ਸਿੱਖ ਪੰਥ ਤੇ ਪੰਜਾਬੀ ਸਾਹਿਤ ਦੇ ਸ਼੍ਰੋਮਣੀ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ (2 ਜੂਨ ਜਨਮ ਦਿਨ ’ਤੇ ਵਿਸ਼ੇਸ਼)

ਸਿੱਖ ਪੰਥ ਤੇ ਪੰਜਾਬੀ ਸਾਹਿਤ ਦੇ ਸ਼੍ਰੋਮਣੀ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ (2 ਜੂਨ ਜਨਮ ਦਿਨ ’ਤੇ ਵਿਸ਼ੇਸ਼)

ਪੰਜਾਬੀ ਸਾਹਿਤ ਦੇ ਵਿਚ ਪ੍ਰਿੰਸੀਪਲ ਤੇਜਾ ਸਿੰਘ ਦਾ ਨਾਮ ਇਕ ਵੱਡੇ ਵਿਦਵਾਨ ਸਾਹਿਤਕਾਰ ਵਜੋਂ ਜਾਣਿਆ ਜਾਂਦਾ ਹੈ। ਆਪ ਦਾ ਜਨਮ ਰਾਵਲਪਿੰਡੀ (ਹੁਣ ਪਾਕਿਸਤਾਨ) ਦੇ ਅਡਿਆਲਾ ਪਿੰਡ ਵਿੱਚ 2 ਜੂਨ 1894 ਨੂੰ ਮਾਤਾ ਸੁਰੱਸਤੀ ਦੀ ਕੁੱਖੋਂ ਭਾਈ ਭਲਾਕਰ ਸਿੰਘ ਦੇ ਘਰ ਹੋਇਆ। ਆਪ ਦਾ ਮੁਢਲਾ ਨਾਮ ਤੇਜ ਰਾਮ ਸੀ। ਆਪ ਨੇ ਸੰਨ 1899 ਵਿਚ ਪ੍ਰਾਇਮਰੀ ਸਕੂਲ, ਢੱਲਾ ਵਿਚ ਦਾਖ਼ਲਾ ਲਿਆ ਤੇ 1902 ਵਿਚ ਪੰਜਵੀਂ ਪਾਸ ਕੀਤੀ। 1908 ਵਿਚ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਵਿਚ ਮਿਡਲ ਪਾਸ ਕੀਤੀ। 1910 ਵਿਚ ਖ਼ਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ। ਸੰਨ 1911 ਨੂੰ 18 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਗੁਜਰਖਾਨ ਦੇ ਮਾਸਟਰ ਪ੍ਰੇਮ ਸਿੰਘ ਦੀ 14 ਸਾਲ ਦੀ ਸਪੁੱਤਰੀ, ਧੰਨ ਕੌਰ ਨਾਲ ਹੋਇਆ। ਸੰਨ 1913 ਵਿਚ ਗਾਰਡਨ ਕਾਲਜ ‘ਚ ਪੜ੍ਹਦਿਆਂ ਆਪ ਦੇ ਘਰ ਲੜਕੀ ਨੇ ਜਨਮ ਲਿਆ, ਜਿਸ ਦਾ ਨਾਂ ਕਿਸ਼ਨ ਕੌਰ ਰੱਖਿਆ ਗਿਆ।  ਸੰਨ 1914 ਵਿਚ ਗਾਰਡਨ ਕਾਲਜ ਰਾਵਲ ਪਿੰਡੀ ਤੋਂ ਬੀ.ਏ. ਪਾਸ ਕੀਤੀ ਅਤੇ 1914 ਵਿਚ ਵੀਹ ਸਾਲ ਦੀ ਉਮਰ ਵਿਚ ਪ੍ਰੋਫੈਸਰੀ ਆਰੰਭ ਕੀਤੀ। 1915 ਨੂੰ ਆਪ ਦੇ ਘਰ ਦੂਜੀ ਲੜਕੀ ਇੰਦਰ ਕੌਰ ਨੇ ਜਨਮ ਲਿਆ। ਸੰਨ 1917 ਵਿਚ ਅੰਗਰੇਜ਼ੀ ਦੀ ਐਮ.ਏ. ਪਾਸ ਕਰ ਲਈ। ਆਪ 3 ਮਾਰਚ, 1919 ਨੂੰ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਅੰਗਰੇਜ਼ੀ, ਇਤਿਹਾਸ ਅਤੇ ਧਰਮ-ਵਿਦਿਆ ਦੇ ਪ੍ਰੋਫੈਸਰ ਬਣ ਗਏ। ਸੰਨ 1919 ਵਿਚ, ਇੰਦਰਜੀਤ ਸਿੰਘ, 1922 ਵਿਚ ਅਮਰ ਕੌਰ, 1924 ਵਿਚ ਸੁਰਜੀਤ, 1926 ਵਿਚ ਮਨਜੀਤ ਕੌਰ ਅਤੇ 1932 ਵਿਚ ਪਰਮਜੀਤ ਸਿੰਘ ਨੇ ਆਪ ਦੇ ਘਰ ਜਨਮ ਲਿਆ। ਆਪ ਦੀ ਪਰਿਵਾਰਕ ਜ਼ਿੰਦਗੀ ਬਹੁਤ ਸੌਖੀ ਬੀਤੀ।

ਅਕਤੂਬਰ 1923 ਨੂੰ ਆਪ ਨੂੰ ਸਾਥੀਆਂ ਸਮੇਤ ਜੈਤੋ ਦੇ ਮੋਰਚੇ ਦੇ ਸੰਦਰਭ ਵਿਚ ਗ੍ਰਿਫਤਾਰ ਕੀਤਾ ਗਿਆ। ਜੇਲ੍ਹ ਯਾਤਰਾ ਦੌਰਾਨ ਵੀ ਆਪ ਲਿਖਣ-ਪੜ੍ਹਨ ਦਾ ਕਾਰਜ ਕਰਦੇ ਰਹੇ। ਫ਼ਰਵਰੀ 1924 ਵਿਚ ਆਪ ਨੂੰ ਸਾਥੀਆਂ ਸਮੇਤ ਲਾਹੌਰ ਦੇ ਇਕ ਇਤਿਹਾਸਿਕ ਕਿਲ੍ਹੇ ਵਿਚ ਲੈ ਆਏ ਤੇ ਉੱਥੇ ਕੈਦ ਰਖਿਆ ਗਿਆ। ਇਸ ਸਮੇਂ ਦੌਰਾਨ ਜੇਲ੍ਹ 'ਚ ਹੁੰਦੇ ਮਾੜੇ ਵਤੀਰੇ ਕਰ ਕੇ ਆਪ ਦੀ ਸਿਹਤ ਵੀ ਵਿਗੜ ਰਹੀ ਸੀ ਜਿਸਦਾ ਕਾਰਨ ਆਪ ਨੇ ਇਸ ਤਰ੍ਹਾਂ ਦਸਿਆ ਹੈ, “ਰੋਟੀ ਵੀ ਬਹੁਤ ਚੰਗੀ ਨਹੀਂ ਸੀ ਮਿਲਦੀ। ਆਮ ਤੌਰ ’ਤੇ ਭਾਜੀ ਵਿਚ ਪਿੱਪਲ, ਟਾਹਲੀ, ਗੋਭੀ ਆਦਿ ਦੇ ਪੱਤਰ ਮਿਲੇ ਹੁੰਦੇ ਸਨ, ਜਿਸ ਨੂੰ ‘ਚੁਲਾਈ’ ਕਹਿੰਦੇ ਸਨ––ਚੁਲਾਈ ਕਸ਼ਮੀਰ ਦੀ। ਕਦੀ ਕਦੀ ਪੁਰਾਣੀ ਛੱਤ ਵਿਚੋਂ ਡਿੱਗੀ ਹੋਈ ਕਿਰਲੀ ਵੀ ਪਈ ਹੁੰਦੀ। ਇਕ ਵਾਰੀ ਉਸ ਅਣੋਖੇ ਸਾਗ ਵਿਚੋਂ ਉਬਲੀ ਹੋਈ ਚੂਹੀ ਨਿਕਲੀ। ਅਸੀਂ ਰੌਲਾ ਪਾਇਆ, ਪਰ ਖ਼ੁਰਾਕ ਦੀ ਬਿਹਤਰੀ ਨਾ ਹੋ ਸਕੀ।” ਇਸ ਦੇ ਕਾਰਨ ਆਪ ਨਿਊਰਿਸਥੇਨੀਆਂ ਬਿਮਾਰੀ ਨਾਲ ਪੀੜਤ ਹੋ ਗਏ। ਆਪ ਨੂੰ ਹਫ਼ਤੇ ਹਫ਼ਤੇ ਦੀ ਛੁੱਟੀ ਮਿਲਦੀ ਰਹੀ, ਪਰ ਡਾਕਟਰੀ ਮੁਆਇਨਾ ਹੋਣ ਤੋਂ ਬਾਅਦ ਆਪ ਨੂੰ ਛੱਡ ਦਿੱਤਾ ਗਿਆ। ਹੌਲੀ-ਹੌਲੀ ਆਪ ਮੁੜ ਤੰਦਰੁਸਤ ਹੋ ਗਏ।

ਆਪ ਨੇ ਮੁੜ ਸੰਨ 1925 ਨੂੰ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਪ੍ਰੋਫ਼ੈਸਰੀ ਸ਼ੁਰੂ ਕਰ ਦਿਤੀ। ਆਪ ਚੀਫ਼ ਖ਼ਾਲਸਾ ਦੀਵਾਨ ਦੀ ਅੰਤਰੀਗ ਕਮੇਟੀ ਦੇ ਮੈਂਬਰ ਵੀ ਰਹੇ। ਇਸ ਉਪਰੰਤ ਆਪ ਨੂੰ ਐਜੂਕੇਸ਼ਨ ਕਮੇਟੀ ਦਾ ਮੈਂਬਰ ਵੀ ਚੁਣਿਆ ਗਿਆ। ਸੰਨ 1926 ਵਿਚ ਆਪ ਦੇ ਪਿਤਾ ਜੀ ਸੁਰਗਵਾਸ ਹੋ ਗਏ। ਸੰਨ 1945 ਵਿਚ ਆਪ ਨੇ ਕਿਸੇ ਘਟਨਾ ਦੇ ਵਾਪਰ ਕਾਰਨ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਨੌਕਰੀ ਛੱਡ ਦਿੱਤੀ। 13 ਦਸੰਬਰ 1945 ਨੂੰ ਸ਼੍ਰੋਮਣੀ ਕਮੇਟੀ ਦੀ ਪੇਸ਼ਗੀ ‘ਤੇ ਖ਼ਾਲਸਾ ਕਾਲਜ, ਮਤੂੰਗਾ, ਬੰਬਈ ਵਿਖੇ ਪ੍ਰਿੰਸੀਪਲ ਦੀ ਪਦਵੀ ਦਾ ਕਾਰਜ ਸੰਭਾਲਿਆ ਅਤੇ 13 ਅਗਸਤ 1948 ਤਕ ਇਸ ਪਦਵੀ ’ਤੇ ਰਹਿਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। 2 ਜਨਵਰੀ 1949 ਨੂੰ ਆਪ ਨੇ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ। 27 ਜੁਲਾਈ 1949 ਨੂੰ ਆਪ ਨੇ ਕਾਲਜ ਦੀ ਪ੍ਰਿੰਸੀਪਲੀ ਦੇ ਨਾਲ-ਨਾਲ ਮਹਿਕਮਾ ਪੰਜਾਬੀ ਦੇ ਸਕੱਤਰ ਤੇ ਡਾਇਰੈਕਟਰ ਬਣੇ ਤੇ ਦਸੰਬਰ 1951 ਨੂੰ ਪੈਪਸੂ ਦੀ ਨੌਕਰੀ ਤੋਂ ਰੀਟਾਇਰ ਹੋ ਗਏ।

