ਦਲਿਤ ਸਰੋਕਾਰਾਂ ਨਾਲ ਸੰਬੰਧਿਤ ਨਾਵਲ ਰੋਹ ਵਿਦਰੋਹ

ਦਲਿਤ ਸਰੋਕਾਰਾਂ ਨਾਲ ਸੰਬੰਧਿਤ ਨਾਵਲ ਰੋਹ ਵਿਦਰੋਹ

ਪੁਸਤਕ ਰੀਵਿਊ

ਰਘਬੀਰ ਸਿੰਘ ਮਾਨ ਦਾ ਪਲੇਠਾ ਨਾਵਲ ‘ਰੋਹ ਵਿਦਰੋਹ’ ਸਾਡੇ ਸਮਾਜ ਵਿੱਚ ਡੂੰਘੀਆਂ ਜੜ੍ਹਾਂ ਫੈਲਾ ਚੁੱਕੇ ਜਾਤੀ ਆਧਾਰਿਤ ਵਿਤਕਰਿਆਂ ਨੂੰ ਸੰਬੋਧਿਤ ਹੈ। ਇਸ ਨਾਵਲ ਦਾ ਘੇਰਾ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਅਤੇ ਅਨਪੜ੍ਹਾਂ ਤੋਂ ਲੈ ਕੇ ਪੜ੍ਹਿਆਂ-ਲਿਖਿਆਂ ਤੱਕ ਫੈਲਿਆ ਹੋਇਆ ਹੈ। ਸਾਹਿਤਕ ਲਿਖਤਾਂ ਵਿੱਚ ਆਮ ਤੌਰ ’ਤੇ ਅਖੌਤੀ ਉੱਚ ਜਾਤੀ ਦੇ ਮਰਦਾਂ-ਔਰਤਾਂ ਵੱਲੋਂ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਦੇ ਲੋਕਾਂ ਪ੍ਰਤੀ ਨਫ਼ਰਤ ਅਤੇ ਵਿਤਕਰੇ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ, ਪਰ ਇਸ ਨਾਵਲ ਵਿੱਚ ਉੱਚ ਜਾਤੀ ਦੇ ਲੋਕਾਂ ਵੱਲੋਂ ਨੀਵੀਂ ਜਾਤ ਦੇ ਲੋਕਾਂ ਨਾਲ ਕੀਤੇ ਜਾਂਦੇ ਵਿਤਕਰੇ ਤੋਂ ਇਲਾਵਾ ਇੱਕ ਦਲਿਤ ਔਰਤ ਦੇ ਪਾਤਰ ਰਾਹੀਂ ਨੀਵੀਆਂ ਜਾਤਾਂ ਦੇ ਦਿਲਾਂ ਵਿੱਚ ਵੀ ਉੱਚੀਆਂ ਜਾਤਾਂ ਪ੍ਰਤੀ ਘਰ ਕਰੀ ਬੈਠੀ ਨਫ਼ਰਤ ਨੂੰ ਬਾਖ਼ੂਬੀ ਚਿਤਰਿਆ ਗਿਆ ਹੈ। ਇਸ ਤੋਂ ਇਲਾਵਾ ਇਹ ਨਾਵਲ ਦਲਿਤ ਸਮਾਜ ਵਿੱਚ ਪਾਈਆਂ ਜਾ ਰਹੀਆਂ ਕਮਜ਼ੋਰੀਆਂ ਅਤੇ ਘਾਟਾਂ ਉੱਤੇ ਵੀ ਉਂਗਲ ਰੱਖਿਆਂ ਉਨ੍ਹਾਂ ਨੂੰ ਦੂਰ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੰਦਾ ਹੈ।

ਨਾਵਲ ਦਾ ਮੁੱਖ ਪਾਤਰ ‘ਆਗੂ’ ਇੱਕ ਦਲਿਤ ਪਰਿਵਾਰ ਦਾ ਪੜ੍ਹਿਆ ਲਿਖਿਆ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਨੌਜਵਾਨ ਹੈ। ਇਸ ਪਾਤਰ ਰਾਹੀਂ ਲੇਖਕ ਇੱਕ ਪਾਸੇ ਦਲਿਤ ਵਰਗ ਵਿੱਚ ਆ ਰਹੀ ਨਵੀਂ ਚੇਤਨਾ ਨੂੰ ਪੇਸ਼ ਕਰਦਾ ਹੈ, ਦੂਜੇ ਪਾਸੇ ਇਸ ਦੀ ਮਾਤਾ ‘ਪਾਸ਼ੋ’ ਜਿਸ ਦੇ ਮਨ ਵਿੱਚ ਉੱਚ ਜਾਤਾਂ ਪ੍ਰਤੀ ਬੇਹੱਦ ਨਫ਼ਰਤ ਭਰੀ ਹੋਈ ਹੈ, ਰਾਹੀਂ ਪਿਛਾਂਹਖਿੱਚੂ ਅਤੇ ਸੰਕੀਰਨ ਵਿਚਾਰਾਂ ਦੀ ਪੇਸ਼ਕਾਰੀ ਕਰਦਾ ਹੈ, ਹੋਰ ਤਾਂ ਹੋਰ, ਉਹ ਆਪਣੇ ਪੁੱਤਰ ‘ਆਗੂ’ ਦੀ ਪਤਨੀ ‘ਕਿੰਨਦੀਪ’ ਜੋ ਉੱਚ ਜਾਤੀ ਦੀ ਹੋਣ ਦੇ ਬਾਵਜੂਦ ਉਸ ਦੇ ਪੁੱਤਰ ਨਾਲ ਵਿਆਹ ਕਰਵਾ ਲੈਂਦੀ ਹੈ, ਪ੍ਰਤੀ ਵੀ ਨਫ਼ਰਤ ਦੀ ਭਾਵਨਾ ਨਹੀਂ ਤਿਆਗਦੀ ਅਤੇ ਹਰ ਵੇਲੇ ਉਸ ਨੂੰ ਮੰਦਾ-ਚੰਗਾ ਬੋਲਦੀ ਅਤੇ ਕੋਸਦੀ ਰਹਿੰਦੀ ਹੈ। ਦੂਜੇ ਪਾਸੇ ਉਸ ਦੀ ਨੂੰਹ ਕਿੰਨਦੀਪ ਆਪਣੀ ਸੱਸ ਦੇ ਮੰਦੇ ਚੰਗੇ ਬੋਲਾਂ ਅਤੇ ਕੋਝੀਆਂ ਹਰਕਤਾਂ ਪ੍ਰਤੀ ਕੋਈ ਗੁੱਸਾ-ਗਿਲਾ ਜਾਂ ਪ੍ਰਤੀਕਿਰਿਆ ਜ਼ਾਹਰ ਨਹੀਂ ਕਰਦੀ। ਮੁੱਖ ਪਾਤਰ ‘ਆਗੂ’ ਇਸ ਦਵੰਦ ਵਿੱਚ ਫਸਿਆ ਮਹਿਸੂਸ ਕਰਦਾ ਹੈ, ਪਰ ਉਸ ਦੀ ਪਤਨੀ, ਪਿਉ, ਭੈਣਾਂ ਅਤੇ ਯਾਰ-ਦੋਸਤ ਉਸ ਦਾ ਹੌਸਲਾ ਬਣਾਈ ਰੱਖਦੇ ਹਨ।

