ਸਿੱਖ ਸ਼ਹਾਦਤਾਂ ‘ਤੇ ਬਣੀ ਫਿਲਮ ‘ਸ਼ਹੀਦ’ ਨੂੰ ਭਰਪੂਰ ਹੁੰਗਾਰਾ

ਸਿੱਖ ਸ਼ਹਾਦਤਾਂ ‘ਤੇ ਬਣੀ ਫਿਲਮ ‘ਸ਼ਹੀਦ’ ਨੂੰ ਭਰਪੂਰ ਹੁੰਗਾਰਾ

ਸੈਨਹੋਜ਼ੇ/ਤਰਲੋਚਨ ਸਿੰਘ ਦੁਪਾਲਪੁਰ :
ਸਿੱਖ ਸ਼ਹੀਦਾਂ ਬਾਰੇ ਬਣੀ ਫਿਲਮ ‘ਸ਼ਹੀਦ’ 25 ਮਾਰਚ ਤੋਂ ਉੱਤਰੀ ਅਮਰੀਕਾ ਦੇ ਵੱਖ ਵੱਖ ਗੁਰਦੁਆਰਿਆਂ ਵਿਚ ਦਿਖਾਈ ਜਾ ਰਹੀ ਜਿਸਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਨੌਜਵਾਨ ਜਗਮੀਤ ਸਿੰਘ ਸਮੁੰਦਰੀ ਨੇ ਵੱਡੇ ਉਤਸ਼ਾਹ ਨਾਲ ਇਸ ਪੱਤਰਕਾਰ ਨੂੰ ਵੇਰਵੇ ਦਿੰਦਿਆਂ ਦਸਿਆ ਕਿ ਵਿਦੇਸ਼ਾਂ ਵਿਚ ਆ ਵਸੇ ਸਿੱਖਾਂ ਦੇ ਦਿਲਾਂ ਵਿਚ ਆਪਣੇ ਅਣਖੀਲੇ ਤੇ ਬਲੀਦਾਨੀ ਵਿਰਸੇ ਪ੍ਰਤੀ ਬੇਹੱਦ ਮੋਹ ਤੇ ਖਿੱਚ ਹੈ। ਇਸੇ ਕਾਰਨ ਸਿੱਖ ਧਰਮ ਦੇ ਸ਼ਹੀਦੀ ਸੰਕਲਪ ‘ਤੇ ਅਧਾਰਤ ਬਣੀ ਇਹ ਫਿਲਮ ਸਿੱਖ ਦਰਸ਼ਕਾਂ ਨੂੰ ਖਿੱਚ ਰਹੀ ਹੈ। ਉਨ੍ਹਾਂ ਦਸਿਆ ਕਿ ਆਧੁਨਿਕ ਤਕਨੀਕ ਨਾਲ ਸਿਰਫ਼ 80 ਮਿੰਟ ਵਿਚ ਮਹਾਨ ਸ਼ਹੀਦੀਆਂ ਦੇ ਦ੍ਰਿਸ਼ਾਂ ਨੂੰ ਪਰਦਾ ਪੇਸ਼ ਕਰਨਾ ਸਾਡੀ ਟੀਮ ਦਾ ਵੱਡਾ ਹਾਸਲ ਹੈ।
ਸ੍ਰੀ ਸਮੁੰਦਰੀ ਨੇ ਇਹ ਵੀ ਦਸਿਆ ਕਿ ਹੁਣ ਤੱਕ ਇਹ ਫਿਲਮ ਕੈਲੀਫੋਰਨੀਆ ਦੇ ਟਰਲਕ, ਲੋਡ੍ਹਾਈ, ਐਸਲਬਰਾਂਟੇ, ਰੋਜ਼ਵਿਲ ਅਤੇ ਸੈਕਰਾਮੈਂਟੋ ਦੇ ਗੁਰਦੁਆਰਿਆਂ ਵਿਚ ਦਿਖਾਈ ਜਾ ਚੁੱਕੀ ਹੈ। ਜਿੱਥੇ ਇਸ ਦੇ ਦਰਸ਼ਕਾਂ ਵਿਚ ਬਜ਼ੁਰਗ ਸਿੱਖ, ਬੀਬੀਆਂ ਅਤੇ ਨੌਜਵਾਨ ਬੱਚੇ ਭਾਰੀ ਗਿਣਤੀ ਵਿਚ ਸ਼ਾਮਲ ਹੋਏ। ਖਾਸ ਕਰਕੇ ਵਿਦੇਸ਼ ਦੇ ਜੰਮਪਲ ਬੱਚੇ ਬਹੁਤ ਪ੍ਰਭਾਵਤ ਹੋ ਰਹੇ ਹਨ। ਉਹ ਕਹਿੰਦੇ ਸੁਣੇ ਗਏ ਕਿ ਸਿਨਮਾ ਤਕਨੀਕ ਰਾਹੀਂ ਦਿਖਾਇਆ ਜਾ ਰਿਹਾ ਆਪਣਾ ਇਤਿਹਾਸ ਦੇਖ ਕੇ ਉਨ੍ਹਾਂ ਨੂੰ ਆਪਣੀ ਵਿਰਾਸਤ ਉਤੇ ਗਰਵ ਮਹਿਸੂਸ ਹੋਇਆ ਹੈ।
ਨਿਊਯਾਰਕ ਫਿਲਮ ਫੈਸਟੀਵਲ ਵਿਚ ਐਵਾਰਡ ਜੇਤੂ ਫਿਲਮ ‘ਦਾ ਰਾਈਜ਼ ਆਫ਼ ਖਾਲਸਾ’ ਦੇ ਨਿਰਦੇਸ਼ਕ ਸ੍ਰੀ ਸਮੁੰਦਰੀ ਨੇ ਅਗਲੇਰੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘ਸ਼ਹੀਦ’ ਫਿਲਮ 9 ਅਪ੍ਰੈਲ ਦੁਪਹਿਰ ਬਾਅਦ ਦੁਪਹਿਰ 1:00 ਵਜੇ ਫਰੀਮਾਂਟ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਜਾਵੇਗੀ ਅਤੇ ਫਿਰ ਓਰਲੈਂਡੋਂ, ਨਿਊਯਾਰਕ, ਫੇਅਰਫੈਕਸ ਅਤੇ ਕੈਨੇਡੀਅਨ ਸ਼ਹਿਰਾਂ ਟੋਰੰਟੋ, ਸਰ੍ਹੀ ਅਤੇ ਐਡਮੈਂਟਨ ਵਿਖੇ ਫਿਲਮ ਦੇ ਸ਼ੋਅ ਹੋਣਗੇ। ਅਮਰੀਕਨ ਸਿੱਖ ਸੰਗਤਾਂ ਦਾ ਉਚੇਚਾ ਧੰਨਵਾਦ ਕਰਦਿਆਂ ਸ੍ਰੀ ਸਮੁੰਦਰੀ ਨੇ ਕਿਹਾ ਕਿ ਮੈਨੂੰ ਸਿੱਖ ਜਗਤ ਨਾਲ ਸਬੰਧਤ ਕੁਝ ਹੋਰ ਪ੍ਰੋਜੈਕਟਾਂ ‘ਤੇ ਕੰਮ ਕਰਨ ਦਾ ਹੌਂਸਲਾ ਮਿਲਿਆ ਹੈ। ਉਨ੍ਹਾਂ ਨਾਲ 925-329-2640 ਫੋਨ ਨੰਬਰ ਅਤੇ ਵਟਸ ਐਪ ਨੰ. 99679-73004 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।