ਭਾਰਤ ਨੇ ਕੰਪਾਊਂਡ ਤੀਰਅੰਦਾਜ਼ੀ ’ਚ ਲਗਾਈ ‘ਗੋਲਡਨ ਹੈਟ੍ਰਿਕ’

ਭਾਰਤ ਨੇ ਕੰਪਾਊਂਡ ਤੀਰਅੰਦਾਜ਼ੀ ’ਚ  ਲਗਾਈ ‘ਗੋਲਡਨ ਹੈਟ੍ਰਿਕ’

ਨਾਗੋਯਾ/ਏ.ਟੀ.ਨਿਊਜ਼ : ਭਾਰਤੀ ਕੰਪਾਉਂਡ ਤੀਰ ਅੰਦਾਜ਼ਾਂ ਨੇ ਦਬਾਅ ਦੇ ਵਿਚਕਾਰ ਸ਼ਾਨਦਾਰ ਸੰਜਮ ਤੇ ਸਟੀਕ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਖੇਡਾਂ ’ਚ ਟੀਮ ਮੁਕਾਬਲਿਆਂ ਵਿੱਚ ਗੋਲਡਨ ਹੈਟ੍ਰਿਕ ਪੂਰੀ ਕੀਤੀ। ਭਾਰਤ ਨੇ ਪੁਰਸ਼, ਮਹਿਲਾ ਤੇ ਮਿਕਸਡ ਟੀਮ ਮੁਕਾਬਲਿਆਂ ’ਚ ਗੋਲਡ ਮੈਡਲ ਜਿੱਤ ਕੇ ਤਿੰਨੋਂ ਖਿਤਾਬ ਸਫਲਤਾਪੂਰਵਕ ਬਰਕਰਾਰ ਰੱਖੇ। ਮਿਕਸਡ ਟੀਮ ’ਚ ਚਿਕਿਤਾ ਤਨੀਪਾਰਥੀ ਤੇ ਸਾਹਿਲ ਜਾਧਵ ਦੀ ਜਿੱਤ ਨੇ ਭਾਰਤ ਨੂੰ ਇੱਕ ਹੋਰ ਵੱਡੀ ਉਪਲਬਧੀ ਦਿਵਾਈ। ਇਸ ਗੋਲਡ ਨਾਲ ਭਾਰਤ ਨੇ 2028 ਲਾਸ ਏਂਜਲਿਸ ਉਲੰਪਿਕ ਲਈ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਦਾ ਕੋਟਾ ਹਾਸਲ ਕਰ ਲਿਆ। ਕੰਪਾਉਂਡ ਤੀਰ ਅੰਦਾਜ਼ੀ ਪਹਿਲੀ ਵਾਰ ਉਲੰਪਿਕ ’ਚ ਸ਼ਾਮਲ ਹੋਵੇਗੀ ਅਤੇ ਭਾਰਤ 2028 ਖੇਡਾਂ ਲਈ ਇਸ ਮੁਕਾਬਲੇ ’ਚ ਕੁਆਲੀਫਾਈ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਭਾਰਤ ਦੀ ਗੋਲਡ ਜੇਤੂ ਮੁਹਿੰਮ ਦੀ ਸ਼ੁਰੂਆਤ ਮਹਿਲਾ ਟੀਮ ਨੇ ਕੀਤੀ। ਜੋਤੀ ਸੁਰੇਖਾ ਵੇਨਮ, ਚਿਕਿਤਾ ਤੇ ਪ੍ਰਥਿਕਾ ਪ੍ਰਦੀਪ ਦੀ ਤਿਕੜੀ ਨੇ ਚੀਨ ਦੀ ਵੁਨਿਯਰ, ਯੂਏ ਵਾਂਗ ਤੇ ਫਾਂਗਯਾਓ ਵੇਈ ਨੂੰ 238-234 ਨਾਲ ਹਰਾਉਂਦਿਆਂ ਖਿਤਾਬ ਬਰਕਰਾਰ ਰੱਖਿਆ। ਭਾਰਤੀ ਟੀਮ ਨੇ ਇਸ ਦੌਰਾਨ 238 ਅੰਕ ਦਾ ਸਕੋਰ ਬਣਾਇਆ, ਜੋ ਦੱਖਣੀ ਕੋਰੀਆ ਦੇ 2014 ਇੰਚੀਓਨ ਏਸ਼ਿਆਈ ਖੇਡਾਂ ’ਚ ਬਣੇ ਵਿਸ਼ਵ ਰਿਕਾਰਡ ਦੀ ਬਰਾਬਰੀ ਹੈ। ਪ੍ਰਥਿਕਾ ਨੇ ਕਿਹਾ, ‘ਅਸੀਂ ਇੱਕ-ਦੂਜੇ ਨੂੰ ਪ੍ਰੇਰਿਤ ਕਰਦੇ ਰਹੇ ਤੇ ਕਹਿੰਦੇ ਰਹੇ ਕਿ ਸਾਨੂੰ ਆਪਣਾ ਸਰਬੋਤਮ ਦੇਣਾ ਹੈ। ਜੇਕਰ ਇੱਕ ਖ਼ਰਾਬ ਸ਼ਾਟ ਵੀ ਲੱਗਾ ਤਾਂ ਅਸੀਂ ਇੱਕ-ਦੂਜੇ ਦਾ ਹੌਸਲਾ ਵਧਾਉਂਦੇ ਰਹੇ ਅਤੇ ਕਹਿੰਦੇ ਰਹੇ ਕਿ ਆਪਣੀ ਪ੍ਰਕਿਰਿਆ ’ਤੇ ਵਾਪਸ ਜਾਓ ਤੇ ਧਿਆਨ ਕੇਂਦਰਿਤ ਰੱਖੋ।’ ਇਹ ਗੋਲਡ ਜੋਤੀ ਲਈ ਵੀ ਕੁਝ ਹੱਦ ਤੱਕ ਵਾਪਸੀ ਵਾਂਗ ਸੀ। ਉਹ ਵਿਅਕਤੀਗਤ ਮੁਕਾਬਲੇ ’ਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੀ ਤੇ ਪ੍ਰੀ-ਕੁਆਰਟਰ ਫਾਈਨਲ ’ਚ 14 ਸਾਲਾ ਦੱਖਣੀ ਕੋਰੀਆਈ ਸਨਸਨੀ ਕਾਂਗ ਯੋਂ-ਸਿਓ ਤੋਂ ਹਾਰ ਗਈ ਸੀ।
ਸਾਹਿਲ-ਚਿਕਿਤਾ ਦਾ ਇਤਿਹਾਸਕ ਪ੍ਰਦਰਸ਼ਨ
ਚਿਕਿਤਾ ਤੇ ਸਾਹਿਲ ਨੇ ਮਿਕਸਡ ਟੀਮ ਫਾਈਨਲ ’ਚ ਦੱਖਣੀ ਕੋਰੀਆ ਦੇ ਜੰਗਯੂਨ ਪਾਰਕ ਤੇ ਚੋਈ ਯੂਨ ਗਿਊ ਨੂੰ ਸ਼ੂਟਆਫ ’ਚ 158-157 ਨਾਲ ਹਰਾਉਾਂਦਿਆਂਗੋਲਡ ਜਿੱਤਿਆ। ਸੈਮੀਫਾਈਨਲ ’ਚ ਭਾਰਤ ਨੇ ਥਾਈਲੈਂਡ ਨੂੰ 156-155 ਨਾਲ ਮਾਤ ਦਿੱਤੀ ਸੀ। ਫਾਈਨਲ ’ਚ ਭਾਰਤੀ ਜੋੜੀ ਨੇ ਸ਼ੁਰੂਆਤ 40-39 ਦੀ ਬੜ੍ਹਤ ਨਾਲ ਕੀਤੀ ਅਤੇ ਲਗਾਤਾਰ ਪਰਫੈਕਟ 10 ਲਗਾਏ। ਦੂਜੇ ਰਾਊਂਡ ਮਗਰੋਂ ਬੜ੍ਹਤ ਦੋ ਅੰਕਾਂ ਦੀ ਹੋ ਗਈ। ਤੀਜੇ ਰਾਊਂਡ ’ਚ ਚਿਕਿਤਾ ਦੇ ਨੌ ਅੰਕ ਕਾਰਨ ਬੜ੍ਹਤ ਘਟ ਕੇ 118-117 ਰਹਿ ਗਈ। ਆਖ਼ਰੀ ਪੜਾਅ ’ਚ ਕੋਰੀਆ ਨੇ ਪੂਰਾ ਸਕੋਰ ਬਣਾਇਆ ਤੇ ਭਾਰਤ ਨੂੰ ਜਿੱਤ ਲਈ ਆਪਣੇ ਆਖ਼ਰੀ ਦੋ ਨਿਸ਼ਾਨਿਆਂ ’ਤੇ ਪਰਫੈਕਟ 10 ਦੀ ਲੋੜ ਸੀ। ਚਿਕਿਤਾ ਫਿਰ ਨੌ ਅੰਕ ਹੀ ਹਾਸਲ ਕਰ ਸਕੀਆਂ ਪਰ ਸਾਹਿਲ ਨੇ ਦਬਾਅ ’ਚ ਸ਼ਾਨਦਾਰ 10 ਲਗਾ ਕੇ ਸਕੋਰ ਬਰਾਬਰ ਕਰ ਦਿੱਤਾ ਤੇ ਮੁਕਾਬਲਾ ਸ਼ੂਟਆਫ ’ਚ ਪਹੁੰਚ ਗਿਆ। ਸ਼ੂਟਆਫ ’ਚ ਚਿਕਿਤਾ ਤੇ ਸਾਹਿਲ ਦੋਹਾਂ ਨੇ 10 ਅੰਕ ਹਾਸਲ ਕੀਤੇ, ਜਦਕਿ ਚੋਈ ਸਿਰਫ ਨੌ ਅੰਕ ਹੀ ਇਕੱਠੇ ਕਰ ਸਕੇ। ਇਸ ਨਾਲ ਭਾਰਤ ਨੇ ਗੋਲਡ ਆਪਣੇ ਨਾਂ ਕਰ ਲਿਆ। ਚਿਕਿਤਾ ਨੇ ਕਿਹਾ, ‘ਇਹ ਮੇਰਾ ਪਹਿਲਾ ਏਸ਼ਿਆਈ ਖੇਡ ਹੈ ਤੇ ਮੈਂ ਮਿਕਸਡ ਅਤੇ ਟੀਮ ਦੋਹਾਂ ’ਚ ਮੈਡਲ ਜਿੱਤੇ। ਮੈਂ ਇਸ ਤੋਂ ਵੱਧ ਦੀ ਉਮੀਦ ਨਹੀਂ ਕਰ ਸਕਦੀ ਸੀ।’