ਭਾਜਪਾ ਨੇ ਤਨਮਨਜੀਤ ਸਿੰਘ ਢੇਸੀ ਵਿਰੁੱਧ ਵਿੱਢੀ ਫਿਰਕੂ ਮੁਹਿੰਮ
*ਢੇਸੀ ਸਬੰਧੀ ‘ਆਪ’ ਅਤੇ ਭਾਜਪਾ ਵਿਚਾਲੇ ਛਿੜਿਆ ਟਵਿੱਟਰ ‘ਯੁੱਧ’
*ਆਪ’ ਨੇ ਭਾਜਪਾ ਆਗੂਆਂ ਦੀਆਂ ਢੇਸੀ ਨਾਲ ਤਸਵੀਰਾਂ ਕੀਤੀਆਂ ਜਾਰੀ
*ਪਰਵਾਸੀ ਪੰਜਾਬੀਆਂ ਦੇ ਮਸਲਿਆਂ ਸਬੰਧੀ ਮੁੱਖ ਮੰਤਰੀ ਨਾਲ ਕੀਤੀ ਚਰਚਾ: ਢੇਸੀ
ਅੰਮ੍ਰਿਤਸਰ ਟਾਈਮਜ਼
ਜਲੰਧਰ:ਯੂਕੇ ਦੀ ਸੰਸਦ ਵਿੱਚ ਮਨੁੱਖੀ ਅਧਿਕਾਰਾਂ, ਕਸ਼ਮੀਰ ਕਿਸਾਨ ਅੰਦੋਲਨ ਅਤੇ 1984 ਨਾਲ ਸਬੰਧਿਤ ਮੁੱਦੇ ਚੁੱਕਣ ਵਾਲੇ ਸਲੋਹ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਬੈਠਕ ਉੱਪਰ ਭਾਜਪਾ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਢੇਸੀ ਨੇ 15 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ ਨਿਵਾਸ ਵਿਖੇ ਇੱਕ ਬੈਠਕ ਕੀਤੀ ਸੀ।
ਇਸ ਬੈਠਕ ਤੋਂ ਬਾਅਦ ਢੇਸੀ ਨੇ ਆਖਿਆ ਕਿ ਇਸ ਬੈਠਕ ਵਿੱਚ ਅੰਮ੍ਰਿਤਸਰ ਅਤੇ ਚੰਡੀਗੜ ਤੋਂ ਲੰਡਨ, ਬਰਮਿੰਘਮ ਤੇ ਹੋਰ ਸ਼ਹਿਰਾਂ ਨੂੰ ਸਿੱਧੀਆਂ ਉਡਾਣਾਂ ਬਾਰੇ ਬੈਠਕ ਵਿੱਚ ਚਰਚਾ ਕੀਤੀ ਗਈ।ਇਸ ਤੋਂ ਇਲਾਵਾ ਕਾਲੀ ਸੂਚੀ ਵਿੱਚ ਪੰਜਾਬੀਆਂ ਦੇ ਨਾਮ ਬਾਰੇ, ਐਨਆਰਆਈ ਵਸਨੀਕਾਂ ਦੇ ਜ਼ਮੀਨੀ ਵਿਵਾਦਾਂ, ਸੈਰ ਸਪਾਟੇ ਅਤੇ ਹੋਰ ਕਈ ਮੁੱਦਿਆਂ ਉਪਰ ਚਰਚਾ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ।ਕਿਸਾਨੀ ਅੰਦੋਲਨ ਦੇ ਮਾਮਲੇ ਨੂੰ ਕੌਮਾਂਤਰੀ ਪੱਧਰ ’ਤੇ ਉਠਾਉਣ ਵਾਲੇ ਇੰਗਲੈਂਡ ਦੇ ਐੱਮਪੀ ਭਾਜਪਾ ਨੇ ਢੇਸੀ ਵਿਰੁੱਧ ਨਫਰਤੀ ਪ੍ਰਚਾਰ ਮੁਹਿੰਮ ਵਿੱਢਦਿਆਂ ਉਸ ਨੂੰ ਖਾਲਸਤਾਨ ਪੱਖੀ ਦੱਸਿਆ ਜਾ ਰਿਹਾ ਹੈ। ਭਾਜਪਾ ਦੇ ਸੂਬਾਈ ਆਗੂ ਸੁਭਾਸ਼ ਸ਼ਰਮਾ ਢੇਸੀ ਵਿਰੁੱਧ ਪਹਿਲਾਂ ਹੀ ਬਿਆਨਬਾਜ਼ੀ ਕਰ ਚੁੱਕੇ ਹਨ। ਬੀਤੇ ਦਿਨੀਂ ਭਾਜਪਾ ਵਲੋਂ ਤਨਮਨਜੀਤ ਸਿੰਘ ਢੇਸੀ ਦਾ ਓਸੀਆਈ ਕਾਰਡ ਰੱਦ ਕਰਨ ਤੇ ਵੀਜ਼ਾਂ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਉਣ ਵਾਲਾ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਨੂੰ ਦਿੱਤਾ ਗਿਆ ਹੈ। ਅਜਿਹੀ ਹੀ ਇੱਕ ਸ਼ਿਕਾਇਤ ਇੰਟਰਨੈਸ਼ਨਲ ਐਂਟੀ ਖਾਲਸਤਾਨੀ ਅਤਿਵਾਦੀ ਫਰੰਟ ਵੱਲੋਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਢੇਸੀ ਨੇ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਸੀ। ਇਸ ਸਬੰਧੀ ਢੇਸੀ ਨੇ ਸੌ ਤੋਂ ਵੱਧ ਐੱਮਪੀਜ਼ ਦੇ ਦਸਤਖ਼ਤਾਂ ਵਾਲਾ ਮੰਗ ਪੱਤਰ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਸੌਂਪਦਿਆਂ ਅਪੀਲ ਕੀਤੀ ਸੀ ਕਿ ਜਦੋਂ ਵੀ ਉਹ ਭਾਰਤ ਜਾਣ ਤਾਂ ਮੋਦੀ ਕੋਲ ਕਿਸਾਨਾਂ ਦੀਆਂ ਮੰਗਾਂ ਦਾ ਮੁੱਦਾ ਚੁੱਕਣ।
ਭਾਜਪਾ ਪਖੀ ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ ਜਿਹੜੀ ਸ਼ਿਕਾਇਤ ਜਲੰਧਰ ਦੇ ਡੀਸੀ ਨੂੰ ਦਿੱਤੀ ਹੈ ਉਸ ਵਿੱਚ 15 ਅਪਰੈਲ ਨੂੰ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਤੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨ ਵੱਲੋਂ ਫਗਵਾੜਾ ਵਿੱਚ ਕਰਵਾਈ ਜਾਣ ਵਾਲੀ ਕੌਮਾਂਤਰੀ ਸਿੱਖ ਯੂਥ ਕਾਨਫਰੰਸ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਤਨਮਨਜੀਤ ਸਿੰਘ ਸਮੇਤ ਹੋਰ ਸਿੱਖ ਸਖਸ਼ੀਅਤਾਂ ਨੂੰ ਸਦਾ ਦਿਤਾ ਗਿਆ ਸੀ। ਇਸ ਸਬੰਧੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਹੈ ਕਿ ਉਹ ਹਮੇਸ਼ਾਂ ਹੀ ਕਿਸਾਨਾਂ ਦੇ ਹੱਕ ਵਿੱਚ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਆਏ ਹਨ, ਜਿਸ ਕਾਰਨ ਹੀ ਅੱਜ ਉਨ੍ਹਾਂ ਖ਼ਿਲਾਫ਼ ਫਿਰਕੂਆਂ ਵਲੋਂ ਇਹ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਬਿਆਨ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਉਨ੍ਹਾਂ ਲੰਡਨ ਵਿੱਚ 2020 ਦੀ ਰੈਲੀ ਵਿੱਚ ਭਾਰਤ ਵਿਰੋਧੀ ਭਾਸ਼ਨ ਦਿੱਤਾ ਸੀ, ਜਦਕਿ ਉਹ ਕਦੇ ਵੀ ਅਜਿਹੀ ਕਿਸੇ ਰੈਲੀ ਵਿੱਚ ਸ਼ਾਮਲ ਨਹੀਂ ਹੋਏ ਸਨ।
ਭਾਜਪਾ ਤੇ ਆਪ ਵਿਚਾਲੇ ਯੁਧ
