ਸ਼੍ਰੋਮਣੀ ਕਮੇਟੀ ਪ੍ਰਧਾਨਗੀ ਦੇ ਮਾਮਲੇ ਵਿਚ  ਬੀਬੀ ਜਾਗੀਰ ਕੌਰ ਬਾਦਲਕਿਆਂ ਨਾਲ ਟਕਰਾਅ ਦੇ ਰਾਹ 

ਸ਼੍ਰੋਮਣੀ ਕਮੇਟੀ ਪ੍ਰਧਾਨਗੀ ਦੇ ਮਾਮਲੇ ਵਿਚ  ਬੀਬੀ ਜਾਗੀਰ ਕੌਰ ਬਾਦਲਕਿਆਂ ਨਾਲ ਟਕਰਾਅ ਦੇ ਰਾਹ 

*ਸ਼੍ਰੋਮਣੀ ਕਮੇਟੀ ਦਾ ਇਜਲਾਸ ਅੱਗੇ ਪਾਉਣ ਸਬੰਧੀ ਜਗੀਰ ਕੌਰ ਦੀ ਅਪੀਲ ਰੱਦ

*ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਜਲਾਸ 9 ਨੂੰ ਨਵੰਬਰ ਹੀ ਕਰਨ ਦਾ ਐਲਾਨ    

*ਅਕਾਲੀ ਦਲ ’ਵਿਚ ਬਗ਼ਾਵਤ ਕਾਰਨ ਕਾਹਲੀ ’ਵਿਚ ਸੱਦਿਆ ਇਜਲਾਸ : ਦਾਦੂ

 * ਢੀਂਡਸਾ ਗਰੁਪ ਬੀਬੀ ਜਾਗੀਰ ਕੌਰ ਦੇ ਹਕ ਵਿਚ 

ਅੰਮ੍ਰਿਤਸਰ ਟਾਈਮਜ਼               

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 9 ਨਵੰਬਰ ਨੂੰ ਰੱਖੇ ਗਏ ਜਨਰਲ ਇਜਲਾਸ ਵਿੱਚ ਚੁਣੇ ਜਾਣ ਵਾਲੇ ਪ੍ਰਧਾਨ ਲਈ ਜੋਡ਼-ਤੋਡ਼ ਦੀ ਰਾਜਨੀਤੀ ਜ਼ੋਰਾਂ ’ਤੇ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ ਦੇ 9 ਨਵੰਬਰ ਨੂੰ ਹੋਣ ਜਾ ਰਹੇ ਸਾਲਾਨਾ ਚੋਣ ਇਜਲਾਸ ਨੂੰ ਲੈ ਕੇ ਦਿਲਚਸਪ ਸਿਆਸੀ ਸਥਿਤੀ ਬਣਦੀ ਜਾ ਰਹੀ ਹੈ।ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਰੰਗ-ਢੰਗ ਪਿਛਲੇ ਕਈ ਸਾਲਾਂ ਤੋਂ ਕੁਝ ਵੱਖਰਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਹੁਣ ਤੱਕ ਪ੍ਰਾਪਤ ਸੂਚਨਾਵਾਂ ਅਨੁਸਾਰ ਇਸ ਵਾਰ ਦੀ ਚੋਣ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਧਿਕਾਰਿਤ ਤੌਰ 'ਤੇ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰ ਅਤੇ ਅਕਾਲੀ ਦਲ ਦੀ ਹੀ ਨੇਤਾ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਰਮਿਆਨ ਹੋ ਸਕਦਾ ਹੈ।  ਜਾਣਕਾਰੀ ਅਨੁਸਾਰ  ਬੀਬੀ ਜਗੀਰ ਕੌਰ  ਇਕ ਮਹੀਨੇ ਤੋਂ ਆਪਣੇ ਤੌਰ 'ਤੇ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕਰ ਰਹੇ ਹਨ।  ਇਸ ਦਰਮਿਆਨ ਬੀਤੇ ਦਿਨ ਬੀਬੀ ਜਗੀਰ ਕੌਰ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਦੀ ਵੀ ਸੂਚਨਾ ਹੈ।  ਇਸ ਮੀਟਿੰਗ ਵਿਚ ਬੀਬੀ ਨੇ ਪ੍ਰਧਾਨ ਸੁਖਬੀਰ ਸਿੰਖ ਬਾਦਲ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਜਮਹੂਰੀਅਤ ਅੰਦਰ ਰਹਿ ਕੇ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਦੀ ਚੋਣ ਲੜਨ ਦਾ ਅਧਿਕਾਰ ਰੱਖਦੇ ਹਨ। ਬੀਬੀ ਜਗੀਰ ਕੌਰ ਵਲੋਂ ਸ਼੍ਰੋਮਣੀ ਕਮੇਟੀ ਦਾ ਚੋਣ ਇਜਲਾਸ ਅੱਗੇ ਪਾਉਣ ਦੀ ਮੰਗ ਨੂੰ ਵੀ ਉਨ੍ਹਾਂ ਦੇ ਪ੍ਰਧਾਨਗੀ ਚੋਣ ਲੜਨ ਦੀ ਰਣਨੀਤੀ ਤਹਿਤ ਵੇਖਿਆ ਜਾ ਰਿਹਾ ਹੈ।   

 ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਵੀ ਆਪਣੀ ਪਾਰਟੀ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਰਾਏ ਲੈ ਰਹੇ ਹਨ।ਸੁਖਬੀਰ ਬਾਦਲ ਲਗਾਤਾਰ ਮੈਂਬਰਾਂ ਨਾਲ ਰਾਬਤਾ ਕਰਦੇ ਹੋਏ ਮਾਲਵੇ ਤੋਂ ਇਲਾਵਾ ਸ੍ਰੀ ਫਤਹਿਗਡ਼੍ਹ ਸਾਹਿਬ, ਪਟਿਆਲਾ, ਲੁਧਿਆਣਾ, ਰੋਪਡ਼, ਮੁਹਾਲੀ ਆਦਿ ਜ਼ਿਲ੍ਹਿਆਂ ਦੇ ਮੈਂਬਰਾਂ ਦੀ ਰਾਇ ਲੈ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਬਾਕੀ ਜ਼ਿਲ੍ਹਿਆਂ ਦੇ ਸਬੰਧਤ ਮੈਂਬਰਾਂ ਦੀ ਵੀ ਰਾਇ ਲੈਣਗੇ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਬਣਾਉਣ ਦੇ ਲਈ ਸੂਚੀ ਤਿਆਰ ਕਰਨਗੇ। ਕਿਹਾ ਜਾਂਦਾ ਹੈ ਕਿ ਬਹੁਤੇ ਮੈਂਬਰਾਂ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਪਾਰਟੀ ਦੇ ਫ਼ੈਸਲੇ ਨਾਲ ਹੀ ਖੜ੍ਹਨਗੇ। ਇਸ ਦਰਮਿਆਨ ਅਜਿਹੇ ਸੰਕੇਤ ਵੀ ਮਿਲੇ ਹਨ ਕਿ ਅਕਾਲੀ ਦਲ ਦੀ ਹਾਈਕਮਾਂਡ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੀ ਇਕ ਵਾਰ ਫਿਰ ਪ੍ਰਧਾਨ ਬਣਾਉਣ ਦਾ ਫ਼ੈਸਲਾ ਲੈ ਚੁੱਕੇ ਹਨ, ਕਿਉਂਕਿ ਇਕ ਤਾਂ ਧਾਮੀ ਇਸ ਮੁਸ਼ਕਲ ਦੀ ਘੜੀ ਵਿਚ ਵੀ ਪਾਰਟੀ ਅਤੇ ਪ੍ਰਧਾਨ ਦੇ ਵਫ਼ਾਦਾਰ ਰਹੇ ਹਨ, ਦੂਸਰਾ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਕੰਮ ਵਿਚ ਸੁਧਾਰ ਲਿਆਉਣ ਲਈ ਕਾਫ਼ੀ ਮਿਹਨਤ ਵੀ ਕੀਤੀ ਹੈ ਤੇ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਆਦਿ ਦੇ ਇਲਜ਼ਾਮ ਵੀ ਨਹੀਂ ਲੱਗੇ।