ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ

ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ

ਪਿਛਲੇ ਦਿਨੀਂ ਅਕਾਲ ਤਖ਼ਤ ਦੇ ਅਧਿਕਾਰੀ ਨੇ ਅਕਾਲੀ ਦਲ (ਮੂਰਾ) ਦੇ ਇੱਕ ਧੜੇ ਦੇ ਅਹਿਮ ਆਗੂ ਬੀਬੀ ਜਾਗੀਰ ਵਿਰੁੱਧ ਹੁਕਮ ਸਾਦਰ ਕੀਤਾ ਹੈ। ਏਸ ਹੁਕਮ ਦੀ ਸਾਰਥਕਤਾ ਦੀ ਪਰਖ ਕਰਨ ਦੀ ਲੋੜ ਹੈ।

(1) ਇਹ ਹੁਕਮ ਮੂਰਾ ਦਲ ਦੇ ਇੱਕ ਧੜੇ ਦੀ ਤਰਫ਼ਦਾਰੀ ਕਰਦਾ ਹੈ, ਦੂਜੇ ਦਾ ਵਿਰੋਧ।

 ਅਕਾਲ ਤਖ਼ਤ ਨਿਰਭੈ, ਨਿਰਵੈਰ ਅਕਾਲ ਪੁਰਖ ਦਾ ਤਖ਼ਤ ਹੈ। ਧੜੇਬਾਜੀ ਦਾ ਅਮਲ ਅਕਾਲ ਦੇ ਸੁਭਾਅ (ਗੁਣ) ਵਿਰੁੱਧ ਹੈ। ਇਸ ਲਈ ਮੁੱਢੋਂ ਅਵੈਧ ਹੈ (void ab initio)।

(2) ਇਹ ਹੁਕਮ ਗੁਰੂ ਅਕਾਲ ਪੁਰਖ ਦੇ ਨਾਰੀ ਸਰੂਪ ਦੀ ਤੌਹੀਨ ਕਰਦਾ ਹੈ। (ਸੁੰਨ ਮੰਡਲ ਇਕੁ ਜੋਗੀ ਬੈਸੇ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ॥) ਬੀਬੀ ਆਪਣੇ ਨਾਰੀ ਸਰੂਪ ਨੂੰ ਸੰਵਾਰ ਕੇ ਕਾਇਮ ਰੱਖਣ ਦੀ ਅਧਿਕਾਰੀ ਹੈ। 

(3) ਇਹ ਹੁਕਮ ਸਿੱਖ ਦੇ ਤਨ ਉੱਤੇ ਮਨੁੱਖੀ ਕਬਜੇ ਦੀ ਦੁਰ-ਭਾਵਨਾ ਨਾਲ ਲਿੱਬੜਿਆ ਹੋਇਆ ਹੈ। “ਜੀਉ ਪਿੰਡੁ ਸਭੁ ਤੇਰੈ ਪਾਸਿ” ਦੇ ਗੁਰੂ-ਹੁਕਮ ਅਨੁਸਾਰ ਕੇਵਲ ਅਕਾਲ ਪੁਰਖ ਸਭਨਾ ਦਾ ਮਾਲਕ ਹੈ, 'ਜਥੇਦਾਰ' ਅਕਾਲ ਤਖ਼ਤ ਨਹੀਂ। ਗੁਰੂ ਨਾਨਕ-ਗੋਬਿੰਦ ਨੇ ਮਾਨਵਤਾ ਦੇ ਉੱਤੇ ਸਭ ਤੋਂ ਵੱਡਾ ਪਰਉਪਕਾਰ ਇਹ ਕੀਤਾ ਸੀ ਕਿ ਓਸ ਨੇ ਮਨੁੱਖੀ ਤਨ ਨੂੰ ਪੁਜਾਰੀ ਜਮਾਤਾਂ ਦੇ ਹਰ ਕਿਸਮ ਦੇ ਕਬਜ਼ੇ ਤੋ ਮੁਕਤ ਕੀਤਾ ਸੀ। ਬੀਬੀ ਏਸੇ ਤਨ-ਬਦਨ ਨਾਲ ਜੁੰਮੇਵਾਰ ਪੰਥਕ ਅਹੁਦਿਆਂ ਉੱਤੇ ਰਹੀ ਹੈ। ਓਦੋਂ ਉਹ ਸੱਤਾਧਾਰੀ ਧੜੇ ਦੇ ਨਾਲ ਸੀ। ਏਸ ਲਈ ਇਤਰਾਜ਼ ਨਹੀਂ ਸੀ।

