ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਹੁੰਦੇ ਨੇ ਟਰੱਕ ਡਰਾਈਵਰ

ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਹੁੰਦੇ ਨੇ ਟਰੱਕ ਡਰਾਈਵਰ

ਬੇਅੰਤ ਕੌਰ ਗਿੱਲ, ਮੋਗਾ (9465606210)

ਟਰੱਕ ਡਰਾਈਵਰਾਂ ਬਾਰੇ ਵੱਧ ਤੋਂ ਵੱਧ ਜਾਨਣ ਦੀ ਇੱਛਾ ਮੇਰੀ ਬਚਪਨ ਤੋਂ ਹੀ ਰਹੀ ਹੈ ਕਿਉਂਕਿ ਇਹ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਇੱਕ ਸਟੇਟ ਤੋਂ ਦੂਸਰੀ ਸਟੇਟ ਜਾਂਦੇ ਰਾਹੀ ਮੈਨੂੰ ਅਸਲ ਵਿੱਚ ਸ਼ਾਂਤੀ ਦੇ ਪ੍ਰਤੀਕ ਲੱਗਦੇ ਹਨ। ਦੋ ਸਟੇਟਾਂ ਦੇ ਆਪਸੀ ਸੰਬੰਧ ਭਾਵੇਂ ਕਿਹੋ ਜਿਹੇ ਵੀ ਹੋਣ ਪਰ ਇਹ ਲੋਕ ਹਮੇਸ਼ਾ ਸ਼ਾਂਤੀ ਬਣਾਈ ਰੱਖਦੇ ਹਨ। ਕੋਈ ਡਰਾਈਵਰ ਪੰਜਾਬੀ, ਬੰਗਾਲੀ, ਬਿਹਾਰੀ, ਮਰਾਠੀ ਜਾਂ ਹਰਿਆਣਵੀ ਹੋਵੇ, ਇਹਨਾਂ ਦੇ ਹੱਸਦੇ ਚਿਹਰੇ ਸਾਨੂੰ ਕਈ ਸਵਾਲ ਕਰਦੇ ਜਾਪਦੇ ਹਨ। ਜਦ ਇਹ ਸਭ ਰਲਕੇ ਕਿਸੇ ਹੋਟਲ ਜਾਂ ਸੜਕ ਕਿਨਾਰੇ ਘਾਹ ‘ਤੇ ਮਹਿਫਲਾਂ ਜਮਾਈ ਬੈਠੇ ਹੁੰਦੇ ਹਨ ਤਾਂ ਕਿਸੇ ਸਤਰੰਗੀ ਪੀਂਘ ਦਾ ਭੁਲੇਖਾ ਪਾਉਂਦੇ ਹਨ। ਭਾਵੇਂ ਸਾਡੀ ਸੋਚ ਇਹਨਾਂ ਲੋਕਾਂ ਪ੍ਰਤੀ ਹਾਂ ਪੱਖੀ ਨਹੀਂ, ਅਸੀਂ ਹਮੇਸ਼ਾ ਇਹਨਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਹੀ ਦੇਖਦੇ ਹਾਂ, ਪਰ ਇਹਨਾਂ ਲੋਕਾਂ ਨੂੰ ਬਿਲਕੁਲ ਵੀ ਫਰਕ ਨਹੀਂ ਪੈਦਾ। ਇਹ ਕਰਮਯੋਗੀ ਲੋਕ ਹਨ ਜੋ ਸਿਰਫ ਕਰਮ ਕਰਦੇ ਰਹਿਣ ਵਿੱਚ ਵਿਸ਼ਵਾਸ਼ ਰੱਖਦੇ ਹਨ।
