ਖਾਲਸਾ ਪੰਥ ਦੀ ਸ਼ਕਤੀ ਦਾ ਕੇਂਦਰ ਬਣਿਆ ਬਰਗਾੜੀ ਮੋਰਚਾ

ਖਾਲਸਾ ਪੰਥ ਦੀ ਸ਼ਕਤੀ ਦਾ ਕੇਂਦਰ ਬਣਿਆ ਬਰਗਾੜੀ ਮੋਰਚਾ

ਗਰੀਬ ਤੇ ਕਿਰਤੀ ਸਿੱਖਾਂ ਦਾ ਹਰ ਰੋਜ਼ ਹੋ ਰਿਹਾ ਹੈ ਵੱਡਾ ਇਕੱਠ
* ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੁਆਲੇ ਘੁੰਮਣ ਲੱਗੀ ਪੰਥਕ ਰਾਜਨੀਤੀ
*  ਬਾਦਲ ਦਲ ਤੇ ਕੈਪਟਨ ਸਰਕਾਰ ਲਈ ਖੜ੍ਹਾ ਹੋਇਆ ਵੱਡਾ ਚੈਲਿੰਜ
*  ਪੰਥਕ ਜਥੇਬੰਦੀਆਂ ਤੀਜੀ ਰਾਜਸੀ ਧਿਰ ਸਥਾਪਤ ਕਰਨ ਲਈ ਯਤਨਸ਼ੀਲ
*  ਮੋਰਚੇ ਨੂੰ ਪਰਵਾਸੀ ਖਾਲਸਾ ਜੀ ਦਾ ਵੱਡਾ ਸਮਰਥਨ 
*  ਮਾਝੇ ਦੇ ਤਿੰਨ ਅਕਾਲੀ ਜਥੇਦਾਰ ਬਾਦਲ ਦਲ ਤੋਂ ਬਾਗੀ

ਬਰਗਾੜੀ ਤੋਂ ਪ੍ਰੋ. ਬਲਵਿੰਦਰ ਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ
ਪੰਜਾਬ ਦੇ ਲੋਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਮੁੱਦੇ ‘ਤੇ ਹੋ ਰਹੀ ਲਾਮਬੰਦੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਬਾਦਲ ਦਲ ਦੀ ਸਿਆਸਤ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਬਰਗਾਨੀ ਵਿਚ ਲੱਗਿਆ ਇਨਸਾਫ ਮੋਰਚਾ ਜਿਉਂ ਜਿਉਂ ਲੰਬਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਇਸ ਦੀ ਸ਼ਕਤੀ ਵਿਚ ਇਜਾਫਾ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਦੋ ਤੋਂ ਤਿੰਨ ਹਜ਼ਾਰ ਦਾ ਇਕੱਠ ਹੁੰਦਾ ਹੈ ਤੇ ਐਤਵਾਰ ਵਾਲੇ ਦਿਨ ਇਹ 7 ਹਜ਼ਾਰ ਤੋਂ ਵੱਧ ਤੱਕ ਵੀ ਚਲਾ ਜਾਂਦਾ ਹੈ। ਆਲੇ ਦੁਆਲੇ ਪਿੰਡਾਂ ਤੋਂ ਆ ਰਹੇ ਆਪ ਮੁਹਾਰੇ ਲੋਕਾਂ ਲਈ ਗੁਰੂ ਕੇ ਲੰਗਰ ਵੀ ਅਤੁੱਟ ਵਰਤ ਰਹੇ ਹਨ, ਜੋ ਇਸ ਮੋਰਚੇ ਦੀ ਸ਼ਕਤੀ ਤੇ ਆਭਾ ਨੂੰ ਵਧਾ ਰਹੇ ਹਨ।
ਬਾਦਲ ਦਲ ਤੇ ਕੈਪਟਨ ਸਰਕਾਰ ਦੋਵੇਂ ਘਬਰਾਏ : ਬਰਗਾੜੀ ਵਿੱਚ ਇਕ ਹਫਤੇ ਦੇ ਵਕਫੇ ਦੌਰਾਨ ਵੱਖ-ਵੱਖ ਦਿਨਾਂ ਨੂੰ ਦੋ ਵਿਸ਼ਾਲ ਪੰਥਕ ਇਕੱਠਾਂ ਤੋਂ ਉਪਰੰਤ ਕਾਂਗਰਸ ਸਰਕਾਰ ਤੇ ਬਾਦਲ ਦਲ ਗੰਭੀਰ ਚਿੰਤਾ ਵਿਚ ਹਨ। ਇਸ ਮਾਮਲੇ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡੀਜੀਪੀ ਸੁਰੇਸ਼ ਅਰੋੜਾ, ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਆਦਿ ਸ਼ਾਮਲ ਸਨ। ਇਸ ਮੀਟਿੰਗ ਵਿਚ ਬਰਗਾੜੀ ਦੇ ਵਿਸ਼ਾਲ ਇਕੱਠ ਬਾਰੇ ਚਰਚਾ ਹੋਈ। ਸੀਨੀਅਰ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕੀਤਾ ਕਿ ‘ਬਰਗਾੜੀ ਮੋਰਚੇ’ ਦੇ ਲੰਮਾ ਸਮਾਂ ਲੱਗੇ ਰਹਿਣ ਕਾਰਨ ਹਾਕਮ ਪਾਰਟੀ ਨੂੰ ਨੁਕਸਾਨ ਹੋਵੇਗਾ। ਪੁਲੀਸ ਤੇ ਸਿਵਲ ਅਧਿਕਾਰੀਆਂ ਨੇ ਸਲਾਹ ਦਿੱਤੀ ਕਿ ਸਰਕਾਰ ਨੂੰ ਇਸ ਮਾਮਲੇ ਦਾ ਸ਼ਾਂਤਮਈ ਹੱਲ ਤੁਰੰਤ ਕੱਢਣਾ ਚਾਹੀਦਾ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਇਸ ਮੋਰਚੇ ਨਾਲ ਸੰਗਤ ਜਜ਼ਬਾਤੀ ਤੌਰ ‘ਤੇ ਜੁੜ ਰਹੀ ਹੈ। ਮੁੱਖ ਮੰਤਰੀ ਦੇ ਧਿਆਨ ਵਿੱਚ ਇਹ ਮੁੱਦਾ ਵੀ ਲਿਆਂਦਾ ਗਿਆ ਕਿ ਕਾਂਗਰਸ ਅਤੇ ਅਕਾਲੀ ਦਲ ਦਾ ਵਿਰੋਧ ਕਰਨ ਵਾਲੀਆਂ ਦੂਜੀਆਂ ਸਿਆਸੀ ਧਿਰਾਂ ਨੂੰ ਵੀ ਬਰਗਾੜੀ ਮੋਰਚੇ ਦਾ ਲਾਭ ਮਿਲ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਵਿੱਚ ਹੋਈ ਬਹਿਸ ਤੋਂ ਬਾਅਦ ਅਮਲੀ ਤੌਰ ‘ਤੇ ਐਸਆਈਟੀ ਦੇ ਗਠਨ ਤੋਂ ਬਿਨਾਂ ਕੈਪਟਨ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ‘ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸ ਕਾਰਨ ਕਾਂਗਰਸ ਦੇ ਨੇਤਾ ਵੀ ਨਿਰਾਸ਼ ਹਨ ਤੇ ਦੱਬੀ ਜ਼ਬਾਨ ਵਿਚ ਕਹਿ ਰਹੇ ਹਨ ਕਿ ਜੇ ਅਜਿਹੇ ਹਾਲਾਤ ਹੀ ਰਹੇ ਤਾਂ ਕਾਂਗਰਸ ਦਾ ਵੀ ਬਾਦਲਾਂ ਵਰਗਾ ਹਾਲ ਹੋ ਸਕਦਾ ਹੈ।
ਬਰਗਾੜੀ ਮੋਰਚੇ ਦੀ ਅਸਲ ਸ਼ਕਤੀ : ਅਸਲ ਵਿਚ ਬਰਗਾੜੀ ਮੋਰਚੇ ਵਾਲਾ ਇਕੱਠ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਸਿੱਖਾਂ ਦੇ ਮਨਾਂ ਵਿਚ 10 ਸਾਲਾਂ ਤੋਂ ਉਬਲ ਰਹੇ ਪੰਥਕ ਰੋਸ ਦਾ ਪ੍ਰਗਟਾਵਾ ਹੈ। ਭਾਵੇਂ ਬਾਦਲ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਪਰ ਸਚਾਈ ਇਹੋ ਹੈ। ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਰਾਜਸੀ ਨੁਕਸਾਨ ਹੋ ਚੁੱਕਾ ਹੈ ਤੇ ਦਿਨ ਪ੍ਰਤੀ ਦਿਨ ਹੋ ਰਿਹਾ ਹੈ। ਬਾਦਲ ਦਲ ਦੇ ਆਗੂ ਬੁਖਲਾਹਟ ਵਿਚ ਆ ਕੇ ਕਹਿ ਰਹੇ ਹਨ ਕਿ ਬਰਗਾੜੀ ਮੋਰਚੇ ਵਾਲੇ ਕਾਂਗਰਸ ਤੇ ਆਈਐਸਆਈ ਦੇ ਏਜੰਟ ਹਨ ਪਰ ਬਾਦਲਾਂ ਦੀ ਇਸ ਨੀਤੀ ਨਾਲ ਬਾਦਲ ਦਲ ਨੂੰ ਹੋਰ ਵੱਡਾ ਸਿਆਸੀ ਨੁਕਸਾਨ ਤੇ ਬਰਗਾੜੀ ਮੋਰਚੇ ਨੂੰ ਫਾਇਦਾ ਹੋ ਰਿਹਾ ਹੈ। ਭਾਵੇਂ ਬਰਗਾੜੀ ਮੋਰਚੇ ਨੂੰ ਸਿਆਸੀ ਨਜ਼ਰੀਏ ਤੋਂ ਦੇਖਣ ਵਾਲੇ ਪੰਜਾਬ ਦੇ ਸਿਆਸੀ ਮਾਹਿਰ ਤੇ ਸਿਆਸਤਦਾਨ ਇਸ ਨੂੰ ਤੀਜੀ ਰਾਜਸੀ ਧਿਰ ਦਾ ਉਭਾਰ ਮੰਨ ਰਹੇ ਹਨ, ਪਰ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਅਸਲ ਵਿਚ ਅਜਿਹਾ ਨਹੀਂ ਹੈ।  