ਬਾਪੂ ਪਿਛੌਰਾ ਸਿੰਘ ਪਿੰਡ ਢਿੱਪਾਂ ਵਾਲੀ ਦੀ ਦੇਸ ਵੰਡ ਸਬੰਧੀ ਦਰਦਨਾਕ ਦਾਸਤਾਨ
ਇਕ ਪਾਸੇ ਆਜ਼ਾਦੀ ਦੀ ਖੁਸ਼ੀ ਮਨਾਈ ਜਾ ਰਹੀ ਸੀ ਤੇ ਦੂਜੇ ਪਾਸੇ ਹੋ ਰਿਹਾ ਸੀ ਸਿਖਾਂ ਦਾ ਕਤਲੇਆਮ
ਅਗਸਤ 1947 ਨੂੰ ਇੱਕ ਪਾਸੇ ਸਾਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਅਤੇ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਵਰਗੇ ਸਿਆਸੀ ਲੋਕ ਆਜ਼ਾਦੀ ਸਬੰਧੀ ਵੱਡੇ-ਵੱਡੇ ਭਾਸ਼ਣ ਦੇ ਰਹੇ ਸਨ ਤਾਂ ਦੂਜੇ ਪਾਸੇ ਪੰਜਾਬ ’ਚ ਵੱਢ- ਟੁੱਕ ਜ਼ੋਰਾਂ ’ਤੇ ਹੋ ਰਹੀ ਸੀ। ਇਕ ਪਾਸੇ ਚੜ੍ਹਦਾ ਪੰਜਾਬ ਅਤੇ ਦੂਜੇ ਪਾਸੇ ਲਹਿੰਦਾ ਪੰਜਾਬ ਬਣ ਗਿਆ ਸੀ। ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ। ਹਿੰਦੂ-ਸਿੱਖ ਲਹਿੰਦੇ ਪੰਜਾਬ ਵਿੱਚੋਂ ਚੜ੍ਹਦੇ ਪੰਜਾਬ ਵੱਲ ਆ ਰਹੇ ਸਨ ਅਤੇ ਮੁਸਲਮਾਨ ਚੜ੍ਹਦੇ ਪੰਜਾਬ ਵਿੱਚੋਂ ਲਹਿੰਦੇ ਪੰਜਾਬ ’ਚ ਜਾ ਰਹੇ ਸਨ। ਦੋਵੇਂ ਕੌਮਾਂ ਦੇ ਲੋਕ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ। ਸਿੱਖ ਮੁਸਲਮਾਨਾਂ ਨੂੰ ਮਾਰ ਰਹੇ ਸਨ ਅਤੇ ਲੁੱਟ-ਖੋਹ ਕਰ ਰਹੇ ਸਨ ਅਤੇ ਲਹਿੰਦੇ ਪੰਜਾਬ ਵਾਲੇ ਮੁਸਲਮਾਨ ਹਿੰਦੂ-ਸਿੱਖਾਂ ਨੂੰ ਮਾਰ ਰਹੇ ਸਨ। ਸਦੀਆਂ ਤੋਂ ਭਰਾਵਾਂ ਵਾਂਗ ਰਹਿੰਦੇ ਰਿਸ਼ਤੇ ਟੁੱਟ ਚੁੱਕੇ ਸਨ ਅਤੇ ਗੁੰਡਾਗਰਦੀ ਦਾ ਨਾਚ ਪੂਰੀ ਤਰ੍ਹਾਂ ਚੱਲ ਰਿਹਾ ਸੀ। ਭਰਾਵਾਂ ਨਾਲੋਂ ਵਧ ਕੇ ਬਣੇ ਦੋਸਤ ਪੱਗ-ਵੱਟ ਯਾਰ ਇੱਕ ਦੂਜੇ ਦੇ ਦੁਸ਼ਮਣ ਬਣ ਚੁੱਕੇ ਸਨ ਅਤੇ ਪੱਗਾਂ ਰੋਲ ਰਹੇ ਸਨ। ਧੀਆਂ ਭੈਣਾਂ ਖੋਹ ਰਹੇ ਸਨ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਸ਼ਰੇਆਮ ਮਾਂ ਪਿਓ ਦੇ ਸਾਹਮਣੇ ਲੁੱਟ ਰਹੇ ਸਨ ਪਰ ਸਰਕਾਰਾਂ ਨੇ ਅੱਖਾਂ ਮੀਚ ਲਈਆਂ ਸਨ।
ਵੰਡ ਦੇ ਦਰਦ ਨੂੰ ਇਸ ਤਰ੍ਹਾਂ ਬਿਆਨ ਕੀਤਾ ਪਿੰਡ ਢਿੱਪਾਂ ਵਾਲੀ ਵਾਸੀ 93 ਸਾਲਾ ਬਾਪੂ ਪਿਛੌਰਾ ਸਿੰਘ ਨੇ। ਬਾਪੂ ਜੀ ਨੇ ਦੱਸਿਆ ਕਿ ਵੰਡ ਵੇਲੇ ਉਨ੍ਹਾਂ ਦੀ ਉਮਰ 14-15 ਸਾਲ ਦੀ ਸੀ ਅਤੇ ਉਨ੍ਹਾਂ ਨੂੰ ਵੰਡ ਦਾ ਸਾਰਾ ਪਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਵਿਚ ਦੇਊ ਕਲਾਂ ਪਿੰਡ ’ਚ ਰਹਿੰਦੇ ਸਾਂ ਅਤੇ ਨਾਨੇ ਦੇ ਕੋਈ ਪੁੱਤਰ ਨਹੀਂ ਸੀ। ਨਾਨੇ ਕੋਲ 250 ਘੁਮਾਂ ਜ਼ਮੀਨ ਸੀ ਅਤੇ ਉਹ ਨਾਨਕੇ ਢੇਰੀ ’ਤੇ ਰਹਿੰਦੇ ਸਾੀ ਅਤੇ ਅਮੀਰ ਪਰਿਵਾਰ ਵਿੱਚ ਗਿਣੇ ਜਾਂਦੇ ਸੀ ਕਿਉਂਕਿ ਬਾਕੀਆਂ ਕੋਲ ਬਹੁਤ ਥੋੜ੍ਹੀ ਜ਼ਮੀਨ ਸੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਆਸ-ਪਾਸ ਚਹਿਲ, ਘਮਾਇਆ, ਸੌੜਾ, ਠੱਠਾ ਪਿੰਡ ਸਨ ਜੋ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਾਦ ਹਨ। ਉਨ੍ਹਾਂ ਨੇ ਦੱਸਿਆ ਕਿ ਇੱਕ ਮੁਸਲਮਾਨ ਇੱਕ ਖੱਤਰੀ ਦੀ ਜ਼ਮੀਨ ਦੱਬੀ ਬੈਠਾ ਸੀ ਅਤੇ ਉਨ੍ਹਾਂ ਦੇ ਨਾਨੇ ਨੇ ਪੈਰਵਾਈ ਕਰ ਕੇ ਜ਼ਮੀਨ ਛੁਡਾ ਦਿੱਤੀ, ਉਹ ਮੁਸਲਮਾਨ ਕਹਿੰਦਾ ਸੀ ਕਿ ਉਸ ਨੇ ਇਨ੍ਹਾਂ ਨੂੰ ਮਾਰਨਾ ਹੀ ਮਾਰਨਾ ਹੈ ਅਤੇ ਬਾਕੀ ਮੁਸਲਮਾਨ ਕਹਿਣ ਲੱਗੇ ਕਿ ਤੁਸੀਂ ਪਾਸੇ-ਆਸੇ ਹੋ ਜਾਓ ਕਿਉਂਕਿ ਤੁਹਾਡੀ ਇਸ ਨਾਲ ਦੁਸ਼ਮਣੀ ਪੈ ਗਈ ਹੈ ਪਰ ਅਸੀਂ ਉਥੇ ਹੀ ਬੈਠੇ ਰਹੇ। ਆਜ਼ਾਦੀ ਵੇਲੇ ਵੰਡ ਦਾ ਜ਼ਿਆਦਾ ਰੌਲਾ ਵਧ ਗਿਆ ਤਾਂ ਅਸੀਂ ਮੱਝਾਂ ਚੋਅ ਕੇ ਦੁੱਧ ਢੱਕ ਕੇ ਹਟੇ ਸਾਂ ਕਿ ਇੱਕ ਦਮ ਰੌਲਾ ਪੈ ਗਿਆ, ਅਸੀਂ ਉਸੇ ਤਰ੍ਹਾਂ ਬਾਲਟੀਆਂ ਰੱਖ ਕੇ ਦੋ ਘੋੜੇ ਅਤੇ ਥੋੜ੍ਹੇ ਜਿਹੇ ਰੁਪਏ ਨਾਲ ਲੈ ਕੇ ਚੱਲ ਪਏ। ਇਹ ਕਹਿੰਦਿਆਂ ਬਾਪੂ ਜੀ ਭਾਵੁਕ ਹੋ ਗਏ ਅਤੇ ਅੱਖਾਂ ਭਰ ਆਈਆਂ। ਫਿਰ ਉਨ੍ਹਾਂ ਦੱਸਿਆ ਕਿ ਇਧਰ ਆ ਕੇ ਉਨ੍ਹਾਂ ਨੂੰ ਇਕ ਰੁਪਏ ਦੇ ਪੌਣੇ ਦੋ ਰੁਪਏ ਮਿਲੇ ਸਨ। ਜਿਹੜੀ ਨਹਿਰ ਅਲਿਆਣੀ ਕਸੂਰ ਨੂੰ ਜਾਂਦੀ ਸੀ ਉਥੇ ਮਿਲਟਰੀ ਨੇ ਤਲਾਸ਼ੀ ਕੀਤੀ। ਸਾਡੇ ਪਿੰਡ ਜੱਟਾਂ ਦੇ ਘਰ ਥੋੜ੍ਹੇ ਸਨ।
ਜਦ ਅਸੀਂ ਤੁਰਨ ਲੱਗੇ ਤਾਂ ਮੁਸਲਮਾਨ ਉੱਚੀ-ਉੱਚੀ ਰੋਣ ਲੱਗ ਪਏ ਉਹ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਪਰ ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਪਰਸੋਂ ਆ ਜਾਵਾਂਗੇ, ਬੱਸ ਫਿਰ ਪੁੱਤਰੋ ਪਰਸੋਂ ਤਾਂ ਸਾਡਾ ਆਇਆ ਹੀ ਨਹੀਂ। ਬਾਪੂ ਨੇ ਦੱਸਿਆ ਕਿ ਖਵਾਜਾ ਤੇ ਖਾਂ ਦੋ ਥਾਣੇਦਾਰ ਸਨ। ਉਨ੍ਹਾਂ ਨੇ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਬੰਦ ਕਰ ਦਿੱਤਾ ਅਤੇ ਸਾਰੇ ਸਿੱਖ ਮਾਰ ਦਿੱਤੇ। ਗੁੰਡੇ ਹਥਿਆਰ ਲੈ ਕੇ ਪੁਲਾਂ ’ਤੇ ਬੈਠੇ ਸਨ। ਜਦੋਂ ਅਸੀਂ ਲੰਘੇ ਤਾਂ ਉਹ ਰੌਲਾ ਪਾਉਣ ਲੱਗ ਪਏ ਕਿ ਮਾਰ ਦਿਉ ਸਿੱਖਾਂ ਨੂੰ ਵੱਢ ਦਿਉ ਇਨ੍ਹਾਂ ਨੂੰ।