ਅੱਜ ਭਾਵੇਂ ਅਸੀਂ ਕੁਝ ਵੀ ਕਹੀਏ, ਏਡਜ਼ ਵਰਗੀ ਭਿਆਨਕ ਬਿਮਾਰੀ ਦੀ ਗੱਲ ਹੋਵੇ ਜਾਂ ਫਿਰ ਬਲਾਤਕਾਰ ਦੀ, ਅਸੀਂ ਇਹਨਾਂ ਨੂੰ ਦੋਸ਼ੀ ਕਹਿੰਦੇ ਹਾਂ ਪਰ ਸੱਚ ਤਾਂ ਇਹ ਹੈ ਕਿ ਜਿੰਨਾ ਖਤਰਾ ਅੱਜ ਸਾਨੂੰ ਪੜ੍ਹੇ ਲਿਖੇ ਲੋਕਾਂ ਕੋਲੋਂ ਹੈ ਉੰਨਾ ਇਹਨਾਂ ਲੋਕਾਂ ਕੋਲੋਂ ਨਹੀਂ। ਇੱਕ ਔਰਤ ਸੜਕ ਦੇ ਕਿਨਾਰੇ ਇਕੱਲਿਆਂ ਜਾਂਦਿਆਂ ਏਨੀ ਅਸੁਰੱਖਿਅਤ ਮਹਿਸੂਸ ਨਹੀਂ ਕਰਦੀ, ਜਿੰਨੀ ਦਫਤਰਾਂ ਵਿੱਚ। ਅੱਜ ਔਰਤਾਂ ਇਹਨਾਂ ਸੜਕਾਂ ਦੇ ਸਿਕੰਦਰਾਂ ਤੋਂ ਇੰਨਾ ਨਹੀਂ ਡਰਦੀਆਂ ਜਿੰਨਾ ਦਫਤਰਾਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਅਧਿਕਾਰੀਆਂ ਅਤੇ ਬਾਬੂਆਂ ਤੋਂ।
ਡਰਾਈਵਰਾਂ ਬਾਰੇ ਜਾਨਣ ਦੀ ਮੇਰੀ ਇੱਛਾ ਅੱਜ ਹੋਰ ਵੀ ਪ੍ਰਬਲ ਹੋ ਗਈ, ਜਦ ਮੈਂ ਦੇਖਿਆ ਕਿ ਦੋ-ਚਾਰ ਮਨਚਲੇ ਮੁੰਡਿਆਂ ਨੇ ਇੱਕ ਮੋੜ ‘ਤੇ ਆਪਣੀ ਗੱਡੀ (ਕਾਰ) ਇੱਕ ਟਰੱਕ ਨੂੰ ਖੱਬੇ ਪਾਸੇ ਤੋਂ ਪਾਸ ਕਰਦਿਆਂ (ਓਵਰਟੇਕ) ਟਰੱਕ ਵਿੱਚ ਮਾਰੀ। ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਸੀ। ਖੁਦ ਗਲਤੀ ਕਰਕੇ ਕਾਰ ਵਾਲੇ ਮੁੰਡਿਆਂ ਨੇ ਅੱਗੇ ਹੋ ਕੇ ਟਰੱਕ ਨੂੰ ਰੋਕਿਆ ਅਤੇ ਡਰਾਈਵਰ ਨੂੰ ਗਾਲੀ ਗਲੋਚ ਕਰਨ ਲੱਗੇ ਕਿ ਸਾਡਾ ਨੁਕਸਾਨ ਕਰ ਦਿੱਤਾ। ਡਰਾਈਵਰ ਨੇ ਫੋਨ ‘ਤੇ ਕਿਸੇ ਨਾਲ ਗੱਲ ਕੀਤੀ ਤੇ ਪੈਸੇ ਕਾਰ ਵਾਲਿਆਂ ਦੇ ਹੱਥ ਫੜਾ, ਉਹਨਾਂ ਤੋਂ ਖਹਿੜਾ ਛੁਡਾਇਆ ਤੇ ਅੱਗੇ ਚੱਲ ਪਿਆ। ਮੈਂ ਉਸਦੇ ਟਰੱਕ ਦਾ ਨੰਬਰ ਨੋਟ ਕੀਤਾ ਤੇ ਟਰੱਕ ਯੂਨੀਅਨ ਰਾਹੀਂ ਉਸ ਟਰੱਕ ਡਰਾਈਵਰ ਨੂੰ ਲੱਭ ਲਿਆ। ਮੈਂ ਜਦ ਉਸ ਮੁੰਡੇ ਨਾਲ ਉਸ ਐਕਸੀਡੈਂਟ ਬਾਰੇ ਗੱਲ ਕੀਤੀ ਕਿ ਵੀਰ, ਤੇਰੀ ਗਲਤੀ ਵੀ ਨਹੀਂ ਸੀ, ਫਿਰ ਵੀ ਪੈਸੇ ਕਿਉਂ ਦਿੱਤੇ? ਤਾਂ ਉਸਨੇ ਕਿਹਾ ਕਿ ਜੇ ਮੈਂ ਉਹਨਾਂ ਨਾਲ ਬਹਿਸ ਕਰਦਾ ਤਾਂ ਵੀ ਮੇਰਾ ਕੁਝ ਨਹੀਂ ਸੀ ਬਣਨਾ। ਅੱਠ ਦਸ ਹਜਾਰ ਦੇ ਚੱਕਰ ਵਿੱਚ ਮੈਂ ਟਰੱਕ ਵਿੱਚ ਲੱਦਿਆ ਲੱਖਾਂ ਦਾ ਫਲ ਖਰਾਬ ਕਰਵਾ ਲੈਣਾ ਸੀ। ਸੋ ਆਪੇ ਪ੍ਰਮਾਤਮਾ ਹੀ ਉਹਨਾਂ ਨੂੰ ਸੁਮੱਤ ਬਖਸ਼ੂ। ਇਹ ਲੋਕ ਸਾਡੀਆ ਮਜਬੂਰੀਆਂ ਕੀ ਸਮਝਣ।” ਇਹ ਕਹਿ ਕੇ ਲੰਬਾ ਹਉਕਾ ਲੈਦਿਆਂ, ਉਸਨੇ ਮੁਸਕਰਾਉਣ ਦਾ ਯਤਨ ਕਰਦਿਆਂ ਕਿਹਾ, ਸਮਝ ਲਵਾਂਗੇ ਕਿ ਗੱਡੀ ਨੂੰ ਇੱਕ ਟੈਕਸ ਵੱਧ ਲੱਗ ਗਿਆ। ਮੇਰੀਆਂ ਅੱਖਾਂ ਵਿੱਚ ਹਜ਼ਾਰਾਂ ਸਵਾਲ ਦੇਖ ਕੇ ਉਸ ਮੁੰਡੇ ਨੇ ਅੱਗੇ ਕਹਿਣਾ ਸ਼ੁਰੂ ਕੀਤਾ, “ਦੇਖੋ ਜੀ, ਦੇਸ਼ ਦੀ ਰੀੜ੍ਹ ਦੀ ਹੱਡੀ ਅਖਵਾਉਂਦੀ ਟਰਾਂਸਪੋਰਟ ਅੱਜ ਕਿਸ ਮੋੜ ‘ਤੇ ਖੜ੍ਹੀ ਹੈ। ਇਸ ਬਾਰੇ ਲੋਕਾਂ ਨੇ ਤਾਂ ਕੀ, ਸਾਡੀਆਂ ਸਰਕਾਰਾਂ ਨੇ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ। ਔਰਤਾਂ ਦੀ ਲਿਪਸਟਿਕ ਤੋਂ ਲੈਕੇ ਜਹਾਜਾਂ ਤੱਕ ਨੂੰ ਢੋਂਹਦੀ ਇਸ ਟਰਾਂਸਪੋਰਟ ਦੇ ਮਾਲਕਾਂ ਦੀ ਹਾਲਤ ਅਨਾਥ ਬੱਚੇ ਵਰਗੀ ਹੋ ਗਈ ਹੈ। ਸ਼ੌਕ ਨਾਲ ਵੀ ਇਸ ਧੰਦੇ ਵਿੱਚ ਆਏ ਲੋਕਾਂ ਲਈ ਹੁਣ ਵਾਪਿਸ ਜਾਣਾ ‘ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ’ ਵਾਂਗ ਹੈ ਕਿਉਂਕਿ ਥੋੜ੍ਹੀ ਬਹੁਤੀ ਜਮੀਨ ਵੇਚਕੇ ਲਏ ਟਰੱਕ ਜਾਂ ਟਰਾਲੇ ਦੇ ਟੈਕਸ ਚੁਕਾਉਂਦਿਆਂ ਉਹਨਾਂ ਦੇ ਸਾਧਨ ਹੁਣ ਦੁੱਗਣੇ ਕਰਜੇ ਹੇਠ ਹਨ। ਉਹਨਾਂ ਨੂੰ ਆਪਣੇ ਹੀ ਦੇਸ਼ ਦੇ ਟੈਕਸਾਂ ਨੇ ਖਾ ਲਿਆ ਹੈ। ਰੋਟੀ ਖਾਣ ਲਈ ਜੇਬ ਵਿੱਚ ਪੰਜੀ ਹੋਵੇ ਨਾ ਹੋਵੇ, ਟੈਕਸ ਤਾਂ ਦੇਣਾ ਹੀ ਪੈਂਦਾ ਹੈ। ਕਦੇ ਟੋਲ ਟੈਕਸ, ਰੋਡ ਟੈਕਸ, ਸੇਲ ਟੈਕਸ, ਆਰ.ਸੀ. ਟੈਕਸ, ਗੁੱਡਜ਼ ਟੈਕਸ, ਕਦੇ ਪਰਮਿਟ ਟੈਕਸ। ਆਰ.ਸੀ. ‘ਤੇ ਪੈਸੇ ਲਗਾਉਣ ਦੇ ਬਾਵਜੂਦ ਵੀ ਨੈਸ਼ਨਲ ਪਰਮਿਟ ਲਈ ਟੈਕਸ ਚੁਕਾਉਣਾ ਪੈਂਦਾ ਹੈ। …”
ਅਸੀਂ ਜਾਣਦੇ ਜਾਂ ਕਿ ਇਨ੍ਹਾਂ ਟੈਕਸਾਂ ਤੋਂ ਇਲਾਵਾ ਦਿਨ ਰਾਤ ਹੁੰਦੀ ਹੋਰ ਲੁੱਟ ਵੀ ਕਿਸੇ ਤੋਂ ਛੁਪੀ ਨਹੀਂ। ਪੂੰਜੀਪਤੀ ਵਰਗ ਵੱਲੋਂ ਨਵੇਂ-ਨਵੇਂ ਬਹਾਨੇ ਜਿਵੇਂ ਮਾਲ ਲੇਟ ਹੋ ਗਿਆ, ਡੈਮੇਜ ਹੋ ਗਿਆ ਜਾਂ ਸਿੱਲ੍ਹਾ ਹੈ ਕਹਿ ਕੇ ਬਲੈਕਮੇਲ ਕੀਤਾ ਜਾਂਦਾ ਹੈ। ਬਿਨਾਂ ਵਜ੍ਹਾ ਗੱਦੀ ਖਰਚਾ ਵਪਾਰੀਆਂ ਵੱਲੋਂ ਲਿਆ ਜਾਂਦਾ ਹੈ। ਸਮਾਨ ਸਹੀ ਜਗ੍ਹਾ ਸਹੀ ਸਮੇਂ ‘ਤੇ ਪਹੁੰਚਾਉਣ ਦੇ ਬਾਵਜੂਦ ਵੀ ਕਿਰਾਏ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਭੁੱਖੇ ਤਿਹਾਏ ਜਾਂ ਤਾਂ ਕਿਰਾਏ ਲਈ ਇੰਤਜ਼ਾਰ ਕਰਦੇ ਹਨ ਜਾਂ ਵਪਾਰੀ ਨੂੰ ਆਪਣਾ ਖਾਤਾ ਨੰਬਰ ਦੇ ਕੇ ਮਹੀਨਿਆਂ ਤੋਂ ਵਿਛੜੇ ਪਰਿਵਾਰ ਨੂੰ ਮਿਲਣ ਚਲੇ ਜਾਂਦੇ ਹਨ ਪਰ ਸਦਮਾ ਇਹਨਾਂ ਨੂੰ ਉਦੋਂ ਲੱਗਦਾ ਹੈ ਜਦੋਂ ਕਈ-ਕਈ ਦਿਨ ਵਪਾਰੀਆਂ ਵੱਲੋਂ ਇਹਨਾਂ ਨੂੰ ਪੈਸੇ ਨਹੀਂ ਭੇਜੇ ਜਾਂਦੇ। ਜਿੰਨੀ ਦੇਰ ਇਹਨਾਂ ਨੂੰ ਪਿਛਲਾ ਕਿਰਾਇਆ ਨਹੀਂ ਮਿਲਦਾ, ਓਨੀ ਦੇਰ ਇਹ ਆਪਣੇ ਸਾਧਨ ਦੁਬਾਰਾ ਨਹੀਂ ਚਲਾ ਸਕਦੇ ਕਿਉਂਕਿ ਇਹਨਾਂ ਨੇ ਹਜ਼ਾਰਾਂ ਦਾ ਤੇਲ ਪਵਾਉਣਾ ਹੁੰਦਾ ਹੈ।
