ਸਿਰ ਤੇ ਰਖਿਆ ਹਉਮੈ ਦਾ ਤਾਜ: *ਸ਼ੀਸ਼ੇ ਦੇ ਪਾਰ*

ਸਿਰ ਤੇ ਰਖਿਆ ਹਉਮੈ ਦਾ ਤਾਜ: *ਸ਼ੀਸ਼ੇ ਦੇ ਪਾਰ*

*ਗੁਰਮੀਤ ਸਿੰਘ ਮੀਤ*

*੧੯-੦੩-੨੦੨੧*

ਅੰਮ੍ਰਿਤ ਵੇਲੇ ਦੀ ਦਸਤਕ ਹੋਈ ... ਪੂਰਬ ਵਿੱਚ ਸੂਰਜ ਚੜ੍ਹਣ ਤੋਂ ਪਹਿਲਾਂ ਦੀ ਲਾਲੀ ਫੈਲ ਗਈ .. . ਵਾਤਾਵਰਣ ਵਿੱਚ ਪੰਛੀਆਂ ਦੇ ਚਹਿਚਹਾਉਣ ਦੀਆਂ ਮਿੱਠੀਆਂ ਆਵਾਜ਼ਾਂ ਗੂੰਜ ਪਈਆਂ .. . ਅੱਧਖਿੜੇ ਫੁੱਲਾਂ ਦੀ ਖ਼ੂਸ਼ਬੂ ਹਵਾ ਵਿੱਚ ਫੈਲਣ ਲੱਗ ਪਈ .. . ਪਸ਼ੂ ਪੰਖੇਰੂਆਂ ਨੇ ਉਸਲਵਟੇ ਲਏ ... ਤਿਤਲੀਆਂ ਫੁੱਲਾਂ ਤੋਂ ਤਾਜ਼ਾ ਖ਼ੁਸ਼ਬੂ ਭਰਿਆ ਰਸ ਲੈਣ ਲਈ ਉੱਡ ਪਈਆਂ ... ਮੈਂ ਵੀ ਆਪਣੇ ਬਿਸਤਰੇ ਤੋਂ ਉੱਠਣ ਲਈ ਕਰਵਟ ਲੈਣੀ ਚਾਹੀ ਪਰ ਇਹ ਕੀ ... ਮੇਰੀਆਂ ਪਲਕਾਂ ਨਹੀਂ ਖੁੱਲ ਰਹੀਆਂ ... ਕਾਹਲ ਪੈਣ ਲੱਗ ਪਈ ... ਮੈਂ ਫਿਰ ਕੋਸ਼ਿਸ਼ ਕੀਤੀ ਪਰ ਨਹੀਂ ਖੁੱਲੀਆਂ, ਪਲਕਾਂ ਜਿਵੇਂ ਆਪਸ ਵਿੱਚ ਜੁੜ ਗਈਆਂ ਸੀ ... ਮੈਂ ਹੱਥਾਂ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਨੀ ਚਾਹੀ ਪਰ ਮੇਰੇ ਹੱਥ ਵੀ ਮੇਰੇ ਹੁਕਮ ਵਿੱਚ ਨਹੀਂ ਸੀ ... ਮੈਨੂੰ ਇੱਕ ਸੂਖ਼ਮ ਜਿਹੀ ਆਵਾਜ਼ ਸੁਣਾਈ ਦਿੱਤੀ ... ਬੰਦ ਕਮਰਾ ਪੂਰੀ ਤਰਾਂ ਸ਼ਾਂਤ ਸੀ ... ਮੈਂ ਹੈਰਾਨ ਹੋਇਆ ਅਤੇ ਅੰਦਾਜ਼ਾ ਲਾਇਆ ਕਿ ਕਮਰੇ ਵਿੱਚ ਆਸ ਪਾਸ ਤਾਂ ਕੋਈ ਵੀ ਨਹੀਂ ਸੀ ਫਿਰ ਇਹ ਆਵਾਜ਼ ਕਿੱਥੋਂ ਆਈ ? ਮੈਂ ਦੁਬਾਰਾ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਮੇਰੇ ਹੀ ਅੰਦਰੋਂ ਆ ਰਹੀ ਸੀ। ਬਿਲਕੁਲ ਮੇਰੀਆਂ ਅੱਖਾਂ ਵਾਲੀ ਥਾਂ ਤੋਂ,