ਇਕ ਮੋਹਤਬਰ ਬੰਦਾ ਸੀ ਗੰਡੇ ਪਿੰਡ ਦਾ ਜਦ ਉਸਦੀਆਂ ਦੋ ਧੀਆਂ ਨੂੰ ਗੁੰਡੇ ਹੱਥ ਪਾਉਣ ਲੱਗੇ ਤਾਂ ਉਸ ਨੇ ਦੋਵਾਂ ਧੀਆਂ ਦੀਆਂ ਧੌਣਾਂ ਤਲਵਾਰ ਨਾਲ ਲਾਹ ਦਿੱਤੀਆਂ ਤਾਂ ਕਿ ਉਹ ਧੀਆਂ ਦੀ ਇੱਜ਼ਤ ਨਾ ਲੁੱਟ ਸਕਣ। ਇੱਕ ਆਦਮੀ ਨੇ ਆਪਣੀਆਂ ਧੀਆਂ ਨੂੰ ਵੱਢ ਕੇ ਖੂਹ ਵਿੱਚ ਸੁੱਟ ਦਿੱਤਾ ਤਾਂ ਕਿ ਜ਼ਾਲਮਾਂ ਦੇ ਹੱਥ ਨਾ ਆ ਸਕਣ।
ਬਾਪੂ ਨੇ ਦੱਸਿਆ ਕਿ ਉਧਰੋਂ ਆ ਕੇ ਉਹ ਹੁਸ਼ਿਆਰਪੁਰ ਰਾਜੋ ਕੀ ਰਹੇ, ਫਿਰ ਬੋਹੜ ਵਾਲੀ ਮਾੜੀ ਰਹੇ। ਉਸ ਤੋਂ ਬਾਅਦ ਸ਼ੇਖ ਫੱਤਾ ਚਲੇ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਜੋ ਹੋਰ ਬੰਦੇ ਸਨ, ਉਹ ਮਾੜੇ ਸਨ। ਉਨ੍ਹਾਂ ਨੇ ਮਰਾਸੀ ਮਾਰ ਦਿੱਤੇ ਅਤੇ ਮਰਾਸਣਾ ਖੋਹ ਲਈਆਂ, ਪਿੰਡ ਵਾਲੇ ਸਾਨੂੰ ਕਹਿੰਦੇ ਕਿ ਤੁਸੀਂ ਸਾਡੇ ਕੋਲ ਰਹੋ ਪਰ ਇਨ੍ਹਾਂ ਨੂੰ ਅਸੀਂ ਨਹੀਂ ਰਹਿਣ ਦੇਣਾ ਪਰ ਅਸੀਂ ਇਸ ਗੱਲ ਵਿੱਚ ਬੇਇੱਜ਼ਤੀ ਸਮਝੀ ਕਿ ਸਾਡੇ ਨਾਲ ਆ ਕੇ ਇਨ੍ਹਾਂ ਮਾੜੇ ਬੰਦਿਆਂ ਨੇ ਗਲਤ ਕੀਤਾ ਹੈ। ਇਸ ਕਰਕੇ ਅਸੀਂ ਉਥੋਂ ਚੱਲ ਪਏ ਅਤੇ ਉਨ੍ਹਾਂ ਮਾੜੇ ਬੰਦਿਆਂ ਨੂੰ ਛੱਡ ਦਿੱਤਾ। ਫਿਰ ਅਸੀਂ ਹੁਸ਼ਿਆਰਪੁਰ ਦਸੂਹਾ-ਮੁਕੇਰੀਆਂ ਆ ਗਏ ਅਤੇ ਕਮਾਦ ਛਿੱਲ ਕੇ ਗੁਜ਼ਾਰਾ ਕਰਦੇ ਰਹੇ।
ਬਾਪੂ ਨੇ ਦੱਸਿਆ ਕਿ ਦਾਣਿਆਂ ਦੇ ਭਰੇ ਕੋਠੇ, ਕੱਪੜਾ ਲੀੜਾ ਲੱਤਾ ਬਿਸਤਰੇ ਮੰਜੇ ਸਭ ਕੁਝ ਛੱਡ ਆਏ ਹਾਂ। ਜਦ ਬਾਪੂ ਨੂੰ ਪੁੱਛਿਆ ਕਿ ਇਧਰ ਆ ਕੇ ਸਰਕਾਰ ਨੇ ਤੁਹਾਡੀ ਕੋਈ ਮਦਦ ਕੀਤੀ, ਕੋਈ ਪੈਸਾ ਧੇਲਾ ਦਿੱਤਾ ਜਾਂ ਘਰ ਬਣਾਉਣ ਵਾਸਤੇ ਜਾਂ ਆਪਣਾ ਗੁਜ਼ਾਰਾ ਕਰਨ ਵਾਸਤੇ ਤੁਹਾਡੀ ਮਦਦ ਕੀਤੀ ਤਾਂ ਬਾਪੂ ਨੇ ਕੋਰੀ ਨਾਂਹ ਕਰ ਦਿੱਤੀ। ਉਸ ਨੇ ਕਿਹਾ ਕਿ ਸਾਨੂੰ ਸਿਰਫ ਪਾਟੀਆਂ ਜਿਹੀਆਂ ਫੁਲਕਾਰੀਆਂ ਮਿਲੀਆਂ ਸਨ, ਹੋਰ ਕੁਝ ਨਹੀਂ ਮਿਲਿਆ। ਉੱਥੇ 250 ਘੁਮਾਂ ਜ਼ਮੀਨ ਛੱਡ ਕੇ ਇਥੇ ਢਿੱਪਾਂ ਵਾਲੀ ਸਿਰਫ 80 ਕਿੱਲੇ ਜ਼ਮੀਨ ਮਿਲੀ ਹੈ। ਇਹ ਸਾਰੀਆਂ ਗੱਲਾਂ ਕਰ ਕੇ ਬਾਪੂ ਦੀਆਂ ਅੱਖਾਂ ਵਿੱਚੋਂ ਅੱਥਰੂ ਡਿਗਣ ਲੱਗ ਪਏ।
ਵੰਡ ਮਗਰੋਂ ਦੋ ਵਾਰ ਗਏ ਪਾਕਿਸਤਾਨ
ਬਾਪੂ ਨੇ ਦੱਸਿਆ ਕਿ ਵੰਡ ਤੋਂ ਬਾਅਦ ਉਹ ਦੋ ਵਾਰ ਪਾਕਿਸਤਾਨ ਜਾ ਕੇ ਆਏ ਹਨ। ਉਹ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਨ ਲਈ ਗਏ ਸਨ, ਉਨ੍ਹਾਂ ਨੇ ਉੱਥੇ ਅਫਸਰਾਂ ਦੀ ਮਿੰਨਤ ਕੀਤੀ ਕਿ ਉਨ੍ਹਾਂ ਨੇ ਆਪਣੇ ਪਿੰਡ ਜਾਣਾ ਹੈ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਉਨ੍ਹਾਂ ’ਚ ਇੱਕ ਔਰਤ ਅਫਸਰ ਸੀ ਤਾਂ ਉਸ ਨੇ ਕਿਹਾ ਕਿ ਬਜ਼ੁਰਗ ਕਿੰਨੀਆਂ ਮਿੰਨਤਾਂ ਕਰਦਾ ਹੈ, ਚਲੋ ਇਹਨੂੰ ਜਾਣ ਦਿਓ। ਉਨ੍ਹਾਂ ਨੇ ਨਾਲ ਪੁਲਿਸ ਵਾਲੇ ਭੇਜ ਦਿੱਤੇ ਅਤੇ ਉਹ ਆਪਣੇ ਪਿੰਡ ਚਲਾ ਗਿਆ। ਉਸ ਨੂੰ ਪਿੰਡ ਜਾ ਕੇ ਨੰਬਰਦਾਰ ਦਾ ਮੁੰਡਾ ਮਿਲਿਆ, ਉਸ ਨੇ ਮੈਨੂੰ ਬਹੁਤ ਪਿਆਰ ਕੀਤਾ ਮੇਰੇ ਅੱਗੇ ਪਿੱਛੇ ਸੌ ਦੇ ਕਰੀਬ ਮਰਦ ਔਰਤਾਂ ਲੱਗ ਗਏ ਕਿਉਂਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਪਿੰਡ ਦਾ ਸਰਦਾਰ ਆਪਣੇ ਪਿੰਡ ’ਚ ਆਇਆ ਹੈ ਤਾਂ ਉਨ੍ਹਾਂ ਨੇ ਮਣਾ ਮੂੰਹੀਂ ਪਿਆਰ ਦਿੱਤਾ। ਕਹਿਣ ਲੱਗੇ ਕਿ ਤੂੰ ਆਪਣਾ ਘਰ ਪਛਾਣ ਲਵੇਂਗਾ ਤਾਂ ਮੈਂ ਕਿਹਾ, ‘ਮੈਂ ਆਪਣਾ ਤਾਂ ਕੀ ਮੈਂ ਸਾਰੇ ਘਰ ਦੱਸ ਦੇਵਾਂਗਾ ਕਿ ਕਿਹੜਾ ਘਰ ਕਿਸ ਦਾ ਹੈ ਅਤੇ ਮੈਨੂੰ ਕਿਸੇ ਵੀ ਗਲੀ ਵਿੱਚ ਛੱਡ ਦਿਓ ਮੈਂ ਆਪਣੇ ਘਰ ਚਲਾ ਜਾਵਾਂਗਾ।’ ਜਦ ਉਹ ਆਪਣੇ ਘਰੇ ਗਿਆ ਤੇ ਆਪਣਾ ਚੁਬਾਰਾ ਤੇ ਆਪਣਾ ਘਰ ਵੇਖਿਆ ਅਤੇ ਘਰ ਵਿੱਚ ਲੱਗਾ ਨਿੰਮ ਦਾ ਦਰੱਖਤ ਵੇਖਿਆ ਤਾਂ ਧਾਹਾਂ ਨਿਕਲ ਗਈਆਂ, ਜੀਅ ਕਰਦਾ ਸੀ ਕਿ ਇੱਥੇ ਹੀ ਮਰ ਜਾਵਾਂ। ਘਰੋਂ ਆਉਣ ਨੂੰ ਜੀਅ ਨਹੀਂ ਸੀ ਕਰਦਾ ਪਰ ਮਜ਼ਬੂਰੀ ਸੀ।
ਜਦ ਉਹ ਦੁਬਾਰਾ ਗਏ ਤਾਂ ਨਾਲ ਮਨਜੀਤ ਸਿੰਘ ਸਰਪੰਚ ਅਤੇ ਬਲਕੌਰ ਸਿੰਘ ਸਨ। ਮਨਜੀਤ ਸਿੰਘ ਸਰਪੰਚ ਕਹਿਣ ਲੱਗਾ ਕਿ ਆਪਾਂ ਆਪਣੇ ਯਾਰ ਨੂੰ ਮਿਲ ਕੇ ਜਾਣਾ ਹੈ, ਅਸੀਂ ਬਹੁਤ ਔਖਾ ਉਸ ਦਾ ਘਰ ਲੱਭਿਆ। ਜਦ ਅਸੀਂ ਜਾ ਕੇ ਵੇਖਿਆ ਤਾਂ ਦੋ ਪੁਲਿਸ ਵਾਲੇ ਘਰ ਅੱਗੇ ਬੈਠੇ ਸਨ ਅਤੇ ਇੱਕ ਲੜਕੀ ਕੁਰਾਨ ਪੜ੍ਹ ਰਹੀ ਸੀ ਤਾਂ ਮਨਜੀਤ ਸਿੰਘ ਸਰਪੰਚ ਨੇ ਪੁੱਛਿਆ ਕਿ ਸਰਦਾਰ ਸਾਹਿਬ ਕਿੱਥੇ ਹਨ ਤਾਂ ਉਸ ਲੜਕੀ ਨੇ ਕਿਹਾ ਕਿ ਅੱਬਾ ਬਾਹਰ ਕੋਈ ਮਿਲਣ ਆਇਆ ਹੈ ਤਾਂ ਉਸ ਨੇ ਦੱਸਿਆ ਕਿ ਉਹ ਤੁਹਾਨੂੰ ਬਹੁਤਾ ਸਮਾਂ ਨਹੀਂ ਮਿਲ ਸਕਦਾ ਕਿਉਂਕਿ ਉਸ ’ਤੇ ਬਿਪਤਾ ਖੜ੍ਹੀ ਹੋ ਜਾਵੇਗੀ। ਉਸ ਨੇ ਕਿਹਾ ਕਿ ਇਥੋਂ ਦੇ ਮਾੜੇ ਬੰਦੇ ਸਾਡੀਆਂ ਫਸਲਾਂ ਨੂੰ ਉਜਾੜ ਦਿੰਦੇ ਹਨ। ਅਸੀਂ ਕਿਹਾ ਕਿ ਕੱਲ ਨੂੰ ਗੁਰਦੁਆਰਾ ਸਾਹਿਬ ਆ ਜਾਈੰ ਅਸੀਂ ਤੈਨੂੰ ਉੱਥੇ ਮਿਲਾਂਗੇ ਪਰ ਉਹ ਡਰਦਾ ਮਾਰਾ ਗੁਰਦੁਆਰਾ ਸਾਹਿਬ ਵੀ ਨਹੀਂ ਆਇਆ।
Comments (0)