ਭ੍ਰਿਸ਼ਟਚਾਰ ਦੀ ਘੁੱਸਪੈਠ ਬਣਿਆ ਲੋਕਤੰਤਰ ਦੇਸ਼

ਭ੍ਰਿਸ਼ਟਚਾਰ ਦੀ ਘੁੱਸਪੈਠ ਬਣਿਆ ਲੋਕਤੰਤਰ ਦੇਸ਼

ਵੀਡੀਓਗ੍ਰਾਫੀ ਹੁੰਦੀ ਹੈ ਆਲੇ ਦੁਆਲੇ ਲੋਕ ਤਮਾਸ਼ਾ ਦੇਖ ਰਹੇ ਹਨ

ਉਹ ਕੁੜੀ ਸੀ। ਸਿੱਖ ਕੁੜੀ ਸੀ। ਉਹਦੇ ਨਾਲ ਪੁਲਿਸ ਰਿਪੋਰਟ ਮੁਤਾਬਕ ਸਮੂਹਿਕ ਬਲਾਤਕਾਰ ਹੋਇਆ ਹੈ।ਜ਼ੁਰਮ ਹੋਇਆ। ਕਿਸੇ ਨ੍ਹੇਰੇ ਵਿੱਚ ਨਹੀਂ ਸਗੋਂ ਇਸ ਵਹਿਸ਼ੀ ਕਾਰੇ ਦੀ ਵੀਡੀਓਗ੍ਰਾਫੀ ਵੀ ਹੋਈ। ਉਹ ਗੰਦੀਆਂ ਗੰਦੀਆਂ ਗਾਲ਼੍ਹਾਂ ਕੱਢ ਰਹੇ ਸਨ। ਉਹਦੇ ਵਾਲ਼ ਕੈਂਚੀ ਲੈ ਵੱਡ ਦਿੱਤੇ। ਪਰਿਵਾਰ ਦੇ 11 ਜੀਅ ਹੈਵਾਨ ਬਣੇ ਬੈਠੇ ਹਨ,ਵੀਡੀਓਗ੍ਰਾਫੀ ਹੁੰਦੀ ਹੈ ਆਲੇ ਦੁਆਲੇ ਲੋਕ ਤਮਾਸ਼ਾ ਦੇਖ ਰਹੇ ਹਨ।

11 ਜੀਆਂ ਵਿੱਚੋਂ 8 ਜਨਾਨੀਆਂ ਹਨ,ਇੱਕ ਬੰਦਾ ਹੈ ਅਤੇ 2 ਘੱਟ ਉਮਰ ਦੇ ਜੀਅ ਹਨ ਪਰ ਹੈਵਾਨ ਉਹ ਵੀ ਪੂਰੇ ਹਨ। ਇਹਨਾਂ 11 ਵਿੱਚੋਂ 9 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।ਕੁੜੀ ਨੂੰ ਕਮਰੇ 'ਚ ਬੰਦ ਕਰ ਜਲੀਲ ਕੀਤਾ ਗਿਆ। ਸਮੂਹਿਕ ਬਲਾਤਕਾਰ ਕੀਤਾ ਗਿਆ। ਉਹਦੇ ਵਾਲ਼ ਕੱਟੇ ਬਾਹਰੋਂ ਜਿੰਦਰਾ ਲਾ ਬੰਦ ਕਰ ਦਿੱਤਾ। ਫਿਰ ਕੁੜੀ ਨੂੰ ਬਾਹਰ ਕੱਢ ਜੁੱਤੀਆਂ ਨਾਲ ਕੁੱਟਿਆ ਅਤੇ ਉਹਦਾ ਮੂੰਹ ਕਾਲ਼ਾ ਕਰ ਸੜਕ 'ਤੇ ਇਸ ਵਹਿਸ਼ਤ ਨੂੰ ਅੰਜਾਮ ਦਿੱਤਾ ਗਿਆ। ਹੁਣ ਪੰਜਾਬ ਅਸ਼ਾਂਤ ਹੈ ਅਤੇ ਦਿੱਲੀ ਸ਼ਾਂਤੀ ਹੈ।