ਇਟਲੀ ਦੇ ਟੀਵੀ ਡਰਾਮੇ ਵਿਚ ਪਾਲਕੀ ਸਾਹਿਬ ਤੇ ਕਿਰਪਾਨ ਦੀ ਬੇਅਦਬੀ ਦੇ ਇਲਜ਼ਾਮ

ਇਟਲੀ ਦੇ ਟੀਵੀ ਡਰਾਮੇ ਵਿਚ ਪਾਲਕੀ ਸਾਹਿਬ ਤੇ ਕਿਰਪਾਨ ਦੀ ਬੇਅਦਬੀ ਦੇ ਇਲਜ਼ਾਮ

ਇਟਲੀ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਉਸ ਵੇਲੇ ਭਾਰੀ ਰੋਸ ਦੀ ਲਹਿਰ ਦੌੜ ਗਈ ਜਦੋਂ ਇਟਲੀ ਦੇ ਇੱਕ ਪ੍ਰਸਿੱਧ ਟੈਲੀਵਿਜ਼ਨ ਡਰਾਮੇ ‘ਐਸਟ੍ਰਾਨੇਈ’ ਵਿੱਚ ਸਿੱਖ ਧਰਮ, ਸਿੱਖ ਰਵਾਇਤਾਂ ਅਤੇ ਪਵਿੱਤਰ ਚਿੰਨ੍ਹਾਂ ਨੂੰ ਕਥਿਤ ਤੌਰ ‘ਤੇ ਗਲਤ ਅਤੇ ਇਤਰਾਜ਼ਯੋਗ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਹ ਲੜੀਵਾਰ 'ਰਾਏ ਫਿਕਸ਼ਨ' ਅਤੇ 'ਈਗਲ ਓਰੀਜਨਲ ਕੰਟੈਂਟ'  ਵੱਲੋਂ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ ਅਤੇ 9 ਤੋਂ 30 ਅਕਤੂਬਰ 2026 ਤੱਕ ਇਟਲੀ ਦੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਇਆ। ਇਸ ਵਿਵਾਦ ਨੇ ਨਾ ਸਿਰਫ਼ ਸ਼ੋਅ ਦੇ ਨਿਰਮਾਤਾਵਾਂ, ਸਗੋਂ ਇਟਲੀ ਦੀਆਂ ਕੁਝ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਭੂਮਿਕਾ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

​ਇਸ ਟੀਵੀ ਸ਼ੋਅ ਦੀ ਕਹਾਣੀ ਇਟਲੀ ਦੇ ਇਮੀਲੀਆ-ਰੋਮਾਗਨਾ  ਖੇਤਰ ਦੇ ਸ਼ਹਿਰ ਨੋਵੇਲਾਰਾ ਦੇ ਆਲੇ-ਦੁਆਲੇ ਘੁੰਮਦੀ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਵੱਸਦਾ ਹੈ। ਸ਼ੋਅ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਸਿੱਖ ਸੰਗਤ ਵਿੱਚ ਤਿੱਖਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ।ਸ਼ੋਅ ਵਿੱਚ ਇੱਕ ਨਾਬਾਲਗ ਬੱਚੇ ਨੂੰ ਸਿੱਖਾਂ ਦੇ ਪੰਜ ਕਕਾਰਾਂ ਵਿੱਚੋਂ ਇੱਕ, ਪਵਿੱਤਰ 'ਕਿਰਪਾਨ' ਨੂੰ ਇੱਕ ਹਥਿਆਰ ਵਜੋਂ ਵਰਤਦਿਆਂ ਦਿਖਾਇਆ ਗਿਆ ਹੈ। ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਇਸ ਨਾਲ ਇਟਲੀ ਦੇ ਮੁੱਖ ਧਾਰਾ ਦੇ ਮੀਡੀਆ ਵਿੱਚ ਸਿੱਖ ਪਛਾਣ ਦਾ ਗਲਤ ਅਕਸ ਪੇਸ਼ ਹੋਇਆ ਹੈ। ਲੜੀਵਾਰ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਕਿਰਦਾਰ ਨੂੰ ਸਮਲਿੰਗੀ ਗਤੀਵਿਧੀਆਂ ਵਿੱਚ ਸ਼ਾਮਲ ਦਿਖਾਇਆ ਗਿਆ ਹੈ, ਜਿਸ ‘ਤੇ ਭਾਈਚਾਰੇ ਦੇ ਇੱਕ ਵੱਡੇ ਹਿੱਸੇ ਨੇ ਸਖ਼ਤ ਇਤਰਾਜ਼ ਜਤਾਇਆ ਹੈ।

