ਸਿੱਖ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ• ਸਾਹਿਬ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ

ਸਿੱਖ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ• ਸਾਹਿਬ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ

ਫਤਹਿਗੜ• ਸਾਹਿਬ/ਬਿਊਰੋ ਨਿਊਜ਼ :

ਫਤਹਿਗੜ• ਸਾਹਿਬ ਦੀ ਇਤਿਹਾਸਕ ਧਰਤੀ, ਜਿਥੇ ਛੋਟੇ ਸਾਹਜ਼ਾਦਿਆਂ ਨੇ ਨਿੱਕੀਆਂ ਜਿੰਦਾ ਵੱਡਾ ਸਾਕਾ ਕਰ ਕੇ ਵਿਖਾਇਆ ਸੀ, ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੋੜ ਮੇਲਾ ਜਾਰੀ ਹੈ। ਜੋੜ ਮੇਲੇ ਦੇ ਦੂਜੇ ਦਿਨ ਫਤਹਿਗੜ• ਸਾਹਿਬ ਸਿੱਖ ਸੰਗਤਾਂ ਦੀ ਭਰਵੀਂ ਹਾਜ਼ਰੀ ਰਹੀ। ਇਸ ਅਸਥਾਨ ‘ਤੇ 13 ਪੋਹ ਸੰਮਤ 1761 ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਜਿਊਂਦੇ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਸਵੇਰ ਤੋਂ ਹੀ ਸੰਗਤਾਂ ਲੰਮੀਆਂ ਕਤਾਰਾਂ ਵਿਚ ਘੰਟਿਆਂ-ਬੱਧੀ ਖਲੋ ਕੇ ਦਰਸ਼ਨ ਦੀਦਾਰੇ ਕਰਦੀਆਂ ਰਹੀਆਂ। ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਕਾਫੀ ਸੰਗਤ ਇੱਥੇ ਪਹੁੰਚ ਰਹੀ ਹੈ ਪਰ ਦੂਜੇ ਤੇ ਆਖਰੀ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ• ਸਾਹਿਬ, ਸ੍ਰੀ ਜੋਤੀ ਸਰੂਪ ਸਾਹਿਬ ਤੇ ਹੋਰ ਗੁਰਦੁਆਰਿਆਂ ਵਿਖੇ ਨਤਮਸਤਕ ਹੋਏ।
ਜ਼ਿਕਰਯੋਗ ਹੈ ਕਿ ਕੌਮ ਦੀ ਖਾਤਰ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼੍ਰੀ ਫਤਹਿਗੜ• ਸਾਹਿਬ ਦੀ ਧਰਤੀ ‘ਤੇ ਹਰ ਸਾਲ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ।ਵੱਡੀ ਗਿਣਤੀ ਸੰਗਤਾਂ ਦੀ ਆਮਦ ਨੂੰ ਮੁੱਖ ਰੱਖ ਕੇ ਸ਼ਰਧਾਲੂਆਂ ਵੱਲੋਂ ਲੰਗਰ ਲਗਾਏ ਗਏ ਹਨ।