ਚੰਡੀਗੜ ਨਿਗਮ ’ਚ ਪਾਸ ਮਤੇ ਨਾਲ ਆਪ ਤੇ ਭਾਜਪਾ ਦੀ ਬਿੱਲੀ ਥੈਲਿਓਂ ਬਾਹਰ ਆਈ : ਮਹਿਲਾ ਕਿਸਾਨ ਯੂਨੀਅਨ

ਚੰਡੀਗੜ ਨਿਗਮ ’ਚ ਪਾਸ ਮਤੇ ਨਾਲ ਆਪ ਤੇ ਭਾਜਪਾ ਦੀ ਬਿੱਲੀ ਥੈਲਿਓਂ ਬਾਹਰ ਆਈ : ਮਹਿਲਾ ਕਿਸਾਨ ਯੂਨੀਅਨ

        ·ਕੇਜਰੀਵਾਲ ਚੰਡੀਗੜ ਦੇ ਮੁੱਦੇ ‘ਤੇ ਤੁਰੰਤ ਪਾਰਟੀ ਦੀ ਨੀਤੀ ਸਪੱਸ਼ਟ ਕਰੇ : ਬੀਬੀ ਰਾਜਵਿੰਦਰ ਕੌਰ ਰਾਜੂ

·ਕਿਹਾ ਕਿ ਚੰਗਾ ਹੁੰਦਾ ਜੇ ਸਾਰੇ ਕੌਂਸਲਰ ਚੰਡੀਗੜ ਪੰਜਾਬ ਨੂੰ ਦੇਣ ਲਈ ਮਤਾ ਪਾਉਂਦੇ

ਅੰਮ੍ਰਿਤਸਰ ਟਾਈਮਜ਼ 

ਚੰਡੀਗੜ ( ਮਹਿਲਾ ਕਿਸਾਨ ਯੂਨੀਅਨ ) ਮਹਿਲਾ ਕਿਸਾਨ ਯੂਨੀਅਨ ਨੇ ਚੰਡੀਗੜ ਨਗਰ ਨਿਗਮ ਵਿੱਚ ਕੇਂਦਰੀ ਸ਼ਾਸਤ ਪ੍ਰਦੇਸ਼ ਨੂੰ ਰਾਜ ਸਭਾ ਵਿੱਚ ਮੈਂਬਰ ਵਜੋਂ ਪ੍ਰਤੀਨਿਧਤਾ ਦੇਣ ਲਈ ਪਾਸ ਕੀਤੇ ਮਤੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਚੰਡੀਗੜ ਖੇਤਰ ਮੂਲ ਰੂਪ ਵਿੱਚ ਪੰਜਾਬ ਦਾ ਅਟੁੱਟ ਹਿੱਸਾ ਹੈ ਜਿਸ ਕਰਕੇ ਅਜਿਹੇ ਮਤੇ ਦੀ ਥਾਂ ਆਮ ਆਦਮੀ ਪਾਰਟੀ ਤੇ ਭਾਜਪਾ ਸਮੇਤ ਸਾਰੇ ਕੌਂਸਲਰਾਂ ਨੂੰ ਸਰਵਸੰਮਤੀ ਨਾਲ ਚੰਡੀਗੜ ਪੰਜਾਬ ਨੂੰ ਸੌਂਪਣ ਲਈ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਣਾ ਚਾਹੀਦਾ ਸੀ।ਇੱਥੋਂ ਜਾਰੀ ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਰਾਜੂਚੇਅਰਪਰਸਨ ਮਨਵੀਰ ਕੌਰ ਰਾਹੀ ਅਤੇ ਜਨਰਲ ਸਕੱਤਰ ਦਵਿੰਦਰ ਕੌਰ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਦੇਸ਼ ਦਾ ਮਾਲ ਰਿਕਾਰਡ ਤੇ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ 50 ਪਿੰਡਾਂ ਦੀ ਜਮੀਨ ਅਧਿਗ੍ਰਹਿਣ ਕਰਨ ਪਿੱਛੋਂ 22 ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਚੰਡੀਗੜ ਸ਼ਹਿਰ ਵਸਾਇਆ ਗਿਆ ਹੈ ਜਿਸ ਕਰਕੇ ਇਲਾਕੇ ਦੀ ਪੁਆਧੀ ਬੋਲੀ ਖਤਮ ਹੋ ਗਈ ਪਰ ਪੰਜਾਬ ਦੀ ਵੰਡ ਸਮੇਂ ਨਾ ਤਾਂ ਚੰਡੀਗੜ ਪੰਜਾਬ ਨੂੰ ਮਿਲਿਆ ਅਤੇ ਨਾ ਹੀ ਵੱਖਰੀ ਰਾਜਧਾਨੀ।ਮਹਿਲਾ ਨੇਤਾਵਾਂ ਨੇ ਦੋਸ਼ ਲਾਇਆ ਕਿ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਚੰਡੀਗੜ ਪੰਜਾਬ ਨੂੰ ਦੇਣ ਦੇ ਮੁੱਦੇ ਉਤੇ ਪੰਜਾਬੀਆਂ ਨਾਲ ਵੱਡੇ ਧੋਖੇ ਕੀਤੇ ਪਰ ਹੁਣ ਭਾਜਪਾ ਨੇ ਉਨਾਂ ਤੋਂ ਵੀ ਦੋ ਕਦਮ ਅੱਗੇ ਵਧਦਿਆਂ ਡੂੰਘੀ ਸਾਜ਼ਿਸ਼ ਨਾਲ ਚੰਡੀਗੜ ਵਿੱਚੋਂ ਪੰਜਾਬੀ ਬੋਲੀ ਖਤਮ ਕਰਕੇ ਪੰਜਾਬ ਦੀ 60:40 ਦੀ ਹਿੱਸੇਦਾਰੀ ਵੀ ਨੁੱਕਰੇ ਲਾ ਦਿੱਤੀ ਅਤੇ ਇਥੋਂ ਦੀ ਅਬਾਦੀ ਦਾ ਸੰਤੁਲਨ ਵੀ ਪੂਰਾ ਵਿਗਾੜ ਕੇ ਰੱਖ ਦਿੱਤਾ ਹੈ।

 

ਉਨਾਂ ਕਿਹਾ ਕਿ ਭਾਜਪਾ ਨੇ ਹੁਣ ਵੀ ਨਵੀਂ ਸਾਜ਼ਿਸ਼ ਤਹਿਤ ਹੀ ਆਪਣੇ ਪ੍ਰਭਾਵ ਹੇਠਲੀ ਨਗਰ ਨਿਗਮ ਵਿੱਚ ਮਤਾ ਪਾਸ ਕਰਵਾ ਕੇ ਚੰਡੀਗੜ ਉਤੋਂ ਪੰਜਾਬ ਦਾ ਹੱਕ ਪੱਕੇ ਤੌਰ ਉਤੇ ਖਤਮ ਕਰਨ ਲਈ ਇਹ ਤਾਜਾ ਚਾਲ ਖੇਡੀ ਹੈ ਜਿਸ ਦਾ ਸਮਰਥਨ ਅਕਾਲੀ ਦਲ ਤੇ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਨੇ ਕੀਤਾ ਹੈ ਜੋ ਕਿ ਬਹੁਤ ਮੰਦਭਾਗਾ ਫੈਸਲਾ ਹੈ ਜਿਸ ਲਈ ਆਪ ਪਾਰਟੀ ਨੂੰ ਲੋਕ ਕਟਹਿਰੇ ਵਿੱਚ ਇਸਦਾ ਜਵਾਬ ਦੇਣਾ ਪਵੇਗਾ।ਆਪ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਚੰਡੀਗੜ ਦੇ ਮੁੱਦੇ ਉਤੇ ਪਾਰਟੀ ਦੀ ਨੀਤੀ ਦਾ ਤੁਰੰਤ ਖੁਲਾਸਾ ਕਰਨ ਦੀ ਮੰਗ ਕਰਦਿਆਂ ਮਹਿਲਾ ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਉਤੇ ਰਾਜ ਕਰਨ ਦੇ ਦਾਅਵੇ ਕਰਨ ਵਾਲੀ ਨਵੀਂ ਪਾਰਟੀ ਸੂਬੇ ਦੇ ਲੋਕਾਂ ਨੂੰ ਇਹ ਸਪੱਸਟ ਕਰੇ ਕਿ ਉਹ ਪੰਜਾਬ ਨੂੰ ਚੰਡੀਗੜ ਦਿਵਾਉਣ ਦੀ ਹਾਮੀ ਹੈ ਜਾਂ ਨਹੀਂ।ਚੰਡੀਗੜ ਬਾਰੇ ਆਪ ਪਾਰਟੀ ਉਤੇ ਦੋਗਲੀਆਂ ਚਾਲਾਂ ਚੱਲਣ ਦਾ ਦੋਸ਼ ਲਾਉਂਦਿਆਂ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਕੇਜਰੀਵਾਲ ਦੀ ਸ਼ਹਿ ਉਪਰ ਹੀ ਚੰਡੀਗੜ ਦੇ ਆਪ ਪਾਰਟੀ ਦੇ ਸਾਰੇ ਕੌਂਸਲਰਾਂ ਨੇ ਨਗਰ ਨਿਗਮ ਦੇ ਮਤੇ ਮੌਕੇ ਪੰਜਾਬੀ ਤੇ ਪੰਜਾਬ ਵਿਰੋਧੀ ਪਾਰਟੀ ਭਾਜਪਾ ਦਾ ਸਾਥ ਦਿੱਤਾ ਹੈ ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ।ਉਨਾਂ ਕਿਹਾ ਕਿ ਪੰਜਾਬੀਆਂ ਤੋਂ ਚੰਦਾ ਅਤੇ ਵੋਟਾਂ ਮੰਗਣ ਦੇ ਸ਼ੌੰਕੀਨ ਕੇਜਰੀਵਾਲ ਚੰਡੀਗੜ ਦੇ ਮੁੱਦੇ ਉਪਰ ਹੋਈ ਗਲਤੀ ਲਈ ਆਪਣੀ ਪਾਰਟੀ ਦੀ ਭੁੱਲ ਸੁਧਾਰਨ ਖਾਤਰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣ ਅਤੇ ਚੰਡੀਗੜ ਵਿੱਚ ਆਪਣੇ ਸਾਰੇ ਕੌਂਸਲਰਾਂ ਸਮੇਤ ਪ੍ਰੈਸ ਵਾਰਤਾ ਕਰਕੇ ਦੱਸਣ ਕਿ ਉਨਾਂ ਦੀ ਪਾਰਟੀ ਭਵਿੱਖ ਵਿੱਚ ਚੰਡੀਗੜ ਪੰਜਾਬ ਨੂੰ ਦੇਣ ਦਾ ਸਮਰਥਨ ਕਰਦੀ ਰਹੇਗੀ।