ਦਰਅਸਲ, ਲੇਖਕ ਮੁੱਖ ਪਾਤਰ ‘ਆਗੂ’ ਰਾਹੀਂ ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਕੋਹੜ ਦੀਆਂ ਕੁਰੀਤੀਆਂ ਨੂੰ ਬਿਆਨ ਕਰ ਕੇ ਉਨ੍ਹਾਂ ਨੂੰ ਸਿੱਖਿਆ ਅਤੇ ਚੇਤਨਾ ਦੇ ਮਾਧਿਅਮ ਰਾਹੀਂ ਖ਼ਤਮ ਕਰਨ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਨਾਵਲ ਦਲਿਤਾਂ ਨਾਲ ਹੋ ਰਹੇ ਵਿਤਕਰਿਆਂ ਅਤੇ ਭੈੜੇ ਵਰਤਾਉ ਨੂੰ ਪਿੰਡ ਵਿੱਚ ਜਾਤੀਗਤ ਪੱਧਰ ਉੱਤੇ ਬਣੇ ਗੁਰਦੁਆਰਿਆਂ, ਸ਼ਮਸ਼ਾਨਘਾਟਾਂ ਅਤੇ ਹੋਰ ਅਜਿਹੇ ਕਾਰਜਾਂ-ਘਟਨਾਵਾਂ ਰਾਹੀਂ ਪੇਸ਼ ਕਰਦਾ ਹੈ, ਪਰ ਨਾਲ ਹੀ ਦਲਿਤਾਂ ਵਿੱਚ ਆ ਰਹੀ ਨਵੀਂ ਚੇਤਨਾ ਨੂੰ ਵੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ। ‘ਆਗੂ’ ਦੀ ਅਗਵਾਈ ਵਿੱਚ ਪਿੰਡ ਦੇ ਦਲਿਤ ਨੌਜਵਾਨ ਊਚ-ਨੀਚ ਖ਼ਤਮ ਕਰ ਕੇ ਬਰਾਬਰੀ ਵਾਲਾ ਸਮਾਜ ਉਸਾਰਨ ਦੇ ਰਾਹ ਪੈਂਦੇ ਦਿਸਦੇ ਹਨ। ਕੁਝ ਵਿਚਾਰਵਾਨਾਂ ਦੇ ਭਾਸ਼ਨ ਉਨ੍ਹਾਂ ਨੂੰ ਸਿਆਸੀ ਅਤੇ ਸਮਾਜਿਕ ਚੇਤਨਾ ਦੀ ਚਿਣਗ ਲਾਉਂਦੇ ਹਨ। ਸਿੱਟੇ ਵਜੋਂ ਉੱਚ ਜਾਤੀਆਂ ਦਾ ਦਾਬਾ ਘਟਦਾ ਜਾਂਦਾ ਹੈ। ਨਾਵਲ ਵਿੱਚ ਕਾਰਲ ਮਾਰਕਸ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਵਿਚਾਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਰਾਹੀਂ ਦਲਿਤ ਨੌਜਵਾਨਾਂ ਨੂੰ ਚੇਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਕੁੱਲ ਮਿਲਾ ਕੇ ਇਹ ਨਾਵਲ ਜਾਤੀਗਤ ਪ੍ਰਬੰਧ ਉੱਤੇ ਸੱਟ ਮਾਰਨ ਦੀ ਇੱਕ ਕੋਸ਼ਿਸ਼ ਹੈ। ਇਹ ਯਤਨ ਹੋਰ ਵਧੇਰੇ ਸਫ਼ਲ ਹੋ ਸਕਦਾ ਸੀ, ਜੇਕਰ ਉੱਚ ਜਾਤੀ ਦਾ ਪੜ੍ਹਿਆ-ਲਿਖਿਆ ਨੌਜਵਾਨ ਪੜ੍ਹੀ ਲਿਖੀ ਦਲਿਤ ਕੁੜੀ ਨਾਲ ਅੰਤਰ-ਜਾਤੀ ਵਿਆਹ ਕਰਕੇ ਦਲਿਤਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਆਵਾਜ਼ ਉਠਾਉਂਦਾ ਅਤੇ ਦਲਿਤਾਂ ਦੀ ਦਸ਼ਾ ਸੁਧਾਰਨ ਲਈ ਉਨ੍ਹਾਂ ਦੀ ਸੂਝ ਨੂੰ ਸਹੀ ਦਿਸ਼ਾ ਦੇਣ ਵਿੱਚ ਅਗਵਾਈ ਕਰਦਾ। ਇਸ ਨਾਵਲ ਵਿੱਚ ਪਾਤਰ ਉਸਾਰੀ ਇਸ ਤੋਂ ਉਲਟ ਰੂਪ ਵਿੱਚ ਕੀਤੀ ਗਈ ਹੈ ਜੋ ਠੋਸ ਪ੍ਰਭਾਵ ਨਹੀਂ ਪਾ ਰਹੀ। ਇਹ ਇਸ ਨਾਵਲ ਦਾ ਹਾਸਲ ਵੀ ਹੈ ਅਤੇ ਅਪਵਾਦ ਵੀ। ਨਾਵਲ ਦਾ ਕਥਾਨਕ ਅਤੇ ਤਾਣਾ-ਪੇਟਾ ਚੰਗੀ ਤਰ੍ਹਾਂ ਬੁਣਿਆ ਹੋਣ ਕਰਕੇ ਇਹ ਰੌਚਕ ਅਤੇ ਦਿਲਚਸਪ ਹੈ, ਪਰ ਭਾਸ਼ਾ ਦੀ ਵਰਤੋਂ ਪੱਖੋਂ ਲੇਖਕ ਨੇ ਕੁਝ ਅਣਗਹਿਲੀ ਵਰਤੀ ਹੈ। ਇਹ ਠੀਕ ਹੈ ਕਿ ਪਾਤਰਾਂ ਦੀ ਭਾਸ਼ਾ ਉਨ੍ਹਾਂ ਦੇ ਅਨੁਸਾਰ ਹੀ ਬਿਆਨੀ ਜਾਣੀ ਚਾਹੀਦੀ ਹੈ, ਪਰ ਲਿਖਣ ਸਮੇਂ ਉਸ ਨੂੰ ਭਾਸ਼ਾਈ ਮਿਆਰ ਤੋਂ ਹੇਠਾਂ ਜਾ ਕੇ ਉਕਾਈਆਂ ਦੇ ਵੱਸ ਪਾ ਦੇਣਾ ਦਰੁਸਤ ਨਹੀਂ ਕਿਹਾ ਜਾ ਸਕਦਾ। ਇਨ੍ਹਾਂ ਕੁਝ ਉਕਾਈਆਂ ਦੇ ਬਾਵਜੂਦ ਇਹ ਨਾਵਲ ਸਾਡੇ ਸਮਾਜ ਵਿੱਚ ਪਾਏ ਜਾਂਦੇ ਜਾਤੀਗਤ ਵਿਤਕਰਿਆਂ ਅਤੇ ਨਫ਼ਰਤ ਨੂੰ ਸਮਾਜਿਕ ਅਤੇ ਵਿੱਦਿਅਕ ਚੇਤਨਾ ਰਾਹੀਂ ਦੂਰ ਕਰਨ ਦਾ ਸੰਦੇਸ਼ ਦੇਣ ਵਿੱਚ ਸਫ਼ਲ ਰਿਹਾ ਹੈ।

 

ਡਾ. ਮੇਘਾ ਸਿੰਘ