ਪ੍ਰਿੰ. ਤੇਜਾ ਸਿੰਘ ਨੂੰ ਪੰਜਾਬੀ ਬੋਲੀ ਅਤੇ ਸਾਹਿਤ ਦੇ ਵਾਧੇ ਦਾ ਬਹੁਤ ਚਾਅ ਸੀ, ਇਸ ਕਰ ਕੇ ਜਦੋਂ ਵੀ ਕੋਈ ਨਵਾਂ ਲੇਖਕ ਪੰਜਾਬੀ ਵਿਚ ਆਪਣੀ ਰਚਨਾ ਲੈ ਕੇ ਆਪ ਦੇ ਕੋਲ ਗਿਆ ਤਾਂ ਆਪ ਨੇ ਆਪਣੀਆਂ ਨੇਕ ਸਲਾਹਾਂ ਦੇ ਨਾਲ ਲਿਖਣ ਦੀ ਪ੍ਰੇਰਣਾ ਅਤੇ ਹਿੰਮਤ ਦਿਤੀ। ਇਸ ਗੱਲ ਵਿਚ ਕੋਈ ਅਤਕਥਨੀ ਨਹੀਂ ਕਿ ਆਪ ਨੇ ਪੰਜਾਬੀ ਪੁਸਤਕਾਂ ਦੀ ਭੂਮਿਕਾ ਲਿਖਣ ਵਿਚ ਅੱਗੇ ਹੋ ਕੇ ਨਵੇਂ ਸਾਹਿਤਕਾਰਾਂ ਦਾ ਹੌਂਸਲਾ ਵਧਾਉਣ ‘ਚ ਵਡਮੁੱਲਾ ਯੋਗਦਾਨ ਪਾਇਆ ਹੈ।ਆਪ ਜੀ ਦਾ ਸ਼੍ਰੋਮਣੀ ਲਿਖਾਰੀਆਂ ਵਿਚ ਉੱਚਾ ਸਥਾਨ ਹੈ।

ਆਪ ਦੇ ਜੀਵਨ-ਬਿਰਤਾਂਤ ਪੜ੍ਹਦਿਆਂ ਆਪ ਦੇ ਨਿੱਘੇ, ਮਿਲਣਸਾਰ, ਹਸਮੁਖ ਅਤੇ ਜ਼ਿੰਦਾ-ਦਿਲ ਇਨਸਾਨ ਹੋਣ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ। ਆਪ ਦੇ ਘਰ ਵਿਚ ਜਿਹੋ ਜਿਹਾ ਵਰਤਾਵ ਆਪਣੇ ਬੱਚਿਆਂ ਨਾਲ ਹੁੰਦਾ, ਉਹੋ ਜਿਹਾ ਵਰਤਾਵ ਘਰ ਦੇ ਨੌਕਰ ਨਾਲ ਹੁੰਦਾ ਸੀ। ਆਪ ਦੇ ਘਰ ਦਾ ਨੌਕਰ ਆਪ ਦੇ ਬੱਚਿਆਂ ਵਾਂਗ ਸਜਿਆ ਰਹਿੰਦਾ ਸੀ, ਕੋਈ ਵੇਖ ਕੇ ਇਹ ਨਹੀਂ ਕਹਿ ਸਕਦਾ ਸੀ ਕਿ ਨੌਕਰ ਹੈ, ਇਹ ਆਪ ਦੀ ਦਇਆ ਭਾਵਨਾ ਤੇ ਸੱਚੇ ਮਨੁੱਖ ਹੋਣ ਦੀ ਹਾਮੀ ਭਰਦਾ ਹੈ। ਆਪ ਨੇ ਗੁਰਸਿੱਖੀ ਜੀਵਨ ਨੂੰ ਸਿਦਕਵਾਨਾਂ ਵਾਂਗ ਨਿਭਾਇਆ ਤੇ ਹਮੇਸ਼ਾਂ ਸਿੱਖੀ ਦੇ ਆਸ਼ੇ ਨੂੰ ਸਮਰਪਿਤ ਹੋ ਕੇ ਚਲਦੇ ਰਹੇ। ਆਪ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿਚ ਆਪਣਾ ਯੋਗਦਾਨ ਪਾਂਦੇ ਰਹੇ ਤੇ ਸਿੱਖੀ ਨਿਯਮਾਂ ਦੇ ਉਲਟ ਵਰਤਾਰਿਆਂ ਦੇ ਵਿਰੁੱਧ ਹਮੇਸ਼ਾਂ ਆਵਾਜ਼ ਉਠਾਈ। ਆਪ ਆਪਣੀ ਸਵੈ ਜੀਵਨੀ ਆਰਸੀ ਵਿਚ ਲਿਖਦੇ ਹਨ, “ਸਿੱਖਾਂ ਲਈ ਵੀ ਸਿੰਘ ਸਭਾ ਤੋਂ ਛੁਟ ਖ਼ਾਲਸਾ ਕਾਲਜ ਦਾ ਗੁਰਦੁਆਰਾ ਇਕ ਧਾਰਮਕ ਕੇਂਦਰ ਬਣ ਗਿਆ ਸੀ। ਹਰ ਐਤਵਾਰ ਨੂੰ ਉਥੇ ਸੰਗਤਾਂ ਜੁੜਦੀਆਂ ਸਨ। ਇਕ ਦਿਨ 1947 ਵਿਚ ਜਦ ਮੈਂ ਸੁਣਿਆ ਕਿ ਅੰਮ੍ਰਿਤਸਰ ਵਿਚ ਸਿੱਖਾਂ ਨੇ ਮੁਸਲਮਾਨ ਤੀਵੀਆਂ ਨੂੰ ਨੰਗਾ ਕਰ ਕੇ ਬਜ਼ਾਰਾਂ ਵਿਚ ਟੋਰਿਆ, ਤਾਂ ਮੈਂ ਉਸ ਦਿਨ ਦੀ ਕਥਾ ਕਰਦਿਆਂ ਇਸ ਗੱਲ ਉੱਤੇ ਸ਼ੋਕ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਤੀਵੀਆਂ ਮੇਰੀਆਂ ਮਾਵਾਂ ਭੈਣਾਂ ਸਨ। ਇਸ ਉੱਤੇ ਕਈ ਨੌਜੁਆਨ ਸਿੱਖ ਗੁੱਸੇ ਹੋ ਕੇ ਕਹਿਣ ਲੱਗੇ, “ਤੁਸੀਂ ਨੌਜੁਆਨਾਂ ਦੀ ਸਪਿਰਟ ਨੂੰ ਕੁਚਲਨਾ ਚਾਹੁੰਦੇ ਹੋ।” ਮੈਂ ਕਿਹਾ, “ਕੀ ਪਤਾ ਹੈ ਜੇ ਮੈਂ ਉੱਥੇ ਹੁੰਦਾ ਤਾਂ ਹਜੂਮ ਨਾਲ ਰਲ ਕੇ ਮੈਂ ਵੀ ਉਹੋ ਕੁਝ ਕਰਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਬੈਠ ਕੇ ਇਹੋ ਕੁਝ ਅਹੁੜਿਆ ਹੈ ਜੋ ਕਹਿ ਦਿੱਤਾ ਹੈ। ਇੱਥੇ ਇਹੋ ਕੁਝ ਕਹਿਣਾ ਬਣਦਾ ਹੈ।”

