ਕੀ ਪਰਗਟ ਸਿੰਘ ਮੁਕਾ ਸਕਣਗੇ ਪੰਜਾਬ ਕਾਂਗਰਸ ਦੀ ਅੰਦਰੂਨੀ ਧੜੇਬੰਦੀ?
ਪੰਜਾਬ ਕਾਂਗਰਸ ਅੰਦਰ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਆਖ਼ਰਕਾਰ ਵੱਡੇ ਧਮਾਕੇ ਨਾਲ ਗਲ ਪੈ ਗਈ ਹੈ। ਕਾਂਗਰਸ ਹਾਈਕਮਾਂਡ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦਾ ਨਵਾਂ ਪ੍ਰਧਾਨ ਥਾਪ ਦਿੱਤਾ ਹੈ।
ਵਿਧਾਨ ਸਭਾ ਚੋਣਾਂ ਦੀ ਤਿਆਰੀ ਦੌਰਾਨ ਲਿਆ ਗਿਆ ਇਹ ਫ਼ੈਸਲਾ ਸੂਬੇ ਦੇ ਸਿਆਸੀ ਸਮੀਕਰਨਾਂ ਨੂੰ ਪੂਰੀ ਤਰ੍ਹਾਂ ਹਲੂਣ ਗਿਆ ਹੈ। ਰਾਜਾ ਵੜਿੰਗ ਵੱਲੋਂ ਰਾਹੁਲ ਗਾਂਧੀ ਨੂੰ ਅਸਤੀਫ਼ਾ ਸੌਂਪਣ ਤੋਂ ਕੁਝ ਹੀ ਘੰਟਿਆਂ ਬਾਅਦ ਇਹ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਗਿਆ ਸੀ। ਹਾਕੀ ਦੇ ਸਰਦਾਰ ਰਹਿ ਚੁਕੇ ਪਰਗਟ ਸਿੰਘ ਪੰਜਾਬੀ ਸੂਬਾ ਬਣਨ ਮਗਰੋਂ ਸੂਬਾ ਕਾਂਗਰਸ ਦੇ 17ਵੇਂ ਪ੍ਰਧਾਨ ਬਣੇ ਹਨ। ਮਹਿੰਦਰ ਸਿੰਘ ਕੇਪੀ ਤੋਂ ਬਾਅਦ ਦੋਆਬੇ ਦੇ ਹਿੱਸੇ ਇਹ ਕੁਰਸੀ ਦੂਜੀ ਵਾਰ ਆਈ ਹੈ।
ਰਾਜਾ ਵੜਿੰਗ ਦੀ ਹਾਈਕਮਾਂਡ ਤੋਂ ਨਾਰਾਜ਼ਗੀ ਦਾ ਅਸਲ ਸੱਚ
ਕਾਗ਼ਜ਼ੀ ਤੌਰ 'ਤੇ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੈ ਅਤੇ ਉਨ੍ਹਾਂ ਤੋਂ ਕਿਸੇ ਨੇ ਅਹੁਦਾ ਨਹੀਂ ਮੰਗਿਆ। ਪਰ ਸਿਆਸੀ ਗਲਿਆਰਿਆਂ ਦੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਵੜਿੰਗ ਅੰਦਰੋਂ ਹਾਈਕਮਾਂਡ ਅਤੇ ਖ਼ਾਸ ਤੌਰ 'ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਦੀ ਕਾਰਜਸ਼ੈਲੀ ਤੋਂ ਸਖ਼ਤ ਖ਼ਫ਼ਾ ਸਨ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵੜਿੰਗ ਸੂਬੇ ਦੇ ਵੱਡੇ ਨੇਤਾਵਾਂ ਨੂੰ ਨਾਲ ਤੋਰਨ ਵਿੱਚ ਨਾਕਾਮ ਰਹੇ ਹਨ। ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਕੱਦਾਵਰ ਆਗੂਆਂ ਨਾਲ ਉਨ੍ਹਾਂ ਦੀਆਂ ਦੂਰੀਆਂ ਲਗਾਤਾਰ ਵਧਦੀਆਂ ਗਈਆਂ ਸਨ।