ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀਆਂ ਸਾਰੀਆਂ ਇਤਿਹਾਸਕ, ਦੁਰਲੱਭ  ਪੁਸਤਕਾਂ ਖੁਰਦ-ਬੁਰਦ

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀਆਂ ਸਾਰੀਆਂ ਇਤਿਹਾਸਕ, ਦੁਰਲੱਭ  ਪੁਸਤਕਾਂ ਖੁਰਦ-ਬੁਰਦ

ਜੂਨ 84 ਘਲੂਘਾਰਾ 

ਜੂਨ 1984 ਵਿਚ ਦਰਬਾਰ ਸਾਹਿਬ ਉਪਰ ਹੋਏ ਭਿਆਨਕ ਹਮਲੇ ਨੂੰ 38 ਸਾਲ ਬੀਤ ਚੁੱਕੇ ਹਨ। ਸਮਾਂ ਲੰਘਣ ਨਾਲ ਇਸ ਜ਼ਖ਼ਮ ਦੀ ਪੀੜ ਦਿਨੋ-ਦਿਨ ਡੂੰਘੀ ਹੋਈ ਜਾਂਦੀ ਹੈ। ਇਸ ਹਮਲੇ ਦੌਰਾਨ ਫ਼ੌਜ ਵਲੋਂ ਇਥੋਂ ਚੁੱਕੀ ਗਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਹਾਲਾਂ ਵੀ ਕੋਈ ਉੱਘ-ਸੁੱਘ ਨਹੀਂ ਮਿਲ ਰਹੀ। ਇਤਿਹਾਸਕ ਲਾਇਬ੍ਰੇਰੀ ਦਾ ਮਾਮਲਾ ਪੂਰੀ ਤਰ੍ਹਾਂ ਕੌਡੀਆਂ-ਘੱਟੇ ਰੁਲ ਚੁੱਕਿਆ ਹੈ। ਇਸ ਦੇ ਲਈ ਆਪਣੇ ਵੀ ਜ਼ਿੰਮੇਵਾਰ ਹਨ ਤੇ ਬੇਗਾਨੇ ਵੀ। ਇਹੋ ਕਿਹਾ ਜਾ ਸਕਦਾ ਹੈ ਕਿ ਲਾਇਬ੍ਰੇਰੀ ਦੀ ਵਾਪਸੀ ਲਈ ਕੋਈ ਬੱਝਵੇਂ ਤੇ ਠੋਸ ਯਤਨ ਨਹੀਂ ਹੋਏ। ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਿੱਖਾਂ ਦੀਆਂ ਹੋਰ ਜਥੇਬੰਦੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ।

ਜਾਬਰ ਹਮਲਾਵਰਾਂ ਵਲੋਂ ਕਿਸੇ ਦੇਸ਼, ਕੌਮ ਜਾਂ ਭਾਈਚਾਰੇ ਦੇ ਗਿਆਨ ਦੇ ਸੋਮਿਆਂ ਨੂੰ ਤਬਾਹ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਤਿਹਾਸ ਅਜਿਹੇ ਭਿਆਨਕ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਬੁੱਧ ਧਰਮ ਦੇ ਵਿਦਵਾਨਾਂ ਵਲੋਂ ਨਾਲੰਦਾ (ਬਿਹਾਰ) ਵਿਚ ਸਥਾਪਤ ਕੀਤੀ ਗਈ ਲਾਇਬ੍ਰੇਰੀ ਬ੍ਰਾਹਮਣਾਂ ਵਲੋਂ ਸਾੜ ਦਿੱਤੀ ਗਈ ਸੀ, ਜੋ ਕਈ ਮਹੀਨੇ ਧੁਖਦੀ ਰਹੀ ਸੀ। ਮਿਸਰ ਵਿਚ ਅਲੈਗਜ਼ੈਂਡਰੀਆਂ ਦੀ ਮਸ਼ਹੂਰ ਲਾਇਬ੍ਰੇਰੀ ਨੂੰ ਜੁਲੀਅਸ ਸੀਜ਼ਰ ਦੇ ਫ਼ੌਜੀਆਂ ਨੇ ਅੱਗ ਲਗਾ ਦਿੱਤੀ ਸੀ। ਫ਼ੌਜੀ ਕਈ ਮਹੀਨੇ ਕਿਤਾਬਾਂ ਬਾਲ-ਬਾਲ ਕੇ ਅੱਗ ਸੇਕਦੇ ਰਹੇ ਸਨ। 20ਵੀਂ ਸਦੀ ਵਿਚ 1915 ਦੀ ਪਹਿਲੀ ਸੰਸਾਰ ਜੰਗ ਦੌਰਾਨ ਜਰਮਨੀ ਦੇ ਹਮਲੇ ਵਿਚ ਵੀ ਬੈਲਜੀਅਮ ਦੀ ਲਾਇਬ੍ਰੇਰੀ ਸੜ ਕੇ ਸੁਆਹ ਹੋ ਗਈ ਸੀ। ਪਰ ਜਿਹੜੇ ਸਿੱਖਾਂ ਦਾ ਗਿਆਨ ਦਾ ਸੋਮਾ ਲਾਇਬ੍ਰੇਰੀ ਤਬਾਹ ਕਰ ਦਿੱਤੀ ਹੋਵੇ, ਉਹ ਖੁਦ ਇਸ ਦੋਸ਼ ਤੋਂ ਪੂਰੀ ਤਰ੍ਹਾਂ ਬਰੀ ਹਨ। ਖ਼ਾਲਸਾ ਰਾਜ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ, ਜਦ ਮਹਾਰਾਜਾ ਰਣਜੀਤ ਸਿੰਘ ਨੇ ਖ਼ੁਦ ਅਨਪੜ੍ਹ ਹੋਣ ਦੇ ਬਾਵਜੂਦ ਲਾਇਬ੍ਰੇਰੀਆਂ ਨੂੰ ਬਚਾਉਣ ਲਈ ਖ਼ਾਸ ਹਦਾਇਤਾਂ ਦਿੱਤੀਆਂ ਸਨ। ਇਸ ਗੱਲ ਦੀ ਪੁਸ਼ਟੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਕਰਦੇ ਹਨ। ਭਾਈ ਸਾਹਿਬ ਅਨੁਸਾਰ : 'ਪਿਸ਼ਾਵਰ ਦੇ ਧਾਵੇ ਵੇਲੇ ਜਦੋਂ ਫ਼ੌਜ ਚੜ੍ਹੀ ਤਾਂ ਸਰਦਾਰ ਹਰੀ ਸਿੰਘ ਜੀ ਨੂੰ ਮਹਾਰਾਜਾ ਸਾਹਿਬ ਦਾ ਫ਼ਰਮਾਨ ਪਹੁੰਚਾ ਕਿ ਚਮਕਨੀ ਵਿਚ ਇਕ ਪੁਰਾਣਾ ਪੁਸਤਕਾਲਯ ਸੁਣੀਂਦਾ ਹੈ, ਜੰਗ ਵੇਲੇ ਕਿਸੇ ਗੱਲ ਦਾ ਧੁਰ ਸਿਰ ਨਹੀਂ ਰਹਿੰਦਾ, ਪਰ ਤੁਸਾਂ ਖਿਆਲ ਰੱਖਣਾ ਕਿ ਇਹ ਪੁਸਤਕਾਲਯ ਬਰਬਾਦ ਹੋਣ ਤੋਂ ਬਚਾ ਲਿਆ ਜਾਵੇ।'

