ਅਮਰੀਕਾ ਵਿਚ ਇਕ ਸਕੂਲ ਦੇ ਬਾਹਰ ਗੋਲੀਆਂ ਚਲਾ ਕੇ ਇਕ ਦੀ ਹੱਤਿਆ ਕਰਨ ਦੇ ਮਾਮਲੇ ਵਿਚ 6 ਨਬਾਲਗ ਗ੍ਰਿਫਤਾਰ
* ਹੱਤਿਆ ਦਾ ਮਾਮਲਾ ਦਰਜ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 9 ਮਾਰਚ (ਹੁਸਨ ਲੜੋਆ ਬੰਗਾ)-ਲੰਘੇ ਸੋਮਵਾਰ ਡੇਸ ਮੋਇਨਸ, ਲੋਵਾ ਵਿਚ ਇਕ ਹਾਈ ਸਕੂਲ ਦੇ ਬਾਹਰ ਗੋਲੀਆਂ ਚਲਾ ਕੇ ਇਕ ਲੜਕੇ ਦੀ ਹੱਤਿਆ ਕਰਨ ਤੇ 2 ਹੋਰਨਾਂ ਨੂੰ ਗੰਭੀਰ ਜ਼ਖਮੀ ਕਰਨ ਦੀ ਘਟਨਾ ਸਬੰਧੀ ਪੁਲਿਸ ਨੇ ਹੱਤਿਆ ਦਾ ਕੇਸ ਦਰਜ ਕਰਕੇ 6 ਨਬਾਲਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਦੋਸ਼ੀਆਂ ਨੇ 15 ਸਾਲਾ ਲੜਕੇ ਨੂੰ ਗਿਣੀ ਮਿਥੀ ਯੋਜਨਾ ਤਹਿਤ ਨਿਸ਼ਾਨਾ ਬਣਾਇਆ ਜਦ ਕਿ ਇਸ ਘਟਨਾ ਵਿਚ 16 ਤੇ 18 ਸਾਲ ਦੀਆਂ ਦੋ ਲੜਕੀਆਂ ਜ਼ਖਮੀ ਹੋ ਗਈਆਂ ਸਨ ਜਿਨਾਂ ਦੀ ਹਾਲਤ ਗੰਭੀਰ ਹੈ। ਡੇਸ ਮੋਇਨਸ ਪੁਲਿਸ ਵਿਭਾਗ ਦੇ ਬੁਲਾਰੇ ਸਾਰਜੈਂਟ ਪੌਲ ਪੈਰਿਜ਼ੇਕ ਅਨੁਸਾਰ ਲੜਕੀਆਂ ਅਚਾਨਕ ਗੋਲੀਆਂ ਦੀ ਲਪੇਟ ਵਿਚ ਆ ਕੇ ਜ਼ਖਮੀਆਂ ਹੋਈਆਂ ਹਨ ਜਦ ਕਿ ਹਮਲਾਵਰਾਂ ਦਾ ਇਰਾਦਾ ਉਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ। ਬੁਲਾਰੇ ਅਨੁਸਾਰ ਗੋਲੀਆਂ ਇਕ ਤੋਂ ਵਧ ਵਾਹਨਾਂ ਵਿਚੋਂ ਚਲਾਈਆਂ ਗਈਆਂ। ਪੁਲਿਸ ਨੇ ਗ੍ਰਿਫਤਾਰ 6 ਨਬਾਲਗਾਂ ਵਿਰੁੱਧ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਹਨ। ਗ੍ਰਿਫਤਾਰ ਸ਼ੱਕੀ ਹਮਲਾਵਰਾਂ ਦੀ ਪਛਾਣ ਓਕਟਾਵੀਓ ਲੋਪੇਜ਼ 17 ਸਾਲ, ਨਿਯਾਂਗ ਚੈਮਡੂਲ 14 ਸਾਲ, ਮੈਨੂਏਲ ਬੂਜ਼ੋ 16 ਸਾਲ, ਰੋਮੇਰੋ ਪਰਡੋਮੋ 16 ਸਾਲ, ਅਲੈਕਸ ਪਰਡੋਮੋ 15 ਸਾਲ ਤੇ ਹੈਨਰੀ ਵਾਲਾਡੇਰਸ ਅਮਾਇਆ 17 ਸਾਲ ਵਜੋਂ ਹੋਈ ਹੈ। ਬੁਲਾਰੇ ਅਨੁਸਾਰ ਸਾਰੇ ਸ਼ੱਕੀ ਦੋਸ਼ੀਆਂ ਨੂੰ ਘਟਨਾ ਵਾਪਰਨ ਦੇ ਕੁਝ ਹੀ ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਨੇ ਤਲਾਸ਼ੀ ਵਾਰੰਟ ਲੈ ਕੇ 6 ਅਗਨ ਸ਼ਸ਼ਤਰ ਵੀ ਬਰਾਮਦ ਕੀਤੇ ਹਨ।
Comments (0)