ਦਿੱਲੀ ਸਰਕਾਰ ਨੂੰ ਪੁੱਛੋਗੇ ਤਾਂ ਪੰਜਾਬ ਦੀ GDP ਪੁੱਛੀ ਜਾਵੇਗੀ। ਕੇਜਰੀਵਾਲ ਸਾਹਬ ਆਪਣੀ ਦਿੱਲੀ ਨੂੰ ਨਹੀਂ ਵੇਖਦੇ। ਗੱਲਾਂ ਦੀ ਬਾਇਨਰੀ ਬਣਾ ਦਿੱਤੀ ਗਈ ਹੈ ਪਰ ਸੱਚ ਇਹ ਹੈ ਕਿ ਜੜ ਹੋਏ ਦਿਮਾਗ ਇਸ ਮਾਹੌਲ ਦੇ ਸਹਿਮ ਅਤੇ ਵਹਿਸ਼ਤ ਨੂੰ ਨਹੀਂ ਸਮਝਦੇ।

ਇਸ ਸਿਆਸਤ ਦੀ ਧਮਾਲ ਚੌਂਕੜੀ 'ਚ ਅਕਾਲੀ ਦਲ ਦੇ ਰਾਜ ਵਿੱਚ,ਕਾਂਗਰਸ ਦੇ ਰਾਜ ਵਿੱਚ ਅਤੇ ਆਮ ਆਦਮੀ ਪਾਰਟੀ ਅਤੇ ਹਰ ਸਿਆਸੀ ਪਾਰਟੀ ਦੀ ਸਰਕਾਰ 'ਚ ਇਹੋ ਕਹਾਣੀ ਮਿਲੇਗੀ। ਇਸੇ ਕਰਕੇ ਕਹਿੰਦਾ ਹਾਂ ਕਿ ਇਹ ਸਿਸਟਮ ਹੈ ਅਤੇ ਹਰ ਪਾਰਟੀ ਦਾਗਦਾਰ ਹੈ। ਕਈਆਂ ਨੂੰ ਵਾਪਰੀ ਘਟਨਾ ਅਤੀਤ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਵਰਗੀ ਨਹੀਂ ਲੱਗਦੀ ਸੋ ਕਿਸੇ ਘਟਨਾ ਨੂੰ ਬਹਾਨਾ ਬਣਾਕੇ ਸਿੱਖਾਂ ਖਿਲਾਫ ਤੋੜਾ ਝਾੜਣ ਵਾਲੇ ਵੀ ਚੁੱਪ ਹਨ ਅਤੇ ਨਾਰੀਵਾਦੀਆਂ ਦੀ ਅਵਾਜ਼ ਵੀ ਮੈਨੂੰ ਸੁਣ ਨਹੀਂ ਰਹੀ। ਜਬਰ ਜਿਨਾਹ ਜਾਂ ਕਿਸੇ ਵੀ ਗੁਨਾਹ ਦਾ ਅਰਥ ਵੀ ਮਾਹੌਲ ਮੁਤਾਬਕ ਬਦਲਿਆ ਜਾਂਦਾ ਹੈ ਇਸ ਕਰਕੇ ਇਹ ਵਹਿਸ਼ਤ ਹੈ। ਇਹ ਇਕਹਿਰਾਪੁਣਾ ਇਸ ਦੌਰ ਦੀ ਬਰਬਾਦੀ ਦਾ ਵੱਡਾ ਲੱਛਣ ਹੈ। ਕਹਿੰਦੇ ਨੇ ਕੁੜੀ 16 ਸਾਲ ਦੀ ਜਦੋਂ ਮੁੰਡਾ 13 ਸਾਲ ਦਾ ਸੀ।ਹੁਣ ਕੁੜੀ 20 ਸਾਲ ਦੀ ਹੈ ਅਤੇ ਮੁੰਡਾ 16 ਸਾਲ ਦਾ ਸੀ ਜਿਹੜਾ ਖੁਦਕੁਸ਼ੀ ਕਰ ਗਿਆ।