ਵਿਵਾਦ ਦਾ ਸਭ ਤੋਂ ਵੱਡਾ ਕਾਰਣ ਇੱਕ ਅਜਿਹਾ ਦ੍ਰਿਸ਼ ਹੈ ਜਿਸ ਵਿੱਚ ਸਿੱਖ ਸੰਗਤ ਦਾ ਇਕੱਠ ਦਿਖਾਇਆ ਗਿਆ ਹੈ, ਜਿੱਥੇ ਪਾਲਕੀ ਸਾਹਿਬ ਸਜਾਈ ਗਈ ਹੈ।ਇੱਕ ਗ੍ਰੰਥੀ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਹੈ। ਸੰਗਤ ਦਾ ਇਲਜ਼ਾਮ ਹੈ ਕਿ ਸ਼ੂਟਿੰਗ ਦੌਰਾਨ ਪਾਲਕੀ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ, ਜਿਸ ਨਾਲ ਧਾਰਮਿਕ ਮਰਿਆਦਾ ਦੀ ਉਲੰਘਣਾ ਹੋਈ ਹੈ ਅਤੇ ਗੁੰਮਰਾਹਕੁੰਨ ਦ੍ਰਿਸ਼ ਪੇਸ਼ ਕੀਤੇ ਗਏ ਹਨ।

ਭਾਈਚਾਰੇ ਵਿੱਚ ਫੈਲੀਆਂ ਖ਼ਬਰਾਂ ਮੁਤਾਬਕ, ਸ਼ੋਅ ਦੀ ਸ਼ੂਟਿੰਗ ਦੌਰਾਨ ਪ੍ਰੋਡਕਸ਼ਨ ਟੀਮ ਦੇ ਮੈਂਬਰਾਂ ਵੱਲੋਂ ਧਾਰਮਿਕ ਸਥਾਨਾਂ ਵਰਗੇ ਬਣਾਏ ਗਏ ਸੈੱਟਾਂ ‘ਤੇ ਭਾਰੀ ਬੇਅਦਬੀ ਕੀਤੀ ਗਈ। ਇਲਜ਼ਾਮ ਹਨ ਕਿ ਟੀਮ ਦੇ ਮੈਂਬਰ ਜੁੱਤੀਆਂ ਪਾ ਕੇ ਧਾਰਮਿਕ ਗਤੀਵਿਧੀਆਂ ਵਾਲੇ ਹਿੱਸੇ ਵਿੱਚ ਗਏ, ਅਤੇ ਲੰਗਰ ਵਾਲੇ ਦ੍ਰਿਸ਼ਾਂ ਦੀ ਸ਼ੂਟਿੰਗ ਦੌਰਾਨ ਸਿਗਰਟਾਂ ਪੀਤੀਆਂ ਗਈਆਂ ਤੇ ਸ਼ਰਾਬ ਦਾ ਸੇਵਨ ਵੀ ਕੀਤਾ ਗਿਆ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਅਜੇ ਤੱਕ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ, ਪਰ ਸਿੱਖ ਸੰਗਤ ਵੱਲੋਂ ਇਸ ਸ਼ੂਟਿੰਗ ਦੀ ਇਜਾਜ਼ਤ ਦੇਣ ਵਾਲਿਆਂ ਤੋਂ ਸਖ਼ਤ ਜਵਾਬ ਮੰਗਿਆ ਜਾ ਰਿਹਾ ਹੈ।

ਇਸ ਵਿਵਾਦ ਨੇ ਉਦੋਂ ਹੋਰ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ 'ਸਿੱਖ ਯੂਨੀਅਨ ਇਟਲੀ'  ਨਾਲ ਜੁੜੇ ਕੁਝ ਵਿਅਕਤੀਆਂ ਨੇ ਇਤਰਾਜ਼ਯੋਗ ਸਮੱਗਰੀ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਇਸ ਸ਼ੋਅ ਨੂੰ ਬਣਾਉਣ ਵਿੱਚ ਮਦਦ ਕੀਤੀ। 