“ਅਸੀਂ ਤੁਹਾਨੂੰ ਆਪਣੀਆਂ ਹੋਰ ਸੇਵਾਵਾਂ ਨਹੀਂ ਦੇ ਸਕਾਂਗੀਆਂ ਮੇਰੇ ਮਾਲਿਕ !! ਮਾਫ਼ੀ ਚਾਹੁੰਦੀਆਂ ਹਾਂ।”

“ਕਿਉਂ ?” ਮੈਂ ਪੁਛਿਆ। 

“ਕਿਉਂ sss... .?? (ਉਹ ਉੱਚੀ ਆਵਾਜ਼ ਵਿੱਚ ਬੋਲੀਆਂ) “ਇਹੀ ਤਾਂ ਅਸੀਂ ਪੁੱਛਣਾ ਚਾਹੁੰਦੀਆਂ ਹਾਂ ਤੁਹਾਡੇ ਤੋਂ ? ਕਿਉਂ ਸੇਵਾਵਾਂ ਦੇਈਏ ਤੁਹਾਨੂੰ ? ਤੁਸੀਂ ਸਾਨੂੰ ਹੁਣ ਤੱਕ ਕਿੰਨ੍ਹਾ ਕੰਮਾਂ ਲਈ ਵਰਤਿਆ ? ( ਉਹ ਭਰੇ ਪੀਤੇ ਮਨ ਨਾਲ ਮੇਰੇ ਤੇ ਸਵਾਲਾਂ ਦੀ ਬੋਛਾੜ ਨਾਲ ਜਿਵੇਂ ਟੁੱਟ ਪਈਆਂ) ਤੁਸੀਂ ਸਾਡੇ ਰਾਹੀਂ ਹਰ ਉਹ ਚੀਜ਼ ਵੇਖੀ ਜੋ ਅਸੀਂ ਨਹੀਂ ਵੇਖਣਾ ਚਾਹੁੰਦੀਆਂ ਸੀ। ਹਰ ਉਹ ਦਿ੍ਸ਼ ਵਿਖਾਇਆ ਜਿਨ੍ਹਾਂ ਨੂੰ ਵੇਖਣ ਲਈ ਅਸੀਂ ਨਹੀਂ ਬਣਾਈਆਂ ਗਈਆਂ ਸੀ। ਤੁਸੀਂ ਹਰ ਉਸ ਚੀਜ਼ ਤੋਂ ਅੱਖਾਂ ਫੇਰ ਲਈਆਂ ਜਿਨ੍ਹਾਂ ਨੂੰ ਵੇਖ ਲੈਣਾ ਚਾਹੀਦਾ ਸੀ।” 