(4)  ਇਹ ਹੁਕਮ ਅੱਜ ਸੰਸਾਰ ਵਿਆਪਕ ਹੋਈ ਨਾਰੀ-ਚੇਤਨਾ ਦਾ ਵਿਰੋਧ ਕਰਦਾ ਹੈ। ਸੁਹਜ, ਕੋਮਲਤਾ, ਸ਼ਿੰਗਾਰ ਹਰ ਜੂਨੀ ਦੀ ਨਾਰੀ ਦਾ ਅੰਤਰੀਵ ਸੁਭਾਅ ਹੈ। ਗੁਰਮਤਿ ਏਸ ਵਿਚਾਰ ਦੀ ਜਨਮ-ਦਾਤੀ ਹੈ ਅਤੇ ਭਰਪੂਰ ਪੁਸ਼ਟੀ ਕਰਦੀ ਹੈ। ਜਿਸ ਨੂੰ ਇਹ ਮਨਜ਼ੂਰ ਨਹੀਂ ਉਹ ਬੀਬੀ ਨਾਲ ਕੋਈ ਰਿਸ਼ਤਾ ਨਾ ਰੱਖੇ, ਨਾ ਨੇੜਤਾ। ਬੀਬੀ ਏਸ ਸਬੰਧੀ ਕਿਸੇ ਵੱਡੇ  ਖੱਬੀ ਖਾਂ ਦਾ ਵੀ ਹੁਕਮ ਮੰਨਣ ਦੀ ਪਾਬੰਦ ਨਹੀਂ।

(5)  ਨਾਰੀ ਸਰੂਪ ਨੂੰ ਕੁਦਰਤ ਦੀ ਜ਼ੱਦ ਵਿੱਚ ਲਿਆਉਣਾ ਗੁਰਮਤਿ ਦੀ ਉਲੰਘਣਾ ਨਹੀਂ। ਵਿਗਾੜ ਨੂੰ ਸੋਧਣਾ ਵੀ ਉਲੰਘਣਾ ਨਹੀਂ ਹੈ।

(6)  ਅਸੀਂ ਸਾਰੇ ਅੰਮ੍ਰਿਤਧਾਰੀ ਗੁਰਸਿੱਖ ਬੀਬੀ ਦੇ ਗੁਰਭਾਈ ਹਾਂ। ਉਹ ਕਿਸੇ ਦੀ ਛੋਟੀ ਭੈਣ ਹੈ, ਕਿਸੇ ਦੀ ਵੱਡੀ।  ਸਾਡਾ ਸਭ ਦਾ ਫਰਜ਼ ਹੈ ਕਿ ਬੀਬੀ ਭੈਣ ਦਾ ਮਾਣ ਸਤਿਕਾਰ ਕਾਇਮ ਰੱਖੀਏ। ਕੋਈ ਗੁਰਮੁਖ ਭੈਣ ਦੀ ਇੱਜ਼ਤ ਨੂੰ ਛੱਜ ਵਿੱਚ ਪਾ ਕੇ ਨਾ ਛੰਡੇ। ਕੁਹਜ ਸਾਡੀ ਨਜ਼ਰ ਵਿੱਚ ਹੈ। ਆਪਣੇ ਆਪ ਨੂੰ ਅਕਾਲ ਲਿਵ ਨਾਲ ਸੋਧ ਕੇ ਸ਼ੁਧ ਕਰੀਏ।

(7)  ਬੀਬੀ ਨੂੰ 'ਕੁੜੀਮਾਰ' ਨਹੀਂ ਆਖਿਆ ਜਾ ਸਕਦਾ। ਇਹ ਲਫਜ਼ ਭਰੂਣ ਹੱਤਿਆ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਲਈ ਹੀ ਵਰਤਿਆ ਜਾ ਸਕਦਾ ਹੈ। ਓਸ ਨੇ ਆਪਣੀ ਬੇਟੀ ਨੂੰ ਜਨਮ ਦਿੱਤਾ, ਬੜੇ ਚਾਵਾਂ ਮਲ੍ਹਾਰਾਂ ਨਾਲ ਓਸ ਨੂੰ ਪਾਲਿਆ, ਪੋਸਿਆ ਪੜ੍ਹਾਇਆ। ਮਾੜੀ ਕਿਸਮਤ ਨੂੰ ਉਹ ਵੀ ਗ਼ੈਰ-ਜ਼ਿੰਮੇਵਾਰ ਨਿਕਲੀ ਅਤੇ ਹਾਦਸਾ ਵਾਪਰ ਗਿਆ। ਸਾਡੀ ਗੁਰਭਾਈਆਂ ਦੀ ਭਰਪੂਰ ਹਮਦਰਦੀ ਬੀਬੀ ਦੇ ਨਾਲ ਹੋਣੀ ਚਾਹੀਦੀ ਹੈ।