ਲਾਇਬ੍ਰੇਰੀਆਂ ਨੂੰ ਸਾੜਨਾ, ਕਿਸੇ ਕੌਮ ਨੂੰ ਬੌਧਿਕ ਤੌਰ 'ਤੇ ਹੀਣਾ ਕਰਨਾ ਹੁੰਦਾ ਹੈ। ਚੈਕੋਸਲੋਵਾਕੀਆ ਦਾ ਨਾਵਲਕਾਰ ਮਿਲਾਨ ਕੁੰਦਰਾ ਇਸ ਕੁਕਰਮ ਦੀ ਵਿਆਖਿਆ ਇਸ ਤਰ੍ਹਾਂ ਕਰਦਾ ਹੈ : 'ਇਕ ਕੌਮ ਨੂੰ ਨਸ਼ਟ ਕਰਨ ਵਿਚ ਪਹਿਲਾ ਕਦਮ ਉਸ ਦੀ ਯਾਦਦਾਸ਼ਤ ਨੂੰ ਮੇਟ ਦੇਣਾ ਹੁੰਦਾ ਹੈ। ਉਸ ਦੀਆਂ ਕਿਤਾਬਾਂ, ਉਸ ਦੇ ਸੱਭਿਆਚਾਰ ਅਤੇ ਉਸ ਦੇ ਇਤਿਹਾਸ ਨੂੰ ਤਬਾਹ ਕਰ ਦੇਵੋ। ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਵੋ, ਨਵਾਂ ਸੱਭਿਆਚਾਰ ਘੜ ਲਵੋ, ਇਕ ਨਵਾਂ ਇਤਿਹਾਸ ਰਚ ਲਵੋ। ਕੁਝ ਚਿਰ ਬਾਅਦ ਉਹ ਕੌਮ ਆਪੇ ਇਹ ਗੱਲ ਭੁੱਲ ਜਾਏਗੀ ਕਿ ਉਹ ਕੀ ਹੈ ਤੇ ਕੀ ਸੀ।'

ਇਹ ਅਰਥ ਵਿਆਖਿਆ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ 'ਤੇ ਇੰਨ-ਬਿੰਨ ਪੂਰੀ ਢੁਕਦੀ ਹੈ। ਜਦ ਭਾਰਤੀ ਹਾਕਮਾਂ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਉਨ੍ਹਾਂ ਨੂੰ ਸਿੱਖ ਕੌਮ ਅੰਦਰ ਪੈਦਾ ਹੋਣ ਵਾਲੇ ਰੋਹੀਲੇ ਪ੍ਰਤੀਕਰਮ ਦਾ ਅੰਦਾਜ਼ਾ ਸੀ ਵੀ ਤੇ ਨਹੀਂ ਵੀ। ਰੋਹ ਭਰੇ ਫੌਰੀ ਪ੍ਰਤੀਕਰਮ ਨੂੰ ਥਾਏਂ ਨੱਪਣ ਲਈ ਤਾਂ ਉਨ੍ਹਾਂ ਨੇ ਪਹਿਲਾਂ ਹੀ ਪੂਰੇ ਪੰਜਾਬ ਨੂੰ ਸ਼ਿਕੰਜੇ ਵਿਚ ਜਕੜ ਰੱਖਿਆ ਸੀ। ਪਰ ਇਸ ਰੋਹੀਲੇ ਪ੍ਰਤੀਕਰਮ ਦੀ ਉਮਰ ਐਨੀ ਲੰਬੀ ਹੋ ਜਾਵੇਗੀ, ਇਸ ਦਾ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ। ਹਮਲੇ ਤੋਂ ਫੌਰੀ ਬਾਅਦ ਉਨ੍ਹਾਂ ਨੇ ਜਿੱਥੇ ਹਮਲੇ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਕਾਹਲੀ ਦਿਖਾਈ, ਉਥੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਲੀਡਰਸ਼ਿਪ ਵੀ ਇਹੋ ਜਿਹੀ ਚਾਹੀਦੀ ਸੀ ਜੋ, ਕੌਮ ਅੰਦਰ ਪਨਪੇ ਇਸ ਰੋਹ ਨੂੰ ਹੌਲੀ-ਹੌਲੀ ਸ਼ਾਂਤ ਕਰ ਦੇਵੇ ਤੇ ਸਿੱਖ ਮਨਾਂ ਵਿਚੋਂ ਇਸ ਦੀ ਯਾਦ ਨੂੰ ਧੁੰਦਲਾ ਕਰ ਦੇਵੇ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵੀ ਇਨ੍ਹਾਂ ਕੁਟਿਲ ਚਾਲਾਂ ਦੀ ਹੀ ਭੇਟ ਚੜ੍ਹ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਸਕੱਤਰ ਮਨਜੀਤ ਸਿੰਘ ਕਲਕੱਤਾ, ਸੁਰਜੀਤ ਸਿੰਘ ਤੇ ਹਰਬੇਅੰਤ ਸਿੰਘ ਵਲੋਂ 1991 ਤੋਂ ਲੈ ਕੈ 2003 ਤੱਕ ਪ੍ਰਧਾਨ ਮੰਤਰੀ ਸ੍ਰੀ ਵੀ.ਪੀ. ਸਿੰਘ, ਸ੍ਰੀ ਇੰਦਰ ਕੁਮਾਰ ਗੁਜਰਾਲ, ਗ੍ਰਹਿ ਮੰਤਰੀ ਸ੍ਰੀ ਐਲ. ਕੇ. ਅਡਵਾਨੀ, ਮੈਂਬਰ ਪਾਰਲੀਮੈਂਟ ਸ: ਸੁਰਿੰਦਰ ਸਿੰਘ ਆਹਲੂਵਾਲੀਆ ਤੇ ਸ: ਜਗਮੀਤ ਸਿੰਘ ਬਰਾੜ ਆਦਿ ਨੂੰ ਪੱਤਰ ਤਾਂ ਲਿਖੇ ਗਏ ਹਨ ਕਿ ਰੈਫ਼ਰੈਂਸ ਲਾਇਬ੍ਰੇਰੀ ਵਾਪਸ ਕਰਵਾਈ ਜਾਵੇ ਪਰ ਚੰਗੇ ਵਕੀਲ ਕਰ ਕੇ ਕਿਸੇ ਅਦਾਲਤ ਦਾ ਸਹਾਰਾ ਨਹੀਂ ਲਿਆ ਗਿਆ। ਹੋਰ ਤਾਂ ਹੋਰ, ਸ਼੍ਰੋਮਣੀ ਕਮੇਟੀ ਨੇ ਤਾਂ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਬਾਰੇ ਆਪਣਾ ਵਾਈਟ ਪੇਪਰ ਵੀ 1996 ਵਿਚ ਜਾਰੀ ਕੀਤਾ ਸੀ, ਜੋ ਹੁਣ ਕਿਤੇ ਵੀ ਨਹੀਂ ਮਿਲਦਾ।