ਉਨ੍ਹਾਂ ਦੀ ਇਸ ਤਿਆਰੀ ਨੂੰ ਵੇਖਦੇ ਹੋਏ ਹੀ ਅਕਾਲੀ ਹਾਈ ਕਮਾਂਡ ਨੇ ਇਸ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ 9 ਨਵੰਬਰ  ਵਿਚ ਹੀ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ। ਨਹੀਂ ਤਾਂ ਆਮ ਤੌਰ 'ਤੇ ਇਹ ਚੋਣ ਨਵੰਬਰ ਦੇ ਅਖ਼ੀਰ ਵਿਚ ਹੀ ਹੁੰਦੀ ਹੈ। ਇਸ ਦਰਮਿਆਨ ਬੀਬੀ ਜਗੀਰ ਕੌਰ ਨੇ ਪ੍ਰਧਾਨ ਦੀ ਚੋਣ 15 ਦਿਨਾਂ ਲਈ ਅੱਗੇ ਪਾਉਣ ਦੀ ਮੰਗ ਕਰਕੇ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਹ ਇਸ ਵਾਰ ਚੋਣ ਲੜਨ ਲਈ ਗੰਭੀਰ ਹਨ।ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ’ਵਿਚ ਵੀ ਕਈ ਮੈਂਬਰ ਜਾ ਰਹੇ ਹਨ, ਜਿਨ੍ਹਾਂ ਦੀ ਵਾਪਸੀ 15 ਨਵੰਬਰ ਨੂੰ ਹੈ। ਉਨ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਜਨਰਲ ਇਜਲਾਸ ਦੀ ਤਰੀਕ ਅੱਗੇ ਪਾ ਦੇਣੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਮੈਂਬਰ ਇਸ ’ਵਿਚ ਸ਼ਮੂਲੀਅਤ ਕਰ ਸਕਣ।  ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ ਨੇ 8 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਚੋਣ ਇਜਲਾਸ ਨੂੰ 10 ਦਿਨ ਅੱਗੇ ਪਾਉਣ ਲਈ  ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੰਗ ਪੱਤਰ ਦਿੱਤਾ ਸੀ, ਜਿਸ ਨੂੰ ਸਕੱਤਰੇਤ ਨੇ ਆਪਣੀ ਨਿਯਮਾਂਵਲੀ ਅਨੁਸਾਰ ਸ਼੍ਰੋਮਣੀ ਕਮੇਟੀ ਦਫਤਰ ਵੱਲ ਭੇਜ ਦਿੱਤਾ ਹੈ।  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਤੋਂ ਪਤਾ ਲੱਗਾ ਹੈ ਕਿ ਜਥੇਦਾਰ  ਅਕਾਲ ਤਖਤ ਸਾਹਿਬ ਵਲੋਂ ਚੋਣ ਇਜਲਾਸ ਅੱਗੇ ਪਾਉਣ ਸੰਬੰਧੀ ਸ਼੍ਰੋਮਣੀ ਕਮੇਟੀ ਨੂੰ ਕੋਈ ਲਿਖਤੀ ਜਾਂ ਜੁਬਾਨੀ ਆਦੇਸ਼ ਨਹੀਂ ਦਿੱਤਾ ਗਿਆ।    

