ਅਮਰੀਕਾ ਵਿਚ ਇਕ ਛੋਟਾ ਜਹਾਜ਼ ਤਬਾਹ,  ਪਾਇਲਟ ਸਮੇਤ ਸਾਰੇ 4 ਸਵਾਰਾਂ ਦੀ ਮੌਤ

ਅਮਰੀਕਾ ਵਿਚ ਇਕ ਛੋਟਾ ਜਹਾਜ਼ ਤਬਾਹ,  ਪਾਇਲਟ ਸਮੇਤ ਸਾਰੇ 4 ਸਵਾਰਾਂ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਵਰਮੌਂਟ ਰਾਜ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਕੇ ਜੰਗਲੀ ਖੇਤਰ ਵਿਚ ਡਿੱਗ ਜਾਣ ਦੀ ਖਬਰ ਹੈ ਜਿਸ ਵਿਚ ਸਵਾਰ ਪਾਇਲਟ ਸਮੇਤ ਸਾਰੇ 4 ਲੋਕ ਮਾਰੇ ਗਏ। ਇਹ ਜਾਣਕਾਰੀ ਵਰਮੌਂਟ ਸਟੇਟ ਪੁਲਿਸ ਨੇ ਦਿੱਤੀ ਹੈ। ਵਰਮੌਂਟ ਪੁਲਿਸ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਅਨੁਸਾਰ ਜਹਾਜ਼ ਵਿੰਧਾਮ ਏਅਰਪੋਰਟ, ਕੋਨੈਕਟੀਕਟ ਤੋਂ ਵਰਮੌਂਟ ਦੇ ਬੈਸਿਨ ਹਾਰਬੋਰ ਏਅਰਪੋਰਟ ਲਈ ਰਵਾਨਾ ਹੋਇਆ ਸੀ ਪਰੰਤੂ ਜਦੋਂ ਯੋਜਨਾ ਅਨੁਸਾਰ ਜਹਾਜ਼ ਕੋਨੈਕਟੀਕਟ ਵਾਪਿਸ ਨਾ ਆਇਆ ਤਾਂ ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਕੋਨੈਕਟੀਕਟ ਸਟੇਟ ਪੁਲਿਸ ਤੇ ਮਿਡਲਟਾਊਨ ਕੋਨੈਕਟੀਕਟ ਪੁਲਿਸ ਵਿਭਾਗ ਨੂੰ ਸੂਚਿਤ ਕੀਤਾ। ਉਪਰੰਤ ਪੁਲਿਸ ਨੇ ਫੈਡਰਲ ਐੇਵੀਏਸ਼ਨ ਪ੍ਰਸਾਸ਼ਨ ਦੀ ਮੱਦਦ ਨਾਲ ਜਹਾਜ਼ ਨੂੰ ਲੱਭਣ ਦੇ ਯਤਨ ਸ਼ੁਰੂ ਕੀਤੇ। ਜਹਾਜ਼ ਦੀ ਜਗਾ ਦਾ ਪਤਾ ਲਾਉਣ ਲਈ ਸੈਲ ਫੋਨ ਤੇ ਡਰੋਨ ਦੀ  ਵਰਤੋਂ ਕੀਤੀ ਗਈ। ਅਧਿਕਾਰੀਆਂ ਅਨੁਸਾਰ ਆਖਰੀਵਾਰ ਜਹਾਜ਼ ਵਰਮੌਂਟ ਵਿਚ ਏਅਰਸਟਰਿਪ ਨੇੜੇ  ਵੇਖਿਆ ਗਿਆ। ਸਵੇਰੇ ਤਕਰੀਬਨ 12.20 ਮਿੰਟ 'ਤੇ ਜਹਾਜ਼ ਦਾ ਮਲਬਾ ਜੰਗਲੀ ਖੇਤਰ ਵਿਚੋਂ ਲੱਭ ਲਿਆ ਗਿਆ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਲਾਸ਼ਾਂ ਨੂੰ ਬਰਲਿੰਗਟਨ, ਵਰਮੌਂਟ ਦੇ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਮਾਰੇ ਗਏ ਵਿਅਕਤੀਆਂ ਦੇ ਨਾਂ ਜਾਰੀ ਨਹੀਂ ਕੀਤੇ ਹਨ। ਘਟਨਾ ਦੀ ਫੈਡਰਲ ਐਵੀਏਸ਼ਨ ਪ੍ਰਸ਼ਾਸਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂਚ ਕਰ ਰਿਹਾ ਹੈ।