ਵਿਦਵਾਨਾਂ ਦੀਆਂ ਮਹਿਫਲਾਂ ਵਿੱਚ ਦੀਪ ਸਿੱਧੂ ਦੀ ਸ਼ਖਸੀਅਤ 'ਤੇ ਬਹਿਸਾਂ

ਵਿਦਵਾਨਾਂ ਦੀਆਂ ਮਹਿਫਲਾਂ ਵਿੱਚ ਦੀਪ ਸਿੱਧੂ ਦੀ ਸ਼ਖਸੀਅਤ 'ਤੇ ਬਹਿਸਾਂ

*4 ਲਖ ਲੋਕਾਂ ਦੇ ਆਉਣ ਦੀ ਸੰਭਾਵਨਾ

*ਦਰਜਨਾਂ ਪਤਰਕਾਰ ਫਤਿਹਗੜ੍ਹ ਸਾਹਿਬ ਵਿੱਚ

* ਐਕਟਰ ਧਰਮਿੰਦਰ ਨੂੰ ਆਉਣ ਤੋਂ ਨਾਂਹ

*ਦੀਪ ਦੇ ਵਿਰੋਧੀ ਵੀ ਹੁਣ ਪਛਚਾਤਾਪ ਕਰਨ ਲੱਗੇ

*ਵਿਦੇਸ਼ਾਂ ਵਿੱਚ ਦੀਪ ਸਿੱਧੂ ਦੇ ਥਾਂ ਥਾਂ ਚਰਚੇ

 ਦੁਨੀਆਂ ਦੇ ਕਈ ਮੁਲਕਾਂ ਵਿਚ ਦੀਪ ਸਿੱਧੂ ਦੀ ਯਾਦ ਵਿੱਚ ਪਾਠ ਰੱਖੇ ਗਏ ਹਨ, ਪੰਜਾਬ ਦੇ ਪਿੰਡਾਂ ਵਿੱਚ ਬਹੁਤ ਥਾਵਾਂ ਤੇ ਕੈਂਡਲ ਮਾਰਚ ਕੱਢੇ ਜਾ ਰਹੇ ਹਨ,ਕਈ ਥਾਈਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਨੌਜਵਾਨਾਂ ਵਿੱਚ ਗੁੱਸਾ,ਰੋਸ ਤੇ ਰੋਹ ਸਿਖਰਾਂ 'ਤੇ ਪਹੁੰਚ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਇਹ ਪੱਕਾ ਯਕੀਨ ਹੋ ਗਿਆ ਹੈ ਕਿ ਇਹ ਕੁਦਰਤੀ ਹਾਦਸਾ ਨਹੀਂ ਸਗੋਂ ਵਿਉਂਤਬੱਧ ਤੇ ਸੋਚਿਆ ਸਮਝਿਆ ਕਤਲ ਹੈ।

 ਸਿਰਫ਼ ਪੰਜਾਬ ਤੋਂ ਹੀ ਨਹੀਂ ਸਗੋਂ ਭਾਰਤ ਦੇ ਕਈ ਸ਼ਹਿਰਾਂ ਤੋਂ  ਸੰਗਤਾਂ ਫਤਹਿਗੜ੍ਹ ਸਾਹਿਬ ਵੱਲ ਕੂਚ ਕਰ ਰਹੀਆਂ ਹਨ,ਜਿੱਥੇ ਵੀਰਵਾਰ ਵਾਲੇ ਦਿਨ ਵਿੱਛੜੇ ਦੀਪ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣੀਆਂ ਹਨ।ਗੁਰਦੁਆਰਾ ਸਾਹਿਬ ਵਿਚ ਢਾਈ ਸੌ ਕਮਰੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਰਾਖਵੇਂ ਹਨ।ਕਰੀਬ ਚਾਰ ਲੱਖ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ।