ਇਸ ਸਬੰਧੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਨਰਲ ਇਜਲਾਸ ਦੀ ਤਰੀਕ 9 ਨਵੰਬਰ ਨਿਸ਼ਚਿਤ ਕੀਤੀ ਜਾ ਚੁੱਕੀ ਹੈ ਤੇ ਹੁਣ ਇਸ ਨੂੰ ਅਗਾਂਹ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਨਰਲ ਹਾਊਸ ਸਿੱਖ ਗੁਰਦੁਆਰਾ ਐਕਟ ਮੁਤਾਬਕ 21 ਦਿਨਾਂ ਦੇ ਵਕਫ਼ੇ ਬਾਅਦ ਸੱਦਿਆ ਗਿਆ ਹੈ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸੂਚਨਾ ਵੀ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਨਰਲ ਇਜਲਾਸ ਦੀ ਮਿਤੀ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਵਿਦੇਸ਼ ਵਿੱਚ ਹਨ, ਉਨ੍ਹਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਸਾਰੇ ਮੈਂਬਰਾਂ ਨੇ ਜਨਰਲ ਹਾਊਸ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ। 

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬੀਬੀ ਜਗੀਰ ਕੌਰ ਵੱਲੋਂ ਪਾਰਟੀ ਤੋਂ ਵੱਖ ਹੋ ਕੇ ਪ੍ਰਧਾਨ ਦੇ ਅਹੁਦੇ ਲਈ ਪ੍ਰਚਾਰ ਕਰਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਲੱਗਾਤਾਰ ਰਾਬਤਾ ਬਣਾ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕ ਵੱਡੇ ਆਗੂ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਨੇਡ਼ਲੇ ਸਾਥੀ ਦਲਜੀਤ ਸਿੰਘ ਚੀਮਾ ਵੀ ਹਨ, ਵੱਲੋਂ ਪਿਛਲੇ ਦਿਨੀਂ ਬੀਬੀ ਜਗੀਰ ਕੌਰ ਨੂੰ ਮਨਾਉਣ ਲਈ ਮੀਟਿੰਗ ਵੀ ਕੀਤੀ ਗਈ ਸੀ। ਮੀਟਿੰਗ ਤੋਂ ਬਾਅਦ ਵੀ ਬੀਬੀ ਜਗੀਰ ਕੌਰ ਨੇ ਆਪਣਾ ਪ੍ਰਚਾਰ ਜਾਰੀ ਰੱਖਿਆ ਜਿਸ ਨੂੰ ਦੇਖਦਿਆਂ ਕਾਹਲੀ ਕਰਦਿਆਂ 9 ਨਵੰਬਰ ਨੂੰ ਜਰਨਲ ਇਜਲਾਸ ਰੱਖਿਆ ਗਿਆ ਹੈ। ਜਦ ਕਿ ਇਸ ’ਤੇ ਬੀਬੀ ਜੀ ਦੀ ਦਲੀਲ ਠੀਕ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਮੈਂਬਰ ਦੇਸ਼ ਵਿਦੇਸ਼ਾਂ ’ਵਿਚ ਕਰਵਾਏ ਜਾ ਰਹੇ ਸਮਾਗਮਾਂ ’ਵਿਚ ਸ਼ਮੂਲੀਅਤ ਕਰਨ ਲਈ ਆਪਣੇ ਹਲਕੇ ਤੋਂ ਬਾਹਰ ਹੋਣਗੇ, ਜਿਸ ਕਾਰਨ ਉਹ ਇਜਲਾਸ ਵਿਚ ਨਹੀਂ ਪੁੱਜ ਸਕਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ’ਵਿਚ ਵੱਡੀ ਬਗ਼ਾਵਤ ਹੋ ਚੁੱਕੀ ਹੈ ਅਤੇ ਪਾਰਟੀ ਆਗੂਆਂ ਦੀ ਘਬਰਾਹਟ ਦਾ ਹੀ ਨਤੀਜਾ ਹੈ ਕਿ ਕਾਹਲ ’ਵਿਚ ਜਰਨਲ ਇਜਲਾਸ ਸੱਦਿਆ ਗਿਆ ਹੈ। 

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੈਂਬਰਾਂ ਦੇ ਨਾਲ ਰਾਬਤਾ ਰੱਖ ਕੇ ਮੀਟਿੰਗਾਂ ਕਰ ਰਹੇ ਹਨ। ਸੁਖਬੀਰ ਬਾਦਲ ਲਗਾਤਾਰ ਮੈਂਬਰਾਂ ਨਾਲ ਰਾਬਤਾ ਕਰਦੇ ਹੋਏ ਮਾਲਵੇ ਤੋਂ ਇਲਾਵਾ ਸ੍ਰੀ ਫਤਹਿਗਡ਼੍ਹ ਸਾਹਿਬ, ਪਟਿਆਲਾ, ਲੁਧਿਆਣਾ, ਰੋਪਡ਼, ਮੁਹਾਲੀ ਆਦਿ ਜ਼ਿਲ੍ਹਿਆਂ ਦੇ ਮੈਂਬਰਾਂ ਦੀ ਰਾਇ ਲੈ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਬਾਕੀ ਜ਼ਿਲ੍ਹਿਆਂ ਦੇ ਸਬੰਧਤ ਮੈਂਬਰਾਂ ਦੀ ਵੀ ਰਾਇ ਲੈਣਗੇ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਬਣਾਉਣ ਦੇ ਲਈ ਸੂਚੀ ਤਿਆਰ ਕਰਨਗੇ।     

ਇਸ ਵਾਰ ਸ੍ਰੋਮਣੀ ਕਮੇਟੀ ਦੀ ਚੋਣ ਦੌਰਾਨ ਇਕ ਵੱਡਾ ਫ਼ਰਕ ਇਹ ਹੋਣ ਦੇ ਆਸਾਰ ਹਨ ਕਿ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਕੋਈ ਬੰਦ ਲਿਫ਼ਾਫ਼ਾ ਜਾਂ ਪਰਚੀ ਲਿਖ ਕੇ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕਰਨਗੇ, ਸਗੋਂ ਉਹ ਚੋਣ ਤੋਂ ਕੁਝ ਦਿਨ ਪਹਿਲਾਂ ਹੀ ਪਾਰਟੀ ਦੇ ਅਧਿਕਾਰਿਤ ਉਮੀਦਵਾਰ ਦਾ ਨਾਂਅ ਐਲਾਨ ਦੇਣਗੇ।

