ਦੂਸ਼ਿਤ ਪਾਣੀ ਕਾਰਨ ਅਮਰੀਕਾ ਦੇ ਬੈਨਟਨ ਹਾਰਬਰ ਸ਼ਹਿਰ ਵਿਚ ਹੰਗਾਮੀ ਸਥਿੱਤੀ ਐਲਾਨੀ

ਦੂਸ਼ਿਤ ਪਾਣੀ ਕਾਰਨ ਅਮਰੀਕਾ ਦੇ ਬੈਨਟਨ ਹਾਰਬਰ ਸ਼ਹਿਰ ਵਿਚ ਹੰਗਾਮੀ ਸਥਿੱਤੀ ਐਲਾਨੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਸ਼ਹਿਰ ਬੈਨਟਨ ਹਾਰਬਰ ਵਿਚ ਪਾਣੀ ਦੀਆਂ ਪਾਈਪਾਂ ਵਿਚ ਦੂਸ਼ਿਤ ਪਾਣੀ ਆਉਣ ਕਾਰਨ ਅਧਿਕਾਰੀਆਂ ਨੂੰ ਹੰਗਾਮੀ ਸਥਿੱਤੀ ਦਾ ਐਲਾਨ ਕਰਨਾ ਪਿਆ ਹੈ। ਮੇਅਰ ਮਾਰਕਸ ਮੁਹਮਦ ਨੇ ਕਿਹਾ ਹੈ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਪਾਈਪਾਂ ਨੂੰ ਤੇਜੀ ਨਾਲ ਬਦਲਿਆ ਜਾ ਸਕੇ। ਇਸ ਤੋਂ ਪਹਿਲਾਂ ਸਿਟੀ ਕਮਿਸ਼ਨ ਨੇ ਹੰਗਾਮੀ ਸਥਿੱਤੀ ਐਲਾਣਨ ਦੇ ਹੱਕ ਵਿਚ ਵੋਟ ਪਾਈ। ਮੇਅਰ ਨੇ ਕਿਹਾ ਕਿ ਉਹ ਰਾਜ ਤੇ ਸਥਾਨਕ ਲੀਡਰਾਂ ਦੇ ਤਾਲਮੇਲ ਨਾਲ ਸਮੱਸਿਆ ਨੂੰ ਨਜਿੱਠਣ ਲਈ ਕੰਮ ਕਰ ਰਹੇ ਹਨ।

ਕਮਿਸ਼ਨਰ ਮੈਰੀ ਅਲਾਈਸ ਐਡਮਜ ਅਨੁਸਾਰ ਕਮਿਸ਼ਨ ਨੇ ਵਾਸ਼ਿੰਗਟਨ, ਡੀ ਸੀ ਵਿਚਲੇ ਚੁਣੇ ਹੋਏ ਅਧਿਕਾਰੀਆਂ ਦਾ ਧਿਆਨ ਖਿੱਚਣ ਲਈ ਹੰਗਾਮੀ ਸਥਿੱਤੀ ਐਲਾਣਨ ਦਾ ਫੈਸਲਾ ਕੀਤਾ ਹੈ ਕਿਉਂਕਿ ਹੋ ਸਕਦਾ ਹੈ ਕਿ ਉਨਾਂ ਨੂੰ ਦੇਸ਼ ਭਰ ਵਿਚ ਲੋਕਾਂ ਨੂੰ ਦਰਪੇਸ਼ ਇਸ ਕਿਸਮ ਦੀ ਸਮੱਸਿਆ ਦੀ ਭਿਆਨਕਤਾ ਬਾਰੇ ਪਤਾ ਹੀ ਨਾ ਹੋਵੇ। ਬੈਨਟਨ ਹਾਰਬਰ ਵਿਚ ਤਕਰੀਬਨ 10000 ਲੋਕ ਰਹਿੰਦੇ ਹਨ ਤੇ ਇਕ ਅੰਦਾਜੇ ਅਨੁਸਾਰ 85% ਆਬਾਦੀ ਸ਼ਾਹਫਿਆਮ ਲੋਕਾਂ ਦੀ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਰਾਜ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਲੋਕਾਂ ਨੂੰ ਬੋਤਲਾਂ ਵਾਲਾ ਪਾਣੀ ਪੀਣ ਲਈ ਕਿਹਾ ਸੀ।