ਜਦੋਂ ਦੀਪ ਸਿੱਧੂ ਸਰੀਰਕ ਰੂਪ ਵਿੱਚ ਮੌਜੂਦ ਸੀ ਤਾਂ ਕੁਝ ਲੋਕ ਅਜਿਹੇ ਵੀ ਸਨ ਜੋ ਸਾੜੇ, ਈਰਖਾ ਅਤੇ ਨਫ਼ਰਤ ਵਸ ਦੀਪ ਸਿੱਧੂ ਦੇ ਵਿਰੁੱਧ ਬੋਲਿਆ ਕਰਦੇ ਸਨ। ਪਰ ਹੁਣ ਉਨ੍ਹਾਂ ਵਿੱਚੋਂ ਕਈ ਖ਼ਾਮੋਸ਼ ਰਹਿ ਕੇ ਅਤੇ ਕਈ ਦੱਬੀ ਭਾਸ਼ਾ ਵਿੱਚ ਪਸ਼ਚਾਤਾਪ ਕਰ ਰਹੇ ਹਨ ਕਿ ਉਨ੍ਹਾਂ ਨੇ ਦੀਪ ਸਿੱਧੂ ਦੀ ਕਾਬਲੀਅਤ ਤੇ ਉਸ ਦੀ ਬਹੁਪੱਖੀ ਸ਼ਖ਼ਸੀਅਤ ਵਿਚ ਲੁਕੀ ਮਹਾਨਤਾ ਤੇ ਆਦਰਸ਼ਾਂ ਨੂੰ ਕਿਉਂ ਨਹੀਂ ਪਛਾਣਿਆ।ਦੁਬਈ ਤੋਂ ਅੰਮ੍ਰਿਤਪਾਲ ਸਿੰਘ ਜੋ ਦੀਪ ਸਿੱਧੂ ਦੇ ਸਭ ਤੋਂ ਪਿਆਰੇ ਦੋਸਤਾਂ ਵਿਚ ਗਿਣੇ ਜਾਂਦੇ ਹਨ,ਉਨ੍ਹਾਂ ਨੇ ਵਿਸ਼ੇਸ਼ ਅਪੀਲ ਕੀਤੀ ਹੈ ਕਿ ਸੰਗਤਾਂ ਪੁਰਅਮਨ ਰਹਿ ਕੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਅਤੇ ਕੋਈ ਵੀ ਅਜਿਹੀ ਗੱਲ ਨਾ ਕਰਨ ਜਿਸ ਨਾਲ ਸੋਗ ਦੇ ਇਸ ਮਾਹੌਲ ਵਿੱਚ ਕੋਈ ਵਿਘਨ ਪਵੇ ਜਾਂ ਕੋਈ ਗਲਤ ਸੰਦੇਸ਼ ਜਾਵੇ। ਪ੍ਰਬੰਧਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸਾਰੀ ਸਥਿਤੀ ਤੇ ਕਰੜੀ ਨਜ਼ਰ ਰੱਖਣ।

  ਪ੍ਰਿੰਟ ਮੀਡੀਆ ਅਤੇ ਟੀ ਵੀ ਚੈਨਲਾਂ ਦੇ ਦਰਜਨਾਂ ਪੱਤਰਕਾਰ ਫਤਿਹਗੜ੍ਹ ਸਾਹਿਬ ਪਹੁੰਚ ਰਹੇ ਹਨ ਤਾਂ ਜੋ ਉਹ ਇਸ ਵਿਸ਼ੇਸ਼ ਸਮਾਗਮ ਦੀ ਹਰ ਖਬਰ ਦੁਨੀਆਂ ਤਕ ਪਹੁੰਚਾਉਣ ਜਿੱਥੇ ਲੋਕ ਬੜੀ ਬੇਸਬਰੀ ਤੇ ਉਤਸ਼ਾਹ ਨਾਲ ਇਸ ਅਲੌਕਿਕ ਨਜ਼ਾਰੇ ਨੂੰ ਵੇਖਣ ਲਈ ਉਤਾਵਲੇ ਹਨ।ਦਰਦਨਾਕ ਹਾਦਸੇ ਦੀ ਘਟਨਾ ਪਿੱਛੋਂ  ਜਿਵੇਂ ਸਿੱਖ ਕੌਮ ਦੇ ਹਰੇਕ ਘਰ ਵਿਚ ਘੋਰ ਉਦਾਸੀ ਦਾ ਮਾਹੌਲ ਪੈਦਾ ਹੋ ਗਿਆ ਹੈ, ਉਸ ਤੋਂ ਹਰ ਵਿਅਕਤੀ ਇਹ ਜਾਣਨ ਲਈ ਉਤਾਵਲਾ ਹੋ ਗਿਆ ਕਿ ਆਖਿਰਕਾਰ ਦੀਪ ਸਿੱਧੂ ਵਿਚ ਉਹ ਕਿਹੜੀਆਂ ਵੱਡੀਆਂ ਗੱਲਾਂ ਸਨ,ਜਿਸ ਨਾਲ ਨੌਜਵਾਨਾਂ ਵਿੱਚ ਉਹ ਇਸ ਹੱਦ ਤਕ ਹਰਮਨਪਿਆਰਾ ਹੋ ਗਿਆ ਸੀ ਕਿ ਇਹੋ ਜਿਹੀ ਮਿਸਾਲ ਉਨ੍ਹਾਂ ਨੇ ਪਹਿਲਾਂ ਬਹੁਤ ਘੱਟ ਵੇਖੀ ਹੈ। ਵਿਦੇਸ਼ੀ ਅਖ਼ਬਾਰਾਂ ਦੇ ਪੱਤਰਕਾਰ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ।  "ਇੰਡੀਅਨ ਐਕਸਪ੍ਰੈੱਸ" ਦੀ ਖ਼ਬਰ ਅਨੁਸਾਰ ਦੀਪ ਸਿੱਧੂ ਦੇ ਹੱਕ ਵਿੱਚ ਹਮਦਰਦੀ ਦੀ ਲਹਿਰ ਨੇ ਅਸੈਂਬਲੀ ਚੋਣਾਂ ਵਿੱਚ ਖੜ੍ਹੇ ਕਈ ਉਮੀਦਵਾਰਾਂ ਦੀ ਕਿਸਮਤ ਉਲਟ ਪੁਲਟ ਕਰ ਦਿੱਤੀ ਹੈ।ਇਕ ਰਿਪੋਰਟ ਅਨੁਸਾਰ ਆਮ ਆਦਮੀ ਪਾਰਟੀ  ਦੇ ਉਮੀਦਵਾਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਹੈ ਅਤੇ ਮਾਨ ਦਲ ਦੇ ਕਈ ਉਮੀਦਵਾਰਾਂ ਨੂੰ ਵਡੀ ਗਿਣਤੀ ਵਿੱਚ ਵੋਟਾਂ ਮਿਲਣ ਦੀ ਸੰਭਾਵਨਾ ਹੈ।

