ਗਿਆਨੀ ਰਣਜੀਤ ਸਿੰਘ ਗੌਹਰ ਨੂੰ 'ਪੰਜ ਪਿਆਰਿਆਂ ਨੇ ਪੰਥ 'ਵਿਚੋਂ ਛੇਕਿਆ'

ਗਿਆਨੀ ਰਣਜੀਤ ਸਿੰਘ ਗੌਹਰ ਨੂੰ 'ਪੰਜ ਪਿਆਰਿਆਂ ਨੇ ਪੰਥ 'ਵਿਚੋਂ ਛੇਕਿਆ'

ਮੁੜ ਸੇਵਾ ਸੌਂਪਣ ਵਾਲੇ ਪ੍ਰਬੰਧਕੀ ਬੋਰਡ ਦੇ ਜਨ: ਸਕੱਤਰ ਵੀ 'ਤਨਖ਼ਾਹੀਆ' ਕਰਾਰ 

ਗੌਹਰ ਵਲੋਂ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਇਨਸਾਫ਼ ਦੀ ਫਰਿਆਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ-ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ 'ਤੇ ਲੱਗੇ ਗ਼ੰਭੀਰ ਦੋਸ਼ਾਂ ਤੋਂ ਬਾਅਦ ਉਨ੍ਹਾਂ ਦੀ ਪਹਿਲਾਂ ਮੁਅੱਤਲੀ ਅਤੇ ਫਿਰ ਮੁੜ ਨਿਯੁਕਤੀ ਸਬੰਧੀ ਵਿਵਾਦ ਦੇ ਚਲਦਿਆਂ ਹੁਣ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਜਥੇਦਾਰ ਗਿਆਨੀ ਗੌਹਰ ਨੂੰ ਸਿੱਖ ਪੰਥ ਵਿਚੋਂ ਛੇਕਣ ਦਾ ਐਲਾਨ ਕਰ ਦਿਤਾ ਤੇ ਇਸ ਦੇ ਨਾਲ ਹੀ ਤਖ਼ਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਨੂੰ ਗਿਆਨੀ ਗੌਹਰ ਨੂੰ ਮੁੜ ਸੇਵਾ ਸੰਭਾਲਣ ਦੇਣ ਦੇ ਦੋਸ਼ ਤਹਿਤ ਤਨਖਾਹੀਆ ਕਰਾਰ ਦਿੱਤਾ ਗਿਆ ।  ਜਾਣਕਾਰੀ ਅਨੁਸਾਰ ਪੰਜ ਪਿਆਰੇ ਸਾਹਿਬਾਨ ਵਲੋਂ ਬੀਤੀ ਸ਼ਾਮ ਹੁਕਮਨਾਮਾ ਜਾਰੀ ਕਰਕੇ ਗਿਆਨੀ ਗੌਹਰ ਨੂੰ ਤਖਤ ਸਾਹਿਬ ਦੀ ਮਾਣ ਮਰਯਾਦਾ ਨੂੰ ਭੰਗ ਕਰਨ ਤੇ ਤਖਤ ਸਾਹਿਬ ਵਿਖੇ ਜਬਰੀ ਦਾਖਲ ਹੋਣ ਦੇ ਦੋਸ਼ ਤਹਿਤ ਸਿੱਖ ਪੰਥ ਵਿਚੋਂ ਸਦਾ ਲਈ ਛੇਕਣ ਦਾ ਐਲਾਨ ਕਰ ਦਿੱਤਾ ਗਿਆ ।ਇਸ ਦੇ ਨਾਲ ਹੀ ਸੰਗਤ ਨੂੰ ਗਿਆਨੀ ਗੌਹਰ ਨਾਲ ਕਿਸੇ ਕਿਸਮ ਦਾ ਮਿਲਵਰਤਨ ਜਾਂ ਸਟੇਜ ਦੀ ਸਾਂਝ ਨਾ ਰੱਖਣ ਅਤੇ ਅੱਗੇ ਤੋਂ ਉਨ੍ਹਾਂ ਦੇ ਨਾਂਅ ਨਾਲ ਮਸਕੀਨ ਸ਼ਬਦ ਲਿਖਣ ਦੀ ਵੀ ਮਨਾਹੀ ਕੀਤੀ ਗਈ ।ਇਸ ਦੇ ਨਾਲ ਹੀ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੂੰ ਵੀ ਗਿਆਨੀ ਗੌਹਰ ਨੂੰ ਮੁੜ ਜਥੇਦਾਰ ਨਿਯੁਕਤ ਕਰਨ, ਡਿਉੂਟੀ ਦੇਣ ਅਤੇ ਪੰਜ ਪਿਆਰੇ ਸਾਹਿਬਾਨ ਨੂੰ ਨੋਟਿਸ ਦੇਣ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੰਦਿਆਂ ਤਨਖਾਹੀਏ ਐਲਨਿਆ ਗਿਆ।ਇਸੇ ਦੌਰਾਨ ਗਿਆਨੀ ਰਣਜੀਤ ਸਿੰਘ ਗੌਹਰ  ਫਰਿਆਦ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕੋਲ ਪੁੱਜੇ ਪਰ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ।ਬਾਅਦ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਸਕੱਤਰੇਤ ਦੇ ਬਾਹਰ ਆਏ ਤੇ ਉਨ੍ਹਾਂ ਦਾ ਲਿਖਤੀ ਸ਼ਿਕਾਇਤ ਪੱਤਰ ਪ੍ਰਾਪਤ ਕੀਤਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੌਹਰ ਨੇ ਕਿਹਾ ਕਿ ਮੇਰਾ ਕੋਈ ਪੱਖ ਨਹੀਂ ਸੁਣਿਆ ਗਿਆ ਤੇ ਪੰਜ ਪਿਆਰਿਆਂ ਵਲੋਂ ਗ਼ੈਰ-ਵਿਧਾਨਕ ਤੇ ਗ਼ੈਰ-ਧਾਰਮਿਕ ਢੰਗ ਨਾਲ ਦੋਸ਼ੀ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਥ ਵਿਚੋਂ ਕਿਸੇ ਨੂੰ ਛੇਕਣ ਦਾ ਅਧਿਕਾਰ ਕੇਵਲ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਕੋਲ ਹੀ ਹੈ |

ਇਥੇ ਦੱਸਣਯੋਗ ਹੈ ਕਿ ਜਲੰਧਰ ਵਾਸੀ ਇਕ ਵਿਅਕਤੀ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਨੇ ਭੇਟ ਕੀਤੀਆਂ ਵਸਤਾਂ ਵਿੱਚ ਗਬਨ ਕੀਤਾ ਹੈ।