ਸ਼੍ਰੋਮਣੀ ਭਗਤ ਨਾਮਦੇਵ ਜੀ : ਜੀਵਨ ਤੇ ਰਚਨਾ
ਅਵਤਾਰ ਦਿਵਸ ‘ਤੇ ਵਿਸ਼ੇਸ਼
ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਬਾਰੇ ਵਿਦਵਾਨਾਂ ਵਿੱਚ ਮਦਭੇਦ ਹਨ। ਮਰਾਠੀ, ਅੰਗਰੇਜ਼ੀ ਤੇ ਹਿੰਦੀ ਦੇ ਵਿਦਵਾਨ ਵੱਖੋ ਵੱਖਰੀਆਂ ਤਰੀਕਾਂ ਦੇਂਦੇ ਹਨ। ਬੰਸੀਧਰ ਸ਼ਾਸਤਰੀ ਨਾਮਦੇਵ ਦਾ ਜਨਮ 1363 ਈ. ਵਿੱਚ ਹੋਇਆ ਦੱਸਦੇ ਹਨ। ਪ੍ਰੋ. ਵੀ ਬੀ ਪਟਵਰਧਨ, ਡਾ. ਭੰਡਾਰਕਰ, ਡਾ. ਨਿਕਲ ਮੈਕਲੀਕੋਲ ਤੇ ਭਾਗਤ ਰਾਮ 1370 ਈ. ਵਿੱਚ ਉਨ੍ਹਾਂ ਦਾ ਜਨਮ ਹੋਇਆ ਲਿਖਦੇ ਹਨ। ਗਰਸਾ-ਡੀ ਟੈਸੀ 1278 ਤੇ ਡਾ. ਮੋਹਨ ਸਿੰਘ ਦੀਵਾਨਾ ਇਹ ਵਰ੍ਹਾ 1390 ਈ. ਲਿਖਦੇ ਹਨ। ਗਿ. ਗੁਰਦਿੱਤ ਸਿੰਘ ਆਪਣੀ ਪੁਸਤਕ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਿੱਧ ਕਰਦੇ ਹਨ, ਜਿਸ ਨੂੰ ਕਿ ਡਾ. ਅਤਰ ਸਿੰਘ, ਸ. ਨਰਿੰਦਰ ਸਿੰਘ ਸੋਚ ਆਦਿ ਨੇ ਨਕਾਰਿਆ ਹੈ। ਇਸ ਵਾਦ ਵਿਵਾਦ ਉਪਰ ਡਾ. ਅਵਤਾਰ ਸਿੰਘ ਨੇ ਆਪਣੀ ਪੁਸਤਕ ਨਿਰਗੁਣ-ਕਾਵਿ ਅਤੇ ਭਗਤ ਨਾਮਦੇਵ ਪ੍ਰਕਾਸ਼ਕ ਡਾ. ਅਮਨਦੀਪ, 235 ਅੰਤਰਜਾਮੀ ਕਲੋਨੀ ਅੰਮ੍ਰਿਤਸਰ ਵਿੱਚ ਵਿਚਾਰ ਚਰਚਾ ਕਰਦੇ ਹੋਏ ਪੰਨਾ 56 ਤੇ 57 ਉਪਰ ਲਿਿਖਆ ਹੈ ਕਿ ਭਾਈ ਗੁਰਦਾਸ ਜੀ ਦੀ 10 ਵੀਂ ਵਾਰ ਦੀ 15 ਵੀਂ ਪੌੜੀ ਵਿੱਚ ਭਗਤ ਕਬੀਰ ਜੀ ਨੂੰ ਰਾਮਾਨੰਦ ਜੀ ਤੋਂ ‘ਰਾਮ ਨਾਮ’ ਦਾ ਉਪਦੇਸ਼ ਮਿਲਣ ਦੀ ਘਟਨਾ ਦਾ ਬਿਆਨ ਕੀਤਾ ਹੈ। ਜੇ ਕਬੀਰ ਜੀ ਜਾਂ ਨਾਮਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਹੁੰਦੇ ਤਾਂ ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਜ਼ਰੂਰ ਇਸ ਵਾਰ ਵਿੱਚ ਕਰਨਾ ਸੀ,।