ਜੁਲਾਈ ਵਿੱਚ ਚੋਣ ਕਮੇਟੀਆਂ ਬਣਨ ਤੋਂ ਬਾਅਦ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਮੰਗ ਜ਼ੋਰ ਫੜ ਗਈ ਸੀ। ਚੰਨੀ ਧੜੇ ਨੇ ਵੜਿੰਗ ਦੇ ਸਮਾਗਮਾਂ ਦਾ ਬਾਈਕਾਟ ਕਰ ਦਿੱਤਾ ਸੀ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 7 ਸੀਟਾਂ ਜ਼ਰੂਰ ਜਿੱਤੀਆਂ, ਪਰ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਪਾਰਟੀ ਬੁਰੀ ਤਰ੍ਹਾਂ ਪਛੜ ਗਈ ਸੀ। ਇੱਥੋਂ ਤੱਕ ਕਿ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਆਪਣੀ ਜੱਦੀ ਸੀਟ ਗਿੱਦੜਬਾਹਾ ਤੋਂ ਵੀ ਨਾ ਜਿਤਾ ਸਕੇ।
ਤਰਨ ਤਾਰਨ ਵਿੱਚ ਮਰਹੂਮ ਨੇਤਾ ਬੂਟਾ ਸਿੰਘ ਬਾਰੇ ਕੀਤੀ ਜਾਤੀ ਸੂਚਕ ਟਿੱਪਣੀ ਨੇ ਪਾਰਟੀ ਦੇ ਅਕਸ ਨੂੰ ਜਨਤਕ ਤੌਰ 'ਤੇ ਢਾਹ ਲਾਈ ਸੀ।
ਸਿਆਸੀ ਮਾਹਿਰ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੰਡੀਗੜ੍ਹ ਭੂਪੇਸ਼ ਬਘੇਲ ਦੀ ਥਾਂ ਜਦੋਂ ਸਚਿਨ ਪਾਇਲਟ ਇੰਚਾਰਜ ਬਣ ਕੇ ਪੰਜਾਬ ਆਏ ਤਾਂ ਉਨ੍ਹਾਂ ਨੇ ਹੇਠਲੇ ਪੱਧਰ ਤੋਂ ਫੀਡਬੈਕ ਲਈ। ਪਾਇਲਟ ਨੇ ਸਪੱਸ਼ਟ ਕਰ ਦਿੱਤਾ ਕਿ ਵੜਿੰਗ ਦੇ ਚਿਹਰੇ ਨਾਲ ਪਾਰਟੀ ਚੋਣ ਮੈਦਾਨ ਵਿੱਚ ਇੱਕਜੁੱਟ ਹੋ ਕੇ ਨਹੀਂ ਉਤਰ ਸਕਦੀ। ਵੜਿੰਗ ਨੇ ਅਸਤੀਫ਼ੇ ਮਗਰੋਂ ਪਾਇਲਟ ਨੂੰ ਆਪਣੀ ਵਿਦਾਇਗੀ ਲਈ ਜ਼ਿੰਮੇਵਾਰ ਠਹਿਰਾਇਆ।
ਅਸਤੀਫ਼ਾ ਦੇਣ ਤੋਂ ਬਾਅਦ ਵੜਿੰਗ ਨੇ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਰਾਹੁਲ ਗਾਂਧੀ ਦੀ ਪੋਸਟ ਸਾਂਝੀ ਕਰਦਿਆਂ ਲਿਖਿਆ— "ਤੁਸੀਂ ਕਦੇ ਝੁਕਣਾ ਨਹੀਂ ਸਿਖਾਇਆ..."। ਇਸ ਭਾਵੁਕ ਪੋਸਟ ਨੇ ਸਾਫ਼ ਕਰ ਦਿੱਤਾ ਕਿ ਵੜਿੰਗ ਨੇ ਇਹ ਫ਼ੈਸਲਾ ਖ਼ੁਸ਼ੀ ਨਾਲ ਨਹੀਂ, ਸਗੋਂ ਹਾਈਕਮਾਂਡ ਦੇ ਦਬਾਅ ਹੇਠ ਲਿਆ ਹੈ।
ਨਵੇਂ ਪ੍ਰਧਾਨ ਦਾ ਪੰਜਾਬ ਦੇ ਕਾਂਗਰਸੀ ਨੇਤਾਵਾਂ ਵਲੋਂ ਸਵਾਗਤ
ਜ਼ਿੰਮੇਵਾਰੀ ਸੰਭਾਲਣ ਮਗਰੋਂ ਕਿਸ ਆਗੂ ਨੇ ਕੀ ਕਿਹਾ?