(8)  ਬੀਬੀ ਜ਼ਿੰਮੇਵਾਰ ਗੁਰਸਿੱਖ ਹੈ। ਓਹ ਅੰਮ੍ਰਿਤਧਾਰੀ ਹੈ। ਜੇ ਓਸ ਕੋਲੋਂ ਰਹਿਤ ਦੀ ਕੁਈ ਢਿੱਲ ਹੋਵੇਗੀ ਤਾਂ ਉਹ ਖ਼ੁਦ ਸੰਗਤ ਵਿੱਚ ਪੇਸ਼ ਹੋ ਕੇ ਤਨਖਾਹ ਲਗਵਾਵੇਗੀ। ਪੰਜ ਪਿਆਰੇ ਚੁਣੇ ਜਾਣਗੇ ਅਤੇ ਯੋਗ ਤਨਖਾਹ ਲਾ ਕੇ ਬੀਬੀ ਨੂੰ ਪੰਥ ਵਿੱਚ ਪੂਰੀ ਸੁਹਿਰਦਤਾ ਨਾਲ, ਪੂਰੇ ਸਤਿਕਾਰ ਨਾਲ ਮੇਲ ਲੈਣਗੇ। 

ਐਰੇ-ਗੈਰੇ ਨੱਥੂ ਖੈਰੇ ਦਾ ਬੀਬੀ ਦੀ ਕੀਤੀ ਕਿਸੇ ‘ਕੁਰਹਿਤ’ ਨਾਲ ਕੋਈ ਸਬੰਧ ਨਹੀਂ। ਰਹਿਤ ਦੀ ਉਲੰਘਣਾ ਕੁਈ ਜੁਰਮ ਨਹੀਂ - ਸਿਰਫ ਆਪਣੇ-ਆਪ ਵਿਰੁੱਧ ਅਣਗਹਿਲੀ ਹੈ। ਏਸ ਪੱਖੋਂ ਬੀਬੀ ਸਿਰਫ ਆਪਣੇ ਆਪ ਨੂੰ ਜਵਾਬਦੇਹ ਹੈ।

(9)  ਅਕਾਲ ਤਖ਼ਤ ਠਾਣਾ ਨਹੀਂ ਬਖ਼ਸ਼ਿੰਦ ਅਕਾਲ ਪੁਰਖ ਦਾ ਤਖ਼ਤ ਹੈ। "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ" ਬਿਰਦ ਵਾਲੇ ਅਕਾਲ ਪੁਰਖ ਦਾ ਤਖ਼ਤ ਹੈ — ਓਸ ਮਹਾਂ ਬਖਸ਼ਿੰਦ ਅਕਾਲ ਪੁਰਖ ਰੂਪ ਗੁਰੂ ਹਰਗੋਬਿੰਦ ਦਾ ਤਖ਼ਤ ਹੈ ਜਿਸ ਬਾਰੇ ਭਾਈ ਗੁਰਦਾਸ ਆਖਦੇ ਹਨ: "ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ॥" ਏਥੇ FIR ਨਹੀਂ ਕੱਟੀ ਜਾ ਸਕਦੀ, ਨਾ ਜੁਰਮ ਆਇਦ ਕੀਤੇ ਜਾ ਸਕਦੇ ਹਨ, ਨਾਂ ਸੰਮਨ ਜਾਰੀ ਕੀਤੇ ਜਾ ਸਕਦੇ ਹਨ। ਤਖ਼ਤ ਉੱਤੇ ਸ਼ਾਹਾਂ ਦਾ ਸ਼ਾਹ ਗੁਰੂ ਅਕਾਲ ਪੁਰਖ ਬਿਰਾਜਮਾਨ ਹੈ। ਉਸਦੇ ਕਰਿੰਦਿਆਂ ਦਾ ਈਰਖਾ, ਦ੍ਵੈਸ਼ ਰਹਿਤ ਹੋਣਾ ਜ਼ਰੂਰੀ ਹੈ; ਸੱਚੇ ਸਾਹਿਬ ਦੀ ਸਲਤਨਤ ਦੇ ਸੁਭਾਅ ਅਨੁਸਾਰ ਹੈ। ਤਖ਼ਤ ਦੇ ਅੰਮ੍ਰਿਤਧਾਰੀ ਕਰਿੰਦਿਆਂ ਲਈ ਸੱਚੇ ਦਾ ਬਿਰਦ ਪਾਲਣਾ ਲਾਜ਼ਮੀ ਹੈ। ਉਹਨਾਂ ਦਾ ਹੁਕਮ ਏਸ ਦੈਵੀ ਬਿਰਦ ਦੇ ਪ੍ਰਛਾਵੇਂ ਹੀ ਮੰਨਣਯੋਗ ਬਣਦਾ ਹੈ। 