ਮੈਂ ਹੈਰਾਨੀ ਭਰੇ ਮਨ ਤੋਂ ਹਲੇ ਬਾਹਰ ਨਹੀਂ ਨਿਕਲਿਆ ਸੀ ਕਿ ਅੱਖਾਂ ਨੇ ਅੱਗੇ ਬੋਲਣਾ ਜਾਰੀ ਰਖਿਆ। 

“ਜਦੋਂ ਜਦੋਂ ਕਿਸੇ ਲੋੜਵੰਦ ਨੂੰ ਮਦਦ ਦੀ ਲੋੜ ਸੀ ਤੁਸੀਂ ਸਾਨੂੰ ਉਸ ਤੋਂ ਫੇਰ ਲਿਆ.. . ਜਦੋਂ ਜਦੋਂ ਕੁਦਰਤ ਨੂੰ ਵੇਖ ਕੇ ਬਲਿਹਾਰ ਜਾਣਾ ਸੀ ਤੁਸੀਂ ਸਾਨੂੰ ਫੇਰ ਲਿਆ .. . ਇਸ ਤੋਂ ਉਲਟ ਜਿੱਥੋਂ ਜਿੱਥੋਂ ਅਸੀਂ ਮੈਲੀਆਂ ਹੁੰਦੀਆਂ ਸਾਂ ਤੁਸੀਂ ਸਾਨੂੰ ਉੱਥੇ ਜ਼ਬਰਦਸਤੀ ਗੱਡ ਦਿੱਤਾ .. ਸਾਨੂੰ ਮਜਬੂਰ ਕੀਤਾ ਵੇਖਣ ਲਈ ... ਹੁਣ ਤੁਸੀਂ ਹੀ ਦੱਸੋ ਕਿ ਅਸੀਂ ਤੁਹਾਨੂੰ ਕਿਉਂ ਆਪਣੀਆਂ ਸੇਵਾਵਾਂ ਦੇਈਏ ? ਅਸੀਂ ਤੁਹਾਡੇ ਤੋਂ ਬਾਗ਼ੀ ਹਾਂ ... ਆਕੀ ਹਾਂ ਸੇਵਾਵਾਂ ਦੇਣ ਤੋਂ।” ਅਤੇ ਗਹਿਨ ਚੁੱਪ ਪਸਰ ਗਈ। 

ਮੈ ਝੂਠ ਮੂਠ ਕੁੱਝ ਕਹਿ ਕੇ ਆਪਣਾ ਬਚਾਅ ਕਰਨਾ ਚਾਹੁੰਦਾ ਸੀ, ਉਨ੍ਹਾਂ ਨੂੰ ਕੁੱਝ ਕਹਿਣਾ ਚਾਹੁੰਦਾ ਸੀ ਪਰ ਮੈਨੂੰ ਕੋਈ ਝੂਠ ਨਾ ਸੁੱਝਿਆ .. ਮੇਰੀ ਜ਼ੁਬਾਨ ਖ਼ਾਮੋਸ਼ ਸੀ। ਹਲੇ ਮੈਂ ਇਸ ਸ਼ਸ਼ੋਪੰਜ ਵਿੱਚ ਹੀ ਸਾਂ ਕਿ ਮੇਰੇ ਕੰਨਾਂ ਨੇ ਵੀ ਬਗ਼ਾਵਤ ਕਰ ਦਿੱਤੀ। 

“ਅਸੀਂ ਵੀ ਤੁਹਾਨੂੰ ਆਪਣੀਆਂ ਹੋਰ ਸੇਵਾਵਾਂ ਨਹੀਂ ਦੇ ਸਕਾਂਗੇ।” ਮੇਰੇ ਕਿਉਂ ਪੁੱਛਣ ਤੋਂ ਪਹਿਲਾਂ ਹੀ ਉਹ ਬੋਲ ਪਏ, 

“ਜਦੋਂ ਜਦੋਂ ਕਿਸੇ ਨੇ ਮਦਦ ਲਈ ਪੁਕਾਰਿਆ ਤੁਸੀਂ ਸਾਨੂੰ ਬੰਦ ਕਰ ਲਿਆ। ਹੋਰ ਹਜ਼ਾਰਾਂ ਗ਼ੈਰ ਜ਼ਰੂਰੀ ਅਵਾਜ਼ਾਂ ਸੁਣਾਈਆਂ ਪਰ ਕੋਈ ਵੀ ਉਹ ਆਵਾਜ਼ ਜੋ ਤਸਕੀਨ ਦੇਣ ਵਾਲੀ ਸੀ ਨਹੀਂ ਸੁਣਨ ਦਿੱਤੀ। ਸ਼ਾਇਦ ਕੁੱਝ ਹੀ ਚੰਗੀਆਂ ਆਵਾਜ਼ਾਂ ਹੋਣ ਜੋ ਪੋਟਿਆਂ ਤੇ ਗਿਣੀਆਂ ਜਾ ਸਕਦੀਆਂ ਨੇ ... ਪਰ ਉਹ ਵੀ ਗ਼ੈਰ ਜ਼ਰੂਰੀ ਆਵਾਜ਼ਾਂ ਦੇ ਸ਼ੋਰ ਹੇਠਾਂ ਦਬ ਗਈਆਂ ਨੇ ... ਹੁਣ ਤੁਸੀਂ ਜਦੋਂ ਇਕੱਲੇ ਬੈਠਦੇ ੳ ਤਾਂ ਇਹੀ ਸ਼ੋਰ ਹੁਣ ਤੁਹਾਨੂੰ ਪਰੇਸ਼ਾਨ ਕਰਦਾ ਏ। ਹੈ ਨਾ ? ਖ਼ੈਰ! ਤੁਸੀਂ ਬਿਹਤਰ ਜਾਣਦੇ ੳ। ਅਸੀਂ ਹੁਣ ਥੱਕ ਚੁੱਕੇ ਆਂ।”

ਮੈਂ ਹੈਰਾਨ ਪਰੇਸ਼ਾਨ ਜਿਹਾ ਹੋ ਗਿਆ ਕਿ ਇਹ ਬਗ਼ਾਵਤ ਤਾਂ ਸਾਰੇ ਸਰੀਰ ਦੇ ਅੰਗਾਂ ਵਿੱਚ ਫੈਲਦੀ ਜਾ ਰਹੀ ਏ। ਹੈਰਾਨੀ ਤਾਂ ਉਦੋਂ ਹੋਈ ਜਦੋਂ ਮੇਰੇ ਹੱਥ ਵੀ ਹੱਥ ਖੜੇ ਕਰ ਗਏ ਅਤੇ ਜ਼ੋਰ ਨਾਲ ਬੋਲੇ, 

“ਅਸੀਂ ਵੀ ਮਾਫ਼ੀ ਚਾਹੁੰਦੇ ਆਂ ਤੁਹਾਡੀ ਹੋਰ ਸੇਵਾ ਨਹੀਂ ਕਰ ਸਕਾਂਗੇ... ਸਾਡੇ ਨਾਲ ਤੁਸੀਂ ਬਹੁਤ ਬੁਰਾ ਕੀਤਾ ... ਹਰ ਉਹ ਬੁਰਾ ਕੰਮ ਕਰਵਾਈਆ ਜੋ ਅਸੀਂ ਨਹੀਂ ਕਰਨਾ ਚਾਹੁੰਦੇ ਸੀ ... ਅਸੀਂ ਦੇਣ ਲਈ ਬਣੇ ਸੀ ਤੁਸੀਂ ਸਾਨੂੰ ਅੱਡਣ ਲਈ ਅਤੇ ਹੱਕ ਮਾਰਨ ਲਈ ਵਰਤਿਆ .. ਅਸੀਂ ਕਿਸੇ ਡਿੱਗੇ ਨੂੰ ਚੁੱਕਣ ਲਈ ਬਣੇ ਸੀ ਪਰ ਤੁਸੀਂ ਸਾਨੂੰ ਦੂਜੇ ਨੂੰ ਹੇਠਾਂ ਧੱਕਣ ਡੇਗਣ ਲਈ ਵਰਤਿਆ ... ਅਸੀਂ ਤਰਸਦੇ ਰਹੇ ਪਰ ਤੁਸੀਂ ਕਿਸੇ ਦੇ ਹੰਝੂ ਪੂੰਝਣ ਲਈ ਵਰਤਿਆ ਹੀ ਨਹੀਂ ... ਕਿਸੇ ਨੂੰ ਹੌਸਲਾ ਦੇਣ ਲਈ ਜਾਂ ਸ਼ਾਬਾਸ਼ੀ ਦੇਣ ਲਈ ਪਿੱਠ ਤੇ ਥਪਥਪਾਉਣ ਲਈ ਵੀ ਨਹੀਂ ਵਰਤਿਆ ... ਦਵਾ ਲਾਉਣ ਦੀ ਥਾਂ ਜ਼ਖ਼ਮ ਕੁਰੇਦਣ ਲਈ ਵਰਤਿਆ।” ਉਹ ਸ਼ਾਇਦ ਹੋਰ ਬਹੁਤ ਕੁੱਝ ਕਹਿਣਾ ਚਾਹੁੰਦੇ ਸੀ ਪਰ ਨਿੰਮੋਝੂਣੇ ਹੋ ਕੇ  ਚੁੱਪ ਜਿਹੇ ਕਰ ਰਹੇ।