​ਖ਼ਾਸ ਤੌਰ 'ਤੇ 'ਸਿੱਖ ਯੂਨੀਅਨ ਇਟਲੀ' ਦੇ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਅਤੇ ਇਕਬਾਲ ਸਿੰਘ ਸੋਢੀ ਦੀ ਭੂਮਿਕਾ 'ਤੇ ਸਵਾਲ ਚੁੱਕੇ ਜਾ ਰਹੇ ਹਨ। ਇਕਬਾਲ ਸਿੰਘ ਸੋਢੀ ਨੋਵੇਲਾਰਾ ਦੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ। ਇਸ ਪੂਰੇ ਮਾਮਲੇ ਵਿੱਚ ਕੁਝ ਵਿਅਕਤੀਆਂ ਵੱਲੋਂ ਪੈਸਿਆਂ ਦੇ ਲੈਣ-ਦੇਣ ਕੀਤੇ ਜਾਣ ਦੇ ਇਲਜ਼ਾਮ ਵੀ ਲੱਗੇ ਹਨ, ਹਾਲਾਂਕਿ ਕਿਸ ਨੂੰ ਕਿੰਨੇ ਪੈਸੇ ਮਿਲੇ, ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ।

​ਇਸ ਤੋਂ ਇਲਾਵਾ, ਨੋਵੇਲਾਰਾ ਗੁਰਦੁਆਰਾ ਸਾਹਿਬ ਨਾਲ ਜੁੜੇ ਕਈ ਵਿਅਕਤੀ, ਜਿਨ੍ਹਾਂ ਵਿੱਚ ਇਕਬਾਲ ਸਿੰਘ ਸੋਢੀ, ਸੇਵਾ ਸਿੰਘ ਅਤੇ ਪ੍ਰਿਥੀਪਾਲ ਸਿੰਘ ਸ਼ਾਮਲ ਹਨ, ਖੁਦ ਇਸ ਟੀਵੀ ਸ਼ੋਅ ਵਿੱਚ ਨਜ਼ਰ ਆਏ ਹਨ। ਇਸ ਨਾਲ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਸ਼ੂਟਿੰਗ ਤੋਂ ਪਹਿਲਾਂ ਸਿੱਖ ਮਰਿਆਦਾ ਨੂੰ ਕਾਇਮ ਰੱਖਣ ਲਈ ਕੋਈ ਸਹੀ ਨਿਯਮ ਤੈਅ ਕੀਤੇ ਗਏ ਸਨ ਜਾਂ ਨਹੀਂ।

ਇਸ ਮਾਮਲੇ ਵਿੱਚ ਨੋਵੇਲਾਰਾ ਵਿੱਚ ਸਰਗਰਮ ਇੱਕ ਨੌਜਵਾਨ ਸਿੱਖ ਵਕੀਲ ਇੰਦਰਪ੍ਰੀਤ ਸਿੰਘ ਵੀ ਆਲੋਚਕਾਂ ਦੇ ਨਿਸ਼ਾਨੇ 'ਤੇ ਹਨ। ਇੰਦਰਪ੍ਰੀਤ ਸਿੰਘ 'ਸਿੱਖ ਯੂਨੀਅਨ ਇਟਲੀ' ਦੀਆਂ ਗਤੀਵਿਧੀਆਂ ਅਤੇ 'ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਨਾਲ ਜੁੜੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਇਸ ਸ਼ੋਅ ਦਾ ਪ੍ਰਚਾਰ ਕੀਤਾ ਅਤੇ ਇਸ ਦੀ ਪ੍ਰਚਾਰ ਸਮੱਗਰੀ ਵਿੱਚ ਵੀ ਦਿਖਾਈ ਦਿੱਤੇ, ਪਰ ਜਦੋਂ ਵਿਵਾਦ ਵਧਿਆ ਤਾਂ ਉਨ੍ਹਾਂ ਨੇ ਖੁਦ ਨੂੰ ਇਸ ਪ੍ਰੋਜੈਕਟ ਤੋਂ ਵੱਖ ਕਰ ਲਿਆ।

​ਇਸ ਵਿਵਾਦ ਨੇ ਨੋਵੇਲਾਰਾ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਾਂ ਅਤੇ 'ਸਿੱਖ ਯੂਨੀਅਨ ਇਟਲੀ' ਦੀ ਕਾਰਜਸ਼ੈਲੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਇਹ ਜਥੇਬੰਦੀਆਂ ਇਟਲੀ ਦੀਆਂ ਖੱਬੇ-ਪੱਖੀ ਅਤੇ ਉਦਾਰਵਾਦੀ ਸਿਆਸੀ ਪਾਰਟੀਆਂ ਨਾਲ ਮਿਲ ਕੇ ਅਗਾਂਹਵਧੂ ਅਕਸ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਅਤੇ ਦੂਜੇ ਪਾਸੇ ਕੱਟੜਪੰਥੀ ਸਿਆਸੀ ਨੈੱਟਵਰਕਾਂ ਨਾਲ ਵੀ ਸਬੰਧ ਰੱਖਦੀਆਂ ਹਨ।

