ਸ਼੍ਰੋਮਣੀ ਕਮੇਟੀ ਵਫ਼ਦ ਨੇ ਰਾਜਪਾਲ ਪੰਜਾਬ ਨੂੰ ਆਉਣ ਵਾਲੇ ਸ਼ਤਾਬਦੀ ਸਮਾਗਮਾਂ ਲਈ ਦਿੱਤਾ ਸੱਦਾ ਪੱਤਰ

ਸ਼੍ਰੋਮਣੀ ਕਮੇਟੀ ਵਫ਼ਦ ਨੇ ਰਾਜਪਾਲ ਪੰਜਾਬ ਨੂੰ ਆਉਣ ਵਾਲੇ ਸ਼ਤਾਬਦੀ ਸਮਾਗਮਾਂ ਲਈ ਦਿੱਤਾ ਸੱਦਾ ਪੱਤਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ, 3 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸਿੱਖ ਸੰਸਥਾ ਦੇ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਦੀ ਦੇ ਜੋਤੀ ਜੋਤਿ ਦਿਵਸ ਦੇ 450 ਸਾਲਾ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸੱਦਾ ਪੱਤਰ ਦਿੱਤਾ। ਇਹ ਸ਼ਤਾਬਦੀ ਸ਼੍ਰੋਮਣੀ ਕਮੇਟੀ ਵੱਲੋਂ 13 ਤੋਂ 18 ਸਤੰਬਰ ਤੱਕ ਮਨਾਈ ਜਾਣੀ ਹੈ, ਜਿਸ ਦਾ ਮੁੱਖ ਸਮਾਗਮ 18 ਸਤੰਬਰ ਨੂੰ ਤਰਨ ਤਾਰਨ ਜ਼ਿਲ੍ਹੇ ਵਿੱਚ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਵੇਗਾ। ਅੱਜ ਪੰਜਾਬ ਦੇ ਰਾਜਪਾਲ ਨੂੰ ਇਸ ਸਬੰਧ ਵਿੱਚ ਰਸਮੀ ਤੌਰ ਉੱਤੇ ਸੱਦਾ ਪੱਤਰ ਦੇ ਕੇ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਕਿਹਾ ਗਿਆ ਹੈ। ਮੁਲਾਕਾਤ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼ਤਾਬਦੀ ਦੇ ਇਤਿਹਾਸਕ ਮੌਕੇ ’ਤੇ ਗੁਰੂ ਸਾਹਿਬਾਨ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਵਾਸਤੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ ਜਿਸ ਤਹਿਤ ਅੱਜ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਇਹ ਸਾਡੇ ਸਮਿਆਂ ਦਾ ਇਤਿਹਾਸਕ ਮੌਕਾ ਹੈ ਜਦੋਂ ਦੋ ਗੁਰੂ ਸਾਹਿਬਾਨ ਨਾਲ ਸਬੰਧਤ ਸ਼ਤਾਬਦੀ ਦਿਹਾੜੇ ਮਨਾਏ ਜਾ ਰਹੇ ਹਨ। ਇਸ ਵਿੱਚ ਸ਼ਮੂਲੀਅਤ ਕਰਨਾ ਸੁਭਾਗੀ ਗੱਲ ਹੈ।

ਉਨ੍ਹਾਂ ਕਿਹਾ ਕਿ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸੱਦਾ ਪੱਤਰ ਪ੍ਰਾਪਤ ਕਰਦਿਆਂ ਸਮਾਗਮਾਂ ਵਿੱਚ ਹਾਜ਼ਰ ਹੋਣ ਦਾ ਭਰੋਸਾ ਦਿੱਤਾ ਹੈ। ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿੱਚ ਐਡਵੋਕੇਟ ਧਾਮੀ ਦੇ ਨਾਲ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਸ. ਸੁਰਜੀਤ ਸਿੰਘ ਭਿੱਟੇਵੱਡ ਸ਼ਾਮਲ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਲਖਵੀਰ ਸਿੰਘ ਵੀ ਹਾਜ਼ਰ ਸਨ।