ਮੈਂ ਰੋਣਹਾਕਾ ਹੋ ਗਿਆ। ਮੇਰਾ ਸੰਘ ਸੂਤਿਆ ਗਿਆ। ਮੈਂ ਚੀਖ਼ ਕੇ ਰੋਣਾ ਚਿੱਲਾਉਣਾ ਚਾਹੁੰਦਾ ਸੀ ਪਰ ਮੇਰੀ ਜ਼ੁਬਾਨ ਵੀ ਮੇਰਾ ਸਾਥ ਛੱਡ ਚੁੱਕੀ ਸੀ ਅਤੇ ਜਾਣ ਤੋਂ ਪਹਿਲਾਂ ਐਨਾ ਹੀ ਆਖ ਕੇ ਗਈ,

“ਜਿਸ ਜ਼ੁਬਾਨ ਵਿੱਚੋਂ ਕਿਸੇ ਲਈ ਪਿਆਰ ਭਰੇ ਕਦੀ ਦੋ ਸ਼ਬਦ ਨਹੀਂ ਨਿਕਲੇ ਜਿਸਦਾ ਕਿ ਉਹ ਹੱਕਦਾਰ ਵੀ ਸੀ ... ਪਰ ਜੇ ਨਿਕਲੀਆਂ ਤਾਂ ਸਿਰਫ਼ ਗ੍ਹਾਲਾਂ ਝਿੜਕਾਂ ਚੁਗਲੀਆਂ ਤੇ ਬੇਥਵੇ ਠਹਾਕੇ ... ਬੇਲੋੜੇ ਸ਼ਬਦ ਅਤੇ ਬੇਤਹਾਸ਼ਾ ਥੋਥੀਆਂ ਅਰਥਹੀਣ ਗੱਲਾਂ। ਮੈਂ ਹੋਰ ਤੁਹਾਡੇ ਕੰਮ ਨਹੀਂ ਆ ਸਕਾਂਗੀ।” ਆਖ ਕੇ ਉਹ ਵੀ ਖ਼ਾਮੋਸ਼ ਹੋ ਗਈ। ਮੈਂ ਕਿਸੇ ਤੋਂ ਮਦਦ ਮੰਗਣਾਂ ਚਾਹੁੰਦਾ ਸੀ ਪਰ ਹੁਣ ਮੈਂ ਇਸ ਤੋਂ ਵੀ ਆਤੁਰ ਹੋ ਗਿਆਂ ਸਾਂ। 

ਮੇਰੇ ਪੈਰਾਂ ਨੇ ਵੀ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ ਮੈਂ ਉਸ ਨੂੰ ਠੋਕਰਾਂ ਮਾਰਨ ਲਈ ਹੀ ਵਰਤਿਆ ਬਜਾਏ ਕਿਸੇ ਮਰਤਬੇ ਨੂੰ ਪਾਉਣ ਦੇ। ਉਹਨਾਂ ਕਿਹਾ ਕਿ ਉਹ ਬੇਲੋੜਾ ਤੁਰ ਤੁਰ ਕੇ ਥੱਕ ਚੁੱਕੇ ਨੇ ਅਤੇ ਹੋਰ ਸਾਥ ਨਹੀਂ ਦੇਣਗੇ। ਮੈਂ ਬਹੁਤ ਟੁੱਟ ਚੁੱਕਾ ਸੀ ਅਤੇ ਨਿੱਸਲ ਹੋ ਗਿਆ ਸਾਂ। ਆਖ਼ਿਰ ਵਿੱਚ ਮੇਰੇ ਦਿਲ ਨੇ ਵੀ ਰੋ ਰੋ ਕੇ ਮੈਨੂੰ ਫਿਟਕਾਰਿਆ,