ਲਾਇਬ੍ਰੇਰੀ ਦੇ ਮਾਮਲੇ ਨੂੰ ਕਿਸੇ ਨੇ ਕਿੰਨੀ ਕੁ ਗੰਭੀਰਤਾ ਨਾਲ ਲਿਆ, ਇਸ ਦੀ ਮਿਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਵਕਤ ਦੇ ਜਥੇਦਾਰ ਗਿ: ਕਿਰਪਾਲ ਸਿੰਘ ਦੀ ਪੁਸਤਕ 'ਅੱਖੀਂ ਡਿੱਠਾ-ਸਾਕਾ ਨੀਲਾ ਤਾਰਾ' ਵਿਚੋਂ ਵੀ ਮਿਲਦੀ ਹੈ। ਉਨ੍ਹਾਂ ਅਨੁਸਾਰ 'ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਲਾਭ ਸਿੰਘ ਨੂੰ ਕਿਸੇ ਸੀ. ਆਈ. ਡੀ. ਵਾਲੇ ਨੇ ਦੱਸਿਆ ਸੀ ਕਿ ਲਾਇਬ੍ਰੇਰੀ ਦੇ ਹੱਥ ਲਿਖਤ ਗੁਟਕੇ ਤੇ ਪੋਥੀਆਂ ਦਿੱਲੀ ਵਿਚ ਰੁਲ ਰਹੇ ਹਨ। ਉਸ ਨੇ ਇਕ-ਦੋ ਗੁਟਕੇ ਲਿਆ ਕੇ ਵੀ ਦਿੱਤੇ ਸਨ। ਪਰ ਕੋਈ ਜ਼ਿੰਮੇਵਾਰ ਵਿਅਕਤੀ ਇੱਧਰ ਪੜਤਾਲ ਕਰਨ ਵੱਲ ਨਹੀਂ ਤੁਰਿਆ।' ਇਹ ਸੁਆਲ ਤਾਂ ਜਥੇਦਾਰ ਸਾਹਿਬ 'ਤੇ ਹੀ ਬਣਦਾ ਹੈ ਕਿ ਤੁਸੀਂ ਜਥੇਦਾਰ ਹੋਣ ਦੀ ਹੈਸੀਅਤ ਵਿਚ ਜ਼ਿੰਮੇਵਾਰ ਬੰਦਿਆਂ ਦੀ ਡਿਊਟੀ ਕਿਉਂ ਨਹੀਂ ਲਗਾਈ? ਸਾਕੇ ਤੋਂ ਪੂਰੇ 16 ਸਾਲ ਬਾਅਦ ਮਾਰਚ 2000 ਵਿਚ ਉਦੋਂ ਦੇ ਗ੍ਰਹਿ ਮੰਤਰੀ ਜਾਰਜ ਫਰਨਾਂਡਿਜ਼ ਨੇ ਸ਼੍ਰੋਮਣੀ ਕਮੇਟੀ ਵਲੋਂ ਲਿਖੇ ਪੱਤਰ ਦੇ ਜਵਾਬ ਵਿਚ ਲਿਖਿਆ ਸੀ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ ਸੀ.ਬੀ.ਆਈ. ਕੋਲ ਹਨ। ਉਸ ਵਕਤ ਪੰਜਾਬ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਪਰ ਸਰਕਾਰ ਨੇ ਇਸ ਸੰਬੰਧੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨਾਲ ਕੀ ਚਿੱਠੀ ਪੱਤਰ ਕੀਤਾ, ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਇਸੇ ਦੌਰਾਨ 11 ਅਤੇ 12 ਜੂਨ, 2000 ਦੇ ਰੋਜ਼ਾਨਾ 'ਅਜੀਤ' ਵਿਚ ਪੱਤਰਕਾਰ ਮੇਜਰ ਸਿੰਘ ਅਤੇ ਜਗਤਾਰ ਸਿੰਘ ਲਾਂਬਾ ਵਲੋਂ ਪੰਜਾਬ ਦੇ ਡੀ.ਐਸ.ਪੀ. ਰਹੇ ਸਬਦਲ ਸਿੰਘ ਅਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਰਣਜੀਤ ਸਿੰਘ ਨੰਦਾ ਨਾਲ ਮੁਲਾਕਾਤਾਂ ਕਰਕੇ ਵਿਸਥਾਰਤ ਰਿਪੋਰਟਾਂ ਛਾਪੀਆਂ ਸਨ, ਜਿਨ੍ਹਾਂ ਵਿਚ ਦੋਵਾਂ ਅਫ਼ਸਰਾਂ ਨੇ ਰੈਫ਼ਰੈਂਸ ਲਾਇਬ੍ਰੇਰੀ ਦੀਆਂ ਹੱਥ ਲਿਖਤ ਪੋਥੀਆਂ, ਗੁਟਕੇ , ਹੁਕਮਨਾਮੇ ਤੇ ਹੋਰ ਦਸਤਾਵੇਜ਼ ਸੀ.ਬੀ.ਆਈ. ਦੇ ਕਬਜ਼ੇ ਵਿਚ ਹੋਣ ਦੀ ਪੁਸ਼ਟੀ ਕੀਤੀ ਸੀ। ਸਬਦਲ ਸਿੰਘ ਨੇ ਦੱਸਿਆ ਸੀ ਕਿ ਉਹ 5 ਜੂਨ, 1984 ਨੂੰ ਸ੍ਰੀ ਅੰਮ੍ਰਿਤਸਰ ਵਿਚ ਸੀ.ਬੀ.ਆਈ. ਨਾਲ ਡਿਊਟੀ 'ਤੇ ਸੀ। ਦੋ ਹਫ਼ਤਿਆਂ ਬਾਅਦ ਉਹ ਸੀ.ਬੀ.ਆਈ. ਦੇ ਡਾਇਰੈਕਟਰ ਬਾਵਾ ਹਰਕਿਸ਼ਨ ਸਿੰਘ ਨਾਲ ਜਦ ਰਾਜਾਸਾਂਸੀ ਹਵਾਈ ਅੱਡੇ ਅੰਦਰ ਦਾਖ਼ਲ ਹੋਇਆ ਤਾਂ ਉਸ ਵਕਤ ਭਾਰਤੀ ਫੌਜ ਦੇ ਜਹਾਜ਼ ਵਿਚੋਂ ਬਹੁਤ ਸਾਰੇ ਬੈਗ ਥੱਲੇ ਸੁੱਟੇ ਹੋਏ ਸਨ, ਜਿਨ੍ਹਾਂ ਵਿਚੋਂ ਹੱਥ ਲਿਖਤ ਪੋਥੀਆਂ ਤੇ ਗੁਟਕੇ ਧਰਤੀ 'ਤੇ ਖਿੰਡੇ ਪਏ ਸਨ। ਉਨ੍ਹਾਂ ਕਿਹਾ ਕਿ ਇਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਉਸ ਦੇ ਮਨ ਨੂੰ ਬਹੁਤ ਧੱਕਾ ਲੱਗਿਆ। ਉਨ੍ਹਾਂ ਅਨੁਸਾਰ ਪਹਿਲਾਂ ਇਹ ਸਾਰਾ ਸਮਾਨ ਫ਼ੌਜ ਦਿੱਲੀ ਲੈ ਗਈ ਸੀ ਤੇ ਫਿਰ ਸ੍ਰੀ ਅੰਮ੍ਰਿਤਸਰ ਲਿਆਂਦਾ ਗਿਆ। ਬਾਅਦ ਵਿਚ ਇਥੋਂ ਦੇ ਯੂਥ ਹੋਸਟਲ ਵਿਚ ਦੋ ਮਹੀਨੇ ਇਸ ਸਾਮਾਨ ਦੀ ਜਾਂਚ-ਪੜਤਾਲ ਚਲਦੀ ਰਹੀ ਸੀ। ਸਬਦਲ ਸਿੰਘ ਦਾ ਕਹਿਣਾ ਸੀ ਕਿ 6 ਜੂਨ ਤੋਂ ਬਾਅਦ ਹੀ ਫ਼ੌਜ ਤਾਂ ਕਹਿੰਦੀ ਆ ਰਹੀ ਸੀ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਤਾਂ ਅੱਗ ਨਾਲ ਸੜ ਗਈ ਹੈ, 9 ਜੂਨ ਨੂੰ ਸੜੀ ਹੋਈ ਲਾਇਬ੍ਰੇਰੀ ਦਾ ਚਾਰਜ ਵੀ ਦੇਵਿੰਦਰ ਸਿੰਘ ਦੁੱਗਲ ਨੂੰ ਦੇਣ ਦਾ ਯਤਨ ਕੀਤਾ ਗਿਆ ਸੀ ਪਰ ਫਿਰ ਦੋ ਹਫ਼ਤਿਆਂ ਬਾਅਦ ਹੀ ਹੱਥ ਲਿਖਤ ਪੁਸਤਕਾਂ, ਗੁਟਕੇ ਤੇ ਹੋਰ ਦਸਤਾਵੇਜ਼ ਕਿਥੋਂ ਆ ਗਏ? ਰਣਜੀਤ ਸਿੰਘ ਨੰਦਾ ਨੇ ਵੀ ਸਬਦਲ ਸਿੰਘ ਦੀਆਂ ਗੱਲਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ ਦੀ ਜਾਂਚ ਟੀਮ ਵਿਚ ਪੰਜਾਬ ਪੁਲਿਸ ਦੇ ਡੀ.ਆਈ.ਜੀ. ਬਜਿੰਦਰ ਕੁਮਾਰ ਵੀ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ 190 ਬੈਗ ਪੋਥੀਆਂ, ਗੁਟਕਿਆਂ, ਹੁਕਮਨਾਮਿਆਂ ਤੇ ਹੋਰ ਦਸਤਾਵੇਜ਼ਾਂ ਨਾਲ ਭਰੇ ਹੋਏ ਸਨ। ਪਰ ਜਾਂਚ ਤੋਂ ਬਾਅਦ ਸੀ.ਬੀ.ਆਈ. ਇਸ ਸਾਮਾਨ ਨੂੰ ਕਿਥੇ ਲੈ ਗਈ, ਇਹ ਹਾਲਾਂ ਤੱਕ ਬੁਝਾਰਤ ਬਣੀ ਹੋਈ ਹੈ।

