ਔਰਤ ਨੇ ਬਰਹਿਮੀ ਨਾਲ ਕੀਤੀ ਪਤੀ ਦੀ ਹੱਤਿਆ, 140 ਵਾਰ ਮਾਰਿਆ ਚਾਕੂ

ਔਰਤ ਨੇ ਬਰਹਿਮੀ ਨਾਲ ਕੀਤੀ ਪਤੀ ਦੀ ਹੱਤਿਆ, 140 ਵਾਰ ਮਾਰਿਆ ਚਾਕੂ
ਕੈਪਸ਼ਨ:  ਜੋਅਨ ਬਰੂਕ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ(ਹੁਸਨ ਲੜੋਆ ਬੰਗਾ)- ਫਲੋਰਿਡਾ ਵਿਚ ਇਕ ਔਰਤ ਨੇ ਆਪਣੇ ਪਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਸ਼ੱਕੀ ਦੋਸ਼ੀ 61 ਸਾਲਾ ਜੋਅਨ ਬਰੂਕ  ਨਾਮੀ  ਔਰਤ ਨੇ ਆਪਣੇ ਪਤੀ ਉਪਰ ਚਾਕੂ ਨਾਲ 140 ਵਾਰ ਕੀਤੇ। ਉਸ ਵਿਰੁੱਧ ਫਸਟ ਡਿਗਰੀ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਪੁਲਿਸ ਹਿਰਾਸਤ ਵਿਚ ਹੈ। ਉਸ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਪਾਮ ਬੀਚ ਕਾਊਂਟੀ ਜੱਜ ਅੱਗੇ ਹੋਈ। ਸ਼ੱਕੀ ਦੋਸ਼ੀ ਜੋਅਨ ਦੇ ਪੁੱਤਰ ਵੱਲੋਂ ਫੋਨ ਕਰਨ 'ਤੇ ਪੁਲਿਸ  ਮੌਕੇ ਉਪਰ ਪੁੱਜੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਕੰਮ ਤੋਂ ਘਰ ਪੁੱਜਾ ਤਾਂ ਉਸ ਨੇ ਆਪਣੇ ਮਤਰੇਏ ਬਾਪ ਮੈਲਵਿਨ ਵੈਲਰ ਦੀ ਖੂਨ ਨਾਲ ਲੱਥਪੱਥ ਲਾਸ਼ ਰਸੋਈ ਵਿਚ ਪਈ ਵੇਖੀ। ਪੁਲਿਸ ਵੱਲੋਂ ਪੁੱਛਣ 'ਤੇ ਉਸ ਨੇ ਦੱਸਿਆ ਕਿ ਘਰ ਵਿਚ ਕੇਵਲ ਉਸ ਦੀ ਮਾਂ ਜੋਅਨ ਸੀ ਤੇ ਹੋਰ ਕੋਈ ਵੀ  ਘਰ ਵਿਚ ਮੌਜੂਦ ਨਹੀਂ ਸੀ। ਪੁਲਿਸ ਨੇ ਵੇਖਿਆ ਕਿ ਅੱਧੀ ਰਸੋਈ ਦਾ ਫਰਸ਼ ਖੂਨ ਨਾਲ ਢੱਕਿਆ ਹੋਇਆ ਸੀ। ਪੁਲਿਸ ਨੇ ਮੌਕੇ ਤੋਂ ਫਰਸ਼ ਸਾਫ ਕਰਨ ਲਈ ਵਰਤਿਆ ਗਿਆ ਝਾੜੂ, ਪੋਚਾ ਤੇ ਹੋਰ ਸਮਾਨ ਵੀ ਬਰਾਮਦ ਕੀਤਾ। ਰਸੋਈ ਦੀਆਂ ਕੰਧਾਂ ਵੀ ਖੂਨ ਨਾਲ ਲਿਬੜੀਆਂ ਹੋਈਆਂ ਸਨ।  ਪੁਲਿਸ ਅਨੁਸਾਰ ਮ੍ਰਿਤਕ ਦੇ ਸਰੀਰ ਉਪਰ ਚਾਕੂ ਦੇ ਕਈ ਜਖਮ ਸਨ। ਪੁਲਿਸ ਨੇ ਦੋ ਚਾਕੂ ਤੇ ਇਕ ਮੀਟ ਕੱਟਣ ਵਾਲਾ ਵੱਡਾ ਕਾਪਾ ਵੀ ਬਰਾਮਦ ਕੀਤਾ ਹੈ। ਪੋਸਟ ਮਾਰਟਮ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਦੇ ਸਰੀਰ ਉਪਰ ਚਾਕੂਆਂ ਦੇ 140 ਜਖਮ ਸਨ ਤੇ ਉਸ ਦੇ ਸਿਰ ਉਪਰ ਵੀ ਵਾਰ ਕੀਤਾ ਗਿਆ ਹੈ। ਹੱਤਿਆ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਬਿਮਾਰ ਸੀ ਤੇ ਸਰੀਰਕ ਤੌਰ 'ਤੇ ਅਪਾਹਜ਼ ਸੀ।