ਕਮੇਟੀ ਪ੍ਰਬੰਧਕ ਵਕੀਲ ਗੁਰਬਖਸ਼ ਸਿੰਘ ਦੀਆਂ ਫਰਵਰੀ ਤੋਂ ਅਪ੍ਰੈਲ ਤੱਕ ਦੀਆਂ 5 ਤਾਰੀਖਾਂ ਉਤੇ ਲੱਗੀ ਹਾਜ਼ਰੀ ਦਿਖਾਉਣ: ਜਾਗੋ ਆਗੂ

ਕਮੇਟੀ ਪ੍ਰਬੰਧਕ ਵਕੀਲ ਗੁਰਬਖਸ਼ ਸਿੰਘ ਦੀਆਂ ਫਰਵਰੀ ਤੋਂ ਅਪ੍ਰੈਲ ਤੱਕ ਦੀਆਂ 5 ਤਾਰੀਖਾਂ ਉਤੇ ਲੱਗੀ ਹਾਜ਼ਰੀ ਦਿਖਾਉਣ: ਜਾਗੋ ਆਗੂ

ਮਾਮਲਾ ਬੀਤੇ ਦਿਨੀਂ ਸੱਜਣ ਕੁਮਾਰ ਨੂੰ ਮਿਲੀ ਜਮਾਨਤ ਦਾ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 29 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਕਾਂਗਰਸ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਮਾਮਲੇ ਵਿੱਚ ਦਿੱਲੀ ਕਮੇਟੀ ਪ੍ਰਬੰਧਕਾਂ ਵੱਲੋਂ ਅੱਜ ਕੀਤੀ ਗਈ ਪ੍ਰੇਸ ਕਾਨਫਰੰਸ ਨੂੰ ਜਾਗੋ ਪਾਰਟੀ ਨੇ ਵਿਰੋਧਾਭਾਸੀ ਕਰਾਰ ਦਿੱਤਾ ਹੈ। ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ, ਮਹਿੰਦਰ ਸਿੰਘ ਤੇ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇੱਕ ਪਾਸੇ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਪੀੜਤ ਦਾ ਵਕਾਲਤਨਾਮਾ ਨਹੀਂ ਹੈ, ਪਰ ਦੂਜੇ ਪਾਸੇ ਇਹ ਕਹਿੰਦੇ ਹਨ ਕਿ ਸਾਡੇ ਵਕੀਲ ਗੁਰਬਖਸ਼ ਸਿੰਘ ਦੀ ਹਰ ਤਾਰੀਖ ਉਤੇ ਕੋਰਟ ਵਿੱਚ ਹਾਜ਼ਰੀ ਲਗੀ ਹੈ। ਦਰਅਸਲ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਹੁਣ ਇੱਕ ਨਵਾਂ ਝੂਠ ਕਮੇਟੀ ਵੱਲੋਂ ਬੋਲਿਆ ਜਾ ਰਿਹਾ ਹੈ। 1984 ਦੀ ਲੜਾਈ ਨੂੰ ਦਿੱਲੀ ਕਮੇਟੀ ਵੱਲੋਂ ਕਮਜ਼ੋਰ ਕਰਨ ਦਾ ਦੋਸ਼ ਲਗਾਉਂਦੇ ਹੋਏ ਉਕਤ ਆਗੂਆਂ ਨੇ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਤੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਸਮੇਂ ਦੌਰਾਨ 1984 ਦੀ ਲੜਾਈ ਬਾਰੇ ਕੀਤੇ ਗਏ ਕਾਰਜਾਂ ਤੋਂ ਪ੍ਰਾਪਤੀਆਂ ਬਾਰੇ ਵਾਇਟ ਪੇਪਰ ਜਾਰੀ ਕਰਨ ਦੀ ਕਮੇਟੀ ਨੂੰ ਮੰਗ ਕੀਤੀ ਹੈ।