'ਅਜੀਤ' ਵਿਚ ਇਹ ਰਿਪੋਰਟਾਂ ਛਪਣ ਤੋਂ ਬਾਅਦ ਜੁਲਾਈ 2003 ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਰੋਮਾਣਾ ਦੇ ਭਾਈ ਸਤਨਾਮ ਸਿੰਘ ਵਲੋਂ ਐਡਵੋਕੇਟ ਰੰਜਨ ਲਖਨਪਾਲ ਰਾਹੀਂ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਪਾਈ ਗਈ। ਪਟੀਸ਼ਨ ਵਿਚ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦਾ ਸਕੱਤਰ, ਰੱਖਿਆ ਮੰਤਰਾਲੇ ਦਾ ਸਕੱਤਰ, ਸੀ.ਬੀ.ਆਈ. ਦਾ ਡਾਇਰੈਕਟਰ, ਪੰਜਾਬ ਸਰਕਾਰ ਦਾ ਮੁੱਖ ਸਕੱਤਰ ਤੇ ਸ਼੍ਰੋਮਣੀ ਕਮੇਟੀ ਨੂੰ ਪਾਰਟੀ ਬਣਾਇਆ ਗਿਆ। ਪਰ ਬਾਅਦ ਵਿਚ ਅਰਜ਼ੀ ਦੇ ਕੇ ਸ਼੍ਰੋਮਣੀ ਕਮੇਟੀ ਸਤਨਾਮ ਸਿੰਘ ਨਾਲ ਹੀ ਦੂਜੇ ਨੰਬਰ ਦੀ ਧਿਰ ਬਣ ਗਈ। ਨਾਲ ਹੀ ਸ਼੍ਰੋਮਣੀ ਕਮੇਟੀ ਨੇ ਹਾਈਕੋਰਟ ਵਿਚ ਰੈਫ਼ਰੈਂਸ ਲਾਇਬ੍ਰੇਰੀ ਦੇ ਸਾਮਾਨ ਦੀ ਇਕ ਸੂਚੀ ਪੇਸ਼ ਕਰ ਦਿੱਤੀ ਜਿਸ ਵਿਚ ਵੀਹ ਲੱਖ ਰੁਪਏ ਦੀਆਂ ਵੀਹ ਹਜ਼ਾਰ ਕਿਤਾਬਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਪੋਥੀਆਂ ਤੇ ਗੁਟਕੇ ਪੱਚੀ ਸੌ। ਦੁਰਲੱਭ ਪੁਸਤਕਾਂ ਦੇ ਹੱਥ ਲਿਖਤ ਖਰੜੇ ਪੰਜ ਸੌ, ਦੁਰਲੱਭ ਕਿਤਾਬਾਂ, ਦਸਤਾਵੇਜ਼ਾਂ ਤੇ ਲੇਖਾਂ ਦੇ ਟਾਈਪਡ ਖਰੜੇ ਦੋ ਸੌ, ਨਵੀਆਂ-ਪੁਰਾਣੀਆਂ ਅਖ਼ਬਾਰਾਂ ਦੀਆਂ ਜਿਲਦਾਂ ਬਾਰਾਂ ਸੌ, ਦੁਰਲੱਭ ਚਿੱਤਰਾਂ ਦੀਆਂ ਅਠਾਰਾਂ ਐਲਬਮਾਂ ਸ਼ਾਮਿਲ ਸਨ।

