ਮੁੰਬਈ ਦੀ ਇਕ ਗੁਰਦੁਆਰਾ ਕਮੇਟੀ ਵਲੋਂ ‘ਦਸਮ ਪ੍ਰਕਾਸ਼ ਯਾਤਰਾ’ ਕੱਢੇ ਜਾਣ ਦਾ ਬਾਕੀ ਕਮੇਟੀਆਂ ਵਲੋਂ ਵਿਰੋਧ

ਮੁੰਬਈ ਦੀ ਇਕ ਗੁਰਦੁਆਰਾ ਕਮੇਟੀ ਵਲੋਂ ‘ਦਸਮ ਪ੍ਰਕਾਸ਼ ਯਾਤਰਾ’ ਕੱਢੇ ਜਾਣ ਦਾ ਬਾਕੀ ਕਮੇਟੀਆਂ ਵਲੋਂ ਵਿਰੋਧ

ਸਿੰਘ ਸਭਾ ਦਾਦਰ ਬੰਬਈ ਵਲੋਂ ਮਨਮਤਿ ਰੋਕਣ ਲਈ ਅਕਾਲ ਤਖ਼ਤ ਅੱਗੇ ਅਪੀਲ
ਮੁੰਬਈ/ਬਿਊਰੋ ਨਿਊਜ਼ :
ਮੁੰਬਈ ਦੇ ਸ੍ਰੀ ਗੁਰੂ ਸਿੰਘ ਸਭਾ, ਮੁੰਬਈ ਦਾਦਰ ਦੀ ਕਮੇਟੀ ਦੇ ਪ੍ਰਧਾਨ ਰਘਬੀਰ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮੁੰਬਈ ਦੀ ਇਕ ਗੁਰਦੁਆਰਾ ਕਮੇਟੀ ਵਲੋਂ ‘ਦਸਮ ਪ੍ਰਕਾਸ਼ ਯਾਤਰਾ’ ਕੱਢਣ ਦਾ ਐਲਾਨ ਕਰ ਕੇ ਘੋਰ ਮਨਮਤਿ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਪੰਥਕ ਤੌਰ ‘ਤੇ ਤਖ਼ਤ ਸ੍ਰੀ ਹਰਮੰਦਰ ਸਾਹਿਬ ਜੀ, ਪਟਨਾ ਸਾਹਿਬ ਤੋਂ 13 ਅਕਤੂਬਰ ਨੂੰ ਸ਼ੁਰੂ ਹੋ ਚੁੱਕੀ ਹੈ।’
ਸ. ਰਘਬੀਰ ਸਿੰਘ ਨੇ ਕਿਹਾ ਕਿ ਮੁੰਬਈ, ਨਵੀਂ ਮੁੰਬਈ ਖੇਤਰ ਦੇ 100 ਤੋਂ ਵੱਧ ਗੁਰਦੁਆਰਿਆਂ ਵਿਚ ਕੇਵਲ 3 ਗੁਰਦੁਆਰਿਆਂ ਦੇ ਕੁੱਝ ਪ੍ਰਤੀਨਿਧਾਂ ਵਲੋਂ ਆਪਹੁਦਰੀ ਕਰ ਕੇ, ਪ੍ਰਕਾਸ਼ ਦਿਵਸ ਮੌਕੇ 21 ਅਕਤੂਬਰ ਨੂੰ ਹਜ਼ੂਰ ਸਾਹਿਬ ਤੋਂ ਮੁੰਬਈ ਲਈ ‘ਸ੍ਰੀ ਦਸਮ ਪ੍ਰਕਾਸ਼ ਯਾਤਰਾ’ ਕੱਢੀ ਜਾ ਰਹੀ ਹੈ। ਨਗਰ ਕੀਰਤਨ ਦੀ ਮਰਿਆਦਾ ਅਨੁਸਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕੀਤਾ ਜਾਣਾ ਚਾਹੀਦਾ ਹੈ ਪਰ ਉਸ ਦੀ ਥਾਂ ਉਪਰੋਕਤ ਸੱਜਣਾਂ ਵਲੋਂ ‘ਦਸਮ ਪ੍ਰਕਾਸ਼ ਯਾਤਰਾ’ ਵਿਚ ਦਸਮ ਗ੍ਰੰਥ ਦੀ ਗੁਰੂ ਗ੍ਰੰਥ ਸਾਹਿਬ ਨਾਲ ਬਰਾਬਰੀ ਕਰਨਾ ਗੁਰਮਤਿ ਮਰਿਆਦਾ ਦੀ ਘੋਰ ਉਲੰਘਣਾ ਹੈ। ਇਸ ਨਾਲ ਸੰਸਾਰ ਭਰ ਦੀ ਸਿੱਖ ਸੰਗਤ ਲਈ ਦੁਚਿੱਤੀ/ਦੁਬਿਧਾ ਦਾ ਸਮਾਂ ਬਣਿਆ ਹੋਇਆ ਹੈ ਅਤੇ ਇਸ ਨਾਲ ਸਿੱਖ ਸੰਗਤਾਂ ਵਿਚ ਆਪਸੀ ਭਾਈਚਾਰੇ ਦਾ ਮਾਹੌਲ ਵੀ ਖ਼ਰਾਬ ਹੋ ਸਕਦਾ ਹੈ।