ਗੁਰੂ ਗ੍ਰੰਥ ਸਾਹਿਬ ਦੇ ਅੰਗ 1372-73 ਵਿੱਚ ਨਾਮਦੇਵ-ਤ੍ਰਿਲੋਚਨ ਨੇ ਸੰਵਾਦ ਦੀ ਗਵਾਹੀ ਮਿਲਦੀ ਹੈ :-
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥212॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥213॥
(ਗੁਰੂ ਗ੍ਰੰਥ ਸਾਹਿਬ, ਅੰਗ 1372-73)
ਸ੍ਰੀ ਨਾਮਦੇਵ ਗਾਥਾ ਸੰਗ੍ਰਹਿ ਦੇ ਅਭੰਗ 1240 ਤੋ ਸਾਬਤ ਹੋ ਜਾਂਦਾ ਹੈ ਕਿ ਆਪ ਨੇ 1270 ਈ. ਵਿੱਚ ਅਵਤਾਰ ਧਾਰਿਆ।
ਉਪਰੋਕਤ ਅਭੰਗ ਦੇ ਆਧਾਰ ਉੱਤੇ ਆਰ.ਡੀ. ਰਾਨਾਡੇ, ਲਕਸ਼ਮਣ ਗਣੇਸ਼ਯੋਗ, ਮਾਧਵ ਗੋਪਾਲ ਦੇਸ਼ਮੁਖ, ਡਾ. ਤਾਰਨ ਸਿੰਘ, ਭਾਈ ਜੋਧ ਸਿੰਘ, ਕਿਰਪਾਲ ਸਿੰਘ ਨਾਰੰਗ, ਗਿਆਨੀ ਖ਼ਜ਼ਾਨ ਸਿੰਘ ਅਤੇ ਡਾ. ਛੰ.ਕੇ.ਆਡਕਰ ਤੋਂ ਬਿਨਾਂ ਅਣਗਿਣਤ ਹੋਰ ਵਿਦਵਾਨ ਦੀ ਆਪ ਦੀ ਜਨਮ ਮਿਤੀ 26 ਅਕਤੂਬਰ 1270 ਈ. (ਸ਼ਕ ਸੰਮਤ 1192. ਕੱਤਕ ਦੀ ਸ਼ੁਕਲ ਇਕਾਦਸ਼ੀ) ਸਵੀਕਾਰ ਚੁੱਕੇ ਹਨ।
ਜਨਮ ਸਥਾਨ :ਜਿੱਥੋਂ ਤੀਕ ਜਨਮ ਸਥਾਨ ਦਾ ਸੰਬੰਧ ਹੈ, ਇਸ ਬਾਰੇ ਵੀ ਦੋ ਮਤ ਹਨ, ਕਈ ਲੇਖਕ ਪੰਡਰਪੁਰ ਨੂੰ ਜਨਮ ਸਥਾਨ ਮੰਨਦੇ ਹਨ ਤੇ ਕਈ ਪਿੰਡ ਨਰਸੀ ਨੂੰ ਮੰਨਦੇ ਹਨ। ਹਿੰਦੀ ਵਿੱਚ ਸਭ ਤੋਂ ਪਹਿਲਾਂ ਚਰਿੱਤਰ ਲਿਖਣ ਵਾਲੇ ਅਨੰਤਦਾਸ, ਨਾਮਦੇਵ ਦਾ ਜਨਮ ਸਥਾਨ ਪੰਡਰਪੁਰ ਮੰਨਦੇ ਹਨ। ਪੰਜਾਬੀ ਦੇ ਸਾਖੀਕਾਰ ਪੂਰਨਦਾਸ, ਸੋਹਨ ਲਾਲ ਮਨੋਹਰ ਤੇ ਗਿਆਨੀ ਖਜ਼ਾਨਾ ਸਿੰਘ ਵੀ ਪੰਡਰਪੁਰ ਨੂੰ ਜਨਮ ਸਥਾਨ ਮੰਨਦੇ ਹਨ।
