ਮਾਮਲਾ ਬਰਤਾਨੀਆਂ ਦੇ ਹਵਾਈ ਅੱਡਿਆਂ 'ਤੇ ਸਿੱਖਾਂ ਤੋਂ ਪੁੱਛਗਿੱਛ ਦਾ

ਮਾਮਲਾ ਬਰਤਾਨੀਆਂ ਦੇ ਹਵਾਈ ਅੱਡਿਆਂ 'ਤੇ ਸਿੱਖਾਂ ਤੋਂ ਪੁੱਛਗਿੱਛ ਦਾ

* ਐਮਪੀ ਪ੍ਰੀਤ ਕੌਰ ਗਿੱਲ ਨੇ ਇੰਗਲੈਂਡ ਦੀ ਗ੍ਰਹਿ ਮੰਤਰੀ ਕੋਲ ਰੋਸ ਪ੍ਰਗਟਾਇਆ 

* ਪੁਛਗਿਛ ਦੌਰਾਨ ਭਾਰਤ ਤੇ ਖਾਲਿਸਤਾਨ ਬਾਰੇ ਪੁਛੇ ਜਾਂਦੇ ਨੇ ਸੁਆਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ-ਬਰਤਾਨੀਆਂ ਦੇ ਹਵਾਈ ਅੱਡਿਆਂ 'ਤੇ ਸਿੱਖਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਪੁੱਛਗਿੱਛ ਵਿਚ ਖਾਸ ਤੌਰ 'ਤੇ ਭਾਰਤ ਬਾਰੇ ਉਨ੍ਹਾਂ ਦੇ ਵਿਚਾਰ ਜਾਣੇ ਜਾਂਦੇ ਹਨ ।ਇਥੋਂ ਤੱਕ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਸਿੱਖ ਦੱਖਣ ਏਸ਼ੀਆ ਵਿਚ ਆਪਣਾ ਵੱਖਰਾ ਮੁਲਕ ਵੀ ਚਾਹੁੰਦੇ ਹਨ ਕਿ ਨਹੀਂ? ਬਰਮਿੰਘਮ ਤੋਂ ਐਮ. ਪੀ. ਪ੍ਰੀਤ ਕੌਰ ਗਿੱਲ ਨੇ ਉਕਤ ਮਾਮਲਿਆਂ ਸਬੰਧੀ ਬਰਤਾਨੀਆਂ ਦੀ ਗ੍ਰਹਿ ਮੰਤਰੀ ਯਵੇਟ ਕੂਪਰ ਨੂੰ ਪੱਤਰ ਲਿਖ ਕੇ ਸਿੱਖਾਂ ਨਾਲ ਹੋ ਰਹੇ ਅਜਿਹੇ ਵਿਵਹਾਰ 'ਤੇ ਚਿੰਤਾ ਪ੍ਰਗਟ ਕੀਤੀ ਹੈ ।  ਬਰਤਾਨੀਆ ਦੀ ਮਸ਼ਹੂਰ ਅਖਬਾਰ ਦੀ ਗਾਰਡੀਅਨ ਦੀ ਜਾਣਕਾਰੀ ਅਨੁਸਾਰ ਕੁਝ ਸਿੱਖਾਂ ਨੂੰ ਹੋਰ ਦੇਸ਼ਾਂ ਤੋਂ ਵਾਪਸੀ ਮੌਕੇ ਰੋਕਿਆ ਗਿਆ ਤੇ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ।ਇਥੋਂ ਤੱਕ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਵਾਲਾਂ ਵਿਚ 1699 ਨੂੰ ਖਾਲਸਾ ਪੰਥ ਦੀ ਸਾਜਨਾ ਬਾਰੇ ਉਹ ਕੀ ਸੋਚਦੇ ਹਨ? ਐਮ. ਪੀ. ਪ੍ਰੀਤ ਕੌਰ ਗਿੱਲ ਨੇ ਆਪਣੇ ਪੱਤਰ ਵਿਚ, ਜੋ ਉਸਨੇ ਸਤੰਬਰ ਵਿਚ ਭੇਜਿਆ ਸੀ, 'ਬਹੁਤ ਸਾਰੇ ਸਿੱਖਾਂ' ਦੇ ਕੇਸਾਂ ਨੂੰ ਉਠਾਇਆ, ਜਿਨ੍ਹਾਂ ਨੇ ਕਿਹਾ ਕਿ ਬਰਤਾਨਵੀ ਸਰਹੱਦਾਂ 'ਤੇ ਰੋਕੇ ਜਾਣ ਬਾਰੇ ਚਿੰਤਾਵਾਂ ਨਾਲ ਉਸ ਨਾਲ ਸੰਪਰਕ ਕੀਤਾ ਸੀ ।ਉਸਨੇ ਕਿਹਾ ਕਿ ਤੁਰਕੀ ਵਿਚ ਪਰਿਵਾਰਕ ਛੁੱਟੀਆਂ ਤੋਂ ਵਾਪਸ ਆਉਂਦੇ ਸਮੇਂ ਇੱਕ ਸਿੱਖ ਨੂੰ ਮਾਨਚੈਸਟਰ ਹਵਾਈ ਅੱਡੇ 'ਤੇ ਕਈ ਘੰਟੇ ਰੋਕ ਕੇ ਰੱਖਿਆ ਗਿਆ ਸੀ, ਜਿਸ ਦੌਰਾਨ ਉਸ ਤੋਂ ਪੁੱਛਿਆ ਗਿਆ ਸੀ ਕਿ ਸਿੱਖ ਧਰਮ, ਭਾਰਤ ਦੀ ਵੰਡ ਤੇ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੀ ਮੌਤ ਬਾਰੇ ਉਸਦੇ ਕੀ ਵਿਚਾਰ ਹਨ ।ਇੱਕ ਅਧਿਕਾਰੀ ਨੇ ਉਸ ਵਿਅਕਤੀ ਦੀ ਪੱਗ ਉਤਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ।

