ਰਾਜਸਥਾਨ ਦੀ ਯੂਨੀਵਰਸਿਟੀ 'ਚ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ

ਰਾਜਸਥਾਨ ਦੀ ਯੂਨੀਵਰਸਿਟੀ 'ਚ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ
ਜ਼ਖਮੀ ਹਾਲਤ ਵਿੱਚ ਤਾਹਿਰ ਮਜ਼ੀਦ

ਜੈਪੁਰ: ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਸਥਿਤ ਮੇਵਾੜ ਯੂਨੀਵਰਸਿਟੀ 'ਚ ਬਿਹਾਰੀ ਵਿਦਿਆਰਥੀਆਂ ਵੱਲੋਂ ਕਸ਼ਮੀਰੀਆਂ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਹਮਲੇ ਵਿੱਚ ਕਸ਼ਮੀਰ ਦੇ ਹੰਦਵਾੜਾ ਨਾਲ ਸਬੰਧਿਤ ਵਿਦਿਆਰਥੀ ਤਾਹਿਰ ਮਜੀਦ ਗੰਭੀਰ ਜ਼ਖਮੀ ਹੋ ਗਿਆ ਹੈ। ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਬਾਕੀ ਤਿੰਨ ਵਿਦਿਆਰਥੀਆਂ ਬਿਲਾਲ ਅਹਿਮਦ, ਇਸ਼ਫਾਕ ਅਹਿਮਦ ਕੁਰੈਸ਼ੀ ਅਤੇ ਮੋਹੱਮਦ ਅਲੀ ਦੇ ਹਲਕੀਆਂ ਸੱਟਾਂ ਵੱਜੀਆਂ ਹਨ।

ਪ੍ਰਾਪਤ ਜਾਣਕਾਰੀ ਮੁਤਾਬਿਕ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਵੱਲੋਂ ਗੇਟ 'ਤੇ ਬਿਹਾਰੀ ਵਿਦਿਆਰਥੀ ਨੂੰ ਜਦੋਂ ਅੰਦਰ ਜਾਣੋਂ ਰੋਕਿਆ ਗਿਆ ਤਾਂ ਉਸਨੇ ਅੰਦਰ ਜਾ ਰਹੇ ਕਸ਼ਮੀਰੀ ਵਿਦਿਆਰਥੀ ਨੂੰ ਅੱਤਵਾਦੀ ਕਹਿ ਕੇ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਗੁੱਟ ਇਕੱਠੇ ਹੋ ਗਏ ਤੇ ਕੁੱਟਮਾਰ ਹੋਈ।

ਇਸ ਮੌਕੇ ਯੂਨੀਵਰਸਿਟੀ ਡੀਨ ਵੱਲੋਂ ਵਿਚਾਲੇ ਪੈ ਕੇ ਵਿਦਿਆਰਥੀਆਂ ਨੂੰ ਸ਼ਾਂਤ ਕੀਤਾ ਗਿਆ। ਪਰ ਰਾਤ ਦੇ ਖਾਣੇ ਸਮੇਂ ਬਿਹਾਰੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ। 

ਵਿਦਿਆਰਥੀ ਬਿਲਾਲ ਅਹਿਮਦ ਨੇ ਦੱਸਿਆ ਕਿ ਉਹ ਵਿਦਿਆਰਥੀ ਹਮਲਾ ਕਰਨ ਦੀ ਤਿਆਰੀ ਕਰਕੇ ਆਏ ਸਨ ਤੇ ਉਹਨਾਂ ਦੇ ਹੱਥਾਂ ਵਿੱਚ ਲੋਹੇ ਦੀਆਂ ਰਾਡਾਂ ਸੀ। 

ਇਸ ਕੁੱਟਮਾਰ ਦੀ ਸ਼ਿਕਾਇਤ ਜਦੋਂ ਰਾਤ ਸਮੇਂ ਵਿਦਿਆਰਥੀਆਂ ਨੇ ਐਸਐਚਓ ਨੂੰ ਕੀਤੀ ਤਾਂ ਉਸਨੇ ਸ਼ਿਕਾਇਤ ਲਿਖਣ ਤੋਂ ਨਾਹ ਕਰ ਦਿੱਤੀ। 

ਬਾਅਦ ਵਿੱਚ ਵਿਰੋਧ ਵਧਣ ਮਗਰੋਂ ਅੱਜ ਐਫਆਈਆਰ ਦਰਜ ਕੀਤੀ ਗਈ ਹੈ। ਇਸ ਵਿਚ ਦੋਸ਼ੀਆਂ ਖਿਲਾਫ ਧਾਰਾ 323, 334 ਅਤੇ 341 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।