ਚਿੱਠੀ ਵਿਚ ਲਿਖਿਆ ਹੈ, ‘ਆਪ ਜੀ ਫ਼ੌਰੀ ਕਦਮ ਚੁਕਦੇ ਹੋਏ ਇਸ ਮਸਲੇ ਦਾ ਹੱਲ ਲੱਭ ਕੇ ਢੁਕਵੀਂ ਕਾਰਵਾਈ ਕਰੋ ਤਾਂ ਕਿ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਵਿਚ ਭਾਈਚਾਰਕ ਮਾਹੌਲ ਖ਼ਰਾਬ ਨਾ ਹੋਵੇ ਅਤੇ ਸਿੱਖ ਸੰਗਤ ਨੂੰ ਦੁਚਿੱਤੀ/ਦੁਬਿਧਾ ਦੇ ਹਨੇਰੇ ਤੋਂ ਬਚਾਇਆ ਜਾ ਸਕੇ।
ਆਪ ਜੀ ਨੂੰ ਪਤਾ ਹੀ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਮਿਤੀ 6 ਜੂਨ, 2008 ਨੂੰ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਮੌਕੇ ਹੁਕਮਨਾਮਾ ਜਾਰੀ ਕਰ ਕੇ ਸਪਸ਼ਟ ਤੌਰ ‘ਤੇ ਕੌਮ ਨੂੰ ਆਦੇਸ਼ ਦਿਤਾ ਹੈ ਕਿ ‘ਸਿੱਖ ਪੰਥ ਨੇ ਹਰ ਕੌਮੀ ਸੰਕਟ ਦੇ ਨਿਵਾਰਨ ਲਈ ਜੁਗੋ-ਜੁਗ ਅਟੱਲ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਰਹਿਨੁਮਾਈ ਗ੍ਰਹਿਣ ਕੀਤੀ ਹੈ। ਦਸਮ ਗ੍ਰੰਥ ਸਬੰਧੀ ਖੜ੍ਹਾ ਕੀਤਾ ਗਿਆ ਵਿਵਾਦ ਬਿਲਕੁਲ ਬੇਲੋੜਾ ਹੈ।”
ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਪੰਥ ਵਲੋਂ ਦਸਮ ਗ੍ਰੰਥ ਦੀਆਂ ਜਿਨ੍ਹਾਂ ਰਚਨਾਵਾਂ ਨੂੰ ਰਹਿਤ ਮਰਿਆਦਾ, ਨਿਤਨੇਮ ਅਤੇ ਅੰਮ੍ਰਿਤ ਸੰਚਾਰ ਲਈ ਸਵੀਕਾਰ ਕੀਤਾ ਜਾ ਚੁਕਾ ਹੈ, ਉਨ੍ਹਾਂ ਬਾਰੇ ਕਿਸੇ ਨੂੰ ਵੀ ਵਾਦ-ਵਿਵਾਦ ਖੜ੍ਹਾ ਕਰਨ ਦਾ ਕੋਈ ਅਧਿਕਾਰ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾਗੱਦੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਬਖ਼ਸ਼ੀ ਹੈ। ਇਸ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਕਰਨ ਘੋਰ ਮਨਮਤਿ ਹੈ। ਰਘਬੀਰ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਲੋੜੀਂਦੀ ਕਾਰਵਾਈ ਕੀਤੀ ਜਾਵੇ।