ਇਸ ਦਰਮਿਆਨ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਬਾਦਲ ਵਿਰੋਧੀ ਅਕਾਲੀ ਦਲਾਂ ਵਿਚੋਂ ਢੀਂਡਸਾ ਗੁੱਟ ਅਤੇ ਭਾਜਪਾ ਦੇ ਨੇੜੇ ਗਏ ਅਕਾਲੀ ਗੁੱਟ ਵੀ ਬੀਬੀ ਜਗੀਰ ਕੌਰ ਦੀ ਮਦਦ ਕਰਨਗੇ।ਸ਼ੋ੍ਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ  ਨੇ ਕਿਹਾ ਕਿ 9 ਨਵੰਬਰ ਨੂੰ ਹੋ ਰਹੀ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਬੰਧੀ ਉਹ ਸਾਰੇ ਸ਼ੋ੍ਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਆਪਣੇ ਜ਼ਮੀਰ ਦੀ ਆਵਾਜ਼ ਨਾਲ ਵੋਟ ਦਾ ਇਸਤੇਮਾਲ ਕਰ ਕੇ ਪ੍ਰਧਾਨ ਦੀ ਚੋਣ ਕਰਨ ।ਬੀਬੀ ਜਗੀਰ ਕੌਰ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਚੋਣ ਲੜਨ ਦੇ ਐਲਾਨ ਸਬੰਧੀ ਪੁੱਛੇ ਜਾਣ 'ਤੇ ਸ: ਢੀਂਡਸਾ ਨੇ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਦੇ ਵਿਰੋਧ 'ਵਿਚ ਲੜਨ ਵਾਲੇ ਉਮੀਦਵਾਰ ਦਾ ਸਮਰਥਨ ਕਰਨਗੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਿਫ਼ਾਫ਼ੇ 'ਵਿਚੋਂ ਨਹੀਂ ਨਿਕਲੇਗਾ । ਸ: ਢੀਂਡਸਾ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਸ਼ੋ੍ਮਣੀ ਅਕਾਲੀ ਦਲ ਤੋਂ ਪਾਸੇ ਹੋ ਜਾਵੇ ਤਾਂ ਪੰਥਕ ਸੋਚ ਰੱਖਣ ਵਾਲੇ ਸਾਰੇ ਪੁਰਾਣੇ ਅਕਾਲੀ ਆਗੂ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਸਕਦੇ ਹਨ ਤੇ ਮੁੜ ਤੋਂ ਪੰਜਾਬ 'ਵਿਚ ਅਕਾਲੀ ਦਲ ਬੁਲੰਦੀਆਂ ਨੂੰ ਛੂਹੇਗਾ । ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਲੜਾਈ ਲੜ ਰਹੇ ਮਨਪ੍ਰੀਤ ਸਿੰਘ ਇਆਲੀ ਤੇ ਉਨ੍ਹਾਂ ਦੇ ਸਾਥੀ ਇਸ ਲੜਾਈ ਵਿਚ ਖੁੱਲ੍ਹ ਕੇ ਕੋਈ ਰੋਲ ਅਦਾ ਕਰਦੇ ਦਿਖਾਈ ਨਹੀਂ ਦੇ ਰਹੇ। ਜਦੋਂ ਕਿ ਹੋਰ ਬਾਦਲ ਵਿਰੋਧੀ ਧੜੇ ਅਜੇ ਇਸ ਗੱਲ ਦੀ ਉਡੀਕ ਕਰ ਰਹੇ ਦਿਖਾਈ ਦਿੰਦੇ ਹਨ ਕਿ ਕਿਤੇ ਅੰਤ ਵਿਚ ਸੁਖਬੀਰ ਸਿੰਘ ਬਾਦਲ ਬੀਬੀ ਜਗੀਰ ਕੌਰ ਨੂੰ ਹੀ ਆਪਣਾ ਉਮੀਦਵਾਰ ਨਾ ਬਣਾ ਲੈਣ। ਪਰ ਇਕ ਗੱਲ ਸਪੱਸ਼ਟ ਜਾਪਦੀ ਹੈ ਕਿ ਜੇਕਰ ਬੀਬੀ ਜਗੀਰ ਕੌਰ ਪਾਰਟੀ ਦੇ ਅਧਿਕਾਰਿਤ ਉਮੀਦਵਾਰ ਵਿਰੁੱਧ ਚੋਣ ਲੜੇ ਤਾਂ ਬਹੁਤੇ ਬਾਦਲ ਵਿਰੋਧੀ ਉਨ੍ਹਾਂ ਦਾ ਸਾਥ ਦੇਣਗੇ। ਪਰ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਉਹ ਬਾਦਲ ਦਲ ਜਿਸ ਦਾ ਸ਼੍ਰੋਮਣੀ ਕਮੇਟੀ ਵਿਚ ਸਪੱਸ਼ਟ ਬਹੁਮਤ ਹੈ, ਵਿਚੋਂ ਕਿੰਨੇ ਕੁ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਉਹ ਆਪਣੇ ਨਾਲ ਜੋੜਨ ਵਿਚ ਕਾਮਯਾਬ ਹੁੰਦੇ ਹਨ।