ਮਨ ਦੀਆਂ ਅਵਸਥਾਵਾਂ ਬੜੀਆਂ ਕਮਜ਼ੋਰ ਹੋ ਗਈਆਂ ਹਨ।ਮੁੰਡਾ ਆਪਣੀ ਹੋਣੀ ਮਰ ਗਿਆ।ਪਰ ਬਦਲਾਪੁਰ ਬਦਲਾ ਲੈਣਾ ਚਾਹੁੰਦਾ ਹੈ।ਇਹ ਕਿਹੋ ਜਿਹਾ ਇਨਸਾਫ ਹੈ ਅਤੇ ਕਿਹੋ ਜਿਹਾ ਵਰਤਾਰਾ ਹੈ।ਸ਼ਹਾਦਰਾ ਦੀ ਇਹ ਘਟਨਾ 'ਚ ਘਟਨਾ ਨੂੰ ਅੰਜਾਮ ਦੇਣ ਵਾਲਾ ਪਰਿਵਾਰ ਕਿੱਡਾ ਵਹਿਸ਼ੀ ਹੋ ਗਿਆ ਅਤੇ ਇਹਨੂੰ ਵੇਖਣ ਵਾਲੇ ਕਿੱਡੇ ਪੱਥਰ ਹੋ ਗਏ।

ਦਿੱਲੀ ਵਿੱਚ ਇਹ ਨਫਰਤ ਸਮੇਂ ਸਮੇਂ ਨਿਕਲ ਆਉਂਦੀ ਹੈ।ਕਦੀ 3 ਦਿਨਾਂ '3000 ਸਿੱਖ ਕਤਲ ਕਰ ਦਿੱਤੇ ਪਰ ਇਨਸਾਫ ! 38 ਸਾਲ ਬਾਅਦ ਵੀ ਆਗੂ ਬਹਾਰ ਹਨ। ਬੰਦੇ ਇਨਸਾਫ ਦੀ ਉਡੀਕ ਕਰ ਰਹੇ ਹਨ।ਭਾਰਤ ਦੇ ਮਹਾਂਨਾਇਕ 'ਤੇ ਇਲਜ਼ਾਮ ਲੱਗਦਾ ਹੈ ਕਿ ਉਹਨਾਂ ਟੀਵੀ 'ਤੇ ਲਾਈਵ ਲੋਕਾਂ ਨੂੰ ਭੜਕਾਇਆ ਪਰ ਕਦੀ ਕਿਸੇ ਸਿਸਟਮ ਨੇ ਲੋਕਾਂ ਨੂੰ ਸੁਣਿਆ ਨਹੀਂ ਅਤੇ ਇਨਸਾਫ ਨੇ ਕੰਨਾਂ 'ਚ ਰੂੰ ਦਿੱਤਾ ਹੋਇਆ ਹੈ।ਭਾਰਤ ਦੀ ਮਾਂ ਕਹਿਣ ਦਾ ਵਿਸ਼ੇਸ਼ਣ ਹੰਢਾਉਂਦੀ ਬੀਬੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਫੌਜੀ ਹਮਲਾ ਕੀਤਾ।ਇਹਨੇ ਹੌਂਸਲਾ ਦਿੱਤਾ ਕਿ ਜੇ ਇੰਝ ਕੋਈ ਇਮਾਰਤ ਢਾਈ ਜਾ ਸਕਦੀ ਹੈ ਤਾਂ 1992 ਨੂੰ ਬਾਬਰੀ ਮਸੀਤ ਕਿਉਂ ਨਹੀਂ ਢਾਅ ਸਕਦੇ।ਇੱਕ ਘਟਨਾ ਵਿਚ ਇਨਸਾਫ ਦੀ ਲੰਮੀ ਉਡੀਕ ਨੇ ਅਗਲੀ ਖੂਨੀ ਘਟਨਾ ਦੇ ਵਾਪਰਨ ਦਾ ਰਾਹ ਪੱਧਰਾ ਕੀਤਾ।ਅਸੀਂ ਇਹਨਾਂ ਸਮਿਆਂ 'ਚ ਸਭ ਵੇਖ ਰਹੇ ਹਾਂ।ਪੱਤਰਕਾਰੀ ਨੂੰ ਇਸ ਵੇਲੇ ਆਗੂਆਂ ਦੀਆਂ ਇੰਟਰਵਿਊ ਬੰਦ ਕਰ ਦੇਣੀਆਂ ਚਾਹੀਦੀਆਂ ਹਨ।ਉਹਨਾਂ ਦੀਆਂ ਘਰਵਾਲੀਆਂ ਦੀਆਂ ਇੰਟਰਵਿਊ ਤਾਂ ਬਿਲਕੁਲ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਘਟਨਾਵਾਂ ਨੂੰ, ਲੋਕ ਮਸਲਿਆਂ ਨੂੰ ਰਿਪੋਰਟ ਕਰੀਏ। ਕਿਉਂ ਕਿ ਸਿਸਟਮ ਅਜਿਹਾ ਹੈ ਕਿ ਕਿਸੇ ਆਗੂ ਦੀ ਇੰਟਰਵਿਊ ਕਰਨ ਤੋਂ ਪਹਿਲਾਂ ਸਵਾਲ ਮੰਗਵਾਏ ਜਾਂਦੇ ਹਨ।ਜੇ ਇਹੋ ਕਰਨਾ ਹੈ ਤਾਂ ਸਵਾਲਾਂ ਨੂੰ ਫੋਟੋ ਸਟੇਟ ਕਰਕੇ ਰੱਖ ਲਵੋ ਅਤੇ ਮੁਲਾਕਾਤ ਕਰਨ ਵਾਲੇ ਨੂੰ ਦੇ ਦਿਓ।ਇਹ ਪੱਤਰਕਾਰੀ ਨਹੀਂ ਹੋਵੇਗੀ।ਸਿਆਸੀ ਪਾਰਟੀਆਂ ਨੇ ਚੈਨਲਾਂ 'ਚ ਭ੍ਰਿਸ਼ਟਚਾਰ ਦੀ ਘੁੱਸਪੈਠ ਕਰਵਾਈ ਹੈ।ਮਸਲਾ ਹੈ ਦੁਨੀਆਂ 'ਤੇ ਆਪਣੇ ਆਪ ਦੀ ਰੋਜ਼ੀ ਰੋਟੀ ਚਲਾਉਣ ਦਾ।ਮਜਬੂਰੀ ਬਹੁਤ ਕੁਝ ਕਰਵਾ ਰਹੀ ਹੈ। ਬੰਦੇ ਇੱਕ ਤਰਤੀਬ ਨੂੰ ਬਰਬਾਦ ਕਰ ਰਹੇ ਹਨ।ਇਸ ਸੰਤੁਲਨ ਨੂੰ ਬਚਾਉਣਾ ਜ਼ਰੂਰੀ ਹੈ।ਰਾਜਸਥਾਨ ਕਤਲ ਕਰਨ ਵੇਲੇ ਲਾਈਵ ਪ੍ਰਸਾਰਨ ਨੇ ਵਹਿਸ਼ਤ ਦੀ ਅਗਲੀ ਘਟਨਾ ਦਾ ਸਿੱਧਾ ਪ੍ਰਸਾਰਨ ਕੀਤਾ ਹੈ।ਬੰਦੇ ਆਪਣੇ ਨਿੱਜੀ ਪਲਾਂ ਨੂੰ ਪ੍ਰੋਗਰਾਮਾਂ ਵਿੱਚ ਬਦਲ ਰਹੇ ਹਨ।ਅਜੀਬ ਤਰ੍ਹਾਂ ਦਾ ਪਰੇਸ਼ਾਨ ਯੁੱਗ ਹੈ ਜੋ ਮਨੋਰੋਗੀ ਹੈ।