ਸੀ.ਬੀ.ਆਈ. ਨੇ ਦਸੰਬਰ 2003 ਵਿਚ ਵਕੀਲ ਰਾਜਨ ਗੁਪਤਾ ਰਾਹੀਂ ਜਵਾਬ ਦਾਅਵਾ ਦਾਇਰ ਕਰ ਕੇ ਮੰਨਿਆ ਸੀ ਕਿ ਸੀ.ਬੀ.ਆਈ. ਨੇ ਫ਼ੌਜ ਕੋਲੋਂ 26-6-1984, 4-7-1984, 6-7-1984 ਨੂੰ ਚਾਰ ਹਜ਼ਾਰ ਦਸਤਾਵੇਜ਼ ਪ੍ਰਾਪਤ ਕੀਤੇ ਸਨ। ਇਹ ਦਸਤਾਵੇਜ਼ ਅੰਮ੍ਰਿਤਸਰ ਦੇ ਯੂਥ ਹੋਸਟਲ ਵਿਚ ਲਿਜਾ ਕੇ ਜਾਂਚ-ਪੜਤਾਲ ਕੀਤੀ ਗਈ ਸੀ। ਇਸੇ ਦੌਰਾਨ ਗ੍ਰਹਿ ਵਿਭਾਗ ਦੇ ਅੰਡਰ ਸੈਕਟਰੀ ਵੀਰੇਂਦਰ ਕੁਮਾਰ ਵਲੋਂ ਵਕੀਲ ਪ੍ਰਵੀਨ ਚੰਦਰ ਨੇ ਜਵਾਬ ਦਾਅਵਾ ਦਾਇਰ ਕੀਤਾ, ਜਿਸ ਵਿਚ ਕਿਹਾ ਗਿਆ ਕਿ ਮਿਤੀ 5-7-1984 ਨੂੰ ਰਸੀਦ ਨੰ: R32/84 }}}/S93/329/SP5/© ; 45*89 ਰਾਹੀਂ ਸੀ.ਬੀ.ਆਈ. ਨੂੰ ਚਾਰ ਵੱਡੇ ਬੈਗ ਤੇ 72 ਛੋਟੇ ਬੈਗ ਸੌਂਪੇ ਗਏ ਸਨ। ਮਿਤੀ 6 ਜੁਲਾਈ 1984 ਨੂੰ 36 ਬੈਗ , ਮਿਤੀ 7-7-1984 ਨੂੰ 16 ਵੱਡੇ ਬੈਗ ਤੇ 47 ਛੋਟੇ ਬੈਗ ਸੌਂਪੇ ਗਏ ਸਨ। ਇਸੇ ਤਰ੍ਹਾਂ 6 ਮਾਰਚ, 1985 ਨੂੰ 12 ਬੈਗ ਸੌਂਪੇ ਗਏ ਸਨ। 

