ਸਿੱਖਾਂ ਨੂੰ ਪਟਕਾ ਬੰਨ੍ਹ ਕੇ ਤੇ ਮੁਸਲਮਾਨਾਂ ਨੂੰ ਹਿਜ਼ਾਬ ਪਹਿਨ ਕੇ ਖੇਡਣ ਦੀ ਇਜਾਜ਼ਤ

ਸਿੱਖਾਂ ਨੂੰ ਪਟਕਾ ਬੰਨ੍ਹ ਕੇ ਤੇ ਮੁਸਲਮਾਨਾਂ ਨੂੰ ਹਿਜ਼ਾਬ ਪਹਿਨ ਕੇ ਖੇਡਣ ਦੀ ਇਜਾਜ਼ਤ

Home  ਖੇਡ ਖਿਡਾਰੀ  ਸਿੱਖਾਂ ਨੂੰ ਪਟਕਾ ਬੰਨ੍ਹ ਕੇ ਤੇ ਮੁਸਲਮਾਨਾਂ ਨੂੰ ਹਿਜ਼ਾਬ ਪਹਿਨ ਕੇ ਖੇਡਣ...

ਸਿੱਖਾਂ ਨੂੰ ਪਟਕਾ ਬੰਨ੍ਹ ਕੇ ਤੇ ਮੁਸਲਮਾਨਾਂ ਨੂੰ ਹਿਜ਼ਾਬ ਪਹਿਨ ਕੇ ਖੇਡਣ ਦੀ ਇਜਾਜ਼ਤ

By

 admin

0

312

Share on Facebook

 

Tweet on Twitter

  

