ਜਿਸਨੂੰ ਹਿੰਦੀ ਨਹੀਂ ਆਉਂਦੀ ਉਸਨੂੰ ਭਾਰਤ ਦੇ ਕੇਂਦਰੀ ਮਹਿਕਮੇ ਦੀ ਬੈਠਕ ਤੋਂ ਬਾਹਰ ਜਾਣ ਲਈ ਕਿਹਾ

ਜਿਸਨੂੰ ਹਿੰਦੀ ਨਹੀਂ ਆਉਂਦੀ ਉਸਨੂੰ ਭਾਰਤ ਦੇ ਕੇਂਦਰੀ ਮਹਿਕਮੇ ਦੀ ਬੈਠਕ ਤੋਂ ਬਾਹਰ ਜਾਣ ਲਈ ਕਿਹਾ
ਸਕੱਤਰ ਵੈਦਿਆ ਰਾਜੇਸ਼ ਕੋਟੇਚਾ


ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਵਿਚ ਜਿੱਥੇ ਪਹਿਲਾਂ ਹੀ ਕੇਂਦਰੀ ਸਰਕਾਰੀ ਨੀਤੀਆਂ ਨਾਲ ਗੈਰ-ਹਿੰਦੀ ਸੂਬਿਆਂ 'ਤੇ ਥੋਪੀ ਜਾ ਰਹੀ ਹਿੰਦੀ ਤੋਂ ਲੋਕ ਤੰਗ ਆਏ ਹੋਏ ਹਨ ਉੱਥੇ ਹੁਣ ਭਾਰਤ ਦੇ ਕੇਂਦਰੀ ਮਹਿਕਮੇ ਦੇ ਸਕੱਤਰ ਵੱਲੋਂ ਇਕ ਬੈਠਕ ਵਿਚ ਗੈਰ-ਹਿੰਦੀ ਭਾਸ਼ੀਆਂ ਨੂੰ ਬੇਇਜ਼ਤ ਕੀਤੇ ਜਾਣ ਕਰਕੇ ਹਿੰਦੀਕਰਨ ਖਿਲਾਫ ਰੋਹ ਹੋਰ ਵਧ ਗਿਆ ਹੈ। 

ਭਾਰਤ ਦੇ ਆਯੂਸ਼ ਮਹਿਕਮੇ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੇ ਮਹਿਕਮੇ ਦੇ ਕਿਸੇ ਸਿਖਲਾਈ ਪ੍ਰੋਗਰਾਮ ਦੀ ਆਨਲਾਈਨ ਬੈਠਕ ਵਿਚ ਸ਼ਾਮਲ ਡਾਕਟਰਾਂ ਨੂੰ ਕਿਹਾ ਕਿ ਉਹ ਆਪਣੀ ਗੱਲ ਹਿੰਦੀ ਵਿਚ ਰੱਖਣਗੇ ਤੇ ਜਿਸਨੂੰ ਹਿੰਦੀ ਨਹੀਂ ਆਉਂਦੀ ਉਹ ਬੈਠਕ ਛੱਡ ਕੇ ਜਾ ਸਕਦਾ ਹੈ। ਇਸ ਨੂੰ ਗੈਰ-ਹਿੰਦੀ ਭਾਸ਼ੀਆਂ ਨੇ ਆਪਣੀ ਤੌਹੀਨ ਸਮਝਿਆ ਹੈ। 

ਡੀਐਮਕੇ ਦੀ ਆਗੂ ਅਤੇ ਲੋਕ ਸਭਾ ਮੈਂਬਰ ਕਨੀਮੋਝੀ ਨੇ ਆਯੂਸ਼ ਮੰਤਰਾਲੇ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।

ਕਨੀਮੋੜੀ ਨੇ ਟਵੀਟ ਕੀਤਾ "ਸਕੱਤਰ ਵੱਲੋਂ ਮੰਤਰਾਲੇ ਦੇ ਸਿਖ਼ਲਾਈ ਸੈਸ਼ਨ ਵਿਚ ਅਜਿਹਾ ਕਹਿਣਾ ਦਿਖਾਉਂਦਾ ਹੈ ਕਿ ਕਿਵੇਂ ਹਿੰਦੀ ਨੂੰ ਥੋਪਿਆ ਜਾ ਰਿਹਾ ਹੈ। ਇਸ ਦੀ ਸਖ਼ਤ ਨਿਖੇਧੀ ਕਰਨੀ ਬਣਦੀ ਹੈ।"

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਕੱਤਰ ਨੂੰ ਮੁਅੱਤਲ ਕਰ ਕੇ ਅਨੁਸ਼ਾਸਨੀ ਕਾਰਵਾਈ ਆਰੰਭਣੀ ਚਾਹੀਦੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਗ਼ੈਰ ਹਿੰਦੀ ਭਾਸ਼ਾਈ ਵਿਅਕਤੀਆਂ ਨਾਲ ਇਸ ਤਰ੍ਹਾਂ ਦਾ ਵਤੀਰਾ ਆਖ਼ਰ ਕਦੋਂ ਤੱਕ ਸਵੀਕਾਰ ਕੀਤਾ ਜਾਵੇਗਾ?

ਭਾਰਤ ਦੇ ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਅਤੇ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਟਵੀਟ ਕੀਤਾ "ਅੰਗਰੇਜ਼ੀ ਨਾ ਆਉਣਾ ਤਾਂ ਸਮਝ ਆਉਂਦਾ ਹੈ, ਪਰ ਹਿੰਦੀ ਨਾ ਜਾਨਣ ਵਾਲਿਆਂ ਨੂੰ ਚਲੇ ਜਾਣ ਲਈ ਕਹਿਣ ’ਚੋਂ ਹੰਕਾਰੀ ਵਤੀਰੇ ਦੀ ਝਲਕ ਪੈਂਦੀ ਹੈ, ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।"