“ਕਮਾਲ ਏ ਤੁਸੀਂ ਕਦੀ ਪਸੀਜੇ ਈ ਨਹੀਂ ?? ਕਿਸੇ ਦੇ ਦਰਦ ਨੂੰ ਮਹਿਸੂਸ ਹੀ ਨਹੀਂ ਕੀਤਾ ?? ਮੈਨੂੰ ਪੱਥਰ ਬਣਾ ਦਿੱਤਾ ... ਐਨਾ ਪੱਥਰ ਕਿ ਮੇਰੀ ਕੋਮਲਤਾ ਹੀ ਚਲੀ ਗਈ ... ਮੈਂ ਹੁਣ ਐਨਾ ਪੱਥਰ ਹੋ ਚੁੱਕਾਂ ਕਿ ਚਾਹ ਕੇ ਵੀ ਧੜਕ ਨਹੀਂ ਸਕਾਂਗਾ। ਮੈਂ ਮਜਬੂਰ ਹਾਂ ... ਮਾਫ਼ੀ ਚਾਹੁੰਦਾਂ।”

ਬੱਸ ਹੁਣ ਦਿਮਾਗ਼ ਹੀ ਬਚਿਆ ਸੀ। ਉਹ ਵੀ ਸ਼ਾਇਦ ਇਸ ਲਈ ਕਿ ਇਹ ਸਭ ਮੈਨੂੰ ਦਿਖਾਇਆ ਜਾ ਸਕੇ। ਉਸਨੇ ਮੈਨੂੰ ਕੁੱਝ ਕਹਿਣ ਨਾਲੋਂ ਆਪਣੇ ਅੰਦਰ ਤਸਵੀਰ ਦਿਖਾਉਣੀ ਸ਼ੁਰੂ ਕਰ ਦਿੱਤੀ ਤੇ ਕਿਹਾ,

“ਵੇਖੋ ਤੁਸੀਂ ਕਿੰਨਾ ਕੂੜਾ ਭਰ ਦਿੱਤਾ ਮੇਰੇ ਵਿੱਚ !!!” 

ਬੁਰੇ ਵਿਚਾਰ ਉੱਥੇ ਕੁਰਬਲ ਕੁਰਬਲ ਕਰ ਰਹੇ ਸੀ ... ਨਫ਼ਰਤ ਅਤੇ ਈਰਖਾ ਦੇ ਨਾਗ ਇਧਰ ਉਧਰ ਰੀਂਗ ਰਹੇ ਸੀ ... ਨੰਗੇ ਬਦਬੂਦਾਰ ਇਨਸਾਨੀ ਅੰਗ ਥਾਂ ਥਾਂ ਖਿਲਰੇ ਪਏ ਸੀ ... ਮੇਰੇ ਵਕਤ ਬੇਵਕਤ ਪਹਿਨਣ ਲਈ ਰੱਖੇ ਸੈਂਕੜੇ ਮੁਖੌਟੇ ਮੈਨੂੰ ਡਰਾ ਰਹੇ ਸੀ ... ਮੇਰਾ ਆਪਾ ਮਤਲਬਪ੍ਰਸਤੀ ਦੇ ਲਹੂ ਚਿੱਕੜ ਦੀ ਦਲਦਲ ਵਿੱਚ ਪਿਆ ਛਟਪਟਾ ਰਿਹਾ ਸੀ ... ਕੰਡੇਦਾਰ ਵਿਚਾਰਾਂ ਦੀ ਸਿਉਂਕ ਤਕਰੀਬਨ ਸਾਰੇ ਦਿਮਾਗ਼ ਨੂੰ ਚੱਟ ਕਰ ਚੁੱਕੀ ਸੀ। 

