ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਚੜੇ੍ ਭਾਜਪਾ ਦੀ ਬੇੜੀ ਵਿੱਚ

ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਚੜੇ੍ ਭਾਜਪਾ ਦੀ ਬੇੜੀ ਵਿੱਚ

ਚੰਡੀਗੜ੍ਹ/ਏ.ਟੀ.ਨਿਊਜ਼: ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰ ਹੀਆਂ ਹਨ, ਉਵੇਂ ਹੀ ਪੰਜਾਬ ਦੀ ਸਿਆਸਤ ਵਿੱਚ ਨਿੱਤ ਨਵੇਂ ਸਮੀਕਰਨ ਬਣ ਰਹੇ ਹਨ। ਇਸ ਦੇ ਨਾਲ  ਹੀ ਸਿਆਸੀ ਆਗੂਆਂ ਵੱਲੋਂ ਦਲ ਬਦਲੀਆਂ ਕਰਨ ਦਾ ਰੁਝਾਨ ਵੀ ਸਾਹਮਣੇ ਆਉਣ ਲੱਗਿਆ ਹੈ। ਇਸ ਸਮੇਂ ਆਮ ਆਦਮੀ ਪਾਰਟੀ ਅਤੇ ਭਾਜਪਾ ਸੁਰਖ਼ੀਆਂ ਵਿੱਚ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਤਿੰਨੇ ਵਿਧਾਇਕ ਨਵੀਂ ਦਿੱਲੀ ਵਿਖੇ ਭਾਜਪਾ ਦੇ ਦਫ਼ਤਰ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਅੱਜ ਭਗਵੇਂ ਰੰਗ ਦੀਆਂ ਪੱਗਾਂ ਬੰਨੀਆਂ ਹੋਈਆਂ ਸਨ। ਪਹਿਲਾਂ ਇਨ੍ਹਾਂ ਪੱਗਾਂ ਦਾ ਰੰਗ ਬਸੰਤੀ ਹੁੰਦਾ ਸੀ।
ਸਮਾਣਾ ਤੋਂ ‘ਆਪ’ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਲੰਘੇ ਕੱਲ੍ਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਦੂਸਰੇ ਗੇੜ ’ਚ ਅੱਜ ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪਾਰਟੀ ਛੱਡਣ ਤੋਂ ਇਲਾਵਾ ਵਿਧਾਇਕੀ ਤੋਂ ਵੀ ਅਸਤੀਫ਼ਾ  ਦੇ ਦਿੱਤਾ ਸੀ।
ਅੱਜ ‘ਆਪ’ ਵਿਧਾਇਕਾਂ ਦੀ ਇਸ ਤਿੱਕੜੀ ਨੇ ਦਿੱਲੀ ਵਿਖੇ ਭਾਜਪਾ ਦਫ਼ਤਰ ’ਚ ਭਾਜਪਾ ’ਚ ਸ਼ਮੂਲੀਅਤ ਕਰ ਲਈ ਹੈ। ਭਾਜਪਾ ਦੇ ਪੰਜਾਬ  ਇਨਚਾਰਜ ਸਤੀਸ਼ ਪੂਨੀਆ ਅਤੇ  ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਸ਼ਮੂਲੀਅਤ ਮੌਕੇ ਇਨ੍ਹਾਂ ਤਿੰਨੋਂ ਵਿਧਾਇਕਾਂ ਨੂੰ ਪਾਰਟੀ ’ਚ ਜੀ ਆਇਆ ਨੂੰ  ਆਖਿਆ।
ਸੂਤਰਾਂ ਦੀ ਮੰਨੀਏ ਤਾਂ ਦੋਵੇਂ ਵਿਧਾਇਕ ਬਿਨਾਂ ਕਿਸੇ ਸਿਆਸੀ ਸ਼ਰਤ ਦੇ ਭਾਜਪਾ ’ਚ ਸ਼ਮੂਲੀਅਤ ਕਰ ਰਹੇ ਹਨ। ਭਾਜਪਾ ਨੇ ਵੀ ਦੋਵਾਂ ਨੂੰ ਬਿਨਾਂ ਟਿਕਟ ਦੀ ਸ਼ਰਤ ਤੋਂ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਪੰਜਾਬ ਭਾਜਪਾ ਨੂੰ ਹਦਾਇਤ ਦਿੱਤੀ ਹੈ ਕਿ ਉਨ੍ਹਾਂ ਵਿਧਾਇਕਾਂ ਨੂੰ ਹੀ ਪਾਰਟੀ ’ਚ ਲਿਆ ਜਾਵੇ ਜਿਨ੍ਹਾਂ ਦੀ ਜਨਤਕ ਦਿੱਖ ਦਾਗ਼ਦਾਰ ਨਾ ਹੋਵੇ।
ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਕਾਫ਼ੀ ਨੇੜਤਾ ਸੀ। ਉਹ ਸਿਆਸੀ ਹਲਕਿਆਂ ’ਚ ‘ਫੁੱਫੜ’ ਵਜੋਂ ਮਸ਼ਹੂਰ ਹਨ। ਵਿਧਾਇਕ ਪਠਾਨਮਾਜਰਾ ਨੇ ਹਲਕਾ ਸਨੌਰ ਤੋਂ 2022 ਵਿੱਚ ‘ਆਪ’ ਉਮੀਦਵਾਰ ਵਜੋਂ 49,122 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਪੰਜਾਬ ਪੁਲਿਸ ਨੇ ਸਤੰਬਰ 2025 ’ਚ ਸਾਬਕਾ ਪਤਨੀ ਦੀ ਸ਼ਿਕਾਇਤ ’ਤੇ ਪਠਾਨਮਾਜਰਾ ਖ਼ਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਮਾਰਚ ਵਿੱਚ ਉਨ੍ਹਾਂ ਨੂੰ ਗਵਾਲੀਅਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਮਗਰੋਂ ਉਨ੍ਹਾਂ ਨੂੰ ਹਾਈ ਕੋਰਟ ’ਚੋਂ ਜ਼ਮਾਨਤ ਮਿਲ ਗਈ ਸੀ। ਪਠਾਨਮਾਜਰਾ ਖ਼ਿਲਾਫ਼ ਪਟਿਆਲਾ ਜ਼ਿਲ੍ਹੇ ’ਚ ਗ਼ੈਰ-ਕਾਨੂੰਨੀ ਖਣਨ ਦਾ ਵੀ ਕੇਸ ਦਰਜ ਹੈ।