ਸੀ.ਬੀ.ਆਈ. ਨੇ ਆਪਣੇ ਜਵਾਬ ਦਾਅਵੇ ਵਿਚ ਕਿਹਾ ਹੈ ਕਿ ਉਨ੍ਹਾਂ ਅਨੁਸਾਰ ਏਜੰਸੀ ਨੇ ਕੋਰਟ ਦੇ ਹੁਕਮਾਂ 'ਤੇ 13-10-1989 , 20-6-1990 ਤੇ 28-12-1990 ਨੂੰ ਕੁਝ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਵਾਪਸ ਵੀ ਕਰ ਦਿੱਤੇ ਸਨ। ਉਨ੍ਹਾਂ 117 ਚੀਜ਼ਾਂ ਦੀ ਸੂਚੀ ਵੀ ਪੇਸ਼ ਕੀਤੀ ਸੀ ਪਰ ਇਨ੍ਹਾਂ ਚੀਜ਼ਾਂ ਵਿਚ ਸਿਰਫ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਰਿਕਾਰਡ ਜਾਂ ਹੋਰ ਕਮਰਿਆਂ ਦਾ ਫੁਟਕਲ ਸਾਮਾਨ ਸੀ। ਜਿਨ੍ਹਾਂ ਵਿਚ ਡਾਇਰੀਆਂ, ਪਾਸ ਬੁੱਕਾਂ, ਚੈੱਕ ਬੁੱਕਾਂ, ਸ਼ਨਾਖਤੀ ਕਾਰਡ ਤੇ ਰਜਿਸਟਰ ਆਦਿ ਸਨ। ਸੀ.ਬੀ.ਆਈ. ਨੇ ਕਿਹਾ ਕਿ ਉਨ੍ਹਾਂ ਕੋਲ ਚਾਰ ਹਜ਼ਾਰ ਦਸਤਾਵੇਜ਼ ਸਨ, ਜਿਨ੍ਹਾਂ ਵਿਚੋਂ ਕੁਝ ਜੋਧਪੁਰ ਵਿਚ ਚੱਲ ਰਹੇ ਕੇਸਾਂ ਦੇ ਚਲਾਣ ਨਾਲ ਲਗਾ ਦਿੱਤੇ ਸਨ ਤੇ ਕੁਝ ਭੜਾਕਾਊ ਸਮਝ ਕੇ ਸਾੜ ਦਿੱਤੇ ਸਨ। ਸੀ.ਬੀ.ਆਈ. ਨੇ ਕਿਹਾ ਕਿ ਹੁਣ ਸਿਰਫ ਉਸ ਕੋਲ ਪੰਜ ਚੀਜ਼ਾਂ ਬਾਕੀ ਹਨ,

1. ਮਈ 1984 ਦਾ 'ਸੰਤ ਸਿਪਾਹੀ' ਮੈਗਜ਼ੀਨ

2. ਵੱਖ-ਵੱਖ ਚਿੱਠੀਆਂ ਦੀ ਫਾਈਲ, ਜਿਸ ਦੇ 49 ਵਰਕੇ ਹਨ

3. ਬਲਵਿੰਦਰ ਸਿੰਘ ਖੋਜਕੀਪੁਰ ਦੀ 1983 ਦੀ ਡਾਇਰੀ

4. ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀ 29-9-83 ਦੀ ਸਾਲਾਨਾ ਰਿਪਰੋਟ

5. ਇਕ ਅਸਲ੍ਹੇ ਦਾ ਲਾਇਸੰਸ ©o-੯੨੬/(1V7) ਅੰਮ੍ਰਿਤਸਰ ਜੋ ਚੰਨਣ ਸਿੰਘ ਦੇ ਨਾਂਅ ਹੈ।

ਇਹ ਇਕ ਬਹੁਤ ਵੱਡਾ ਮਜ਼ਾਕ ਸੀ। ਕੀ ਸੀ.ਬੀ.ਆਈ. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ, ਪੋਥੀਆਂ, ਗੁਟਕੇ, ਹੁਕਮਨਾਮੇ ਤੇ ਧਰਮ ਪੁਸਤਕਾਂ ਨੂੰ ਭੜਕਾਊ ਕਹਿ ਕੇ ਸਾੜ ਸਕਦੀ ਸੀ? ਇਕ ਤਰ੍ਹਾਂ ਨਾਲ ਸੀ.ਬੀ.ਆਈ. ਸਾਰੀ ਰੈਫ਼ਰੈਂਸ ਲਾਇਬ੍ਰੇਰੀ ਤੋਂ ਹੀ ਮੁਨਕਰ ਹੋ ਗਈ ਹੈ। ਸਾਰੇ ਕੇਸ ਦੀ ਸੁਣਵਾਈ ਉਪਰੰਤ ਚੀਫ ਜਸਟਿਸ ਬਿਨੋਦ ਕੁਮਾਰ ਰਾਏ ਤੇ ਜਸਟਿਸ ਸੂਰੀਆ ਕਾਂਤ ਨੇ ਐਡਵੋਕੇਟ ਹਰਦੇਵ ਸਿੰਘ ਮੱਤੇਨੰਗਲ, ਐਡਵੋਕੇਟ ਰੰਜਨ ਲਖਨਪਾਲ, ਕੇਂਦਰ ਸਰਕਾਰ ਦੇ ਵਕੀਲ ਪੀ.ਸੀ. ਗੋਇਲ ਤੇ ਪੰਜਾਬ ਸਰਕਾਰ ਦੇ ਸੀਨੀਅਰ ਡੀ.ਏ.ਜੀ. ਮਿਸਜ ਚਾਰੂ ਤੁਲੀ ਦੀ ਹਾਜ਼ਰੀ ਵਿਚ 26-4-2004 ਨੂੰ ਸੁਣਾਏ ਤਿੰਨ ਪੰਨਿਆਂ ਦੇ ਫ਼ੈਸਲੇ ਵਿਚ ਸੀ.ਬੀ.ਆਈ. ਦੇ ਜਵਾਬ ਨੂੰ ਇੰਨ-ਬਿੰਨ ਪ੍ਰਵਾਨ ਕਰ ਲਿਆ ਤੇ ਕੇਂਦਰ ਸਰਕਾਰ ਨੂੰ ਕਹਿ ਦਿੱਤਾ ਕਿ ਜੇ ਕੋਈ ਚੀਜ਼ ਬਾਕੀ ਹੈ ਤਾਂ ਉਹ ਵਾਪਸ ਕਰ ਦਿੱਤੀ ਜਾਵੇ।