ਇੰਗਲੈਂਡ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਸਬੰਧੀ ਭਾਜਪਾ ਅਤੇ ਆਪ ਪਾਰਟੀ ਵਿਚਾਲੇ ਟਵਿੱਟਰ ‘ਯੁੱਧ’ ਛਿੜ ਗਿਆ ਹੈ। ਭਾਜਪਾ ਦੇ ਆਗੂਆਂ ਵੱਲੋਂ ਢੇਸੀ ਨੂੰ ਖਾਲਿਸਤਾਨ ਪੱਖੀ ਦੱਸਣ ਲਈ ਜ਼ੋਰ ਲਾਇਆ ਜਾ ਰਿਹਾ ਹੈ। ਭਾਜਪਾ ਆਗੂ ਢੇਸੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੀਤੇ ਦਿਨੀਂ ਹੋਈ ਮੀਟਿੰਗ ਨੂੰ ਵੀ ਸੋੋਸ਼ਲ ਮੀਡੀਆ ’ਤੇ ਉਛਾਲ ਰਹੇ ਹਨ। ਭਾਜਪਾ ਆਗੂ ਆਲੋਚਨਾ ਕਰ ਰਹੇ ਹਨ ਕਿ ਮੁੱਖ ਮੰਤਰੀ ਵੱਖਵਾਦੀ ਤੇ ਭਾਰਤ ਵਿਰੋਧੀ ਵਿਚਾਰਧਾਰਾ ਵਾਲੇ ਆਗੂ ਢੇਸੀ ਨਾਲ ਮੀਟਿੰਗ ਕਰ ਰਹੇ ਹਨ।ਆਪ ਪਾਰਟੀ ਦੇ ਬੁਲਾਰੇ ਨੀਲ ਗਰਗ, ਮਲਵਿੰਦਰ ਸਿੰਘ ਕੰਗ ਤੇ ਅੰਮ੍ਰਿਤਸਰ ਤੋਂ ਵਿਧਾਇਕ ਜੀਵਨਜੋਤ ਕੌਰ ਨੇ ਭਾਜਪਾ ’ਤੇ ਪਲਟ ਵਾਰ ਕਰਦਿਆਂ ਦੋ ਕੇਂਦਰੀ ਮੰਤਰੀਆਂ ਹਰਦੀਪ ਸਿੰਘ ਪੁਰੀ , ਸੋਮ ਪ੍ਰਕਾਸ਼ ਤੇ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਵਿਜੈ ਸਾਂਪਲਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਕਿ ਢੇਸੀ ਦੇ ਮਾਮਲੇ ਵਿਚ ਭਾਜਪਾ ਦੋਹਰੇ ਮਾਪਦੰਡ ਅਪਣਾ ਰਹੀ ਹੈ। ਇਕ ਪਾਸੇ ਢੇਸੀ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਉਸ ਨੂੰ ਖਾਲਿਸਤਾਨ ਪੱਖੀ ਦੱਸ ਕੇ ਬਦਨਾਮ ਕੀਤਾ ਜਾ ਰਿਹਾ ਹੈ। ਆਪ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਆਖਿਆ,"ਭਾਜਪਾ ਨੂੰ ਤਨਮਨਜੀਤ ਸਿੰਘ ਢੇਸੀ ਨਾਲ ਨਹੀਂ ਸਗੋਂ ਆਪ ਪਾਰਟੀ ਦੀ ਪੰਜਾਬ ਵਿੱਚ ਜਿੱਤ ਨਾਲ ਪ੍ਰੇਸ਼ਾਨੀ ਹੈ। ਜੇਕਰ ਢੇਸੀ ਦੇਸ਼ ਵਿਰੋਧੀ ਗੱਲਾਂ ਕਰਦੇ ਹਨ ਤਾਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਹੀ ਕਿਉਂ ਦਿੱਤਾ ਗਿਆ।ਦੂਸਰੇ ਪਾਸੇ ਹਰਦੀਪ ਸਿੰਘ ਪੁਰੀ ਨੇ ਆਖਿਆ ਸੀ ਕਿ ਜੇਕਰ ਉਨ੍ਹਾਂ ਨੂੰ ਕਸ਼ਮੀਰ ਅਤੇ ਧਾਰਾ 370 ਬਾਰੇ ਢੇਸੀ ਦੇ ਵਿਚਾਰ ਪਤਾ ਹੁੰਦੇ ਇਹ ਤਾਂ ਉਨ੍ਹਾਂ ਨੇ ਇਹ ਬੈਠਕ ਕਰਨੀ ਹੀ ਨਹੀਂ ਸੀ।
ਢੇਸੀ ਵਿਰੁੱਧ ਨਫ਼ਰਤੀ ਮੁਹਿੰਮ ਨਾ ਰੋਕੀ ਤਾਂ ਗੰਭੀਰ ਨਤੀਜੇ ਨਿਕਲਣਗੇ- ਕਿਸਾਨ ਜਥੇਬੰਦੀਆਂ