ਪਰ ਸ੍ਰੀ ਨਾਮਦੇਵ ਗਾਥਾ ਅਨੁਸਾਰ ਆਪਦਾ ਜਨਮ ਗੋਣਾਈ ਦੇ ਉਦਰ ਤੋਂ ਨਰਸੀ ਪਿੰਡ ਵਿੱਚ ਹੋਇਆ। ਇਨ੍ਹਾਂ ਵਿੱਚ ਪ੍ਰੋ. ਸਾਹਿਬ ਸਿੰਘ, ਮੈਕਾਲਿਫ, ਮਰਾਠੀ ਵਿਦਵਾਨ-ਕੇਸ਼ਵ ਰਾਮ ਕੋਹਾਤਪੁਰ, ਅਜਗਾਉਂਕਰ ਆਦਿ ਤੇ ਹਿੰਦੀ ਦੇ ਵਿਦਵਾਨ ਮਾਧਵ ਗੋਪਾਲ ਦੇਸ਼ਮੁਖ, ਡਾ. ਭਗੀਰਥ ਮਿਸਰ ਆਦਿ।
ਇਸ ਤਰ੍ਹਾਂ ਅਜਕਲ ਨਰਸੀ ਬਾਹਮਣੀ ਪਿੰਡ ਜੋ ਕਿ ਬੰਬਈ ਸੂਬੇ ਦੇ ਜ਼ਿਲ੍ਹਾ ਸਤਾਰਾ ਵਿੱਚ ਪੈਂਦਾ ਹੈ, ਉਸ ਨੂੰ ਹੀ ਜਨਮ ਸਥਾਨ ਸਵੀਕਾਰ ਕੀਤਾ ਜਾਂਦਾ ਹੈ।
ਮਾਤਾ ਪਿੱਤਾ :ਜਿੱਥੋਂ ਤੀਕ ਮਾਤਾ ਪਿਤਾ ਦਾ ਸੰਬੰਧ ਹੈ, ਕਈਆਂ ਨੇ ਤਾਂ ਅਣਹੋਣੀ ਗੱਲ ਲਿਖ ਮਾਰੀ ਕਿ ਉਹ ਇੱਕ ਕੁਆਰੀ ਦੇਵਦਾਸੀ ਦੇ ਉਦਰ ਤੋਂ ਪੈਦਾ ਹੋਏ ਜਦਕਿ ਗੁਰਬਾਣੀ ਅਨੁਸਾਰ :-
ਛੀਪੈ ਕੈ ਘਰਿ ਜਨਮੁ ਵੈਲਾ ਗੁਰ ਉਪਦੇਸੁ ਭੈਲਾ॥
(ਗਉੜੀ ਨਾਮਦੇਵ, ਆਦਿ ਗ੍ਰੰਥ ਅੰਗ 486)
ਭਾਵ ਕਿ ਨਾਮਦੇਵ ਮਾਤਾ ਦੇ ਉਦਰ ਤੋਂ ਪੈਦਾ ਹੋਏ। ਨਾਮਦੇਵ ਜੀ ਦੇ ਪਿਤਾ ਦਾ ਨਾਂ ਦਾਮੇਸ਼ ਮਾਤਾ ਦਾ ਨਾਂ ਗੋਣਾਈ, ਭੈਣ ਅਉਂਤਾਈ ,ਪਤਨੀ ਦਾ ਨਾਂ ਰਾਜਾਈ, ਜੇਠੇ ਪੁੱਤਰ ਦਾ ਨਾਂ ਨਾਰਾ ਤੇ ਉਸ ਦੀ ਪਤਨੀ ਭਾਵ ਨੂੰਹ ਦਾ ਨਾਂ ਲਾਡਾਈ, ਦੂਸਰੇ ਪੁੱਤਰ ਦਾ ਨਾਂ ਵਿਠਾ ਤੇ ਉਸ ਦੀ ਪਤਨੀ ਦਾ ਨਾਂ ਗੋਡਾਈ, ਤੀਜੇ ਪੁੱਤਰ ਦਾ ਨਾਂ ਗੋਦਾ ਤੇ ਉਸ ਦੀ ਪਤਨੀ ਦਾ ਨਾਂ ਯੇਸਾਈ, ਚੌਥੇ ਪੁੱਤਰ ਦਾ ਨਾਂ ਮਹਾਦਾ ਤੇ ਉਸ ਦੀ ਪਤਨੀ ਦਾ ਨਾਂ ਸਾਖਾਰਾਈ, ਧੀ ਦਾ ਨਾਂ ਲੰਿਬਾਈ। ਆਪ ਦੀ ਦਾਸੀ (ਸ਼ਿਸ਼ ) ਦਾ ਨਾਂ ਜਨਾਬਾਈ ਸੀ।