ਕਿਉਂਕਿ ਇਹ ਵਰਤਾਰਾ ਸੰਗਤ ਦੇ ਰੋਸ ਵਿਚੋਂ ਨਿਕਲਿਆ ਹੈ, ਇਸ ਕਰਕੇ ਜੇਕਰ ਇਸ ਪੰਥਕ ਸ਼ਕਤੀ ਨੂੰ ਸਿਧਾਂਤਬੱਧ ਸਿਆਸਤ ਵਿਚ ਬਦਲ ਦਿੱਤਾ ਗਿਆ ਤਾਂ ਇਸ ਨਾਲ ਜ਼ਿਆਦਾ ਨੁਕਸਾਨ ਬਾਦਲ ਅਕਾਲੀ ਦਲ ਦਾ ਹੋ ਸਕਦਾ ਹੈ ਅਤੇ ਕਾਂਗਰਸ ਦਾ ਨੁਕਸਾਨ ਵੀ ਘੱਟ ਨਹੀਂ ਹੋਵੇਗਾ।
ਭਾਵੇਂ ਪੰਜਾਬ ਦੀ ਦੋ ਧਿਰੀ ਸਿਆਸਤ ਵਿਚ ਤੀਜੀ ਧਿਰ ਉਭਾਰਨ ਦੀ ਇੱਛਾ ਦਾ ਪ੍ਰਗਟਾਵਾ ਪਹਿਲਾਂ 10 ਨਵੰਬਰ 2015 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਚੱਬਾ ਪਿੰਡ ਵਿਚ ਹੋਏ ਸਰਬੱਤ ਖਾਲਸਾ ਸਮੇਂ ਵੀ ਸਾਹਮਣੇ ਆਇਆ ਸੀ ਪਰ ਉਸ ਵਕਤ ਪੰਜਾਬ ਦੇ ਸਿਆਸੀ ਮੈਦਾਨ ਵਿਚ ਆਮ ਆਦਮੀ ਪਾਰਟੀ ਦੀ ਭਰਵੀਂ ਹਾਜ਼ਰੀ ਤੇ ਉਸ ਇਕੱਠ ਦੇ ਰਹਿਨੁਮਾ ਪੰਥਕ ਆਗੂਆਂ ਵਿਚ ਆਪਸੀ ਸਮਝ ਨਾ ਬਣ ਸਕਣ ਕਰਕੇ ਸਿਮਨਰਜੀਤ ਸਿੰਘ ਮਾਨ, ਮੋਹਕਮ ਸਿੰਘ ਤੇ ਸਰਬੱਤ ਖਾਲਸਾ ਵਲੋਂ ਚੁਣੇ ਸਿੰਘ ਸਾਹਿਬਾਨ ਕੌਮ ਨੂੰ ਕੋਈ ਤੀਜਾ ਸਿਆਸੀ ਬਦਲ ਨਹੀਂ ਦੇ ਸਕੇ ਸਨ। ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਕਤਸਰ ਵਿਚ ਮਾਘੀ ਮੇਲੇ ਉੱਤੇ ‘ਆਪ’ ਦੀ ਰੈਲੀ ਵਿਚ ਲੋਕਾਂ ਦਾ ਇਕੱਠ ਵੀ ਕਾਡੀ ਵੱਡਾ ਹੋਇਆ ਸੀ ਪਰ ਬਾਅਦ ਵਿਚ ਇਹ ਪਾਰਟੀ ਵੀ ਲੋਕਾਂ ਦੀਆਂ ਆਸਾਂ ਮੁਤਾਬਕ ਨਾ ਚੱਲ ਸਕੀ। ਇਸ ਕਾਰਨ ਬਾਅਦ ਵਿਚ ਵਿਧਾਨ ਸਭਾ ਚੋਣਾਂ ਮੌਕੇ ਨਿਰਾਸ਼ ਹੋਏ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਵੱਡੇ-ਵੱਡੇ ਵਾਅਦਿਆਂ ਵਿਚ ਵਹਿ ਗਏ। ‘ਆਪ’ ਦਾ ਪੰਜਾਬ ‘ਚ ਚੋਣਾਂ ਤੋਂ ਬਾਅਦ ਵੱਡੀ ਰਾਜਸੀ ਧਿਰ ਬਣਨ ਦੇ ਬਾਵਜੂਦ ਆਪਸੀ ਖਾਨਾਜੰਗੀ ਕਾਰਨ ਲੋਕਾਂ ਨੂੰ ਪ੍ਰੋਗਰਾਮ ਨਾ ਦੇ ਸਕਣਾ, ‘ਆਪ’ ਹਾਈਕਮਾਂਡ ਵਲੋਂ ਪੰਜਾਬ ਦੀ ਸਿਆਸਤ ਤੇ ਨੀਤੀ ਨੂੰ ਸਮਝਣ ਨਾ ਸਕਣਾ, ਇਕ ਲੀਡਰ ਸਥਾਪਤ ਨਾ ਹੋ ਸਕਣਾ, ਜਿਥੇ ਇਸ ਪਾਰਟੀ ਦੇ ਖਿੰਡਾਅ ਦਾ ਕਾਰਨ ਬਣਿਆ, ਉਥੇ ਨਾਲ ਹੀ ਪੰਜਾਬ ਵਿਚ ਫਿਰ ਰਾਜਸੀ ਖਲਾਅ ਪੈਦਾ ਕਰਨ ਦਾ ਕਾਰਨ ਵੀ ਬਣਿਆ ਹੈ।
