ਸੰਨੀ ਦਿਓਲ ਉਪਰ ਬੈਂਕ ਆਫ ਬੜੌਦਾ ਦਾ 56 ਕਰੋੜ ਰੁਪਏ ਦਾ ਕਰਜ਼ਾ

ਸੰਨੀ ਦਿਓਲ ਉਪਰ ਬੈਂਕ ਆਫ ਬੜੌਦਾ ਦਾ 56 ਕਰੋੜ ਰੁਪਏ ਦਾ ਕਰਜ਼ਾ

ਕਰਜ਼ਾ ਨਾ ਉਤਾਰਿਆ ਤਾਂ ਮੁੰਬਈ ਵਾਲਾ ਬੰਗਲਾ ਹੋ ਸਕਦੈ ਨੀਲਾਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੁੰਬਈ – ਸੰਨੀ ਦਿਓਲ ਦੀ ਨਵੀਂ ਫ਼ਿਲਮ ‘ਗਦਰ 2’ ਸਿਨੇਮਾਘਰਾਂ ਵਿਚ ਪਿਛਲੇ ਹਫ਼ਤੇ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ ਸਿਰਫ 9 ਦਿਨਾਂ ਵਿਚ ਇੰਨੀ ਕਮਾਈ ਕਰ ਲਈ ਹੈ ਕਿ ਇਹ ਬਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਲਿਸਟ ਵਿਚ ਸ਼ਾਮਲ ਹੋ ਗਈ ਹੈ। ਦੂਜੇ ਪਾਸੇ ਅਸਲ ਜ਼ਿੰਦਗੀ ਵਿਚ ਉਨ੍ਹਾਂ ਦੀ ਇਕ ਵੱਡੀ ਜਾਇਦਾਦ ਦੀ ਨਿਲਾਮੀ ਦਾ ਖ਼ਤਰਾ ਹੈ। ਸੰਨੀ ’ਤੇ ਇਕ ਬੈਂਕ ਤੋਂ ਬਹੁਤ ਵੱਡਾ ਕਰਜ਼ਾ ਸੀ, ਜਿਸ ਦੀ ਵਸੂਲੀ ਲਈ ਬੈਂਕ ਨੇ ਹੁਣ ਉਨ੍ਹਾਂ ਦੀ ਮੁੰਬਈ ਵਾਲੀ ਜਾਇਦਾਦ ਦੀ ਨਿਲਾਮੀ ਲਈ ਇਕ ਇਸ਼ਤਿਹਾਰ ਕੱਢਿਆ ਹੈ।ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਵਿਲਾ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਸੰਨੀ ਨੇ ਬੈਂਕ ਤੋਂ ਵੱਡੀ ਰਕਮ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਲਈ ਉਨ੍ਹਾਂ ਨੇ ਮੁੰਬਈ ਦੇ ਜੁਹੂ ਇਲਾਕੇ ਵਿਚ ਸਥਿਤ ‘ਸੰਨੀ ਵਿਲਾ’ ਨਾਂ ਦਾ ਆਪਣਾ ਵਿਲਾ ਗਹਿਣੇ ਰੱਖ ਦਿੱਤਾ ਸੀ। ਇਸ ਦੀ ਬਜਾਏ ਉਨ੍ਹਾਂ ਨੇ ਬੈਂਕ ਨੂੰ ਲਗਭਗ 56 ਕਰੋੜ ਰੁਪਏ ਦੇਣੇ ਸਨ, ਜੋ ਅਜੇ ਤੱਕ ਅਦਾ ਨਹੀਂ ਕੀਤੇ ਗਏ।

ਇਸ ਕਰਜ਼ੇ ਤੇ ਇਸ ’ਤੇ ਵਸੂਲੇ ਜਾਣ ਵਾਲੇ ਵਿਆਜ਼ ਦੀ ਵਸੂਲੀ ਲਈ ਬੈਂਕ ਨੇ ਇਸ ਜਾਇਦਾਦ ਦੀ ਨਿਲਾਮੀ ਕਰਨ ਦਾ ਫ਼ੈਸਲਾ ਕੀਤਾ ਹੈ। ਬੈਂਕ ਦੇ ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ ‘ਸੰਨੀ ਵਿਲਾ’ ਦੀ ਨਿਲਾਮੀ 25 ਸਤੰਬਰ ਨੂੰ ਹੋਵੇਗੀ। ਇਸ ਨਿਲਾਮੀ ਲਈ ਜਾਇਦਾਦ ਦੀ ਰਾਖਵੀਂ ਕੀਮਤ 51.43 ਕਰੋੜ ਰੁਪਏ ਰੱਖੀ ਗਈ ਹੈ।ਸੰਨੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ‘ਗਦਰ 2’ ਨਾਲ ਉਹ ਮੁੜ ਤੋਂ ਸਿਨੇਮਾਘਰਾਂ ਵਿਚ ਪਰਤ ਆਏ ਹਨ। ਬਾਕਸ ਆਫਿਸ ’ਤੇ ਤੂਫ਼ਾਨੀ ਰਫ਼ਤਾਰ ਨਾਲ ਕਮਾਈ ਕਰਨ ਵਾਲੀ ਇਸ ਫ਼ਿਲਮ ਨੇ ਸਿਰਫ 8 ਦਿਨਾਂ ਵਿਚ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਐਤਵਾਰ ਤੋਂ ਬਾਅਦ ਫ਼ਿਲਮ ਦੀ ਕਮਾਈ ਦਸ ਦਿਨਾਂ ਵਿਚ 355 ਕਰੋੜ ਨੂੰ ਪਾਰ ਕਰ ਗਈ ਹੈ। ਜਲਦ ਹੀ ‘ਗਦਰ 2’ ਸੰਨੀ ਦੇ ਖਾਤੇ ਵਿਚ 400 ਕਰੋੜ ਦੀ ਕਮਾਈ ਕਰਨ ਵਾਲੀ ਫ਼ਿਲਮ ਵਜੋਂ ਦਰਜ ਹੋਵੇਗੀ