ਗੁਰੂ : ਦੇਹਧਾਰੀ ਗੁਰੂ ਦੀ ਲੋੜ ਸੰਬੰਧੀ ਗਿਆਨ ਆਪ ਨੂੰ ਗਿਆਨਸ਼ੇਵਰ ਅਤੇ ਨਵਿਰਤੀ ਨਾਥ ਆਦਿ ਭਗਤਾਂ ਪਾਸੋਂ ਹੋਇਆ। ਇਸ ਮੌਕੇ ਘੁਮਿਆਰ ਭਗਤ ਸ੍ਰੀ ਗੋਰਾ ਵੀ ਉਥੇ ਮੌਜੂਦ ਸੀ। ਉਸ ਨੇ ਆਪ ਨੂੰ ਨਿਰਗੁਣਧਾਰਾ ਵੱਲ ਪ੍ਰੇਰਿਤ ਕੀਤਾ।
ਵਿਸ਼ਬਾਖੇਚਰ ਦੀ ਸੰਗਤ ਨੇ ਨਾਮਦੇਵ ਦੇ ਭਰਮ-ਜਾਲ ਨੂੰ ਤੋੜ ਦਿੱਤਾ। ਉਹ ‘ਬੀਠੁਲ’ ਹੁਣ ਨਾਮਦੇਵ ਨੂੰ ਘਟ-ਘਟ ਵਿੱਚ ਰਮਿਆ ਵਿਖਾਈ ਦੇਣ ਲੱਗਾ : ਹੁਣ ਪੰਡਰਪੁਰ ਹੀ ਨਹੀਂ, ਸਗੋਂ ਸਾਰਾ ਸੰਸਾਰ ਆਪ ਨੂੰ ਆਪਣਾ-ਆਪਣਾ ਲੱਗਣ ਲੱਗਾ, ਉਹ ਬੀਠਲ (ਵਿਠੁਲ) ਜਿਹੜਾ ਪੰਡਰਪੁਰ ਦੇ ਮੰਦਰ ਵਿਚਲੀ ਮੂਰਤੀ ਵਿੱਚੋਂ ਹੀ ਆਪ ਨੂੰ ਦਿਸਦਾ ਸੀ, ਜ਼ਰੇ-ਜ਼ਰੇ ਵਿੱਚ ਪ੍ਰਤੀਤ ਹੋਣ ਲੱਗ ਪਿਆ :-
ਸਭਿ ਗੋਬਿੰਦੁ ਹੈ ਸਭਿ ਗੋਬਿੰਦੁ ਹੈ ਗੋਬਿੰਦੁ ਬਿਨੁ ਨਹੀਂ ਕੋਇ
ਅਤੇ
ਈਭੈ ਬੀਠਲੁ ਉਭੈ ਬੀਠਲੁ ਬੀਠਲੁ ਬਿਨੁ ਸੰਸਾਰੁ ਨਹੀਂ॥
ਹੁਣ ਆਪ ਨਿਰਗੁਣ ਬ੍ਰਹਮ ਦੇ ਉਪਾਸਕ ਹੋ ਚੁੱਕੇ ਸਨ।
ਯਾਤਰਾਵਾਂ : ਆਰੰਭ ਵਿੱਚ ਉਹਨਾਂ ਉਤਰੀ ਭਾਰਤ ਦਾ ਭ੍ਰਮਣ ਕੀਤਾ।ਵਰਣਨ ਮਿਲਦਾ ਹੈ। ਪਹਿਲੀ ਯਾਤਰਾ ਸੰਨ 1293 ਦੇ ਆਸ-ਪਾਸ ਹੋਈ। ਕਾਂਸ਼ੀ ਦੇ ਦਸ਼ਾਂਸ਼ਵਮੇਧ ਘਾਟ ਉੱਤੇ ਗਿਆਨੇਸ਼ਵਰ ਮੱਠ ਹੈ। ਉਥੇ ਇੱਕ ਸਤੰਭ ਉੱਤੇ ਸੰਮਤ 1351 ਲਿਿਖਆ ਹੈ। ਸੰਮਤ 1351 ਦੇ ਸਮਾਨੰਤਰ ਸੰਨ 1293 ਆਉਂਦਾ ਹੈ। ਗਿਆਨੇਸ਼ਵਰ ਦੇ ਨਾਲ ਜਦੋਂ ਨਾਮਦੇਵ ਕਾਂਸ਼ੀ ਯਾਤਰਾ ‘ਤੇ ਗਏ ਤਾਂ ਉਹ ੳੱੁਥੇ ਹੀ ਠਹਿਰੇ ਸਨ।