ਸੀਨੀਅਰ ਪੱਤਰਕਾਰਾਂ,ਵਿਦਵਾਨਾਂ ਅਤੇ ਰਾਜਨੀਤਕ ਮਾਹਰਾਂ ਦੀਆਂ ਮਹਿਫ਼ਲਾਂ ਵਿਚ ਦੀਪ ਸਿੱਧੂ ਗੰਭੀਰ ਬਹਿਸ ਦਾ ਕੇਂਦਰ ਬਣ ਗਿਆ ਹੈ ਅਤੇ ਇਹ ਜਾਨਣ  ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਦੀ ਮੌਤ ਪਿੱਛੋਂ ਪੰਜਾਬ ਦੇ ਰਾਜਨੀਤਕ ਮਾਹੌਲ ਵਿੱਚ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਜਵਾਨੀ ਵਿੱਚ ਕਿਸ ਤਰ੍ਹਾਂ ਦੀ ਚੇਤਨਾ ਦਾ ਆਗਾਜ਼ ਹੋ ਸਕਦੈ।ਸਿੱਖ ਸਿਆਸਤਦਾਨਾਂ ਨੂੰ ਵੀ ਇਸ ਗੱਲ ਦੀ ਚਿੰਤਾ ਹੈ ਕਿ ਉਹ ਦੀਪ ਸਿੱਧੂ ਦੀ ਮੌਤ ਮਗਰੋਂ ਇਕ ਝਟਕੇ ਨਾਲ ਜਿਵੇਂ ਗ਼ੈਰਪ੍ਰਸੰਗਕ (irrelevant)  ਹੋ ਕੇ ਰਹਿ ਗਏ ਹਨ ਅਤੇ ਨੌਜਵਾਨ ਉਨ੍ਹਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖ ਰਹੇ ਹਨ।