ਨਵੀਂ ਨਿਯੁਕਤੀ ਤੋਂ ਤੁਰੰਤ ਬਾਅਦ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਨਪੇ-ਤੁਲੇ ਬਿਆਨ ਸਾਹਮਣੇ ਆਏ ਹਨੇ। ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ
ਮੈਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਕੇ.ਸੀ. ਵੇਣੂਗੋਪਾਲ, ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਸਾਰੇ ਸੀਨੀਅਰ ਆਗੂਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਕੰਮ ਕਰਾਂਗਾ।"
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਗਟ ਸਿੰਘ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਸਾਨੂੰ ਕਿਸੇ ਗੱਲ ਦਾ ਕੋਈ ਮਲਾਲ ਨਹੀਂ ਹੈ। ਮੈਂ ਖ਼ੁਦ ਅਸਤੀਫ਼ਾ ਦਿੱਤਾ ਹੈ, ਮੰਗਿਆ ਨਹੀਂ ਗਿਆ ਸੀ। ਪਰਗਟ ਸਿੰਘ ਜੀ ਨੂੰ ਨਵੀਂ ਜ਼ਿੰਮੇਵਾਰੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਹੁਣ ਮੈਨੂੰ ਕੁਝ ਦਿਨ ਆਰਾਮ ਦੀ ਲੋੜ ਹੈ।"
ਸੀਨੀਅਰ ਕਾਂਗਰਸੀ ਨੇਤਾ ਚਰਨਜੀਤ ਸਿੰਘ ਚੰਨੀ ਨੇ ਖੁੱਲ੍ਹੇ ਦਿਲ ਨਾਲ ਇਸ ਬਦਲਾਅ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸਚਿਨ ਪਾਇਲਟ ਅਤੇ ਸਮੁੱਚੀ ਹਾਈਕਮਾਨ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣਾ ਇੱਕ ਸ਼ਲਾਘਾਯੋਗ ਕਦਮ ਹੈ।"
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਨਵੀਂ ਜ਼ਿੰਮੇਵਾਰੀ ਮਿਲਣ 'ਤੇ ਪਰਗਟ ਸਿੰਘ ਨੂੰ ਹਾਰਦਿਕ ਵਧਾਈ। ਵਿਸ਼ਵਾਸ ਹੈ ਕਿ ਤੁਹਾਡੇ ਤਜਰਬੇ ਅਤੇ ਅਗਵਾਈ ਹੇਠ ਪੰਜਾਬ ਕਾਂਗਰਸ ਏਕਤਾ, ਸਾਂਝ ਅਤੇ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਏਗੀ।ਮੈਨੂੰ ਪੂਰਾ ਯਕੀਨ ਹੈ ਕਿ ਕਾਂਗਰਸ ਆਉਣ ਵਾਲੀਆਂ ਚੋਣਾਂ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ।"
Box
ਖੇਡ ਮੈਦਾਨ ਤੋਂ ਸਿਆਸਤ ਦੇ ਅਖਾੜੇ ਤੱਕ: ਪਰਗਟ ਸਿੰਘ ਦਾ ਸਫ਼ਰ
ਪਰਗਟ ਸਿੰਘ ਦਾ ਪਿਛੋਕੜ ਰਵਾਇਤੀ ਸਿਆਸਤਦਾਨਾਂ ਨਾਲੋਂ ਬਿਲਕੁਲ ਵੱਖਰਾ ਹੈ। ਉਹ ਜਲੰਧਰ ਦੇ ਮਸ਼ਹੂਰ ਪਿੰਡ ਮਿੱਠਾਪੁਰ ਨਾਲ ਸਬੰਧਤ ਹਨ, ਜੋ ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ।ਉਹ ਭਾਰਤੀ ਹਾਕੀ ਟੀਮ ਦੇ ਪ੍ਰਮੁੱਖ ਫੁੱਲ-ਬੈਕ ਰਹੇ। ਉਨ੍ਹਾਂ ਨੇ 1988, 1992 ਅਤੇ 1996 ਦੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਦੋ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਨੇ ਟੀਮ ਦੀ ਕਪਤਾਨੀ ਕੀਤੀ ਸੀ। 1989 ਵਿੱਚ ਉਨ੍ਹਾਂ ਨੂੰ ਅਰਜੁਨ ਐਵਾਰਡ ਅਤੇ 1998 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।ਖੇਡਾਂ ਤੋਂ ਬਾਅਦ ਉਹ ਪੰਜਾਬ ਪੁਲੀਸ ਵਿੱਚ ਐੱਸ.ਪੀ. (ਸੁਪਰਡੈਂਟ ਆਫ਼ ਪੁਲੀਸ) ਰਹੇ। ਸਰਕਾਰੀ ਨੌਕਰੀ ਛੱਡ ਕੇ ਉਹ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਲੰਧਰ ਕੈਂਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਸਨ। ਬਾਦਲ ਪਰਿਵਾਰ ਦੀ ਕਾਰਜਸ਼ੈਲੀ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਅਕਾਲੀ ਦਲ ਛੱਡ ਦਿੱਤਾ ਸੀ। ਨਵਜੋਤ ਸਿੱਧੂ ਅਤੇ ਬੈਂਸ ਭਰਾਵਾਂ ਨਾਲ 'ਆਵਾਜ਼-ਏ-ਪੰਜਾਬ' ਮੋਰਚਾ ਬਣਾਇਆ ਸੀ ਜ਼ੋ ਸਫਲ ਨਾ ਹੋ ਸਕਿਆ।
2017 ਵਿੱਚ ਉਹ ਕਾਂਗਰਸ ਵਿੱਚ ਆਏ ਅਤੇ ਲਗਾਤਾਰ ਦੂਜੀ ਵਾਰ ਜਿੱਤੇ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਉਹ ਸਕੂਲ ਸਿੱਖਿਆ, ਉੱਚ ਸਿੱਖਿਆ ਅਤੇ ਖੇਡ ਮੰਤਰੀ ਰਹੇ।
' 2022 ਵਿੱਚ ਜਦੋਂ ਪੂਰੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲੀ ਸੀ, ਉਦੋਂ ਵੀ ਪਰਗਟ ਸਿੰਘ ਨੇ ਜਲੰਧਰ ਕੈਂਟ ਤੋਂ 'ਆਪ' ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੂੰ ਹਰਾ ਕੇ ਆਪਣੀ ਸੀਟ ਬਚਾਈ ਸੀਅਤੇ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਰਹੇ।











Comments (0)