ਕ੍ਰਿਪਾਲ ਸਿੰਘ ਨਾਰੰਗ ਅਨੁਸਾਰ ,ਨਾਮਦੇਵ ਗਿਆਨੇਸ਼ਵਰ ਦੇ ਨਾਲ ਪਹਿਲੀ ਯਾਤਰਾ ਸਮੇਂ ਰਾਜਸਥਾਨ ਵੀ ਗਏ। ਇਸ ਇਲਾਕੇ ਵਿੱਚ ਆਪ ਦੀ ਯਾਤਰਾ ਦੀ ਸਮ੍ਰਿਤੀ ਵਿੱਚ ਇੱਕ ਖੂਹ ਵੀ ਹੈ। ਇਹ ਖੂਹ ਕੋਲਾਯਾਤ ਵਿਖੇ ਹੈ ਜੋ ਬੀਕਾਨੇਰ ਤੋਂ 40 ਕਿਲੋਮੀਟਰ ਦੂਰ ਹੈ। ਖੂਹ ਵਿੱਚ ਪਾਣੀ ਇਤਨਾ ਡੂੰਘਾ ਸੀ ਕਿ ਪਾਣੀ ਕੱਢ ਸਕਣਾ ਅਸੰਭਵ ਸੀ। ਗਿਆਨੇਸ਼ਵਰ ਜੋਗ ਮਤ ਦੀ ਲਘਿਮਾ ਸਿੱਧੀ ਰਾਹੀਂ ਖੂਹ ਵਿੱਚ ਉਤਰ ਕੇ ਪਾਣੀ ਪੀ ਆਏ ਪਰ ਨਾਮਦੇਵ ਰਿਧੀਆਂ-ਸਿਧੀਆਂ ਦੇ ਜਾਲ ਵਿੱਚ ਨਾ ਪੈ ਕੇ ਪ੍ਰਾਣਾਂ ਦੀ ਆਹੂਤੀ ਦੇਣ ਲਈ ਤਿਆਰ ਹੋ ਗਏ। ਸ੍ਰੀ ਨਾਮਦੇਵ ਗਾਥਾ ਦਾ ਇੱਕ ਅਭੰਗ ਵੀ ਗਵਾਹੀ ਦਿੰਦਾ ਹੈ ਕਿ ਭਗਵਾਨ ਦੀ ਕ੍ਰਿਪਾ ਰਾਹੀਂ ਪਾਣੀ ਉਸ ਸਮੇਂ ਖੂਹ ਵਿੱਚ ਉਪਰ ਚੜ੍ਹ ਆਇਆ ਅਤੇ ਨਾਮਦੇਵ ਨੇ ਪਿਆਸ ਬੁਝਾ ਲਈ।
ਭਾਈ ਜੋਧ ਸਿੰਘ ਅਨੁਸਾਰ, ਆਪਣੀ ਇਸ ਯਾਤਰਾ ਸਮੇਂ ਉਹ ਦੇਵਗਿਰੀ ਵੀ ਗਏ, ਜਿਥੇ ਆਪ ਸਧਨਾ ਕਸਾਈ ਪਾਸ ਠਹਿਰੇ। ਫਿਰ ਉਹ ਐਲੋਗ, ਘ੍ਰਿੰਸ਼ਸੇਵਰ, ਪੰਚਵਟੀ ਆਦਿ ਥਾਵਾਂ ਤੋਂ ਹੁੰਦੇ ਹੋਏ ਜੂਨਾਗੜ੍ਹ ਪਹੁੰਚੇ ਅਤੇ ਅੰਤ ਦਿੱਲੀ ਪਧਾਰੇ। ਦਿੱਲੀ ਤੋਂ ਕਾਂਸ਼ੀ, ਪ੍ਰਯਾਗ, ਅਯੁੱਧਿਆ, ਮਥੁਰਾ, ਗੋਕਲ, ਬ੍ਰਿੰਦਾਬਨ, ਜਗਨਨਾਥ ਅਤੇ ਦਵਾਰਕਾ ਵੀ ਗਏ। ਮੈਕਾਲਿਫ ਵੀ ਲਿਖਦਾ ਹੈ ਕਿ ਉਹ ਮਾਰਵਾੜ ਵਿੱਚੋਂ ਲੰਘਦੇ ਹੋਏ ਕਾਮੇਸ਼ਵਰ ਦਾ ਦਰਸ਼ਨ ਕਰਨ ਚਲੇ ਗਏ। ਫਿਰ ਔਧਿਆ ਨਾਗ ਨਾਥ ਤੋਂ ਹੁੰਦੇ ਹੋਏ ਪੰਡਰਪੁਰ ਪਰਤ ਗਏ।
ਇਸ ਤਰ੍ਹਾਂ ਭਗਤ ਨਾਮਦੇਵ ਨੇ ਗਿਆਨੇਸ਼ਵਰ ਦੀ ਸੰਗਤ ਵਿੱਚ ਭਾਰਤ ਦੇ ਪ੍ਰਮੁੱਖ ਤੀਰਥ-ਸਥਾਨਾਂ ਦੀ ਯਾਤਰਾ ਕੀਤੀ। ਜਦੋਂ ਇਹ ਸੰਤ-ਮੰਡਲੀ ਇਸ ਯਾਤਰਾ ਤੋਂ ਵਾਪਸ ਪਰਤੀ ਤਾਂ ਗਿਆਨੇਸ਼ਵਰ ਸ਼ਕ ਸੰਮਤ 1218 (1296 ਈ.) ਨੂੰ ਆਲੰਦੀ ਵਿਖੇ ਸਮਾ ਗਏ। ਇੱਕ ਪਿਆਰੇ ਸੱਜਣ ਦੀ ਮ੍ਰਿਤੂ ਨੇ ਨਾਮਦੇਵ ਦੇ ਹਿਰਦੇ ਨੂੰ ਉਚਾਟ ਕਰ ਦਿੱਤਾ ਅਤੇ ਉਹ ਆਪਣੀ ਮਾਤ-ਭੂਮੀ ਨੂੰ ਅੰਤਮ ਤੌਰ ‘ਤੇ ਅਲਵਿਦਾ ਕਹਿ ਕੇ ਸਿੱਧੇ ਪੰਜਾਬ ਆ ਨਿਕਲੇ। ਇਹ ਉਹਨਾਂ ਦੀ ਦੂਸਰੀ ਯਾਤਰਾ ਸੀ।
ਉਹ ਹਰਿਦੁਆਰ ਤੋਂ ਚੱਲ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ‘ਭੂਤ ਪਿੰਡ’ ਵਿਖੇ ਆ ਟਿਕੇ । ਇੱਥੋਂ ਦੇ ਇੱਕ ਪ੍ਰੇਮੀ ਸਿੱਖ ਬਹੁੜ ਦਾਸ ਜਾਂ ਬੋਹੜ ਦਾਸ ਨਾਲ ਉਹਨਾਂ ਦਾ ਸੰਪਰਕ ਹੋਇਆ।
ਭੂਤਵਿੰਡ ਤੋਂ ਅਗਲੇਰਾ ਪੜਾਅ ਉਹਨਾਂ ਮਰੜ੍ਹ ਪਿੰਡ (ਜ਼ਿਲ੍ਹਾ ਗੁਰਦਾਸਪੁਰ) ਵਿੱਚ ਕੀਤਾ। ਮਰੜ੍ਹ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੀ ਇੱਕ ਹੋਰ ਪਿੰਡ ਭੱਟੀਵਾਲ ਗਏ। ਇਸ ਪਿੰਡ ਵਿੱਚ ਨਾਮਦੇਵ ਨੇ ਇੱਕ ਖੂਹ ਲਗਵਾਇਆ। ਇਸ ਜ਼ਿਲ੍ਹੇ ਵਿੱਚ ਭਗਤ ਨਾਮਦੇਵ ਜੀ ਦੀ ਇੱਕ ਹੋਰ ਯਾਦਗਾਰ ਪਿੰਡ ਸੱਖੋਵਾਲ ਵਿੱਚ ਬਣੀ ਹੈ। ਸਭ ਤੋਂ ਪ੍ਰਸਿੱਧ ਅਤੇ ਕੇਂਦਰੀ ਅਹਿਮੀਅਤ ਰੱਖਣ ਵਾਲਾ ਨਾਮਦੇਵ ਜੀ ਦਾ ਯਾਦਗਾਰੀ ਸਥਾਨ ਘੁਮਾਣ (ਗੁਰਦਾਸਪੁਰ) ਵਿੱਚ ਹੈ, ਜਿਸ ਨਗਰ ਨਾਲ ਅਨੇਕਾਂ ਲੋਕ-ਸਮ੍ਰਿਤੀਆਂ ਜੁੜੀਆਂ ਹਨ।