ਉਕਤ ਆਗੂਆਂ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਇਸ ਕੇਸ ਵਿੱਚ ਆਪਣੇ ਵਕੀਲ ਗੁਰਬਖਸ਼ ਸਿੰਘ ਦੀਆਂ ਫਰਵਰੀ ਤੋਂ ਅਪ੍ਰੈਲ ਤੱਕ ਦੀਆਂ 5 ਤਾਰੀਖਾਂ ਉਤੇ ਲੱਗੀ ਹਾਜ਼ਰੀ ਦਿਖਾਉਣ ਦੀ ਚੁਣੌਤੀ ਦਿੰਦੇ ਹੋਏ ਕਈ ਸਵਾਲ ਪੁੱਛੇ। ਜੇਕਰ ਤੁਸੀਂ ਪਿਛਲੇ 3 ਸਾਲਾਂ ਤੋਂ ਵਕਾਲਤਨਾਮਾ ਪੀੜਤ ਤੋਂ ਨਹੀਂ ਲੈ ਪਾਏ ਸੀ, ਤਾਂ ਅੱਜ ਕਿਵੇਂ ਲੈ ਲਿਆ ? ਕੀ ਤੁਸੀਂ ਸੱਜਣ ਕੁਮਾਰ ਨੂੰ ਜ਼ਮਾਨਤ ਮਿਲਣ ਦਾ ਇੰਤਜ਼ਾਰ ਕਰ ਰਹੇ ਸੀ ? ਜੇਕਰ ਪੀੜਤ ਦੀ ਪਛਾਣ ਨੂੰ ਅਦਾਲਤ ਨੇ ਗਵਾਹ ਸੁਰੱਖਿਆ ਐਕਟ ਤਹਿਤ ਗੁਪਤ ਰੱਖਿਆ ਹੋਇਆ ਸੀ, ਤਾਂ ਤੁਸੀਂ ਅੱਜ ਉਸਦਾ ਜ਼ਿਕਰ ਕਰਕੇ ਉਸਦੀ ਸੁਰੱਖਿਆ ਨਾਲ ਸਮਝੌਤਾ ਕਿਉਂ ਕੀਤਾ ? ਸਰਕਾਰੀ ਵਕੀਲ ਨੂੰ ਇਸ ਕੇਸ ਬਾਰੇ ਕਿਹੜੀਆਂ ਦਲੀਲਾਂ ਤੁਹਾਡੇ ਵਕੀਲ ਨੇ ਸੁਝਾਈਆਂ, ਜੇਕਰ ਤੁਹਾਡਾ ਵਕੀਲ ਨਹੀਂ ਸੀ ਪੇਸ਼ ਹੋ ਰਿਹਾ ? ਸਰਕਾਰੀ ਵਕੀਲ ਦੀ ਸਹਾਇਤਾ ਲਈ ਤੁਸੀਂ ਸੀਨੀਅਰ ਵਕੀਲ ਕਿਉਂ ਨਹੀਂ ਭੇਜਿਆ ? ਜ਼ਮਾਨਤ ਦੀ ਸੁਣਵਾਈ ਦੌਰਾਨ ਕੋਰਟ ਦੇ ਅੰਦਰ ਤੇ ਬਾਹਰ ਕਿਹੜੇ ਦਿੱਲੀ ਕਮੇਟੀ ਮੈਂਬਰ ਮੌਜੂਦ ਸਨ ? ਜਦੋਂ ਤੁਸੀਂ ਕਿਸੇ ਸਿੱਖ ਦੀ ਮਦਦ ਲਈ ਦਿੱਲੀ ਤੋਂ ਬਾਹਰ ਭੱਜਦੇ ਹੋ, ਤਾਂ ਤੁਸੀਂ ਕਿਸੇ ਵਕਾਲਤਨਾਮੇ ਦਾ ਇੰਤਜ਼ਾਰ ਕਰਦੇ ਹੋ ? ਦਿੱਲੀ ਕਮੇਟੀ ਐਕਟ ਦੇ ਨਿਯਮਾਂ ਅਨੁਸਾਰ ਸਬ ਕਮੇਟੀ ਲੀਗਲ ਦੀ ਸਥਾਪਨਾ ਨੂੰ ਸੰਸਦ ਵੱਲੋਂ ਮੰਜੂਰੀ ਹੈ, ਫਿਰ ਕਿਹੜੀ ਕੋਰਟ ਤੁਹਾਨੂੰ ਆਪਣੀ ਸਹਾਇਤਾ ਕਰਨ ਤੋਂ ਰੋਕਦੀ ਹੈ ?