ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਦੋਸ਼ੀ ਚਰਨਜੀਤ ਸ਼ਰਮਾ ਖਿਲਾਫ ਚਲਾਨ ਪੇਸ਼ ਕੀਤਾ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਦੋਸ਼ੀ ਚਰਨਜੀਤ ਸ਼ਰਮਾ ਖਿਲਾਫ ਚਲਾਨ ਪੇਸ਼ ਕੀਤਾ

ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਰੋਸ ਪ੍ਰਗਟ ਰਹੀਆਂ ਸਿੱਖ ਸੰਗਤਾਂ 'ਤੇ ਪਿੰਡ ਬਹਿਬਲ ਕਲਾਂ ਵਿਖੇ ਗੋਲੀ ਚਲਾਉਣ ਦੇ ਮਾਮਲੇ ’ਚ ਮੁਲਜ਼ਮ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਖ਼ਿਲਾਫ਼ ਬੀਤੇ ਕੱਲ੍ਹ ਇਲਾਕਾ ਮੈਜਿਸਟਰੇਟ ਦੀ ਅਦਾਲਤ ’ਚ ਚਲਾਨ ਪੇਸ਼ ਕੀਤਾ ਗਿਆ। ਇਸ ਮੌਕੇ ਸ਼ਰਮਾ ਅਦਾਲਤ ਵਿਚ ਨਹੀਂ ਸਨ। ਅਦਾਲਤ ਨੇ ਸਾਬਕਾ ਐੱਸਐੱਸਪੀ ਨੂੰ 26 ਅਪਰੈਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। 

ਹਲਾਂਕਿ ਸਿੱਟ ਨੇ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਐੱਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਖ਼ਿਲਾਫ਼ ਚਲਾਨ ਅਦਾਲਤ ’ਚ ਪੇਸ਼ ਨਹੀਂ ਕੀਤਾ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ 23 ਮਈ ਤੱਕ ਰੋਕ ਲੱਗੀ ਹੋਈ ਹੈ। ਜਾਂਚ ਟੀਮ ਨੇ ਚਲਾਨ ਨਾ ਪੇਸ਼ ਕਰ ਕੇ ਇਨ੍ਹਾਂ ਦੀ ਗ੍ਰਿਫ਼ਤਾਰੀ ਦਾ ਰਾਹ ਅਜੇ ਖੁੱਲ੍ਹਾ ਰੱਖਿਆ ਹੈ। ਜਾਂਚ ਟੀਮ ਨੇ ਬਾਕੀ ਪੁਲੀਸ ਅਧਿਕਾਰੀਆਂ ਤੋਂ ਪੁੱਛ-ਪੜਤਾਲ ਤੋਂ ਬਾਅਦ ਚਲਾਨ ਪੇਸ਼ ਕਰਨ ਦੀ ਗੱਲ ਕਹੀ ਹੈ। 

ਚਰਨਜੀਤ ਸ਼ਰਮਾ ਨੂੰ ਜਾਂਚ ਟੀਮ ਨੇ 27 ਜਨਵਰੀ ਨੂੰ ਹੁਸ਼ਿਆਰਪੁਰ ਤੋਂ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ ਅਤੇ 27 ਅਪਰੈਲ ਤੱਕ ਜਾਂਚ ਟੀਮ ਵੱਲੋਂ ਚਲਾਨ ਪੇਸ਼ ਕਰਨਾ ਲਾਜ਼ਮੀ ਸੀ। ਜੇ ਅਜਿਹਾ ਨਾ ਕੀਤਾ ਜਾਂਦਾ ਤਾਂ ਨੇਮਾਂ ਮੁਤਾਬਕ ਚਰਨਜੀਤ ਸ਼ਰਮਾ ਨੂੰ ਬਹਿਬਲ ਕਾਂਡ ਮਾਮਲੇ ਵਿਚੋਂ ਜ਼ਮਾਨਤ ਮਿਲ ਸਕਦੀ ਸੀ। ਜਾਂਚ ਟੀਮ ਦੇ ਮੈਂਬਰ ਅਤੇ ਕਪੂਰਥਲਾ ਦੇ ਐੱਸਐੱਸਪੀ ਸਤਿੰਦਰ ਪਾਲ ਸਿੰਘ ਚਲਾਨ ਪੇਸ਼ ਕਰਨ ਲਈ ਖ਼ੁਦ ਅਦਾਲਤ ਵਿੱਚ ਹਾਜ਼ਰ ਰਹੇ। ਸ਼ਰਮਾ ਇਸ ਵੇਲੇ ਪਟਿਆਲਾ ਜੇਲ੍ਹ ’ਚ ਬੰਦ ਹੈ। 300 ਪੰਨਿਆਂ ਦੇ ਚਲਾਨ ਵਿਚ ਜਾਂਚ ਟੀਮ ਨੇ ਚਰਨਜੀਤ ਸ਼ਰਮਾ ਖ਼ਿਲਾਫ਼ ਪੁਲੀਸ ਅਧਿਕਾਰੀਆਂ, ਡਾਕਟਰਾਂ, ਫੋਰੈਂਸਿਕ ਮਾਹਿਰਾਂ ਨੂੰ ਗਵਾਹ ਵਜੋਂ ਸ਼ਾਮਲ ਕੀਤਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