ਮਨੋਰੋਗ ਹੈ ਤਾਕਤ ਦੇ ਜਸ਼ਨ ਦਾ,ਭੀੜ ਦੇ ਫੈਸਲੇ ਕਰਨ ਦੀ ਆਦਤ ਦਾ,ਖ਼ਬਰ ਦੇ ਨਾਮ 'ਤੇ ਸ਼ੁਗਲ ਮੇਲੇ ਦਾ,ਖੀਂ ਖੀਂ ਕਰਦੇ ਟਿਕਟੋਕ ਅਤੇ ਵਿਸ਼ੇਸ਼ ਦਰਜਾ ਯਾਫਤਾ ਰੀਲਾਂ ਅਤੇ ਚੋਣਾਂ ਬਹਾਨੇ ਕਰੋੜਾਂ 'ਚ ਖੇਡਦੇ ਨਵੀਂ ਕਿਸਮ ਦੇ ਰਾਜ ਤੰਤਰ ਦਾ ਜੀਹਨੂੰ ਲੋਕਤੰਤਰ ਗਲਤੀ ਨਾਲ ਕਹਿ ਦਿੱਤਾ ਗਿਆ ਹੈ। ਕਹਿੰਦੇ ਦੇਵਦਾਸੀ ਪ੍ਰਥਾ ਦਾ ਅੰਤ ਹੋ ਗਿਆ ਹੈ।ਅੰਤ ਨਹੀਂ ਢੰਗ ਬਦਲ ਗਿਆ ਹੈ।ਕੱਲ੍ਹ ਵੀ ਇੱਜ਼ਤਾਂ ਦਾਅ 'ਤੇ ਸਨ ਅੱਜ ਵੀ ਮੰਦਰਾਂ ਤੋਂ ਨਿਕਲਕੇ ਇਹ ਦੇਵਦਾਸੀਆਂ ਹੋਰ ਤਰ੍ਹਾਂ ਜੂਝ ਰਹੀਆਂ ਹਨ। ਅਜਿਹੀਆਂ ਘਟਨਾਵਾਂ ਪਰੇਸ਼ਾਨ ਕਰਦੀਆਂ ਹਨ।ਗੁੱਸਾ ਆਉਂਦਾ ਹੈ।

ਚੈਨਲਾਂ ਦੀਆਂ ਕੈਪਸ਼ਨਾਂ ਇੱਕ ਹੀ ਘਟਨਾ ਨੂੰ ਵੇਖਣ ਦੀਆਂ ਨਜ਼ਰਾਂ ਬਦਲ ਗਈਆਂ ਹਨ। ਹਾਥਰਸ ਦੀ ਘਟਨਾ ਨੂੰ ਕੁੜੀ ਦਲਿਤ ਹੈ। ਸਿੰਘੂ ਬਾਰਡਰ 'ਤੇ ਮਰਨ ਵਾਲਾ ਦਲਿਤ ਕਹਿਕੇ ਸੰਬੋਧਿਤ ਕੀਤਾ ਗਿਆ ਉਦੋਂ ਤੱਕ ਜਦੋਂ ਕਿਸੇ ਨੇ ਇਹ ਬਿਰਤਾਂਤ ਨਾ ਤੋੜਿਆ ਕਿ ਮਾਰਨ ਵਾਲਾ ਵੀ ਉਸੇ ਭਾਈਚਾਰੇ ਵਿਚੋਂ ਹੈ। ਮੈਨੂੰ ਕੋਈ ਪਰੇਸ਼ਾਨੀ ਨਹੀਂ ਕਿਉਂ ਕਿ ਇਹ ਸੱਚੀ ਮੁੱਦਾ ਹੈ ਕਿ ਸਾਨੂੰ ਖਾਸ ਭਾਈਚਾਰੇ ਨਾਲ ਹੁੰਦੀ ਵਧੀਕੀ ਬਾਰੇ ਰਿਪੋਰਟ ਕਰਨੀ ਚਾਹੀਦੀ ਹੈ। ਪਰ ਚੈਨਲਾਂ ਨੂੰ ਇਸ ਵਾਰ ਕੁੜੀ 20 ਸਾਲਾਂ ਕੁੜੀ ਵਿਖ ਰਹੀ ਹੈ ਜਦੋਂ ਕਿ ਕੁੜੀ ਸਿੱਖ ਵੀ ਹੈ। ਇਹ ਨਾਲ ਪਛਾਣ ਨਾਲ ਧੱਕੇ ਦਾ ਵੀ ਮਸਲਾ ਹੈ। ਇਹ ਕੁੜੀਆਂ 'ਤੇ ਹੁੰਦੀ ਮਾਨਸਿਕ ਸ਼ਰੀਰਕ ਤਸ਼ੱਦਦ ਦਾ ਮਸਲਾ ਵੀ ਹੈ ਪਰ ਇਸ ਮਸਲੇ ਨੂੰ ਸਿੱਖ ਕੁੜੀ ਦੇ ਰੂਪ ਵਿਚ ਵੇਖਣ ਦੀ ਵੀ ਲੋੜ ਹੈ।ਇਸ ਬਾਰੇ ਨਾਰੀਵਾਦੀ ਬੋਲਣ ,ਹਰ ਵਿਚਾਰਧਾਰਾ ਵਾਲੇ ਬੋਲਣ, ਬਿਨਾਂ ਕੋਈ ਪੂਣੀ ਚੋਂ ਪੁਣਿਆਂ ਇਹ ਵਹਿਸ਼ੀ ਕਾਰਾ ਹੈਜਿੰਨਾ ਇਹ ਕੀਤਾ ਉਹ ਵਹਿਸ਼ੀ ਅਤੇ ਜ਼ਾਲਮ ਹਨ.ਉਹਨਾਂ ਨੂੰ ਆਪਣੀ ਕਰਤੂਤ 'ਤੇ ਸ਼ਰਮਸਾਰ ਹੋਣਾ ਚਾਹੀਦਾ ਹੈ 

ਦਿੱਲੀ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਇਸ ਵਰਤਾਰੇ ਬਾਰੇ ਗੱਲ ਕਰਦਿਆਂ ਇਸਦੀ ਹੋਸ਼ ਰੱਖਣ ਦੀ ਲੋੜ ਹੈ ਕਿ ਪੀੜਤ ਨੂੰ ਹੀ ਕਟਹਿਰੇ ਵਿੱਚ ਨਾ ਖੜ੍ਹਾ ਕਰਨ ਲੱਗ ਪਿਓ। ਖੈਰ , ਸ਼ਹਾਦਰਾ ਦਿੱਲੀ 'ਚ ਜਿਹੜਾ ਹਾਲ ਕੁੜੀ ਦਾ ਹੋਇਆ ਉਸ ਬਾਰੇ ਜੋ ਵੀ ਸਿਆਸੀ ਆਗੂ ਬੋਲੇਗਾ ਉਹਦਾ ਭਾਵ ਕੁੜੀ ਬਾਰੇ ਨਹੀਂ ਆਪਣੇ ਬਣਾਏ ਸਿਸਟਮ ਨੂੰ ਸੁਰਖਰੂ ਕਰਨ ਅਤੇ ਦੂਜੇ 'ਤੇ ਉਂਗਲ ਚੁੱਕਣ ਦਾ ਹੋਵੇਗਾ।ਪਰ ਇਹ 26 ਜਨਵਰੀ ਤੋਂ ਚਾਰ ਦਿਨ ਬਾਅਦ ਹੀ ਜੌਂਬੀ ਯੁੱਗ ਦੀ ਮਿਸਾਲ ਹੈ।ਕਮਾਲ ਹੈ ਅਸੀਂ ਕਹਿੰਦੇ ਹਾਂ ਕਿ ਇਸ ਸਾਲ ਭਾਰਤ ਆਪਣੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਵੇਗਾ।

 

~ ਹਰਪ੍ਰੀਤ ਸਿੰਘ ਕਾਹਲੋਂ