ਪ੍ਰੀਤ ਕੌਰ ਗਿੱਲ ਨੇ ਲਿਖਿਆ ਕਿ 'ਮੇਰੇ ਕੋਲ ਜੋ ਪ੍ਰਮਾਣਿਕ ਸਬੂਤ ਹਨ, ਉਹ ਮੈਨੂੰ ਚਿੰਤਾ ਦਾ ਕਾਰਨ ਦਿੰਦੇ ਹਨ, ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਉਨ੍ਹਾਂ ਨੂੰ ਅਣਉੱਚਿਤ ਸਵਾਲ ਕੀਤੇ ਜਾ ਰਹੇ ਹਨ ਜੋ ਉਨ੍ਹਾਂ ਦੀ ਪਹਿਚਾਣ ਤੇ ਧਾਰਮਿਕ ਵਿਸ਼ਵਾਸਾਂ 'ਤੇ ਕੇਂਦਰਿਤ ਹਨ ।ਉਕਤ ਮਾਮਲੇ ਵਿਚ ਗ੍ਰਹਿ ਵਿਭਾਗ ਨੇ ਅਜੇ ਤੱਕ ਚੁੱਪ ਵੱਟੀ ਹੋਈ ਹੈ । ਯੂ.ਕੇ. ਵਿਚ, ਸਿੱਖ ਕਾਰਕੁੰਨ ਅਵਤਾਰ ਸਿੰਘ ਖੰਡਾ ਦੀ ਅਚਾਨਕ ਮੌਤ ਅਜੇ ਤੱਕ ਰਹੱਸਮਈ ਬਣੀ ਹੋਈ ਹੈ, ਜਿਸ ਬਾਰੇ ਸੰਸਦ ਮੈਂਬਰ ਕਈ ਸਵਾਲ ਕਰ ਚੁੱਕੇ ਹਨ ।

ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਬਿ੍ਟਿਸ਼ ਸਿੱਖਾਂ ਨੂੰ ਹੁਣ ਅੱਤਵਾਦ ਐਕਟ 2000 ਦੇ ਸ਼ਡਿਊਲ 7 ਦੇ ਤਹਿਤ ਯੂ.ਕੇ. ਦੇ ਹਵਾਈ ਅੱਡਿਆਂ 'ਤੇ ਰੋਕਿਆ ਜਾ ਰਿਹਾ ਹੈ । ਉਸ ਕਾਨੂੰਨ ਦੇ ਤਹਿਤ, ਪੁਲਿਸ ਹਵਾਈ ਅੱਡੇ, ਬੰਦਰਗਾਹ ਜਾਂ ਰੇਲਵੇ ਸਟੇਸ਼ਨ ਤੋਂ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਸਕਦੀ ਹੈ ਤੇ ਇਹ ਮੁਲਾਂਕਣ ਕਰ ਸਕਦੀ ਹੈ ਕਿ ਕੀ ਉਹ ਅੱਤਵਾਦ ਵਿਚ ਸ਼ਾਮਿਲ ਹਨ ਜਾਂ ਨਹੀਂ । ਲੰਡਨ ਦੇ ਖਾਲਸਾ ਜਥਾ ਬਿ੍ਟਿਸ਼ ਆਈਲਜ਼ ਗੁਰਦੁਆਰੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਆਨੰਦ ਨੇ ਕਿਹਾ ਹੈ ਕਿ 'ਸਿਖਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ । ਉਨ੍ਹਾਂ ਨੂੰ ਆਪਣੇ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਪਾਸਵਰਡ ਸੌਂਪਣ ਲਈ ਕਿਹਾ ਜਾ ਰਿਹਾ ਹੈ।