ਇੰਗਲੈਂਡ ਦੇ ਐਮ.ਪੀ. ਤਨਮਨਜੀਤ ਸਿੰਘ ਢੇਸੀ ਵਿਰੁੱਧ ਭਾਜਪਾ ਵਲੋਂ ਵਿੱਢੀ ਨਫ਼ਰਤ ਪ੍ਰਚਾਰ ਮੁਹਿੰਮ ਵਿਰੁੱਧ ਕਿਸਾਨ ਜਥੇਬੰਦੀਆਂ ਡਟ ਗਈਆਂ ਹਨ । ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਭਾਜਪਾ ਸਾਰੇ ਦੇਸ਼ ਵਿਚ ਨਫ਼ਰਤ ਪ੍ਰਚਾਰ ਕਰਕੇ ਆਪਣੀਆਂ ਰਾਜਸੀ ਰੋਟੀਆਂ ਸੇਕਣ ਦਾ ਕੋਝਾ ਯਤਨ ਕਰ ਰਹੀ ਹੈ । ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਭਾਜਪਾ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਡਟਣ ਵਾਲੇ ਕੌਮਾਂਤਰੀ ਸਿੱਖ ਆਗੂ ਤਨਮਨਜੀਤ ਸਿੰਘ ਢੇਸੀ ਵਿਰੁੱਧ ਚਲਾਈ ਨਫ਼ਰਤ ਮੁਹਿੰਮ ਨਾ ਰੋਕੀ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ ।ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਵਾਈਸ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਅਤੇ ਬੀ.ਕੇ.ਯੂ. (ਏਕਤਾ) ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਸ਼ਿਆਣਾ ਨੇ ਕਿਹਾ ਕਿ ਤਨਮਨਜੀਤ ਸਿੰਘ ਢੇਸੀ ਨੇ ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਵੱਲੋਂ ਜਿਸ ਢੰਗ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਸੀ, ਉਸ ਮੁੱਦੇ ਨੂੰ ਗੰਭੀਰਤਾ ਨਾਲ ਕੌਮਾਂਤਰੀ ਮੰਚ 'ਤੇ ਉਠਾਇਆ ਸੀ । ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਢੇਸੀ ਦਾ ਕਿਸਾਨ ਜਥੇਬੰਦੀਆਂ ਨੇ ਇਸ ਕਰਕੇ ਸਨਮਾਨ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਪੱਖ ਦੀ ਗੱਲ ਕਰਨ ਲਈ 100 ਐਮ.ਪੀਜ਼ ਦੇ ਦਸਤਖਤਾਂ ਵਾਲਾ ਮੰਗ ਪੱਤਰ ਦਿੱਤਾ ਸੀ । ਕਿਸਾਨ ਆਗੂਆਂ ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਇਹ ਪਾਰਟੀ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਇਸ ਕਰਕੇ ਨਿਸ਼ਾਨਾ ਬਣਾ ਹੀ ਹੈ ਕਿਉਂਕਿ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ ।
Comments (0)