 ਦੀਪ ਸਿੱਧੂ ਵੱਲੋਂ ਖੜ੍ਹੀ ਕੀਤੀ ਗਈ ਜਥੇਬੰਦੀ "ਵਾਰਸ ਪੰਜਾਬ ਦੇ" ਨੌਜਵਾਨ ਵੀ ਦੀਪ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਵਿਚਾਰ ਵਟਾਂਦਰੇ ਵਿੱਚ ਰੁੱਝੇ ਹੋਏ ਹਨ।ਉਹ ਚਾਹੁੰਦੇ ਹਨ ਕਿ ਦੀਪ ਸਿੱਧੂ ਦੀ ਸੋਚ ਉੱਤੇ ਪਹਿਰਾ ਦੇਣ ਲਈ "ਵਾਰਸ ਪੰਜਾਬ ਦੇ" ਜਥੇਬੰਦੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਅਤੇ ਉਸ ਦੀ ਯਾਦ ਵਿੱਚ ਕਿਹੋ ਜਿਹੀ ਯਾਦਗਾਰ ਕਾਇਮ ਕੀਤੀ ਜਾਵੇ ਜੋ ਕਿਸਾਨੀ ਮਸਲਿਆਂ ਬਾਰੇ ਵਿਚਾਰ ਕਰਨ ਅਤੇ ਸੇਧ ਦੇਣ ਦਾ ਇਕ ਵੱਡਾ ਸੈਂਟਰ ਬਣੇ ਅਤੇ ਨਾਲ ਹੀ ਪੰਜਾਬ ਦੇ ਕਲਚਰ ਅਤੇ ਇਸ ਦੀ ਖੁੱਸ ਰਹੀ ਹੋਂਦ ਨੂੰ ਬਚਾਉਣ ਲਈ ਕਿਹੜੇ ਕਦਮ ਚੁੱਕੇ ਜਾਣ;ਕਿਉਂਕਿ ਦੀਪ ਸਿੱਧੂ ਦੀ ਜ਼ਿੰਦਗੀ ਦੇ ਸਫਰ ਵਿਚ "ਹੋਂਦ"ਦਾ ਸਵਾਲ ਬਹੁਤ ਮਹੱਤਵਪੂਰਨ ਸੀ।

 ਖਬਰਾਂ ਮੁਤਾਬਕ ਰਾਂਚੀ ਤੇ ਜਬਲਪੁਰ ਤੋਂ ਵੀ ਸੰਗਤਾਂ ਫ਼ਤਹਿਗੜ੍ਹ ਸਾਹਿਬ ਪਹੁੰਚ ਰਹੀਆਂ ਹਨ।ਜਦੋਂ ਇਹ ਪੁੱਛਿਆ ਗਿਆ ਕਿ ਏਨੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਪਿੱਛੇ ਅਸਲ ਰਾਜ਼ ਕੀ ਹੈ ਤਾਂ ਦੀਪ ਦੇ ਨਜ਼ਦੀਕੀ ਦੋਸਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੁਤਾਬਕ ਸਿੱਖਾਂ ਦੇ ਅਵਚੇਤਨ ਮਨ ਵਿਚ ਉਹ ਕਣੀ ਅਜੇ ਵੀ ਜਾਗਦੀ ਹੈ ਜਿਸ ਵਿਚ ਉਨ੍ਹਾਂ ਨੇ ਇਤਿਹਾਸ ਦੇ ਇਕ ਸ਼ਾਨਾਂ ਮੱਤੇ ਦੌਰ ਵਿਚ ਰਾਜ ਭਾਗ ਦਾ ਆਨੰਦ ਮਾਣਿਆ ਸੀ।ਸਿੱਖ ਮਹਿਸੂਸ ਕਰਦੇ ਹਨ ਕਿ ਦੀਪ ਸਿੱਧੂ ਉਸ ਚਿੰਗਾਰੀ ਦਾ ਨੁਮਾਇੰਦਾ ਸੀ ਜੋ ਸਿੱਖਾਂ ਦੇ ਧੁਰ ਅੰਦਰ ਕਿਤੇ ਨਾ ਕਿਤੇ ਹਰ ਸਮੇਂ ਧੁਖ਼ਦੀ ਰਹਿੰਦੀ ਹੈ।ਪਤਾ ਲੱਗਾ ਹੈ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਹਾਜ਼ਰੀ ਭਰਨਗੇ ਜਦਕਿ ਚਾਰ  ਸਿੰਘ ਸਾਹਿਬਾਨ ਨੇ ਵੀ ਸੰਗਤਾਂ ਨੂੰ ਸੰਬੋਧਨ ਕਰਨ ਲਈ ਸਮੇਂ ਦੀ ਮੰਗ ਕੀਤੀ ਹੈ।ਪਤਾ ਲੱਗਿਆ ਕਿ ਪ੍ਰਸਿੱਧ ਐਕਟਰ ਧਰਮਿੰਦਰ ਨੇ ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਖਿਆ ਸੀ ਪਰ ਉਸ ਨੂੰ ਨਾਂਹ ਕਰ ਦਿੱਤੀ ਗਈ ਤਾਂ ਜੋ ਸੰਗਤਾਂ ਵਿਚ ਕਿਸੇ ਕਿਸਮ ਦਾ ਕੋਈ ਵਿਵਾਦ ਨਾ ਪੈਦਾ ਹੋਵੇ। ਖਬਰਾਂ ਮੁਤਾਬਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੀ ਆਉਣ ਦੀ ਸੰਭਾਵਨਾ ਹੈ।

ਕਰਮਜੀਤ ਸਿੰਘ ਚੰਡੀਗੜ੍ਹ

99150-91063