ਪਰ ਇਸ ਫ਼ੈਸਲੇ ਤੋਂ ਬਾਅਦ ਸਵਾਲ ਖੜ੍ਹਾ ਹੁੰਦਾ ਹੈ ਕਿ ਭਾਈ ਸਤਨਾਮ ਸਿੰਘ ਤੇ ਸ਼੍ਰੋਮਣੀ ਕਮੇਟੀ ਵਲੋਂ ਸੁਪਰੀਮ ਕੋਰਟ ਵਿਚ ਅਪੀਲ ਕਿਉਂ ਨਾ ਪਾਈ ਗਈ? ਭਾਈ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਮੇਜਾ ਸਿੰਘ ਸਮੇਤ ਉਸ ਦੇ ਪਰਿਵਾਰ ਦੇ 6 ਮਰਦ ਮੈਂਬਰ ਪੁਲਿਸ ਨੇ ਝੂਠੇ ਮੁਕਾਬਲਿਆਂ ਵਿਚ ਮਾਰ ਕੇ ਖਪਾਏ ਹੋਏ ਹਨ। ਜਿਨ੍ਹਾਂ ਦਾ ਕੇਸ ਸੀ.ਬੀ.ਆਈ. ਅਦਾਲਤ ਪਟਿਆਲਾ ਵਿਚ ਚੱਲ ਰਿਹਾ ਹੈ ਤੇ ਜਿਥੇ ਪੁਲਿਸ ਨੇ ਸਟੇਅ ਲੈ ਰੱਖੀ ਹੈ, ਉਹ ਉੱਧਰ ਉਲਝ ਗਿਆ। ਪਰ ਸ਼੍ਰੋਮਣੀ ਕਮੇਟੀ ਨੇ ਅਗਾਂਹ ਉਜਰ ਕਿਉਂ ਨਾ ਕੀਤਾ? ਕੀ ਇਹ ਘੇਸਲ ਜਾਣਬੁੱਝ ਕੇ ਮਾਰੀ ਗਈ ਸੀ? ਇਹ ਵੱਡਾ ਸਵਾਲ ਖੜ੍ਹਾ ਹੈ। ਲਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਭਾਈ ਸਤਨਾਮ ਸਿੰਘ ਖੰਡਾ ਨੂੰ ਨੌਕਰੀ ਦੇ ਕੇ ਉਸ ਨੂੰ ਚੁੱਪ ਕਰਵਾ ਦਿੱਤਾ ਸੀ। ਜਦ ਸਤੰਬਰ 2004 ਵਿਚ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਨ ਤਾਂ ਉਸ ਵਕਤ ਸ਼੍ਰੋਮਣੀ ਕਮੇਟੀ ਨੇ ਫਿਰ ਉਨ੍ਹਾਂ ਕੋਲੋਂ ਲਾਇਬ੍ਰੇਰੀ ਲਈ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਪਰ ਹਾਈਕਰੋਟ ਤਾਂ ਸੀ.ਬੀ.ਆਈ. ਦੇ ਬਿਆਨ 'ਤੇ ਸ਼੍ਰੋਮਣੀ ਕਮੇਟੀ ਨੂੰ ਕਹਿ ਚੁੱਕੀ ਸੀ ਕਿ ਜੋ ਵੀ ਸਾਮਾਨ ਰਹਿੰਦਾ ਹੈ, ਤੁਸੀਂ ਉਸ ਦੀ ਸੂਚੀ ਦੇਵੋ, ਉਹ ਸਾਮਾਨ ਅਸੀਂ ਵਾਪਸ ਕਰਵਾਵਾਂਗੇ, ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕੋਈ ਸੂਚੀ ਹੀ ਨਹੀਂ ਦਿੱਤੀ। ਉਂਝ ਵੀ ਦੋਸ਼ੀ ਸਰਕਾਰ ਕੋਲੋਂ ਹੀ ਜਾਂਚ ਦੀ ਮੰਗ ਕਰਨਾ ਕਿਧਰਲੀ ਦਾਨਸ਼ਮੰਦੀ ਸੀ? ਉਂਝ ਸ਼੍ਰੋਮਣੀ ਕਮੇਟੀ ਨੇ ਦਿੱਲੀ ਹਾਈਕੋਰਟ ਵਿਚ ਭਾਰਤ ਸਰਕਾਰ 'ਤੇ ਹਜ਼ਾਰ ਕਰੋੜ ਦੇ ਮੁਆਵਜ਼ੇ ਦਾ ਕੇਸ ਕੀਤਾ ਹੋਇਆ ਹੈ ਜਿਸ ਵਿਚ ਲਾਇਬ੍ਰੇਰੀ ਵੀ ਸ਼ਾਮਿਲ ਹੈ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ, ਪੋਥੀਆਂ, ਗੁਟਕਿਆਂ, ਹੁਕਮਨਾਮਿਆਂ ਦਾ ਮੁੱਲ ਪੈਸਿਆਂ 'ਚ ਆਂਕਿਆ ਜਾ ਸਕਦਾ ਹੈ? ਪੰਜਾਬ ਵਿਚ ਦਸ ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਰਾਜ ਰਿਹਾ ਹੈ, ਕੇਂਦਰ ਵਿਚ ਉਨ੍ਹਾਂ ਦੀ ਭਾਈਵਾਲ ਭਾਜਪਾ ਦੀ ਸਰਕਾਰ ਹੈ, ਇਸ ਦੌਰਾਨ ਲਾਇਬ੍ਰੇਰੀ ਦੀ ਤਲਾਸ਼ ਲਈ ਕੀ ਯਤਨ ਹੋਏ ਹਨ, ਇਹ ਕਿਸੇ ਨੂੰ ਨਹੀਂ ਪਤਾ।