ਜੋਤੀ ਜੋਤ ਸਮਾਉਣਾ : ਆਪ ਨੇ 1350 ਈਸਵੀ ਵਿੱਚ ਆਪਣੇ ਪੰਜ ਭੂਤਕ ਸਰੀਰ ਦਾ ਤਿਆਗ ਕੀਤਾ। ਇਸ ਤੱਥ ਦਾ ਆਧਾਰ ਸ੍ਰੀ ਨਾਮਦੇਵ ਗਾਥਾ ਵਿਚਲੇ ਅਭੰਗ ਹਨ।ਉਹਨਾਂ ਦਾ ਦੇਹੁਰਾ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਮੌਜੂਦ ਹੈ।
ਰਚਨਾ : (ੳ) ਆਪਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਹ 18 ਰਾਗਾਂ ਵਿਚ ਹੈ ਤੇ ਸ਼ਬਦਾਂ ਦੀ ਗਿਣਤੀ 61 ਹੈ।
ਆਦਿ ਗ੍ਰੰਥ ਤੋਂ ਬਾਹਰ ਹਿੰਦੀ ਬਾਣੀ :-ਆਦਿ ਗ੍ਰੰਥ ਤੋਂ ਬਾਹਰ ਨਾਮਦੇਵ ਕੀ ਹਿੰਦੀ ਪਦਾਵਲੀ ਹਿੰਦੀ ਦੇ ਪਦਿਆਂ ਦੀ ਕੁਲ ਗਿਣਤੀ 231 ਹੈ ਜੋ ਕਿ 15 ਰਾਗਾਂ ਵਿੱਚ ਹਨ। ਹਿੰਦੀ ਪਦਿਆਂ ਵਿੱਚੋਂ 25 ਪਦੇ ਤਾਂ ਅਜਿਹੇ ਹਨ ਜੋ ਆਦਿ ਗ੍ਰੰਥ ਵਿਚਲੇ ਸ਼ਬਦਾਂ ਨਾਲ ਹੂ-ਬ-ਹੂ ਮਿਲਦੇ ਹਨ।
( ੲ) ਮਰਾਠੀ ਰਚਨਾ : ਨਾਮਦੇਵ ਦੀ ਮਰਾਠੀ ਰਚਨਾ ਅਭੰਗਾਂ ਵਿੱਚ ਹੈ, ਜੋ ਕਿ ਸ੍ਰੀ ਨਾਮਦੇਵ ਗਾਥਾ ਵਿੱਚ ਸੰਗ੍ਰਹਿਤ ਹਨ। ਇਹਨਾਂ ਅਭੰਗਾਂ ਦੀ ਗਿਣਤੀ 2655 ਹੈ। ਇਹਨਾਂ ਅਭੰਗਾਂ ਵਿੱਚ ਨਾਮਦੇਵ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਰਚਿਤ 548 ਅਭੰਗ ਵੀ ਸ਼ਾਮਲ ਹਨ।
ਡਾ. ਚਰਨਜੀਤ ਸਿੰਘ ਗੁਮਟਾਲਾ,
0019375739812 ਡੇਟਨ (ਓਹਇਹੋ), ਯੂ ਐਸ ਏ, 919417533060 ਵਟਸ ਐਪ
Comments (0)