(10)  ਸੁਧਾ ਸਰ ਦੇ ਤੀਰ ਉਸਰਿਆ ਅਕਾਲ ਤਖ਼ਤ, ਪਰਮ ਹੰਸਾਂ ਦੇ ਮਿਲ ਬੈਠਣ ਦਾ ਅਤੇ ਸੰਸਾਰ ਦੇ ਭਲੇ ਪ੍ਰਤੀ ਵਿਚਾਰਾਂ ਕਰਨ ਦਾ ਪਾਕ ਸਥਾਨ ਹੈ। ਏਸ ਉੱਤੇ ਬੈਠ ਕੇ ਕਿੜਾਂ ਨਹੀਂ ਕੱਢੀਆਂ ਜਾ ਸਕਦੀਆਂ।

ਗੁਰੂ ਸਭ ਦਾ ਭਲਾ ਕਰੇ। ਸਭ ਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖੇ।

[ਕੋਈ ਭੁਲੇਖਾ ਨਾ ਰਹੇ: ਮੈਂ ਬੀਬੀ ਜਗੀਰ ਕੌਰ ਨੂੰ ਕਦੇ ਨਹੀਂ ਮਿਲਿਆ; ਨਾ ਓਸ ਦਾ ਮੇਰੇ ਉੱਤੇ ਕੁਈ ਅਹਿਸਾਨ ਹੈ; ਨਾ ਮੈਂ ਦੋਨਾਂ ਧੜਿਆਂ ਵਿੱਚੋਂ ਕਿਸੇ ਦਾ ਪੱਖਧਰ ਹਾਂ। ਮੈਂ ਸਿਰਫ਼ ਪੈਦਾ ਹੋਈ ਮੌਜੂਦਾ ਹਾਲਤ ਉੱਤੇ ਤਬਸਰਾ ਕਰ ਰਿਹਾ ਹਾਂ। ਅਤੇ "ਸਚੁ ਸੁਣਾਇਸੀ ਸਚ ਕੀ ਬੇਲਾ" ਦੇ ਇਲਾਹੀ ਹੁਕਮ ਅਨੁਸਾਰ ਆਪਣਾ ਪ੍ਰਤੀਕਰਮ ਦੇ ਕੇ ਕੇਵਲ ਸੱਚੇ ਸਾਹਿਬ ਦੀ ਖੁਸ਼ੀ ਹਾਸਲ ਕਰਨ ਦਾ ਤਲਬਗਾਰ ਹਾਂ। "ਇੱਕ ਰੁੱਸੇ ਨਾ ਮੇਰਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸਜੇ।"

ਮੇਰਾ 'ਜਥੇਦਾਰ' ਅਕਾਲ ਤਖ਼ਤ ਨੂੰ ਵੀ ਕੋਈ ਉਲਾਂਭਾ ਨਹੀਂ। ਮੂਰੇ ਅਕਾਲੀ ਦਲ ਦੇ ਇੱਕ ਧੜੇਦਾਰ ਵੱਲੋਂ ਥਾਪੇ ਜਾਣ ਵਿੱਚ ਓਸ ਦਾ ਕੁਈ ਕਸੂਰ ਨਹੀਂ। ਪੰਥ ਦੀ ਅਣਗਹਿਲੀ ਹੈ, ਜੋ ਆਪਣਾ ਵਿਰਸਾ ਨਹੀਂ ਸੰਭਾਲ ਰਿਹਾ। ਗੁਰਭਾਈ ਗਿਆਨੀ ਰਘਬੀਰ ਸਿੰਘ ਓਸ ਤਖ਼ਤ ਦੇ ਅੰਗ-ਸੰਗ ਰਹਿੰਦੇ ਹਨ ਜਿਸ ਦੇ ਦੀਦਾਰ ਨੂੰ ਸੰਸਾਰ ਭਰ ਦੇ ਹਰ ਸਿੱਖ ਦੀਆਂ ਅੱਖਾਂ ਤਰਸਦੀਆਂ ਹਨ। ਏਸ ਲਈ ਇਹਨਾਂ ਪ੍ਰਤੀ ਮੇਰੀ ਓਹੋ ਪਹੁੰਚ ਹੈ ਜੋ ਸੱਸੀ ਦੀ ਪੁਨੂੰ ਨੂੰ ਖੜਨ ਵਾਲੀ ਡਾਚੀ ਪ੍ਰਤੀ ਸੀ: "ਫਿਰ ਦਿਲ ਸਮਝ ਕਰੇ ਲੱਖ ਤੌਬਾ, ਬਹੁਤ ਬੇਅਦਬੀ ਹੋਈ। ਜਿਸ ਪੁਰ ਯਾਰ ਕਰੇ ਅਸਵਾਰੀ, ਤਿਸਦੇ ਜੇਡ ਨ ਕੋਈ।”

 

-ਗੁਰਤੇਜ ਸਿੰਘ ਆਈਏਐਸ