ਉੱਧਰ, ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਵੀ ਉਦੋਂ ਤੋਂ ਪਾਰਟੀ ਨਾਲ ਨਾਰਾਜ਼ ਹਨ, ਜਦੋਂ ਤੋਂ ਪਾਰਟੀ ਨੇ ਸਮਾਣਾ ਦੀ ਹਲਕਾ ਇਨਚਾਰਜੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਸੌਂਪੀ ਹੈ। ਜੌੜਾ ਮਾਜਰਾ ‘ਆਪ’ ਸਰਕਾਰ ’ਚ ਕੈਬਨਿਟ ਮੰਤਰੀ ਵੀ ਰਹੇ ਤੇ ਉਨ੍ਹਾਂ ਕੋਲ ਸਿਹਤ, ਬਾਗ਼ਬਾਨੀ, ਸੂਚਨਾ ਤੇ ਲੋਕ ਸੰਪਰਕ ਮਹਿਕਮੇ ਦੀ ਅਗਵਾਈ ਵੀ ਰਹੀ।
ਉਨ੍ਹਾਂ ਨੇ ਸਾਲ 2022 ’ਚ ਹਲਕਾ ਸਮਾਣਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 39,713 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ ਸੀ। ਜੌੜਾ ਮਾਜਰਾ ਸਿਹਤ ਮੰਤਰੀ ਹੁੰਦਿਆਂ ਵਿਵਾਦਾਂ ’ਚ ਘਿਰ ਗਏ ਸਨ ਜਦੋਂ ਉਨ੍ਹਾਂ ਨੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਗੱਦਿਆਂ ਦੇ ਨਿਰੀਖਣ ਸਮੇਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਗੰਦੇ ਗੱਦੇ ’ਤੇ ਲੇਟਣ ਲਈ ਆਖਿਆ ਸੀ।
ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ। ਇਸ ਤੋਂ ਕੁੱਝ ਸਮਾਂ ਬਾਅਦ ਉਨ੍ਹਾਂ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਦੱਸਣ ਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਪਹਿਲਾਂ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਪਾਰਟੀ ਵਿੱਚੋਂ ਬਾਹਰ ਕੀਤਾ ਹੋਇਆ ਹੈ।
ਬੀਤੇ ਸਾਲ ਜੂਨ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਪੰਜ ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਮੁਅੱਤਲੀ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ, ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਦੀ ਕਾਰਵਾਈ ’ਤੇ ਸਵਾਲ ਚੁੱਕਣ ਤੋਂ ਬਾਅਦ ਹੋਈ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਕਈ ਮੁੱਦਿਆਂ ’ਤੇ ‘ਆਪ’ ਸਰਕਾਰ ਦੇ ਤਿੱਖੇ ਆਲੋਚਕ ਰਹੇ।
ਉਨ੍ਹਾਂ ਨੇ ਇਸ ਤੋਂ ਪਹਿਲਾਂ ਫ਼ਰੀਦਕੋਟ ਵਿੱਚ 2015 ਦੇ ਬੇਅਦਬੀ ਅਤੇ ਪੁਲਿਸ ਗੋਲ਼ੀਬਾਰੀ ਦੀਆਂ ਘਟਨਾਵਾਂ ਦੇ ਮਾਮਲਿਆਂ ਨਾਲ ਨਜਿੱਠਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਸੀ। ਉਹ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦਾ ਹਿੱਸਾ ਸਨ, ਜਿਸ ਨੇ 2015 ਦੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਸੀ। ਵਿਧਾਨ ਸਭਾ ’ਚ ਉਨ੍ਹਾਂ 2015 ਦੇ ਬੇਅਦਬੀ ਦਾ ਮੁੱਦਾ ਕਈ ਵਾਰ ਚੁੱਕਿਆ। ਸਾਲ 2021 ਵਿੱਚ ਪੁਲਿਸ ਸੇਵਾ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਤੋਂ ਬਾਅਦ, ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਬਾਅਦ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਉੱਤਰੀ ਸੀਟ ਤੋਂ ਵਿਧਾਇਕ ਚੁਣੇ ਗਏ ਸਨ।