ਰੋਹਿੰਗਿਆਂ ਕਤਲੇਆਮ ਮਾਮਲੇ 'ਚ ਗਵਾਹ ਬਣੇ ਮਿਆਂਮਾਰ ਦੇ ਫੌਜੀ

ਰੋਹਿੰਗਿਆਂ ਕਤਲੇਆਮ ਮਾਮਲੇ 'ਚ ਗਵਾਹ ਬਣੇ ਮਿਆਂਮਾਰ ਦੇ ਫੌਜੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਮਿਆਂਮਾਰ ਫੌਜ ਤੋਂ ਭਗੌੜੇ ਹੋਏ ਦੋ ਫੌਜੀਆਂ ਨੇ ਵੀਡੀਓ ਬਿਆਨ ਰਾਹੀਂ ਗਵਾਹੀ ਦਿੱਤੀ ਹੈ ਕਿ ਉਹਨਾਂ ਨੂੰ ਰੋਹਿੰਗਿਆ ਮੁਸਲਿਮ ਲੋਕਾਂ ਨੂੰ ਕਤਲ ਕਰਨ ਅਤੇ ਔਰਤਾਂ ਨਾਲ ਬਲਾਤਕਾਰ ਕਰਨ ਦੇ ਹੁਕਮ ਦਿੱਤੇ ਗਏ ਸਨ।

ਜ਼ਿਕਰਯੋਗ ਹੈ ਕਿ ਮਿਆਂਮਾਰ ਦੀ ਫੌਜ 'ਤੇ ਸਰਕਾਰੀ ਹੁਕਮਾਂ ਨਾਲ ਰੋਹਿੰਗਿਆ ਮੁਸਲਮਾਨਾਂ ਦਾ ਕਤਲੇਆਮ ਕਰਨ ਦੇ ਦੋਸ਼ ਹਨ ਅਤੇ ਇਸ ਸਬੰਧੀ ਕੌਮਾਂਰਤੀ ਅਪਰਾਧਿਕ ਅਦਾਲਤ (ਇੰਟਰਨੈਸ਼ਨਲ ਕ੍ਰਿਮਿਨਲ ਕੋਰਟ) ਵਿਚ ਕੇਸ ਚੱਲ ਰਿਹਾ ਹੈ। ਮਿਆਂਮਾਰ ਦੀ ਬੋਧੀ ਬਹੁਗਿਣਤੀ ਵਾਲੀ ਸਰਕਾਰ ਅਧੀਨ 2017 ਵਿਚ ਰੋਹਿੰਗਿਆ ਮੁਸਲਮਾਨਾਂ ਦਾ ਵੱਡਾ ਕਤਲੇਆਮ ਹੋਇਆ ਸੀ।

ਇਸ ਕਤਲੇਆਮ ਕਾਰਨ 70,000 ਤੋਂ ਵੱਧ ਰੋਹਿੰਗਿਆ ਮੁਸਲਮਾਨ ਸਰਹੱਦ ਟੱਪ ਕੇ ਬੰਗਲਾਦੇਸ਼ ਪਹੁੰਚੇ। ਮਿਆਂਮਾਰ ਸਰਕਾਰ ਇਹਨਾਂ ਕਤਲੇਆਮ ਦੇ ਦੋਸ਼ਾਂ ਤੋਂ ਮੁੱਕਰਦੀ ਹੈ।

ਇਹਨਾਂ ਭਗੌੜੇ ਹੋਏ ਫੌਜੀਆਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਆਈਸੀਸੀ ਦੇ ਨੀਦਰਲੈਂਡ ਸਥਿਤ ਦਫਤਰ ਪਹੁੰਚ ਗਏ ਹਨ। ਇਹਨਾਂ ਫੌਜੀਆਂ ਨੇ ਕਿਹਾ ਕਿ ਉਹਨਾਂ ਦੇ ਕਮਾਂਡਰ ਵੱਲੋਂ ਹੁਕਮ ਸੀ ਕਿ ਮੁਸਲਿਮ ਪਿੰਡਾਂ ਵਿਚ ਜੋ ਵੀ ਬੰਦਾ ਦਿਖੇ ਉਸਨੂੰ ਗੋਲੀ ਮਾਰ ਦਿੱਤੀ ਜਾਵੇ।

ਰਿਪੋਰਟਾਂ ਮੁਤਾਬਕ ਇਹਨਾਂ ਫੌਜੀਆਂ ਨੂੰ ਮਿਆਂਮਾਰ ਫੌਜ ਖਿਲਾਫ ਲੜਾਈ ਲੜ ਰਹੇ ਅਰਾਕਾਨ ਆਰਮੀ ਗਰੁੱਪ ਨੇ ਫੜ੍ਹ ਲਿਆ ਸੀ ਜਿੱਥੇ ਇਹਨਾਂ ਨੇ ਇਹ ਗਵਾਹੀ ਦਿੱਤੀ ਅਤੇ ਬਾਅਦ ਵਿਚ ਇਹਨਾਂ ਨੂੰ ਨੀਦਰਲੈਂਡ ਪਹੁੰਚਾਇਆ ਗਿਆ, ਜਿੱਥੇ ਹੁਣ ਇਹ ਮੁਕੱਦਮੇ ਵਿਚ ਗਵਾਹ ਵਜੋਂ ਪੇਸ਼ ਹੋਣਗੇ।

ਪਰ ਆਈਸੀਸੀ ਦੇ ਬੁਲਾਰੇ ਨੇ ਕਿਹਾ ਕਿ ਇਹ ਲੋਕ ਉਹਨਾਂ ਦੀ ਹਿਰਾਸਤ ਵਿਚ ਨਹੀਂ ਹਨ।