amjyot-singh-india-basketball

ਫੀਬਾ ਨੇ ਸਿਰ ਢੱਕ ਕੇ ਖੇਡਣ ਤੋਂ ਪਾਬੰਦੀ ਹਟਾਈ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਚੋਟੀ ਦੇ ਕਾਨੂੰਨ ਘਾੜਿਆਂ ਅਤੇ ਸਿੱਖ-ਅਮਰੀਕੀਆਂ ਨੇ ਕੌਮਾਂਤਰੀ ਬਾਸਕਿਟਬਾਲ ਸੰਘ ਵਲੋਂ ਪਟਕਾ ਤੇ ਹਿਜ਼ਾਬ ਪਹਿਣ ਕੇ ਖੇਡਾਂ ਵਿਚ ਹਿੱਸਾ ਲੈਣ ਦੀ ਦਿੱਤੀ ਆਗਿਆ ਦਾ ਸਵਾਗਤ ਕੀਤਾ ਹੈ। ਕੌਮਾਂਤਰੀ ਬਾਸਕਿਟਬਾਲ ਸੰਘ (ਐੱਫ.ਆਈ.ਬੀ.ਏ.) ਨੇ ਸਖ਼ਤ ਵਿਰੋਧ ਅਤੇ ਨਿੰਦਾ ਦੇ ਚੱਲਦਿਆਂ ਪੇਸ਼ੇਵਰ ਸਿੱਖ ਖਿਡਾਰੀਆਂ ਦੇ ਪਟਕਾ ਬੰਨ੍ਹ ਕੇ ਅਤੇ ਮੁਸਲਮਾਨ ਖਿਡਾਰੀਆਂ ਨੂੰ ‘ਹਿਜ਼ਾਬ’ ਪਹਿਨ ਕੇ ਖੇਡਣ ‘ਤੇ ਲਾਈ ਰੋਕ ਹਟਾ ਦਿੱਤੀ ਹੈ। ਐੱਫ.ਆਈ.ਬੀ.ਏ. ਵੱਲੋ ਲਏ ਫੈਸਲੇ ਅਨੁਸਾਰ ਹੁਣ ਖਿਡਾਰੀ ਮੈਦਾਨ ਵਿਚ ਆਪਣੇ ਧਾਰਮਿਕ ਨਿਯਮ ਅਨੁਸਾਰ ਸਿਰ ਢੱਕ ਕੇ ਖੇਡ ਸਕਣਗੇ। ਕਾਂਗਰਸਮੈਨ ਜੋ ਕਰਾਉਲੇ ਅਤੇ ਐਮੀ ਬੇਰਾ ਨੇ ਸਾਂਝੇ ਬਿਆਨ ਰਾਹੀਂ ਇਸ ਫ਼ੈਸਲੇ ਨੂੰ ਸ਼ਲਾਘਾਯੋਗ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ ਇਹ ਸਿੱਖ ਖਿਡਾਰੀਆਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਉਹ ਖੇਡਾਂ ਰਾਹੀਂ ਆਪਣਾ ਬਿਹਤਰ ਪ੍ਰਦਰਸ਼ਨ ਦਿਖਾ ਸਕਣਗੇ। ਉਨ੍ਹਾਂ ਕਿਹਾ ਕਿ ਖੇਡਾਂ ਨਿੱਜਤਾ ਅਤੇ ਭਾਈਚਾਰਿਆਂ ਤੋਂ ਉਪਰ ਹੁੰਦੀਆਂ ਹਨ। ਇਹ ਸਵੈ-ਮਾਣ, ਸਾਂਝ ਅਤੇ ਦੋਸਤਾਨਾਂ ਮੁਕਾਬਲੇ ਦੀ ਭਾਵਨਾ ਹੁੰਦੀ ਹੈ। ਇਸ ਵਿਚ ਕਿਸੇ ਤਰ੍ਹਾਂ ਭੇਦਭਾਵ ਨਹੀਂ ਹੋਣਾ ਚਾਹੀਦਾ। ਸਿੱਖ ਕੋਲੀਜ਼ਨ ਦੇ ਸੀਨੀਅਰ ਮੈਂਬਰ ਸਿਮਰਨ ਜੀਤ ਸਿੰਘ ਨੇ ਕਿਹਾ ਕਿ ‘ਫੀਬਾ ਨੇ ਪੂਰੇ ਸੰਸਾਰ ਨੂੰ ਇਹ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਖੇਡਾਂ ਵਿਚ ਵਖਰੇਵਾਂ ਤੇ ਸਹਿਣਸ਼ੀਲਤਾ ਹੁੰਦੀ ਹੈ। ਜੇਕਰ ਇਸ ਨੂੰ ਢੁਕਵੇਂ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਇਹ ਭੇਦਭਾਵ ਖ਼ਤਮ ਹੋ ਜਾਵੇਗਾ ਤੇ ਹਜ਼ਾਰਾਂ ਨੌਜਵਾਨਾਂ ਲਈ ਆਪਣੇ ਸੁਪਨੇ ਕਰਨ ਲਈ ਹੋਰ ਰਾਹ ਖੁੱਲ੍ਹਣਗੇ। ਕਿਸੇ ਨੂੰ ਵੀ ਆਪਣੀ ਖੇਡ ਤੇ ਆਪਣੇ ਵਿਸ਼ਵਾਸ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕੇਗਾ। ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਸੰਸਥਾ ਦੇ ਜ਼ੋਇਆ ਸਿੰਘ ਨੇ ਕਿਹਾ ਕਿ ਬਾਸਕਿਟਬਾਲ ਖਿਡਾਲੀ ਹੁਣ ਆਖ਼ਰ ਆਜ਼ਾਦ ਹੋ ਕੇ ਖੇਡ ਸਕਣਗੇ। ਉਮੀਦ ਹੈ ਕਿ ਇਸ ਨਾਲ ਹੋਰਨਾਂ ਖੇਡ ਇਕਾਈਆਂ ਨੂੰ ਵੀ ਚੰਗਾ ਸੁਨੇਹਾ ਜਾਵੇਗਾ।
ਜ਼ਿਕਰਯੋਗ ਹੈ ਕਿ ਬਾਸਕਿਟਬਾਲ ਸੰਘ ਵੱਲੋਂ ਜਾਰੀ ਬਿਆਨ ਅਨੁਸਾਰ ਕੁਝ ਦੇਸ਼, ਜਿਨ੍ਹਾਂ ਵਿਚ ਰਵਾਇਤੀ ਰਿਵਾਜ਼ ਅਨੁਸਾਰ ਸਿਰ ਜਾਂ ਫਿਰ ਸਾਰਾ ਸਰੀਰ ਢੱਕਣ ਕੇ ਰੱਖਣ ਦਾ ਨਿਯਮ ਹੈ, ਕਰਕੇ ਆਪਣੇ ਪਹਿਲੇ ਕਾਨੂੰਨ ਦੀ ਥਾਂ ਸਿੱਖਾਂ ਨੂੰ ਸਿਰ ‘ਤੇ ਪਟਕਾ ਬੰਨ੍ਹ ਕੇ ਅਤੇ ਮੁਸਲਮਾਨਾਂ ਨੂੰ ‘ਹਿਜ਼ਾਬ’ ਪਹਿਨ ਕੇ ਖੇਡਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ-2014 ਵਿਚ ਸਿਰ ਤੇ ਸਰੀਰ ਢੱਕ ਕੇ ਖੇਡਣ ਦੀ ਇਜ਼ਾਜਤ ਨਾ ਮਿਲਣ ਕਰਕੇ ਕਤਰ ਦੀਆਂ ਔਰਤਾਂ ਦੀ ਬਾਸਕਿਟਬਾਲ ਟੀਮ ਨੇ ਖੇਡਣ ਤੋਂ ਨਾਂਹ ਕਰ ਦਿੱਤੀ ਸੀ। ਉਸੇ ਸਾਲ ਹੀ ਚੀਨ ਏਸ਼ੀਆ ਕੱਪ ਦੌਰਾਨ ਸਿੱਖ ਖਿਡਾਰੀਆਂ ਵੱਲੋਂ ਸਿਰ ਢੱਕ ਕੇ ਖੇਡਣ ‘ਤੇ ਪਾਬੰਦੀ ਦੇ ਮੁੱਦੇ ‘ਤੇ ਵੀ ਬਾਸਕਿਟਬਾਲ ਸੰਘ ਮੁਸ਼ਕਲਾਂ ਵਿਚ ਘਿਰ ਗਿਆ ਸੀ। ਨਵੇਂ ਨਿਰਦੇਸ਼, ਜੋ ਕਿ ਆਗਾਮੀ 1 ਅਕਤੂਬਰ ਤੋਂ ਲਾਗੂ ਹੋਣਗੇ, ਅਨੁਸਾਰ ਸਿਰ ਢੱਕਣ ਵਾਲੇ ਕੱਪੜੇ ਨਾਲ ਚਿਹਰਾ, ਜਿਸ ਵਿਚ ਅੱਖਾਂ, ਨੱਕ ਅਤੇ ਬੁੱਲ੍ਹ ਢੱਕੇ ਨਹੀਂ ਹੋਣੇ ਚਾਹੀਦੇ। ਇਹ ਸਿਰਫ ਸਫੈਦ ਜਾਂ ਕਾਲੇ ਅਤੇ ਜਾਂ ਸਿਰਫ ਵਰਦੀ ਨਾਲ ਮਿਲਦੇ ਰੰਗ ਦਾ, ਜਿਸ ਨਾਲ ਵਿਰੋਧੀ ਖਿਡਾਰੀ ਨੂੰ ਕੋਈ ਖ਼ਤਰਾ ਨਾ ਹੋਵੇ, ਹੋਣਾ ਚਾਹੀਦਾ ਹੈ। ਇਹ ਫੈਸਲਾ ਸ਼ੁਰੂਆਤੀ ਤੌਰ ‘ਤੇ ਪ੍ਰਯੋਗ ਵਜੋਂ ਸਿਰਫ 2 ਸਾਲ ਲਈ ਲਾਗੂ ਹੋਵੇਗਾ।