ਮੈਂ ਹਉਕਾ ਲਿਆ ਅਤੇ ਬੇਬੱਸ ਹੋ ਕੇ ਆਪਣੇ ਆਪ ਨੂੰ ਢਿੱਲਾ ਛੱਡ ਦਿੱਤਾ। 

ਚਿਹਰੇ ਤੇ ਕੋਸੇ ਹੰਝੂ ਵਗ ਰਹੇ ਸੀ। 

ਆਪਣੇ ਚਿਹਰੇ ਤੇ ਹੰਝੂਆਂ ਦਾ ਗਿੱਲਾਪਨ ਮਹਿਸੂਸ ਕਰਕੇ ਅਚਾਨਕ ਮੈਂ ਅੱਖਾਂ ਖੋਹਲੀਆਂ ਤਾਂ ਆਪਣੇ ਆਪ ਨੂੰ ਬਿਸਤਰੇ ਤੇ ਸਹੀ ਸਲਾਮਤ ਵੇਖ ਕੇ ਅਕਹਿ ਰਾਹਤ ਮਹਿਸੂਸ ਕੀਤੀ। ਸਿਰਹਾਣਾ ਹੰਝੂਆਂ ਨਾਲ ਗਿੱਲਾ ਹੋਇਆ ਪਿਆ ਸੀ। ਹਰ ਪਾਸੇ ਸ਼ਾਂਤੀ ਸੀ। ਕੰਨਾਂ ਵਿੱਚ ਖ਼ਾਮੋਸ਼ੀ ਦੀ ਸਾਂ ਸਾਂ ਆ ਰਹੀ ਸੀ। ਮੈਂ ਹੱਥਾਂ ਨੂੰ ਹਿਲਦੇ ਹੋਏ ਬੜੇ ਪਿਆਰ ਅਤੇ ਸਤਿਕਾਰ ਨਾਲ ਵੇਖਿਆ ... ਦੋਹਾਂ ਹੱਥਾਂ ਨਾਲ ਆਪਣੇ ਚਿਹਰੇ ਨੂੰ ਛੋਹਿਆ ਤਾਂ ਸ਼ੁਕਰਾਨੇ ਵਿੱਚ ਭੁੱਬ ਨਿਕਲ ਗਈ। ਜ਼ਮੀਨ ਤੇ ਪੈਰ ਰਖਦਿਆਂ ਮੈਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਉਹ ਚੱਲ ਰਹੇ ਸੀ। ਸ਼ੁਕਰਾਨੇ ਵਿੱਚ ਖੜਿਆਂ ਜਦੋਂ ਹੱਥ ਜੁੜੇ ਤਾਂ ਲੱਗਾ ਪਹਿਲੀ ਵਾਰ ਹੱਥ ਪਵਿੱਤਰ ਹੋਏ ਹੋਣ ... ਹੰਝੂਆਂ ਨਾਲ ਅੱਖਾਂ ਪਵਿਤੱਰ ਹੋ ਗਈਆਂ ਹੋਣ ... ਸ਼ੁਕਰਾਨੇ ਦੇ ਸ਼ਬਦਾਂ ਨਾਲ ਕੰਨ ਜ਼ੁਬਾਨ ਸਭ ਪਵਿਤਰ ਹੋ ਗਿਆ ਹੋਵੇ। ਦਿਮਾਗ਼ ਨਿਮਰਤਾ ਅਤੇ ਚੰਗੇ ਵਿਚਾਰਾਂ ਦੀ ਆਮਦ ਨਾਲ ਧੋਣਾ ਸ਼ੁਰੂ ਹੋ ਗਿਆ ਹੋਵੇ। 

ਮੈਂ ਬਹੁਤ ਸਹਿਜ ਵਿੱਚ ਉਠਿਆ ਤੇ ਕਿਸੇ ਨਵੀਂ ਮੰਜ਼ਿਲ ਨੂੰ ਪਾਉਣ ਲਈ ਤੁਰ ਪਿਆ ਅਤੇ ਮੇਰੇ ਸਿਰ ਤੇ ਰਖਿਆ ਹਉਮੈ ਦਾ ਤਾਜ ਪਿੱਛੇ ਜ਼ਮੀਨ ਤੇ ਡਿਗਿਆ ਹੌਲੀ ਹੌਲੀ ਹਿਲ ਰਿਹਾ ਸੀ।