ਫਿਰ ਰਸਤੇ ਵਿਚ ਆਉਂਦੀਆਂ ਮੁਸ਼ਕਿਲਾਂ ਵੀ ਘੱਟ ਨਹੀਂ। ਕਈ ਵਾਰ ਬੱਝਵੇਂ ਸਮੇਂ ਦਾ ਮਾਲ ਜਿਵੇਂ ਸਬਜ਼ੀਆਂ, ਫਲ, ਆਦਿ ਸਹੀ ਸਮੇਂ ਵਿੱਚ ਪਹੁੰਚਾਉਣੇ ਹੁੰਦੇ ਹਨ। ਪਰ ਸਰਕਾਰੀ ਅਫਸਰ ਉਹਨਾਂ ਦੀਆਂ ਗੱਡੀਆਂ ਦਿਨੇ ਚੱਲਣ ਨਹੀਂ ਦਿੰਦੇ ਜਦ ਰਾਤ ਨੂੰ ਗੱਡੀਆਂ ਚਲਾਉਂਦੇ ਹਨ ਤਾਂ ਕਾਫੀ ਟਰੈਫਿਕ ਜਾਮ ਵੀ ਲੱਗਦੇ ਹਨ। ਕਿਸੇ ਟਰੈਫਿਕ ਜਾਮ ਜਾਂ ਅਫਸਰਸ਼ਾਹੀ ਦੇ ਅਣਉਚਿਤ ਵਤੀਰੇ ਕਾਰਨ ਮਾਲ ਲੇਟ ਪਹੁੰਚਦਾ ਹੈ ਤਾਂ ਉਸ ਤੋਂ ਬੁਰਾ ਦਿਨ ਇਹਨਾਂ ਲਈ ਹੋਰ ਕੋਈ ਨਹੀਂ ਹੁੰਦਾ ਕਿਉਂਕਿ ਮਾਲ ਖ਼ਰਾਬ ਹੋ ਜਾਂਦਾ ਹੈ। ਉਸ ਖਰਾਬ ਹੋਏ ਮਾਲ ਦੀ ਭਰਪਾਈ ਕਰਨੀ ਪੈਂਦੀ ਹੈ। ਬੱਝਵੇਂ ਸਮੇਂ ਵਿੱਚ ਮਾਲ ਪਹੁੰਚਾਉਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਕਿਉਂਕਿ ਇਸ ਨਾਲ ਰੋਡ ਐਕਸੀਡੈਂਟ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਰਸਤਿਆਂ ਅਤੇ ਖਾਣਾ ਖਾਣ ਸਮੇਂ ਡੀਜ਼ਲ ਚੋਰੀ ਵਰਗੀਆਂ ਘਟਨਾਵਾਂ ਆਮ ਹੀ ਵਰਤਦੀਆਂ ਰਹਿੰਦੀਆਂ ਹਨ। ਚੋਰੀ ਹੋਏ ਡੀਜ਼ਲ ਜਾਂ ਸਮਾਨ ਦੀ ਰਿਪੋਰਟ ਵੀ ਪੁਲਿਸ ਦਰਜ ਨਹੀਂ ਕਰਦੀ। ਅਫਸਰਾਂ ਦੇ ਕਹਿਣ ਮੁਤਾਬਿਕ ਦਸੰਬਰ ਮਹੀਨੇ ਵਿੱਚ ਬਣਦਾ ਟਾਰਗਿਟ ਪੂਰਾ ਕਰਨ ਲਈ ਵੱਧ ਤੋਂ ਵੱਧ ਚਲਾਣ ਕੱਟੇ ਜਾਂਦੇ ਹਨ। ਦਸੰਬਰ ਮਹੀਨੇ ਦੀ ਸਰਦ ਰੁੱਤ ਵਿੱਚ ਘਰੋਂ ਬਾਹਰ ਰਹਿਣਾ ਤੇ ਦੂਸਰਾ ਨਜਾਇਜ਼ ਚਲਾਣ ਇਹਨਾਂ ਲੋਕਾਂ ਦੇ ਹੌਸਲੇ ਤੋੜ ਕੇ ਰੱਖ ਦਿੰਦੇ ਹਨ। ਕਾਫੀ ਸੇਲ ਟੈਕਸ ਵਪਾਰੀਆਂ ਰਾਹੀਂ ਡਰਾਈਵਰਾਂ ਨੂੰ ਭੁਗਤਣੇ ਪੈਦੇ ਹਨ। ਸਰਕਾਰੀ ਏਜੰਸੀਆਂ ਦੇ ਸਮਾਨ ਦੀ ਹੁੰਦੀ ਢੋਆ ਢੁਆਈ ਦਾ ਖਰਚ ਪੱਲਿਉ ਕਰਕੇ ਛੇ ਜਾਂ ਅੱਠ-ਅੱਠ ਮਹੀਨੇ ਪੇਮੈਂਟ ਦੀ ਉਡੀਕ ਕਰਨੀ ਪੈਂਦੀ ਹੈ।
ਇੱਕ ਬੋਝ ਹੋਰ ਜੋ ਟਰੱਕ ਯੂਨੀਅਨਾਂ ਰਾਹੀਂ ਇਹਨਾਂ ਡਰਾਈਵਰਾਂ ‘ਤੇ ਪਾਇਆ ਜਾਂਦਾ ਹੈ, ਉਹ ਹੈ ਅਫਸਰਾਂ ਤੇ ਲੀਡਰਾਂ ਦੀਆਂ ਵੰਗਾਰਾਂ ਦਾ ਬੋਝ। ਕਿਸੇ ਨੇ ਘਰ ਪਾਉਣਾ ਹੋਵੇ, ਉਸ ਲਈ ਸਰੀਆ, ਰੇਤਾ, ਇੱਟਾਂ ਆਦਿ ਇਹਨਾਂ ਨੂੰ ਬਿਨਾਂ ਕਿਰਾਇਆ ਢੋਹਣੀਆਂ ਪੈਂਦੀਆਂ ਹਨ। ਕਿਸੇ ਅਫਸਰ ਜਾਂ ਲੀਡਰ ਨੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਰਿਹਾਇਸ਼ ਬਦਲਣੀ ਹੋਵੇ ਤਾਂ ਟਰੱਕ ਜਾਂ ਟਰਾਲੇ ਵਗਾਰ ‘ਤੇ ਲਿਜਾਂਦੇ ਹਨ। ਜਿਸ ਲਈ ਕਿਰਾਇਆ ਤਾਂ ਦੂਰ ਦੀ ਗੱਲ, ਤੇਲ ਵੀ ਨਹੀਂ ਪਵਾਕੇ ਦਿੱਤਾ ਜਾਂਦਾ। ਸਰਕਾਰੀ ਰੈਲੀਆਂ ਹੋਣ ਜਾਂ ਵੋਟਾਂ, ਸਭ ਤੋਂ ਸਖਤ ਡਿਊਟੀ ਇਹਨਾਂ ਦੀ ਹੀ ਹੁੰਦੀ ਹੈ। ਭਾਵੇਂ ਸਟੇਟ ਸਰਕਾਰ ਜਾਂ ਕੇਂਦਰ ਸਰਕਾਰ, ਕੋਈ ਵੀ ਆਵੇ, ਇਹਨਾਂ ਲਈ ਕਦੇ ਕੋਈ ਪੈਕੇਜ ਨਹੀਂ ਮਿਲਦੇ।
ਮੈਂ ਉਸ ਟਰੱਕ ਡਰਾਈਵਰ ਮੁੰਡੇ ਦੀਆਂ ਗੱਲਾਂ ਪੱਥਰ ਬਣੀ ਸੁਣ ਰਹੀ ਸੀ ਤੇ ਸੋਚ ਰਹੀ ਸੀ ਸੱਚਮੁੱਚ ਸਾਡੀਆਂ ਸਰਕਾਰਾਂ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ। ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਇਹਨਾਂ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਵਾਉਣੇ ਚਾਹੀਦੇ ਹਨ। ਇਹਨਾਂ ਦੇ ਲੋੜੀਂਦੇ ਟੈਸਟ “ਪ੍ਰਦੂਸ਼ਣ ਰੋਕੂ ਐਕਟ” ਵਾਂਗ ਇਹਨਾਂ ਦੇ ਲਾਇਸੰਸ ‘ਤੇ ਫਰੀ ਹੋਣੇ ਚਾਹੀਦੇ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਸ਼ਹਿਰ ਜਾਂ ਤਹਿਸੀਲ ਪੱਧਰ ਤੇ ਇੱਕ ਇੱਕ ਡਿਸਪੈਂਸਰੀ ਸਿਰਫ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਫਰੀ ਚੈੱਕਅੱਪ ਅਤੇ ਰਿਆਇਤੀ ਦਰਾਂ ‘ਤੇ ਦਵਾਈਆਂ ਦੇਣ ਲਈ ਬਣਾਵੇ। ਇਹਨਾਂ ਲਈ ਹਰ ਸੌ ਜਾਂ ਦੋ ਸੌ ਕਿਲੋਮੀਟਰ ‘ਤੇ ਅਜਿਹੀਆਂ ਬਿਲਡਿੰਗਾਂ ਬਣਵਾਈਆਂ ਜਾਣ, ਜਿਨ੍ਹਾਂ ਵਿੱਚ ਇਹਨਾਂ ਦੇ ਸੌਣ ਦੇ ਪ੍ਰਬੰਧ ਦੇ ਨਾਲ ਬਿਜਲੀ ਅਤੇ ਖਾਣ ਪੀਣ ਦੇ ਸਾਮਾਨ ਨੂੰ ਰਿਆਇਤੀ ਦਰਾਂ ‘ਤੇ ਮੁਹੱਈਆ ਕਰਵਾਇਆ ਜਾਵੇ। ਜਿੰਨੀ ਦੇਰ ਇਹ ਰੁਕਣ ਸਬ ਮੀਟਰਾਂ ਦੇ ਯੂਨਿਟਾਂ ਦੇ ਹਿਸਾਬ ਦੇ ਨਾਲ ਪੱਖਿਆਂ (ਬਿਜਲੀ) ਦਾ ਖਰਚਾ ਲਿਆ ਜਾਵੇ ਤਾਂ ਜੋ ਇਹ ਆਪਣੇ ਆਪ ਨੂੰ ਅਤੇ ਆਪਣੇ ਸਾਧਨਾਂ ਨੂੰ ਸੁਰੱਖਿਅਤ ਸਮਝ ਆਰਾਮ ਕਰ ਸਕਣ ਤਾਂ ਜੋ ਐਕਸੀਡੈਂਟਾਂ ਦੀ ਦਰ ਘਟ ਸਕੇ। ਇਹਨਾਂ ਲਈ ਸਰਕਾਰ ਇੱਕ ਹੈਲਪਲਾਈਨ ਨੰਬਰ ਦੇਵੇ ਤਾਂ ਜੋ ਇਹ ਲੋਕ ਕਿਸੇ ਬਿਪਤਾ ਸਮੇਂ ਸਲਾਹ ਜਾਂ ਮਦਦ ਲੈ ਸਕਣ।
ਜੇਕਰ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰਾਂ ਇਹਨਾਂ ਵੱਲ ਏਨਾ ਕੁ ਧਿਆਨ ਦੇਣ ਤਾਂ ਇਹਨਾਂ ਨੂੰ ਕਾਫੀ ਖੁਸ਼ੀ ਹੋਵੇਗੀ। ਅਸੀਂ ਇਸ ਵਰਗ ਨਾਲ ਚੰਗਾ ਵਿਵਹਾਰ ਕਰਕੇ ਸਮਾਜ ਨੂੰ ਵਿਕਾਸਸ਼ੀਲ ਬਣਾ ਸਕਦੇ ਹਾਂ। ਕਿਉਂਕਿ ਮਹਿੰਗਾਈ ਵਧਣ ਦੇ ਨਾਲ ਡੀਜ਼ਲ ਦੇ ਭਾਅ ਅਤੇ ਟੈਕਸ ਵਧਦੇ ਰਹਿੰਦੇ ਹਨ ਪਰ ਇਹਨਾਂ ਦਾ ਸਫ਼ਰ ਕਦੇ ਨਹੀਂ ਘਟਦਾ। ਜੇ ਦੇਖਿਆ ਅਤੇ ਵਿਚਾਰਿਆ ਜਾਵੇ ਤਾਂ ਇਹ ਸਾਡੇ ਸਮਾਜ ਦਾ ਬਹੁਤ ਹੀ ਜ਼ਿੰਮੇਵਾਰ ਹਿੱਸਾ ਹੈ ਜੋ ਆਪਣੀਆਂ ਲੋੜਾਂ ਨੂੰ ਸੰਕੋਚਦੇ ਹੋਏ ਜਿਊਂਦਾ ਹੈ। ਦੋ ਘੰਟੇ ਦਾ ਸਫ਼ਰ ਸਾਨੂੰ ਥਕਾ ਦਿੰਦਾ ਹੈ ਪਰ ਇਹ ਲੋਕ ਹਮੇਸ਼ਾ ਸਫ਼ਰ ਵਿੱਚ ਰਹਿੰਦੇ ਹਨ। ਸਾਨੂੰ ਇਹਨਾਂ ਦੀਆਂ ਲੋੜਾਂ ਤੇ ਮਜਬ੍ਰੂਰੀਆਂ ਦੇ ਹੱਲ ਕੱਢਣੇ ਚਾਹੀਦੇ ਹਨ। ਜੇ ਇਹ ਲੋਕ ਚਾਹੁਣ ਤਾਂ ਦੋ ਦਿਨ ਹੜਤਾਲ ਕਰਕੇ ਆਪਣੀਆਂ ਮੰਗਾਂ ਮੰਨਵਾ ਸਕਦੇ ਹਨ। ਤੇ ਸਾਨੂੰ ਪਤਾ ਹੈ ਇਹਨਾਂ ਦੀ ਦੋ ਦਿਨਾਂ ਦੀ ਹੜਤਾਲ ਨਾਲ ਦੇਸ਼ ਵਿੱਚ ਹਾਹਾਕਾਰ ਮਚ ਸਕਦੀ ਹੈ। ਵਪਾਰਕ ਦੁਨੀਆਂ ਦਾ ਧੁਰਾ ਹਨ ਇਹ ਲੋਕ ਅਤੇ ਅਸਲ ਸ਼ਾਂਤੀ ਦੇ ਪ੍ਰਤੀਕ।
ਵਪਾਰੀ ਵਰਗ ਨੂੰ ਵੀ ਇਹਨਾਂ ਨਾਲ ਚੰਗਾ ਵਿਵਹਾਰ ਕਰਕੇ ਇਹਨਾਂ ਦੇ ਹੌਸਲੇ ਵਧਾਉਣੇ ਚਾਹੀਦੇ ਹਨ। ਮੈ ਤਾਂ ਹਮੇਸ਼ਾ ਇਹਨਾਂ ਨੂੰ ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਕਹਿਣਾ ਪਸੰਦ ਕਰਦੀ ਹਾਂ ਕਿਉਂਕਿ ਅਸੀਂ ਭਾਵੇਂ ਇਹਨਾਂ ਨੂੰ ਇੱਕ ਵੀ ਮੁਸਕਰਾਹਟ ਨਾ ਦੇਈਏ, ਇਹ ਲੋਕ ਫਿਰ ਵੀ ਹਮੇਸ਼ਾ ਮੁਸਕਰਾਉਂਦੇ ਨਜ਼ਰ ਆਉਂਦੇ ਹਨ। ਅਸੀਂ ਇਹਨਾਂ ਨਾਲ ਕਿੰਨਾ ਵੀ ਬੁਰਾ ਵਰਤੀਏ, ਫਿਰ ਵੀ ਇਹ ਸਾਗਰਾਂ ਵਾਂਗ ਸਾਡੇ ਔਗੁਣਾਂ ਨੂੰ ਛੁਪਾ ਲੈਂਦੇ ਹਨ ਤੇ ਦਰਿਆਵਾਂ ਵਾਂਗ ਚੱਲਦੇ ਰਹਿੰਦੇ ਹਨ