ਬਰਗਾੜੀ ਮੋਰਚਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਤੱਕ ਹੀ ਮਹਿਦੂਦ ਨਹੀਂ, ਬਲਕਿ ਉਸ ਤੋਂ ਬਾਅਦ ਪੁਲੀਸ ਵੱਲੋਂ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉੱਤੇ ਗੋਲੀ ਚਲਾਉਣ ਅਤੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਬੀਤੇ ‘ਚ ਡੇਰਾ ਸੌਦਾ ਸਾਧ ਨਾਲ ਸਿਆਸੀ ਗਰਜ਼ਾਂ ਲਈ ਸਮਝੌਤਾ ਕਰਨ ਤੇ ਕਥਿਤ ਮੁਆਫੀ ਦਿਵਾਉਣ ਖ਼ਿਲਾਫ਼ ਵੀ ਹੈ। ਇਸ ਦੇ ਨਾਲ ਹੀ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ ਮਸਲੇ ਨੂੰ ਜੋੜਿਆ ਗਿਆ ਹੈ। ਬਰਗਾੜੀ ਮੋਰਚੇ ਤੇ ਕੈਪਟਨ ਸਰਕਾਰ ਦਰਮਿਆਨ ਕਈ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਅਜੇ ਤਕ ਸਿਰੇ ਨਹੀਂ ਲੱਗ ਸਕੀ।
ਭਾਈ ਧਿਆਨ ਸਿੰਘ ਮੰਡ ਦੀ ਪਿੱਠ ‘ਤੇ ਆਇਆ ਪੰਥ : ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਰਗਾੜੀ ਮੋਰਚੇ ਵਿਚ ਕਈ ਲੀਡਰ ਸਰਕਾਰ ਨਾਲ ਸਮਝੌਤੇ ਦੇ ਪੱਖ ਵਿਚ ਹਨ ਤੇ ਉਹ ਬਿਨਾਂ ਪ੍ਰਾਪਤੀ ਦੇ ਹੀ ਇਹ ਮੋਰਚਾ ਛੱਡਣਾ ਚਾਹੁੰਦੇ ਹਨ।  ਦੂਜੇ ਪਾਸੇ ਭਾਈ ਧਿਆਨ ਸਿੰਘ ਮੰਡ ਵਾਰ-ਵਾਰ ਕਹਿ ਰਹੇ ਹਨ ਕਿ ਉਹ ਮੋਰਚਾ ਓਨਾ ਚਿਰ ਤੱਕ ਨਹੀਂ ਛੱਡਣਗੇ ਜਿੰਨਾ ਚਿਰ ਤੱਕ ਪੰਥਕ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ।  ਉਹ ਪੰਥਕ ਹਿੱਤਾਂ ਲਈ ਘਰ ਬਾਰ ਤਿਆਗ ਚੁੱਕੇ ਹਨ ਤੇ ਉਹ ਜਮਹੂਰੀ ਤੇ ਸ਼ਾਂਤਮਈ ਢੰਗ ਨਾਲ ਮੋਰਚਾ ਚਲਾਉਣਗੇ ਭਾਵੇਂ ਉਨ੍ਹਾਂ ਦੀ ਸ਼ਹਾਦਤ ਹੋ ਜਾਵੇ। ਆਖਿਰ ਜਿੱਤ ਪੰਥ ਦੀ ਹੀ ਹੋਵੇਗੀ। ਉਹ ਜਾਣਦੇ ਹਨ ਕਿ ਜੇਕਰ ਉਨ੍ਹਾਂ ਨੇ ਬਾਕੀ ਲੀਡਰਾਂ ਵਾਂਗ ਪਿੱਠ ਦਿਖਾਈ, ਗੈਰ ਸਿਧਾਂਤਕ ਸਮਝੌਤੇ ਕੀਤੇ ਤਾਂ ਉਹ ਪੰਥ ਵਿਚੋਂ ਨਕਾਰੇ ਜਾਣਗੇ। ਇਹੀ ਸਮਝ ਉਨ੍ਹਾਂ ਅੰਦਰ ਦ੍ਰਿੜ੍ਹਤਾ ਜਗਾ ਰਹੀ ਹੈ, ਉਹ ਕਿਸੇ ਦੀ ਪ੍ਰਵਾਹ ਨਹੀਂ ਕਰ ਰਹੇ। ਇਸ ਕਾਰਨ ਭਾਈ ਧਿਆਨ ਸਿੰਘ ਮੰਡ ਦਾ ਪੰਜਾਬ ਦੀ ਸਿਆਸਤ ਤੇ ਸਿੱਖ ਸਫਾਂ ਵਿਚ ਉੱਚਾ ਕੱਦ ਸਥਾਪਤ ਹੋ ਗਿਆ ਹੈ। ਮੋਰਚੇ ਦੇ ਕਈ ਆਗੂ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨਾਲ ਚੱਲਣ ਲਈ ਮਜਬੂਰ ਹਨ। ਸਿਆਸੀ ਮਾਹਿਰ ਇਹ ਵੀ ਮੰਨਦੇ ਹਨ ਕਿ ਬਰਗਾੜੀ ਮੋਰਚੇ ਵੱਲੋਂ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕਰਨ ਦੇ ਦਿੱਤੇ ਸੱਦੇ ਨੂੰ ਸਭ ਤੋਂ ਪਹਿਲਾਂ ‘ਆਪ’ ਦੇ ਬਾਗੀ ਖਹਿਰਾ ਧੜੇ ਅਤੇ ਫਿਰ ਭਗਵੰਤ ਮਾਨ ਧੜੇ ਦਾ ਹੁੰਗਾਰਾ ਮਿਲਿਆ। ਦੋਵੇਂ ਧੜੇ ਮੌਜੂਦਾ ਸਿਆਸੀ ਹਾਲਾਤ ਦਾ ਲਾਹਾ ਖੱਟਣ ਦੇ ਯਤਨ ਕਰ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਜਥੇਦਾਰ ਮੰਡ ਦੀ ਦ੍ਰਿੜ੍ਹਤਾ ਕਾਰਨ ਸੰਗਤ ਖਿੱਚੀ ਆ ਰਹੀ ਹੈ। ਆਪ ਦੇ ਬਾਗੀ ਧੜੇ ਖਹਿਰਾ ਨੂੰ ਇਸ ਦਾ ਭਰਪੂਰ ਫਾਇਦਾ ਮਿਲ ਰਿਹਾ ਹੈ। ਅੰਦਰੂਨੀ ਸੂਤਰਾਂ ਮੁਤਾਬਕ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਭਾਈ ਮੋਹਕਮ ਸਿੰਘ (ਸੰਯੁਕਤ ਅਕਾਲੀ ਦਲ) ਨਾਲ ਖਹਿਰਾ, ਮਾਨ ਤੇ ਦਲ ਖਾਲਸਾ ਫਿਲਹਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ।
ਨਵੀਂ ਸਿਆਸੀ ਸ਼ਕਤੀ ਦਾ ਉਭਾਰ : 7 ਅਕਤੂਬਰ ਦੇ ਬਰਗਾੜੀ ਮਾਰਚ ਵਿੱਚ ਹੋਏ ਲੋਕਾਂ ਦੇ ਇਕੱਠ ਤੋਂ ਉਤਸ਼ਾਹਤ ‘ਆਪ’ ਦੇ ਬਾਗ਼ੀ ਸੁਖਪਾਲ ਸਿੰਘ ਖਹਿਰਾ ਸੰਨ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਨਵਾਂ ਮੋਰਚਾ ਬਣਾਉਣ ਦਾ ਫੈਸਲਾ ਕਰ ਸਕਦੇ ਹਨ। ਇਸ ਕਦਮ ਨਾਲ ਪੰਜਾਬ ਦੀ ਰਾਜਨੀਤੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਨੂੰ ਅਜਿਹੀ ਸੂਰਤ ਵਿਚ ਖਹਿਰਾ ਤੇ ਸੱਤ ਹੋਰ ਵਿਧਾਇਕਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਮਜਬੂਰ ਹੋਣਾ ਪਵੇਗਾ। ਇਸ ਨਾਲ ‘ਆਪ’ ਦਾ ਮੁੱਖ ਵਿਰੋਧੀ ਧਿਰ ਦਾ ਸਥਾਨ ਵੀ ਜਾਂਦਾ ਰਹੇਗਾ। ਜੂਨ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਤੌਰ ‘ਤੇ ਹਟਾਏ ਜਾਣ ਤੋਂ ਬਾਅਦ ਖਹਿਰਾ ਖੁੱਲ੍ਹੇਆਮ ਕੇਜਰੀਵਾਲ ਦੇ ਅਧਿਕਾਰ ਨੂੰ ਚੁਣੌਤੀ ਦੇ ਰਹੇ ਹਨ ਅਤੇ ਨਾਲ ਹੀ ਉਹ ਅਕਾਲੀਆਂ ਤੋਂ ਪੰਥਕ ਏਜੰਡੇ ਨੂੰ ਖੋਹਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਖਹਿਰਾ ਦਾ ਮੰਨਣਾ ਹੈ ਕਿ ਬਾਦਲ ਦਲ ਤੇ ਕਾਂਗਰਸ  ਪੰਥ ਤੇ ਪੰਜਾਬ ਦੇ ਹਿੱਤ ਵਿਚ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਅਸੀਂ ‘ਆਪ’ ਦੇ ਹੋਰ ਵਿਧਾਇਕਾਂ ਨਾਲ ਸੰਪਰਕ ਵਿਚ ਹਾਂ, ਬਸਪਾ ਅਤੇ ਖੱਬੇ ਪੱਖੀ ਪਾਰਟੀਆਂ ਨੂੰ ਵੀ ਸਾਡੇ ਨਾਲ ਸ਼ਾਮਲ ਹੋਣ ਲਈ ਸੱਦਾ ਦੇਵਾਂਗੇ। ਅਸੰਤੁਸ਼ਟ ਅਕਾਲੀ ਅਤੇ ਕਾਂਗਰਸੀ ਨੇਤਾ ਆਪਣੇ-ਆਪ ਆ ਜਾਣਗੇ।
