ਅਮਰੀਕਾ ਵਿਚ ਇਸਰਾਈਲ ਪਖੀ ਰੈਲੀ ਦੌਰਾਨ ਚੱਲੀ ਗੋਲੀ, ਇਕ ਜ਼ਖਮੀ ਤੇ ਇਕ ਗ੍ਰਿਫਤਾਰ
ਮੇਅਰ ਵੱਲੋਂ ਸ਼ਾਤੀ ਬਣਾਈ ਰੱਖਣ ਦੀ ਅਪੀਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਾਸਾਚੂਸੈਟਸ ਰਾਜ ਵਿਚ ਨਿਊਟੋਨ ਵਿਖੇ ਇਕ ਇਸਰਾਈਲ ਪਖੀ ਰੈਲੀ ਦੌਰਾਨ ਗੋਲੀ ਚੱਲ ਜਾਣ ਦੀ ਖਬਰ ਹੈ ਜਿਸ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਮਾਮਲੇ ਵਿਚ ਇਕ ਪ੍ਰਦਰਸ਼ਨਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਡਲਸੈਕਸ ਡਿਸਟ੍ਰਿਕਟ ਅਟਾਰਨੀ ਮਾਰੀਅਨ ਰੀਆਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਰੈਲੀ ਵਿਚ ਝਗੜਾ ਉਸ ਸਮੇ ਸ਼ੁਰੂ ਹੋਇਆ ਜਦੋਂ ਪ੍ਰਦਰਸ਼ਨਕਾਰੀਆਂ ਉਪਰ ਇਕ ਵਿਅਕਤੀ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਰੈਲੀ ਵਿਚ ਸ਼ਾਮਿਲ ਲੋਕਾਂ ਨੇ ਵੀ ਟਿੱਪਣੀਆਂ ਦਾ ਮੋੜਵਾਂ ਜਵਾਬ ਦਿੱਤਾ। ਉਸ ਵਿਅਕਤੀ ਨੇ ਸੜਕ ਪਾਰ ਕਰਕੇ ਰੈਲੀ ਵਿਚ ਸ਼ਾਮਿਲ ਇਕ ਪ੍ਰਦਰਸ਼ਨਕਾਰੀ 'ਤੇ ਹਮਲਾ ਕਰ ਦਿੱਤਾ। ਹੱਥੋਪਾਈ ਦੌਰਾਨ ਰੈਲੀ ਵਿਚ ਸ਼ਾਮਿਲ ਇਕ ਪ੍ਰਦਰਸ਼ਨਕਾਰੀ ਨੇ ਉਸ ਵਿਅਕਤੀ ਉਪਰ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ। ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਜ਼ਖਮੀ ਹੋਏ ਵਿਅਕਤੀ ਦੀ ਉਮਰ 31 ਸਾਲ ਹੈ ਤੇ ਉਸ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿੱਰ ਹੈ।
ਜਾਂਚਕਾਰਾਂ ਅਨੁਸਾਰ ਗੋਲੀ ਚਲਾਉਣ ਵਾਲੇ ਪ੍ਰਦਰਸ਼ਨਕਾਰੀ ਦੀ ਪਛਾਣ ਸਕਾਟ ਹੇਅਜ (41) ਵਜੋਂ ਹੋਈ ਹੈ ਜੋ ਫਰਾਮਿੰਘਮ ਦਾ ਰਹਿਣਾ ਵਾਲਾ ਹੈ। ਪ੍ਰਾਸੀਕਿਊਟਰ ਦੇ ਦਫਤਰ ਅਨੁਸਾਰ ਹੇਅਜ ਨੇ ਆਪਣੀ ਗੰਨ ਤੋਂ ਗੋਲੀ ਚਲਾਈ ਹੈ ਜਿਸ ਗੰਨ ਦਾ ਉਹ ਕਾਨੂੰਨੀ ਤੌਰ 'ਤੇ ਮਾਲਕ ਹੈ। ਹੇਅਜ ਨੂੰ ਗਿਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਖਤਰਨਾਕ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਉਸ ਦਾ ਗੰਨ ਲਾਇਸੰਸ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਉਸ ਨੇ ਅਦਾਲਤ ਵਿਚ ਅਪੀਲ ਦਾਇਰ ਕੀਤੀ ਹੈ ਕਿ ਉਹ ਦੋਸ਼ੀ ਨਹੀਂ ਹੈ। ਨਿਊਟੋਨ ਪੁਲਿਸ ਮੁੱਖੀ ਜਾਰਜ ਮੈਕਮੇਨਸ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਘਟਨਾ ਸਬੰਧੀ ਵੀਡੀਓ ਜਾਂ ਹੋਰ ਜਾਣਕਾਰੀ ਦੇਣ ਤਾਂ ਜੋ ਜਾਂਚਕਾਰ ਗੋਲੀ ਚੱਲਣ ਦੇ ਅਸਲ ਕਾਰਨ ਦਾ ਪਤਾ ਲਾ ਸਕਣ। ਮੇਅਰ ਰੂਥਾਨੇ ਫੂਲਰ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਸ਼ਾਂਤੀ ਬਣਾਈ ਰਖਣ।
Comments (0)