ਸਾਲ 2020 ਵਿਚ ਕੇਂਦਰ ਸਰਕਾਰ ਨੇ ਸੀ. ਬੀ. ਆਈ. ਦੇ ਹਵਾਲੇ ਨਾਲ ਇਕ ਸੂਚੀ ਜਾਰੀ ਕਰਕੇ ਕਿਹਾ ਸੀ ਕਿ ਉਹ ਲਾਇਬ੍ਰੇਰੀ ਦਾ ਸਾਰਾ ਸਾਮਾਨ ਵਾਪਸ ਕਰ ਚੁੱਕੇ ਹਨ। ਉਨ੍ਹਾਂ ਨੇ ਕੁਝ ਵਿਅਕਤੀਆਂ ਦੇ ਨਾਂਅ ਵੀ ਜਾਰੀ ਕੀਤੇ ਸਨ ਜਿਨ੍ਹਾਂ ਵਿਚ ਸਾਬਕਾ ਸਕੱਤਰ ਦਿਲਮੇਘ ਸਿੰਘ ਅਤੇ ਸਾਬਕਾ ਸਕੱਤਰ ਕੁਲਵੰਤ ਸਿੰਘ ਦੇ ਨਾਂਅ ਬੋਲਦੇ ਸਨ ਕਿ ਇਨ੍ਹਾਂ ਵਿਅਕਤੀਆਂ ਦੇ ਦਸਤਖ਼ਤ ਲੈ ਕੇ ਵਸਤੂਆਂ ਸੌਂਪੀਆਂ ਗਈਆਂ ਸਨ। ਮਾਮਲਾ ਭਖਣ 'ਤੇ ਸ਼੍ਰੋਮਣੀ ਕਮੇਟੀ ਨੇ ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਪੰਜ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਸੀ, ਇਸ ਵਿਚ ਮੁੱਖ ਸਕੱਤਰ ਰੂਪ ਸਿੰਘ, ਬੀਬੀ ਜਗੀਰ ਕੌਰ, ਦਿਲਮੇਘ ਸਿੰਘ, ਅਤੇ ਸੁਖਦੇਵ ਸਿੰਘ ਭੂਰਾ ਕੋਹਨਾ ਸ਼ਾਮਿਲ ਸਨ। ਪਰ ਬਡੂੰਗਰ ਦੇ ਦੱਸਣ ਮੁਤਾਬਿਕ ਕਮੇਟੀ ਦੀਆਂ ਹੁਣ ਤੱਕ ਦੋ ਮੀਟਿੰਗਾਂ ਹੀ ਹੋਈਆਂ ਹਨ ਪਰ ਜਾਂਚ ਅਗਾਂਹ ਨਹੀਂ ਤੁਰ ਸਕੀ। ਸਪੱਸ਼ਟ ਹੈ ਕਿ ਜਾਂਚ ਅਗਾਂਹ ਤੁਰੇਗੀ ਵੀ ਨਹੀਂ। ਹੁਣ ਭੂਰਾ ਕੋਹਨਾ ਸੇਵਾ ਮੁਕਤ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਹੋਣ ਤੋਂ ਬਾਅਦ ਡਾ. ਰੂਪ ਸਿੰਘ ਪਰਿਵਾਰ ਸਮੇਤ ਕੈਨੇਡਾ ਚਲੇ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਕਲਚਰ ਸੈਂਟਰ ਚੰਡੀਗ੍ਹੜ ਦੀ ਮਾਰਫ਼ਤ ਗੁਰਦੁਅਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਪ੍ਰਿੰ: ਸਤਵੀਰ ਸਿੰਘ ਨੂੰ 87 ਦੁਰਲੱਭ ਪੇਂਟਿੰਗਾਂ ਸੌਂਪੀਆਂ ਸਨ, ਹੁਣ ਪੇਂਟਿੰਗਾਂ ਕਿੱਥੇ ਹਨ ਇਸ ਦੀ ਵੀ ਉੱਘ-ਸੁਘ ਨਹੀਂ ਲਗਦੀ।

ਇਸ ਸਾਰੇ ਘਟਨਾਕ੍ਰਮ 'ਚੋਂ ਇਹੋ ਸਿੱਟਾ ਨਿਕਲਦਾ ਹੈ ਕਿ ਸੀ.ਬੀ.ਆਈ. ਦੇ ਅਫ਼ਸਰ ਇਹ ਦੁਰਲੱਭ ਸਰੂਪ, ਪੋਥੀਆਂ, ਗੁਟਕੇ, ਹੁਕਮਨਾਮੇ ਆਦਿ ਖੁਰਦ-ਬੁਰਦ ਕਰਨ ਲਈ ਜ਼ਿੰਮੇਵਾਰ ਹਨ। ਸ਼੍ਰੋਮਣੀ ਕਮੇਟੀ ਇਸ ਸਾਰੇ ਮਾਮਲੇ ਦੀ ਠੀਕ ਤਰ੍ਹਾਂ ਪੈਰਵੀ ਕਰਨ ਵਿਚ ਅਸਫਲ ਸਿੱਧ ਹੋਈ ਹੈ। ਇਸ ਸਭ ਕੁਝ ਦੇ ਸਿੱਟੇ ਵਜੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀਆਂ ਸਾਰੀਆਂ ਇਤਿਹਾਸਕ, ਦੁਰਲੱਭ ਤੇ ਕੀਮਤੀ ਪੁਸਤਕਾਂ ਖੁਰਦ-ਬੁਰਦ ਹੋ ਗਈਆਂ ਹਨ। ਇਸ ਦੁਖਦਾਈ ਘਟਨਾਕ੍ਰਮ 'ਤੇ ਅਮੀਰ ਮੀਨਾਈ ਦਾ ਇਹ ਸ਼ੇਅਰ ਹੀ ਢੁਕਦਾ ਹੈ :

'ਹੂਏ ਨਾਮਵਾਰ ਬੇਨਿਸ਼ਾਂ ਕੈਸੇ ਕੈਸੇ।

ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ।'

 

    ਰਾਜਵਿੰਦਰ ਸਿੰਘ ਰਾਹੀ