ਦੂਸਰੇ ਪਾਸੇ ਪੰਜਾਬ ਕਾਂਗਰਸ  ਦੇ ਪ੍ਰਧਾਨ ਸੁਨੀਲ ਜਾਖੜ ਦਾ ਮੰਨਣਾ ਹੈ ਕਿ ”ਅਸੀਂ ਅਕਾਲੀਆਂ ਤੇ ਆਪ ਵਿੱਚ ਫੁੱਟ ਤੋਂ ਲਾਭ ਪ੍ਰਾਪਤ ਕਰਾਂਗੇ ਤੇ ਖਹਿਰੇ ਦੇ ਉਭਾਰ  ਦਾ ਫਾਇਦਾ ਕਾਂਗਰਸ ਨੂੰ ਹੋਵੇਗਾ। ‘ਸੁਖਬੀਰ ਅਕਾਲੀ ਦਲ’ ਖਤਮ ਹੋ ਜਾਵੇਗਾ। ਅਸੀਂ ਲੋਕਾਂ ਦੇ ਜ਼ਖਮਾਂ ਉੱਤੇ ਮੱਲ੍ਹਮ ਲਾਵਾਂਗੇ  ਪਰ ਐਸਆਈਟੀ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਸਭ ਹੋ ਸਕੇਗਾ। ਸਾਰਾ ਕੁਝ ਕਾਨੂੰਨ ਦੇ ਘੇਰੇ ਹੇਠ ਹੋਊ।
ਪਰਵਾਸੀ ਖਾਲਸਾ ਜੀ ਵੀ ਨਵੀਂ ਸਿੱਖ ਲੀਡਰਸ਼ਿਪ ਉਭਾਰਨ ਦੇ ਪੱਖ ਵਿਚ ਹਨ। ਉਹ ਭਾਈ ਧਿਆਨ ਸਿੰਘ ਮੰਡ ਦੇ ਨਾਲ ਦ੍ਰਿੜ੍ਹਤਾ ਨਾਲ ਖਲੋਤੇ ਹਨ। ਪ੍ਰਵਾਸੀ ਖਾਲਸਾ ਜੀ ਦੀ ਸ਼ਕਤੀ ਭਾਈ ਮੰਡ ਨੂੰ ਪੰਥਕ ਸਿਆਸਤ ਦਾ ਕੇਂਦਰ ਬਣਾ ਰਹੀ ਹੈ। ਪੰਥਕ ਧਿਰਾਂ ਦਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਉੱਪਰ ਬਾਦਲ ਦਲ ਦਾ ਕਬਜ਼ਾ ਖਤਮ ਕਰਨਾ ਹੈ, ਪਰ ਇਹ ਨਿਸ਼ਾਨਾ ਤਦ ਹੀ ਹਾਸਲ ਹੋ ਸਕਦਾ ਹੈ, ਜਦ ਪੰਥਕ ਧਿਰ ਵੱਡੀ ਸਿਆਸੀ ਧਿਰ ਵਜੋਂ ਉਭਰੇਗੀ। ਇਹ ਯਾਦ ਰੱਖਣ ਦੀ ਲੋੜ ਹੈ ਕਿ ਅਕਾਲੀ ਦਲ ਦੀ ਜੜ੍ਹ ਪੰਥਕ ਸਿਆਸਤ ਵਿਚ ਹੈ। ਜਦ ਪੰਥ ਹੀ ਉਸ ਤੋਂ ਹਿੱਲ ਜਾਵੇਗਾ ਤਾਂ ਅਕਾਲੀ ਦਲ ਦੀ ਕੋਈ ਹੋਂਦ ਨਹੀਂ ਰਹਿ ਜਾਵੇਗੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨੂੰ ਜਿਉਂਦਾ ਰੱਖਣ ਲਈ ਬਾਦਲ ਪਰਿਵਾਰ ਦਾ ਕਬਜ਼ਾ ਖਤਮ ਹੋਣਾ ਜ਼ਰੂਰੀ ਹੈ। ਮਾਝੇ ਦੇ ਜਥੇਦਾਰਾਂ ਦੀ ਬਗਾਵਤ ਤੇ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ਇਸੇ ਵਿਚਾਰ ਨੂੰ ਲੈ ਕੇ ਚੱਲ ਰਹੀ ਹੈ ਜੋ ਬਾਦਲ ਦਲ ਲਈ ਖਤਰਨਾਕ ਸਿੱਧ ਹੋ ਰਹੀ ਹੈ। ਕੁਝ ਦਿਨ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੰਮਕਾਜ ਉੱਤੇ ਸੁਆਲ ਚੁੱਕਣ ਵਾਲੇ ਮਾਝਾ ਖੇਤਰ ਦੇ ਤਿੰਨ ਪਾਰਟੀ ਆਗੂਆਂ-ਖਡੂਰ ਸਾਹਿਬ ਦੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਰਤਨ ਸਿੰਘ ਅਜਨਾਲਾ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਬੀਤੇ ਦਿਨੀਂ ਸੇਖਵਾਂ ਪਿੰਡ ਗੁਰਦਾਸਪੁਰ ਵਿਚ ਇਕ ਹੋਰ ਮੀਟਿੰਗ  ਕਰਕੇ ਆਪਣੇ ਸਟੈਂਡ ਨੂੰ ਹੋਰ ਸਖ਼ਤ ਕਰਨ ਦਾ ਸੰਕੇਤ ਦੇ ਦਿੱਤਾ ਹੈ। ਉਨ੍ਹਾਂ ਨੇ ਸੁਖਬੀਰ ਦਾ ਨਾਂ ਲਏ ਬਿਨਾ ਉਸ ਦੀ ਲੀਡਰਸ਼ਿਪ ‘ਤੇ ਸੁਆਲ ਚੁੱਕੇ ਤੇ ਪਾਰਟੀ ਵਿਚ ਨਵੇਂ ਸੁਧਾਰ ਲਿਆਉਣ ਦੀ ਗੱਲ ਕੀਤੀ। ਇਨ੍ਹਾਂ ਆਗੂਆਂ ਨੇ 7 ਅਕਤੂਬਰ ਨੂੰ ਪਟਿਆਲਾ ਵਿਚ ਹੋਈ ਅਕਾਲੀ ਦਲ ਦੀ ਰੈਲੀ ਦਾ ਬਾਈਕਾਟ ਵੀ ਕੀਤਾ ਸੀ। ਆਗੂਆਂ ਨੇ ਇਹ ਵੀ ਕਿਹਾ ਕਿ ਪਾਰਟੀ ਵਿੱਚ ਮਾੜੀ ਸਥਿਤੀ ਬਾਰੇ ਉਨ੍ਹਾਂ ਵਲੋਂ ਅਵਾਜ਼ ਉਠਾਏ ਜਾਣ ਤੋਂ ਬਾਅਦ ਉਨ੍ਹਾਂ ਨਾਲ ਬਾਦਲਾਂ ਨੇ ਕੋਈ ਸੰਪਰਕ ਨਹੀਂ ਕੀਤਾ। ਸੇਖਵਾਂ ਨੇ ਇਹ ਵੀ ਕਿਹਾ ਕਿ ਉਹ ਪਾਰਟੀ ਨਹੀਂ ਛੱਡਣਗੇ। ਸੇਖਵਾਂ ਦਾ ਮੰਨਣਾ ਹੈ ਕਿ ਤਿੰਨ ਸੰਸਥਾਵਾਂ-ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਅਹਿਮੀਅਤ ਨੂੰ ਘਟਾਇਆ ਜਾ ਰਿਹਾ ਹੈ, ਕਿਉਂਕਿ ਪਾਰਟੀ ਨੇ ਪੰਥਕ ਏਜੰਡੇ ਤੋਂ ਦੂਰੀ ਬਣਾ ਲਈ ਹੈ।
ਭਾਰਤੀ ਮੀਡੀਏ ਦਾ ਟੀਰ-ਨਜ਼ਰੀਆ : ਭਾਰਤੀ ਮੀਡੀਏ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਮੋਰਚੇ ਬਾਰੇ ਟੀਰ ਨਜ਼ਰੀਆ ਹੈ। ਉਹ ਇਸ ਮੋਰਚੇ ਦੀ ਸ਼ਕਤੀ ਖਾਲਸਾ ਪੰਥ ਨੂੰ ਰੱਦ ਕਰਕੇ, ਇਸ ਨੂੰ ਅੱਤਵਾਦੀ ਸ਼ਕਤੀਆਂ ਦੇ ਉਭਾਰ ਨਾਲ ਜੋੜ ਕੇ ਦੇਖ ਰਿਹਾ ਹੈ ਤੇ ਇਸ ਨਾਲ ਜੁੜੀਆਂ ਸਕਾਰਾਤਮਕ ਖ਼ਬਰਾਂ ਨੂੰ ਮੀਡੀਏ ਵਿਚ ਗ਼ੈਰ ਹਾਜ਼ਰ ਰੱਖ ਰਿਹਾ ਹੈ। ਇਥੋਂ ਤੱਕ ਕਿ ਇਹੋ ਜਿਹੀਆਂ ਪੇਡ ਖਬਰਾਂ ਪਸਾਰੀਆਂ ਜਾ ਰਹੀਆਂ ਹਨ ਕਿ ਗਰਮ ਵਿਚਾਰਧਾਰਾ ਪੰਜਾਬ ਵਿਚ ਪ੍ਰਫੁਲਤ ਹੋ ਰਹੀ ਹੈ, ਜੋ ਪੰਜਾਬ ਦੀ ਸ਼ਾਂਤੀ ਲਈ ਖਤਰਾ ਬਣ ਰਹੀ ਹੈ, ਪਰ ਭਾਰਤੀ ਮੀਡੀਏ ਦੇ ਵਿਜ਼ਨ ਵਿਚ ਮਨੁੱਖੀ ਅਧਿਕਾਰਾਂ, ਇਨਸਾਫ਼ ਬਾਰੇ ਕੋਈ ਚਰਚਾ ਨਹੀਂ ਹੋ ਰਹੀ ਕਿ ਸਿੱਖਾਂ ਨਾਲ ਬੇਇਨਸਾਫੀ ਹੋਈ ਹੈ ਤੇ ਇਹ ਸਭ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਵਾਪਰਿਆ ਹੈ। ਅਸਲ ਵਿਚ ਇਹ ਟੀਰ ਨਜ਼ਰੀਆ ਭਗਵੇਂ ਰਾਸ਼ਟਰਵਾਦ ਵਿਚੋਂ ਪੈਦਾ ਹੋਇਆ ਹੈ, ਜਿਸ ਲਈ ਸਿੱਖ ਮੁੱਦਿਆਂ, ਅਧਿਕਾਰਾਂ ਦੀ ਕੋਈ ਕਦਰ ਨਹੀਂ।

ਬਾਮਸੇਫ਼ ਮਾਨਸਿਕ ਅਤੇ ਸਰੀਰਕ ਤੌਰ ਤੇ ਮੋਰਚੇ ਨਾਲ ਹੈ
*  97 ਫ਼ੀਸਦੀ ਬ੍ਰਾਹਮਣ ਦੇ ਕਬਜ਼ੇ ਹੇਠਲਾ ਭਾਰਤੀ ਮੀਡੀਆ ਬਰਗਾੜੀ ਮੋਰਚੇ ਲਈ ਇੱਕ ਲਾਈਨ ਦੀ ਥਾਂ ਵੀ ਨਹੀ ਦੇ ਰਿਹਾ : ਵਾਮਨ ਮੇਸ਼ਰਾਮ
ਬਰਗਾੜੀ/ਬਿਊਰੋ ਨਿਊਜ਼ :
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੀ ਸਟੇਜ ਤੋ ਸੰਬੋਧਨ ਕਰਦਿਆਂ ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਵਾਮਨ ਮੇਸ਼ਰਾਮ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਵਿੱਚ ਭਾਰਤ ਦੇ ਵੱਖ ਵੱਖ ਖਿੱਤਿਆਂ ਦੇ ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਜਿਸ ਕਰਕੇ ਮੂਲ ਨਿਵਾਸੀ ਭਾਈਚਾਰੇ ਦਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਭ ਧਰਮਾਂ ਦਾ ਸਾਂਝਾ ਹੈ, ਇਸ ਲਈ ਭਾਰਤ ਦੇ 31 ਸੂਬਿਆਂ ਵਿਚ ਚੱਲ ਰਹੀ ਸਾਡੀ ਪਰਿਵਰਤਨ ਯਾਤਰਾ ਵਿਚ ਅਸੀ ਗੁਰੂ ਗਰੰਥ ਸਾਹਿਬ ਦੇ ਇਨਸਾਫ ਲਈ ਲੱਗੇ ਬਰਗਾੜੀ ਮੋਰਚੇ ਦੀ ਗੱਲ ਠੋਕ ਵਜਾ ਕੇ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਮੋਰਚੇ ਦੇ ਨਾਲ ਹਾਂ ਤੇ ਇਹ ਲੜਾਈ ਇਕੱਲੇ ਸਿੱਖਾਂ ਦੀ ਨਹੀਂ, ਸਗੋਂ ਦੇਸ਼ ਦੇ ਸਮੁੱਚੇ ਮੂਲ ਨਿਵਾਸੀਆਂ ਦੀ ਸਾਂਝੀ ਜੰਗ ਹੈ, ਇਸ ਲਈ ਇਹ ਲੜਾਈ ਇਕੱਲੇ ਪੰਜਾਬ ਵਿੱਚ ਨਹੀ ਸਗੋਂ ਪੂਰੇ ਦੇਸ਼ ਵਿੱਚ ਅਸੀਂ ਮਿਲਕੇ ਲੜਾਂਗੇ। ਉਹਨਾਂ ਕਿਹਾ ਕਿ ਭਾਰਤ ਵਿੱਚ ਅਜਾਦੀ ਸਿਰਫ ਬ੍ਰਾਹਮਣ ਨੂੰ ਮਿਲੀ ਹੈ, ਇਸ ਕਰਕੇ ਉਹ ਚਾਰੇ ਥੰਮਾਂ ਤੇ ਕਾਬਜ ਹੈ, ਜਿਸ ਤਰ੍ਹਾਂ ਨਿਆਂ ਪਾਲਿਕਾ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ 97 ਫੀਸਦੀ ਬ੍ਰਾਹਮਣ, ਕਾਰਜ ਪਾਲਿਕਾ ਦੀ ਗੱਲ ਹੋਵੇ ਤਾਂ, ਦੇਸ਼ ਦੀ ਸਮੁੱਚੀ ਅਫਸਰਸ਼ਾਹੀ ਵਿੱਚ 70 ਫੀਸਦੀ, ਬ੍ਰਾਹਮਣ ਅਤੇ ਬਾਕੀ ਬਚਦੇ 20 ਫੀਸਦੀ ਵੀ ਬ੍ਰਾਹਮਣ ਦੀ ਖੁਸ਼ੀ ਲਈ ਕੰਮ ਕਰਦੇ ਹਨ, ਭਾਵ 100 ਫੀਸਦੀ ਕਬਜ਼ਾ ਬ੍ਰਾਹਮਣਾਂ ਦਾ, ਤੀਜੀ ਵਿਧਾਨ ਪਾਲਕਾ ਵਿਚ ਵੀ ਸਮੁੱਚੇ ਰੂਪ ਵਿੱਚ ਬ੍ਰਾਹਮਣ ਕਾਬਜ ਤੇ ਚੌਥੇ  ਮਜਬੂਤ ਥੰਮ ਪ੍ਰੈਸ ਹੈ, ਜਿਸ ਤੇ 97 ਫੀਸਦੀ ਬ੍ਰਾਹਮਣ ਦਾ ਕਬਜ਼ਾ ਹੈ, ਇਹੋ ਕਾਰਨ ਹੈ ਕਿ ਬਰਗਾੜੀ ਮੋਰਚੇ ਦਾ ਭਾਰਤੀ ਮੀਡੀਆ ਨੇ ਬਾਈਕਾਟ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਦੇਸ਼ ਦੇ 31 ਰਾਜਾਂ ਵਿਚੋਂ ਕਿਸੇ ਰਾਜ ਵਿੱਚ ਕੋਈ ਖੁਸ਼ ਨਹੀ ਹੈ,ਕਿਉਕਿ ਇੱਥੇ ਲੋਕਤੰਤਰ ਨਹੀ ਬ੍ਰਾਹਮਣਤੰਤਰ ਹੈ। ਉਹਨਾਂ ਕਿਹਾ ਕਿ 1947 ਵਿੱਚ ਦੇਸ਼ ਅਜਾਦ ਨਹੀ ਹੋਇਆ, ਸਗੋ ਬ੍ਰਾਹਮਣ ਨੇ ਅੰਗਰੇਜ਼ਾਂ ਤੋਂ ਦੇਸ਼ ਦਾ ਕਬਜ਼ਾ ਲੈ ਲਿਆ ਹੈ। 1885 ਵਿੱਚ ਬ੍ਰਾਹਮਣ ਨੇ ਕਾਂਗਰਸ ਬਣਾਈ ਤੇ ਫਿਰ ਆਰਐਸਐਸ ਨੇ ਜਨਸੰਘ ਬਣਾਈ ਜਿਹੜੀ ਹੁਣ ਭਾਜਪਾ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਹ ਪਾਰਟੀਆਂ ਘੱਟ ਗਿਣਤੀਆਂ ਤੇ ਮੂਲ ਨਿਵਾਸੀਆਂ ਨੂੰ ਕਿਵੇਂ ਆਜ਼ਾਦੀ ਦੇ ਸਕਦੀਆਂ ਹਨ? ਇਸ ਮੌਕੇ ਸੰਗਤਾਂ ਦਾ ਧੰਨਵਾਦ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।