ਪੰਥਕ ਜਥੇਬੰਦੀਆਂ ਨੇ ਇਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨੋਵੇਲਾਰਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਇੱਕ ਅਹਿਮ ਮੀਟਿੰਗ ਵਿੱਚ 'ਐਸ.ਜੀ.ਪੀ.ਸੀ. ਇਟਲੀ' , 'ਕਲਚੂਰਾ ਸਿੱਖ ਇਟਲੀ' , 'ਸਿੱਖੀ ਸੇਵਾ ਸੁਸਾਇਟੀ', ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ  ਨੇ ਹਿੱਸਾ ਲਿਆ।ਮੀਟਿੰਗ ਵਿੱਚ ਗੁਰਦੁਆਰਾ ਪ੍ਰਬੰਧਕਾਂ ਨੂੰ ਸਵਾਲ ਕੀਤਾ ਗਿਆ ਕਿ ਸ਼ੂਟਿੰਗ ਲਈ ਪਾਲਕੀ ਸਾਹਿਬ ਲਿਜਾਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ? ਹਾਲਾਂਕਿ ਗੁਰਦੁਆਰਾ ਪ੍ਰਧਾਨ ਜੋਗਿੰਦਰ ਸਿੰਘ ਅਤੇ ਕਮੇਟੀ ਮੈਂਬਰ ਇਕਬਾਲ ਸਿੰਘ ਸੋਢੀ ਨੇ ਇਤਰਾਜ਼ਯੋਗ ਦ੍ਰਿਸ਼ਾਂ ਅਤੇ ਪਾਲਕੀ ਸਾਹਿਬ ਲਿਜਾਣ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।ਐਸ.ਜੀ.ਪੀ.ਸੀ. ਇਟਲੀ’ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਨੂੰ ਬਿਨਾਂ ਕਿਸੇ ਪਾਰਦਰਸ਼ੀ ਜਾਂਚ ਦੇ ਦਬਾਇਆ ਨਹੀਂ ਜਾ ਸਕਦਾ। ਮੀਟਿੰਗ ਵਿੱਚ ਸਰਬਸੰਮਤੀ ਨਾਲ ਦੋ ਵੱਖ-ਵੱਖ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਗਿਆ​ਪਹਿਲੀ ਕਮੇਟੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਸਿੱਖ ਵਿਅਕਤੀਆਂ ਦੇ ਵਿਵਹਾਰ ਦੀ ਰਿਪੋਰਟ ਤਿਆਰ ਕਰਕੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇਗੀ।​ਦੂਜੀ ਕਮੇਟੀ ਕਮੇਟੀ ਟੀਵੀ ਸ਼ੋਅ ਦੇ ਨਿਰਮਾਤਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀਆਂ ਸੰਭਾਵਨਾਵਾਂ ਦੀ ਜਾਂਚ ਕਰੇਗੀ।

​ਪੰਥਕ ਆਗੂਆਂ ਦਾ ਮੰਨਣਾ ਹੈ ਕਿ ਇਹ ਮਾਮਲਾ ਸਿਰਫ਼ ਨਿਰਮਾਤਾਵਾਂ ਦੀ ਸਿਰਜਣਾਤਮਕ ਆਜ਼ਾਦੀ ਦਾ ਨਹੀਂ ਹੈ, ਸਗੋਂ ਉਨ੍ਹਾਂ ਸਿੱਖ ਆਗੂਆਂ ਦੀ ਜ਼ਿੰਮੇਵਾਰੀ ਦਾ ਵੀ ਹੈ ਜਿਨ੍ਹਾਂ ਨੇ ਧਾਰਮਿਕ ਚਿੰਨ੍ਹਾਂ ਦੀ ਪਵਿੱਤਰਤਾ ਦੀ ਰਾਖੀ ਨਹੀਂ ਕੀਤੀ। ਹੁਣ ਸਭ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਅਤੇ ਇਸ ਮਾਮਲੇ ਦੀ ਜਾਂਚ 'ਤੇ ਟਿਕੀਆਂ ਹੋਈਆਂ ਹਨ।