਂ ਦੇ ਦਬਾਅ ਹੇਠ ਆ ਗਏ ਹਨ।
Comments (0)