ਗਗਨੇਜਾ ਤੇ ਅਮਿਤ ਸ਼ਰਮਾ ਦੀ ਹੱਤਿਆ ਪਿਛੇ ਇਕੋ ਜਥੇਬੰਦੀ ਦਾ ਹੱਥ

ਗਗਨੇਜਾ ਤੇ ਅਮਿਤ ਸ਼ਰਮਾ ਦੀ ਹੱਤਿਆ ਪਿਛੇ ਇਕੋ ਜਥੇਬੰਦੀ ਦਾ ਹੱਥ

ਚੰਡੀਗੜ੍ਹ/ਬਿਊਰੋ ਨਿਊਜ਼ :
ਹਿੰਦੂ ਜਥੇਬੰਦੀ ਦੇ ਜ਼ਿਲ੍ਹਾ ਪੱਧਰੀ ਆਗੂ ਅਮਿਤ ਸ਼ਰਮਾ ਦੀ 17 ਜਨਵਰੀ ਨੂੰ ਹੋਈ ਹੱਤਿਆ ਅਤੇ ਪਿਛਲੇ ਸਾਲ ਅਗਸਤ ਵਿਚ ਆਰਐਸਐਸ ਦੇ ਸੂਬਾਈ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਦੀ ਹੱਤਿਆ ਦੀ ਜਾਂਚ ਦੌਰਾਨ ਪੰਜਾਬ ਪੁਲੀਸ ਨੂੰ ਕੁੱਝ ਸਮਾਨਤਾਵਾਂ ਮਿਲੀਆਂ ਹਨ। ਪੁਲੀਸ ਦਾ ਮੰਨਣਾ ਹੈ ਕਿ ਸ਼ਿਵ ਸੈਨਾ ਦੇ ਆਗੂ ਤੋਂ ਇਲਾਵਾ ਦੋ ਹੋਰਾਂ ‘ਤੇ ਹਮਲਿਆਂ ਅਤੇ ਇਨ੍ਹਾਂ ਦੋ ਹੱਤਿਆਵਾਂ ਕਿਸੇ ਇਕ ਜਥੇਬੰਦੀ ਦਾ ਕਾਰਾ ਹੋ ਸਕਦੀ ਹੈ।
ਇਨ੍ਹਾਂ ਦੋ ਕੇਸਾਂ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰੀਆਂ ਸਨ। ਫੋਰੈਂਸਿਕ ਪੜਤਾਲ ਦੌਰਾਨ ਅਮਿਤ ਸ਼ਰਮਾ ਦੀ ਲਾਸ਼ ਵਿਚੋਂ ਮਿਲੇ ਕਾਰਤੂਸ ਤੋਂ ਖੁਲਾਸਾ ਹੋਇਆ ਹੈ ਕਿ ਵਰਤੇ ਗਏ ਦੋ ਹਥਿਆਰਾਂ ਵਿਚੋਂ ਇਕ .32 ਬੋਰ ਦਾ ਪਿਸਤੌਲ ਸੀ। ਆਰਐਸਐਸ ਆਗੂ ਦੇ ਸਰੀਰ ਵਿਚੋਂ ਮਿਲੀਆਂ ਤਿੰਨ ਗੋਲੀਆਂ ਵੀ .32 ਬੋਰ ਦੇ ਪਿਸਤੌਲ ਵਿਚੋਂ ਚੱਲੀਆਂ ਸਨ। ਲਾਸ਼ ਕੋਲੋਂ .9 ਐਮਐਮ ਪਿਸਤੌਲ ਦੇ ਕਾਰਤੂਸਾਂ ਦੇ ਖੋਲ ਮਿਲੇ ਸਨ। ਪਿਛਲੇ ਸਾਲ 24 ਅਪ੍ਰੈਲ ਨੂੰ ਖੰਨਾ ਵਿੱਚ ਸ਼ਿਵ ਸੈਨਾ (ਮਜ਼ਦੂਰ ਵਿੰਗ) ਦੇ ਆਗੂ ਦੁਰਗਾ ਗੁਪਤਾ ਦੀ ਹੱਤਿਆ ਲਈ ਵੀ .9 ਐਮਐਮ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ। 4 ਫਰਵਰੀ ਨੂੰ ਸ਼ਿਵ ਸ਼ੈਨਾ ਆਗੂ ਅਮਿਤ ਅਰੋੜਾ ‘ਤੇ ਕਥਿਤ ਤੌਰ ‘ਤੇ ਗੋਲੀਆਂ ਚੱਲੀਆਂ ਸਨ। ਇਕ ਗੋਲੀ ਜੋ ਉਸ ਦੀ ਗਰਦਨ ਨੂੰ ਛੂਹ ਕੇ ਲੰਘੀ ਸੀ ਉਹ ਵੀ .9 ਐਮਐਮ ਪਿਸਤੌਲ ਵਿਚੋਂ ਚੱਲੀ ਸੀ। ਪਰ ਜੂਨ ਵਿਚ ਲੁਧਿਆਣਾ ਪੁਲੀਸ ਨੇ ਅਰੋੜਾ ਤੇ ਤਿੰਨ ਹੋਰਾਂ ਨੂੰ ਹੋਰ ਸੁਰੱਖਿਆ ਲੈਣ ਖ਼ਾਤਰ ਆਪਣੇ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ।
ਪੰਜਾਬ ਸਰਕਾਰ ਨੇ ਗਗਨੇਜਾ ਕੇਸ ਸੀਬੀਆਈ ਹਵਾਲੇ ਕਰ ਦਿੱਤਾ ਹੈ ਪਰ ਪੰਜਾਬ ਪੁਲੀਸ ਨੇ ਇਸ ਕੇਸ ਦੀ ਜਾਂਚ ਨਹੀਂ ਛੱਡੀ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ, ‘ਇਕੋ ਤਰ੍ਹਾਂ ਦੇ ਹਥਿਆਰ ਵਰਤੇ ਜਾਣੇ ਇਸ਼ਾਰਾ ਕਰਦੇ ਹਨ ਕਿ ਇਹ ਅਪਰਾਧ ਕਿਸੇ ਇਕ ਅਪਰਾਧੀ ਗਰੁੱਪ ਜਾਂ ਅਤਿਵਾਦੀ ਜਥੇਬੰਦੀ ਦਾ ਕੰਮ ਹੋ ਸਕਦੇ ਹਨ।’ ਉਨ੍ਹਾਂ ਕਿਹਾ ਕਿ ਪੁਲੀਸ ਨਹੀਂ ਮੰਨਦੀ ਕਿ ਮੌੜ ਧਮਾਕੇ ਵਿੱਚ ਵੀ ਇਸੇ ਗਰੁੱਪ ਦਾ ਹੱਥ ਹੋਵੇਗਾ।