ਆਪ ਦੀ ਵਿਦਵਤਾ ਪੰਜਾਬੀ ਬੋਲੀ ਨੂੰ ਅਨਮੋਲ ਗਹਿਣੇ ਵਾਂਗ ਸ਼ਿੰਗਾਰਣ ਦਾ ਕਾਰਜ ਕਰ ਰਹੀ ਹੈ। ਆਪ ਨੇ ਪੰਜਾਬੀ ਸਾਹਿਤ ਤੇ ਸਿੱਖ ਪੰਥ ਦੇ ਲਈ ਆਪਣਾ ਸਾਰਾ ਸਮਾਂ ਸ਼ਰਧਾਵਾਨ ਹੋ ਕੇ ਲੇਖੇ ਲਾਇਆ ਹੈ। ਦਿਨ-ਰਾਤ, ਆਰਾਮ ਤੇ ਨੀਂਦ ਦੀ ਪਰਵਾਹ ਨਾ ਕਰਦਿਆਂ ਆਪ ਨੇ ਸਾਰੀ ਜ਼ਿੰਦਗੀ ਬੜੀ ਕਰੜੀ ਘਾਲਣਾ ਘਾਲੀ ਹੈ। ਆਪ ਵਿਦਵਤਾ ਭਰਪੂਰ, ਦਿਆਲਤਾ ਵਾਲੀ, ਸਮਰਪਣ ਵਾਲੀ ਅਤੇ ਕਰੜੀਆਂ ਮੁਸ਼ੱਕਤਾਂ ਘਾਲਣ ਵਾਲੀ ਜ਼ਿੰਦਗੀ ਬਤੀਤ ਕਰਦਿਆਂ, ਧਰਮ, ਸਾਹਿਤ ਦੀ ਸੇਵਾ ਕਰਦਿਆਂ 10 ਜਨਵਰੀ 1958 ਨੂੰ ਅਧਰੰਗ ਦੀ ਬਿਮਾਰੀ ਨਾਲ ਅੰਮ੍ਰਿਤਸਰ ਵਿਚ ਸੁਰਗਵਾਸ ਹੋ ਗਏ।

ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਵਿਦਵਤਾ ਭਰਪੂਰ ਲਿਖਤਾਂ ਦਿੱਤੀਆਂ ਹਨ। ਪ੍ਰਿੰ. ਸਾਹਿਬ ਦੀ ਰਚਨਾ ਦਾ ਖ਼ਾਸ ਘੇਰਾ ਸਿੱਖ ਫ਼ਲਸਫਾ, ਗੁਰਬਾਣੀ ਦੇ ਟੀਕੇ ਤੇ ਵਿਆਖਿਆ ਅਤੇ ਪੰਜਾਬੀ ਸਾਹਿਤਕ ਨਿਬੰਧ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦਾਰਥ ਟੀਕਾ, ਜਪੁ ਸਟੀਕ, ਆਸਾ ਦੀ ਵਾਰ ਸਟੀਕ ਅਤੇ ਇਸੇ ਤਰ੍ਹਾਂ ਗੁਰਬਾਣੀ ਵਿਚਲੀਆਂ ਸ਼ਬਦਾਂਤਿਕ ਲਗਾਂ, ਮਾਤਰਾਂ ਦੇ ਗੁੱਝੇ ਭੇਦਾਂ ਦੀ ਸਰਲ ਵਿਆਖਿਆ ਵੀ ਆਪ ਦੀ ਵੱਡੀ ਦੇਣ ਹੈ। ਇਸ ਤੋਂ ਇਲਾਵਾ ਆਪ ਦੀਆਂ ਪ੍ਰਮੁੱਖ ਰਚਨਾਵਾਂ ਆਰਸੀ(ਸ੍ਵੈਜੀਵਨੀ), ਗੁਰੂ ਨਾਨਕ ਸਾਹਿਬ ਦਾ ਮਿਸ਼ਨ, ਪੰਜਾਬੀ ਸ਼ਬਦ ਜੋੜ, ਨਵੀਆਂ ਸੋਚਾਂ, ਸਹਿਜ ਸੁਭਾ, ਪੰਜਾਬੀ ਕਿਵੇਂ ਲਿਖੀਏ, ਘਰ ਦਾ ਪਿਆਰ, ਗੁਸਲਖਾਨਾ ਤੇ ਹੋਰ ਲੇਖ ਆਦਿ ਦੋ ਦਰਜਨ ਦੇ ਕਰੀਬ ਪੰਜਾਬੀ ਅਤੇ ਇੱਕ ਦਰਜਨ ਦੇ ਕਰੀਬ ਅੰਗਰੇਜ਼ੀ ਕਿਤਾਬਾਂ ਹਨ।

-ਸੁਰਿੰਦਰ ਸਿੰਘ ਇਬਾਦਤੀ-