26 ਜਨਵਰੀ ਨੂੰ ਸ਼ਾਂਤਮਈ ਰੱਖਣਾ ਸਰਕਾਰ ਦੇ ਹੱਥ

26 ਜਨਵਰੀ ਨੂੰ ਸ਼ਾਂਤਮਈ ਰੱਖਣਾ ਸਰਕਾਰ ਦੇ ਹੱਥ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ ਦੀਆਂ ਹੱਦਾਂ 'ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਹਾੜੇ 'ਤੇ ਕਿਸਾਨ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਬਾਰੇ ਜਿੱਥੇ ਪਹਿਲਾਂ ਇਹ ਭਰਮ ਫੈਲ ਗਿਆ ਸੀ ਕਿ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਹੱਦਾਂ ਤੋਂ ਚਾਲੇ ਪਾ ਕੇ ਕਿਸਾਨਾਂ ਦੇ ਵੱਡੇ ਕਾਫਲਿਆਂ ਨੂੰ ਰਾਜ ਪੱਥ ਵੱਲ ਲੈ ਕੇ ਜਾਣਗੀਆਂ ਉਸ ਨੂੰ ਤੋੜਦਿਆਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਇਹ ਕਿਸਾਨ ਪਰੇਡ ਦਿੱਲੀ ਦੇ ਦੁਆਲੇ ਘੁੰਮਦੇ ਰਿੰਗ ਰੋਡ 'ਤੇ ਹੋਵੇਗੀ। 

ਪਰ ਹੁਣ ਇਸ ਗੱਲ 'ਤੇ ਨਜ਼ਰਾਂ ਟਿਕੀਆਂ ਹਨ ਕਿ ਦਿੱਲੀ ਪੁਲਸ ਕਿਸਾਨਾਂ ਨੂੰ ਰਿੰਗ ਰੋਡ 'ਤੇ ਪਰੇਡ ਕਰਨ ਲਈ ਰਾਹ ਖੋਲ੍ਹਦੀ ਹੈ ਜਾਂ ਨਹੀਂ। ਦਿੱਲੀ ਦੀਆਂ ਹੱਦਾਂ 'ਤੇ ਜਿੱਥੇ ਹੁਣ ਕਿਸਾਨਾਂ ਦੇ ਧਰਨੇ ਚੱਲ ਰਹੇ ਹਨ ਉਸ ਤੋਂ ਅੱਗੇ ਦਿੱਲੀ ਵਾਲੇ ਪਾਸੇ ਦਿੱਲੀ ਪੁਲਸ ਨੇ ਵੱਡੀਆਂ ਰੋਕਾਂ ਲਾਈਆਂ ਹੋਈਆਂ ਹਨ। ਬੀਤੇ ਕੱਲ੍ਹ ਭਾਰਤ ਦੀ ਸੁਪਰੀਮ ਕੋਰਟ ਵਿਚ ਕਿਸਾਨ ਪਰੇਡ ਸਬੰਧੀ ਹੋਈ ਸੁਣਵਾਈ 'ਤੇ ਫੈਂਸਲਾ ਦਿੰਦਿਆਂ ਅਦਾਲਤ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਦਾ ਗਣਤੰਤਰ ਦਿਵਸ ਮੌਕੇ ਕੱਢਿਆ ਜਾਣ ਵਾਲਾ ਪ੍ਰਸਤਾਵਿਤ ਟਰੈਕਟਰ ਮਾਰਚ ਅਮਨ-ਕਾਨੂੰਨ ਦਾ ਮਾਮਲਾ ਹੈ ਅਤੇ ਦਿੱਲੀ ਪੁਲੀਸ ਨੇ ਫ਼ੈਸਲਾ ਲੈਣਾ ਹੈ ਕਿ ਕੌਮੀ ਰਾਜਧਾਨੀ ਅੰਦਰ ਕਿਸ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। 

ਦੱਸ ਦਈਏ ਕਿ ਦਿੱਲੀ ਪੁਲਸ ਨੇ ਸੁਪਰੀਮ ਕੋਰਟ ਵਿਚ ਅਪੀਲ ਪਾ ਕੇ ਕਿਸਾਨਾਂ ਦੇ ਮਾਰਚ ਨੂੰ ਰੋਕਣ ਲਈ ਕਿਹਾ ਸੀ। ਚੀਫ਼ ਜਸਟਿਸ ਐੱਸ ਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਪੁਲੀਸ ਕੋਲ ਮਾਮਲੇ ਨਾਲ ਸਿੱਝਣ ਦੇ ਪੂਰੇ ਅਧਿਕਾਰ ਹਨ। ਬੈਂਚ ਨੇ ਕਿਹਾ,‘‘ਕੀ ਸੁਪਰੀਮ ਕੋਰਟ ਇਹ ਦੱਸੇ ਕਿ ਪੁਲੀਸ ਦੀਆਂ ਕੀ ਤਾਕਤਾਂ ਹਨ ਅਤੇ ਉਹ ਇਨ੍ਹਾਂ ਦੀ ਵਰਤੋਂ ਕਿਵੇਂ ਕਰੇ? ਅਸੀਂ ਤੁਹਾਨੂੰ ਨਹੀਂ ਦੱਸਾਂਗੇ ਕਿ ਤੁਸੀਂ ਕੀ ਕਰੋ।’’ ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੂੰ ਕਿਹਾ ਕਿ ਉਹ ਇਸ ਮਾਮਲੇ ’ਤੇ ਆਉਂਦੇ ਬੁੱਧਵਾਰ 20 ਜਨਵਰੀ ਨੂੰ ਅਗਲੀ ਸੁਣਵਾਈ ਕਰਨਗੇ। ਬੈਂਚ ਨੇ ਕਿਹਾ ਕਿ ਦਿੱਲੀ ਅੰਦਰ ਦਾਖ਼ਲ ਹੋਣ ਦਾ ਸਵਾਲ ਅਮਨ-ਕਾਨੂੰਨ ਨਾਲ ਜੁੜਿਆ ਮਾਮਲਾ ਹੈ ਅਤੇ ਇਸ ਦਾ ਫ਼ੈਸਲਾ ਪੁਲੀਸ ਨੇ ਕਰਨਾ ਹੈ। ‘ਮਿਸਟਰ ਅਟਾਰਨੀ ਜਨਰਲ, ਅਸੀਂ ਮਾਮਲੇ ਨੂੰ ਅੱਗੇ ਪਾ ਰਹੇ ਹਾਂ ਅਤੇ ਤੁਹਾਡੇ ਕੋਲ ਇਸ ਮਾਮਲੇ ਨੂੰ ਸਿੱਝਣ ਦੇ ਪੂਰੇ ਅਧਿਕਾਰ ਹਨ।’ ਦਿੱਲੀ ਪੁਲੀਸ ਰਾਹੀਂ ਦਾਖ਼ਲ ਅਰਜ਼ੀ ’ਚ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਗਣਤੰਤਰ ਦਿਵਸ ਦੇ ਜਸ਼ਨਾਂ ’ਚ ਅੜਿੱਕੇ ਪਾਉਣ ਦੇ ਇਰਾਦੇ ਨਾਲ ਕੀਤੇ ਜਾਣ ਵਾਲਾ ਕੋਈ ਵੀ ਪ੍ਰਸਤਾਵਿਤ ਮਾਰਚ ਜਾਂ ਪ੍ਰਦਰਸ਼ਨ ਦੇਸ਼ ਲਈ ਨਮੋਸ਼ੀ ਭਰਿਆ ਸਾਬਿਤ ਹੋ ਸਕਦਾ ਹੈ।

ਜੇਕਰ ਸਰਕਾਰ ਕਿਸਾਨਾਂ ਨੂੰ ਰਿੰਗ ਰੋਡ ਦਾ ਲਾਂਘਾ ਨਹੀਂ ਦਿੰਦੀ ਤਾਂ 26 ਜਨਵਰੀ ਨੂੰ ਦਿੱਲੀ ਦੀਆਂ ਹੱਦਾਂ 'ਤੇ ਵੱਡਾ ਟਕਰਾਅ ਹੋਣ ਦੀ ਸੰਭਾਵਨਾ ਹੈ। ਹਲਾਂਕਿ ਕਿਸਾਨ ਜਥੇਬੰਦੀਆਂ ਨੇ ਅਜੇ ਇਹ ਸਪਸ਼ਟ ਨਹੀਂ ਕੀਤਾ ਕਿ ਲਾਂਘਾ ਨਾ ਮਿਲਣ ਦੀ ਸੂਰਤ ਵਿਚ ਕੀ ਕੀਤਾ ਜਾਵੇਗਾ ਪਰ ਕਈ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਵਾਰ-ਵਾਰ ਇਹ ਕਹਿ ਚੁੱਕੇ ਹਨ ਕਿ ਲਾਂਘਾ ਨਾ ਮਿਲਣ ਦੀ ਸੂਰਤ ਵਿਚ ਪੁਲਸ ਦੀਆਂ ਰੋਕਾਂ ਤੋੜੀਆਂ ਜਾਣਗੀਆਂ ਅਤੇ ਫੇਰ ਪਰੇਡ ਦਾ ਰਾਹ ਵੀ ਮੌਕੇ 'ਤੇ ਹੀ ਤੈਅ ਕੀਤਾ ਜਾਵੇਗਾ।