ਸੁਖਬੀਰ ਬਾਦਲ ਨੇ ਇੰਟਰਨੈਸ਼ਨਲ ਪੰਥਕ ਦਲ ਨਾਲ ਬੰਦ ਕਮਰਾ ਮੀਟਿੰਗ ਕੀਤੀ

ਸੁਖਬੀਰ ਬਾਦਲ ਨੇ ਇੰਟਰਨੈਸ਼ਨਲ ਪੰਥਕ ਦਲ ਨਾਲ ਬੰਦ ਕਮਰਾ ਮੀਟਿੰਗ ਕੀਤੀ

ਮੋਗਾ/ਬਿਊਰੋ ਨਿਊਜ਼ :
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਰੋਡੇ ਵਿੱਚ ਇੰਗਲੈਂਡ (ਯੂਕੇ), ਇਟਲੀ ਤੇ ਅਮਰੀਕਾ ਤੋਂ ਆਏ ਇੰਟਰਨੈਸ਼ਨਲ ਪੰਥਕ ਦਲ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਵਿੱਚ ਆਨੰਦ ਮੈਰਿਜ ਐਕਟ ਤੇ ਬੇਅਦਬੀ ਘਟਨਾਵਾਂ ਦੇ ਮੁਲਜ਼ਮਾਂ ਖ਼ਿਲਾਫ਼ ਹੱਤਿਆ (302) ਧਾਰਾ ਤਹਿਤ ਕਾਰਵਾਈ ਤੇ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਣੇ ਹੋਰ ਮੁੱਦਿਆਂ ‘ਤੇ ਅੱਧਾ ਘੰਟਾ ਵਿਚਾਰ ਵਟਾਦਰਾਂ ਕੀਤਾ ਗਿਆ। ਇੰਗਲੈਂਡ ਤੋਂ ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਰਘਬੀਰ ਸਿੰਘ ਨੇ ਦੱਸਿਆ ਕਿ ਇਸ ਦਲ ਦੇ ਸਰਪ੍ਰਸਤ ਭਾਈ ਜਸਬੀਰ ਸਿੰਘ ਰੋਡੇ ਹਨ। ਉਨ੍ਹਾਂ ਕਿਹਾ ਕਿ  ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਨੰਦ ਮੈਰਿਜ ਐਕਟ ਜਲਦੀ ਲਾਗੂ ਕਰਨ ਤੇ ਹੋਰ ਮੰਗਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗਾਮੀ ਇਜਲਾਸ ਵਿੱਚ ਵਿਚਾਰਨ ਦਾ ਭਰੋਸਾ ਦਿੱਤਾ ਹੈ। ਵਫ਼ਦ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਇਹ ਮੁੱਦਾ ਉਠਾਇਆ ਕਿ ਕਾਨੂੰਨ ਮੁਤਾਬਕ ਜੇਲ੍ਹਾਂ ‘ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਾਂ 14 ਸਾਲ ਕੈਦ ਕੱਟ ਚੁੱਕੇ ਨਜ਼ਰਬੰਦਾਂ ਦੀ ਪੈਰੇਲ ‘ਤੇ ਪੱਕੀ ਰਿਹਾਈ ਹੋ ਸਕਦੀ ਹੈ। ਇਸ ਕਾਨੂੰਨ ਤਹਿਤ ਬਿਹਾਰ ਤੇ ਰਾਜਸਥਾਨ ਸਰਕਾਰ ਨੇ ਪੈਰੋਲ ‘ਤੇ ਪੱਕੀ ਰਿਹਾਈ ਲਾਗੂ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਲਾਗੂ ਨਹੀਂ ਕੀਤਾ। ਇਸ ਮੌਕੇ ਜਥੇਬੰਦੀ ਦੇ ਵਫ਼ਦ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ‘ਚ ਸਖ਼ਤ ਕਾਰਵਾਈ ਦੀ ਮੰਗ ਕੀਤੀ। ਵਫ਼ਦ ਨੇ ਕਿਹਾ ਕਿ ਫਰਾਂਸ ਵਰਗੇ ਦੇਸ਼ਾਂ ਵਿੱਚ ਸਿੱਖਾਂ ਦੀ ਦਸਤਾਰ ਤੇ ਸਿਰੀ ਸਾਹਿਬ (ਕਿਰਪਾਨ) ਉਤਰਵਾਉਣ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਭਾਰਤ ਵਿਚਲੇ ਸਬੰਧਤ ਦੇਸ਼ਾਂ ਦੇ ਦੂਤਾਵਾਸ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਿੱਖਾਂ ਦੀ ਪਛਾਣ ਅਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ।