ਖੁਸ਼ੀਆਂ ਵੰਡਿਆ ਵੱਧਦੀਆਂ ਤੇ ਦੁੱਖ ਸਾਂਝੇ ਕੀਤਿਆਂ ਘੱਟਦੇ

ਖੁਸ਼ੀਆਂ ਵੰਡਿਆ ਵੱਧਦੀਆਂ ਤੇ ਦੁੱਖ ਸਾਂਝੇ ਕੀਤਿਆਂ ਘੱਟਦੇ

ਪ੍ਰੋਹਣਾਚਾਰੀ ਦੇ ਬਦਲਦੇ ਢੰਗ 

ਮੈਨੂੰ ਅੱਜ ਵੀ ਯਾਦ ਹੈ,ਸਾਡੇ ਘਰ ਜਦੋਂ ਕੋਈ ਪ੍ਰੋਹਣਾ ਆਉਂਦਾ ਤਾਂ ਸਾਰੇ ਟੱਬਰ ਨੂੰ ਬੜਾ ਚਾਅ ਹੁੰਦਾ। ਬੀਬੀ ਜੀ ਨੇ ਮਾਤਾ ਜੀ ਨੂੰ ਹਦਾਇਤ ਕਰ ਦੇਣੀ ਕਿ ਅੱਜ ਰਾਤ ਦੇ ਖਾਣੇ ਵਿੱਚ ਫਲਾਣੀ ਚੀਜ਼ ਬਣੇ। ਉਹਨਾਂ ਦਿਨਾਂ ਵਿੱਚ ਮਿੱਠੇ ਚੌਲ ( ਜਰਦਾ)  ਪ੍ਰੋਹਣਿਆ ਦੀ ਮਹਿਮਾਨ ਨਵਾਜ਼ੀ ਦਾ ਖਾਸ ਕਾਜ ਸੀ। ਦੂਰੋਂ ਤੁਰੀ ਆਉਂਦੀ ਕਿਸੇ ਭੂਆ, ਮਾਸੀ, ਨਾਨੀ, ਨੂੰ ਵੇਖ ਲੈਣਾ ਤਾਂ ਘਰ ਦੇ ਸਾਰੇ ਜਵਾਕ ਉਹਨਾਂ ਦਾ ਝੋਲਾ ਚੁੱਕਣ ਅੱਗੇ ਹੋ ਨੱਠਦੇ, ਤਾਏ ਚਾਚੇ ਦੇ ਜਵਾਕ ਸੱਸਰੀਕਾਲ ਬੁਲਾਉਂਦੇ  ਹੀ   ਪ੍ਰੋਹਣੇ ਨੂੰ ਪੱਕੀ ਕਰ ਲੈਂਦੇ ਕਿ ਅੱਜ ਤੁਸੀਂ ਸਾਡੇ ਘਰ ਸੌਣਾ। ਸਾਰੇ ਟੱਬਰ ਨੂੰ ਪ੍ਰੋਹਣਿਆਂ ਨੂੰ ਵੇਖ ਬੜਾ ਹੀ ਚਾਅ ਚੜ੍ ਜਾਂਦਾ। ਮਾਂ ਨੇ ਵੰਨ - ਸੁਵੰਨੇ ਪਕਵਾਨ ਬਣਾ ਅੱਗੇ ਧਰ ਦੇਣੇ, ਹੱਸੋਂ  ਹੱਸੋਂ ਕਰਦੇ ਚਿਹਰੇ ਨਾਲ ਉਸਨੇ ਇਕੱਲੀ ਨੇ  ਚੁਲ੍ਹਾ ਚੌਕਾਂ ਸਾਂਭ ਲੈਣਾ, ਪਰ ਕਦੇ ਅੱਕੀ ਜਾਂ ਥੱਕੀ ਨਹੀਂ ਸੀ। ਰਾਤ ਸੌਣ ਲਈ ਮਾਂ ਦੇ  ਦਾਜ ਵਾਲੇ ਸੰਭਾਲੇ ਨਵੇਂ ਜੁਲੇ੍ ਬਿਸਤਰੇ ਕੱਢ ਵਿਛਾਈ ਕੀਤੀ ਜਾਣੀ, ਬਿਸਤਰਿਆਂ ਦੀ ਵਛਾਈ ਕਰਦਿਆਂ ਹੀ ਮਾਂ ਨੂੰ  ਚੇਤਾ ਆ ਜਾਣਾ ਕਿ ਫਲਾਣੀ ਚਾਦਰ ਉਸਨੇ ਕਦੋਂ ਕੱਢੀ ਸੀਯ ਮੰਜਿਆਂ ਦੇ ਪੈਂਦਿਆਂ ਸਾਰ ਹੀ ਪ੍ਰੋਹਣਿਆਂ ਨੂੰ ਪਹਿਲਾਂ ਹਫਤਾ ਖੰਡ ਰੁਕਣ ਦੀ ਪੱਕੀ ਕਰ ਦੇਣੀ " ਬਈ ਹੁਣ ਤੈਨੂੰ ਅਸਾਂ ਹਫ਼ਤਾ ਦਸ ਦਿਨ ਨਹੀਂ ਜਾਣ ਦੇਣਾ, ਵਾਹਵਾ ਰੌਣਕ ਲੱਗੀ ਏ, ਘਰਾਂ ਵਿੱਚੋਂ ਕਿੱਥੇ ਨਿਕਲਿਆ ਜਾਂਦਾਂ ਛੇਤੀ, ਏਦਾਂ ਕਰਦਿਆਂ ਕਰਦਿਆਂ ਜਦੋਂ ਤਿੰਨ ਚਾਰ ਦਿਨ ਲੰਘ ਜਾਣੇ ਤਾਂ ਤਿੰਨੀ ਚੋਹੀਂ ਦਿਨੀ ਆਏ ਮਹਿਮਾਨ ਨੇ ਜਾਣ ਦੀ ਜਿੱਦ ਕਰਨੀ ਤਾਂ ਘਰਦੇ ਜਵਾਕਾਂ ਨੇ ਪਹਿਲਾਂ ਉਹਦਾ ਝੌਲਾ ਲੁਕਾ ਲੈਣਾ, ਅਗਲੇ ਦਿਨ ਫਿਰ ਜਦੋਂ ਉਸਨੇ ਕਾਹਲ ਕਰਨੀ ਤਾਂ ਥੋੜਾ ਰੁਕ, ਥੋੜਾ ਰੁਕ ਕਹਿ ਕੇ ਸ਼ਾਮਾਂ ਪਵਾ ਦੇਣੀਆਂ ਤੇ ਉਨੇ ਚਿਰ ਨੂੰ ਬੱਸ ਨਿਕਲ ਜਾਣੀ, ਕਹਿਣ ਤੋਂ ਭਾਵ ਕਿ ਬੀਤ ਗਏ ਵੇਲਿਆਂ ਵਿੱਚ ਆਪਸੀ ਭਾਈਚਾਰੇ ਤੇ ਪਿਆਰ ਦੀਆਂ ਤੰਦਾਂ ਬੜੀਆਂ ਗੂੜੀਆਂ ਸਨ। 

 ਕੱਚਿਆਂ ਘਰਾਂ ਤੋਂ ਪੱਕੇ  , ਜੇ ਕਿਸੇ ਨੇ ਘਰ ਚ ਆਏ ਗਏ ਲਈ ਇੱਕ ਵੱਖਰੀ ਬੈਠਕ ਬਣਾਈ ਹੁੰਦੀ ਤਾਂ, ਬੜੀ ਵੱਡੀ ਗੱਲ ਮੰਨੀ ਜਾਣ ਲੱਗੀ, ਏਥੋਂ ਤੱਕ ਜਦ ਕਿਸੇ ਦੀ ਧੀ ਦਾ ਰਿਸ਼ਤਾ ਹੋਣਾ ਤਾਂ ਵਿਚੋਲਾ ਖਾਸ ਕਰ ਬੈਠਕ ਦਾ ਵੇਰਵਾ ਜਰੂਰ ਪਾਉਂਦਾ ਕਿ ਅਗਲੇ ਸਹਿੰਦੇ ਪਰਿਵਾਰ ਚੋਂ ਆ, ਘਰ ਚ ਬੈਠਕ ਵੱਖਰੀ ਬਣਾਈ ਅਗਲਿਆਂ ਨੇ " । ਇਹੋਂ ਜਿਹੇ ਸਮਿਆਂ ਵਿਚੋਂ ਹੁੰਦੇ ਹੋਏ ਅਸੀਂ ਪੱਕੇ ਘਰਾਂ, ਗੁਸਲਖਾਨਿਆਂ, ਚੌਕਿਆਂ ਤੋਂ ਰਸੋਈਆਂ ਦਾ ਸਫ਼ਰ ਤੈਅ ਕੀਤਾ ਤੇ ਅੱਜ ਵੰਨ ਸੁਵੰਨੇ  ਲਿਸ਼ਕਾਂ ਮਾਰਦੇ  ਪੱਥਰਾਂ ਦੀਆਂ ਬਣੀਆਂ ਇਮਾਰਤਾਂ ਵਿੱਚ ਸਾਡਾ ਜੀਵਨ ਕੈਦ ਹੋ ਗਿਆ।  ਸਮਾਂ ਬੜੀ ਤੇਜ਼ੀ ਨਾਲ ਬੀਤਿਆ ਅਤੇ ਸਾਡੇ ਰਹਿਣ ਸਹਿਣ ਦੇ ਢੰਗ ਤਰੀਕਿਆਂ ਨਾਲ ਸਾਡੀ ਸਮੁੱਚੀ ਜੀਵਨ ਜਾਂਚ ਵੀ ਬਦਲ ਗਈ। ਅੱਜ ਅਸੀਂ ਉਸ ਦੌਰ ਵਿੱਚ ਪਹੁੰਚ ਗਏ ਹਾਂ, ਜਿੱਥੇ ਸਾਡੀ ਨਿੱਜਤਾ ਸਾਡੇ ਉੱਪਰ ਬਹੁਤ ਭਾਰੂ ਹੋ ਰਹੀ ਹੈ। ਘਰ ਦੇ ਪਰਿਵਾਰ ਨਾਲ ਰਲ ਮਿਲ ਕੇ ਬੈਠਣ ਦੀ ਥਾਂ ਜਿੰਨੇ ਟੱਬਰ ਦੇ ਜੀਅ ਉਹ ਆਪੋ ਆਪਣੇ ਕਮਰਿਆਂ ਵਿੱਚ ਰਹਿਣ ਲੱਗੇ ਹਨ। ਜੇਕਰ ਗੱਲ ਅੱਜ ਦੀ ਪ੍ਰੋਹਣਾਚਾਰੀ ਦੀ ਕਰੀਏ ਤਾਂ ਪਹਿਲਾਂ ਨਾਲੋ ਬਹੁਤ ਅੰਤਰ ਵੇਖਣ ਨੂੰ ਮਿਲਦਾ ਹੈ। ਕਿਸੇ ਮਹਿਮਾਨ ਦੇ ਆਉਣ ਦਾ ਕੋਈ ਖਾਸ ਚਾਅ ਉਚੇਚ  ਨਹੀਂ ਕੀਤੀ ਜਾਂਦੀ, ਨਾ ਹੀ ਕਿਸੇ ਨੂੰ ਕਿਸੇ ਦੀ ਉਡੀਕ ਰਹਿੰਦੀ ਹੈ। ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਏਨੇ ਵਿਅਸਤ ਹੋ ਚੁੱਕੇ ਹਨ ਕਿ ਇਹ ਸਾਰੀਆਂ ਕਦਰਾਂ ਕੀਮਤਾਂ ਬਹੁਤ ਪਿੱਛੇ ਛੁੱਟ ਗਈਆਂ ਲੱਗਦੀਆਂ ਨੇ। ਜੇ ਕੋਈ ਬਿਨਾ ਦੱਸੇ ਪ੍ਰੋਹਣਾ ਆ ਜਾਂਦਾ ਹੈ, ਉਤੋਂ ਹੋਵੇ ਉਹ ਪ੍ਰੋਹਣਾ ਥੋੜਾ ਮਾਤੜ  ਤਾਂ  ਪਰਿਵਾਰਾਂ ਵਿੱਚ ਖੁਸ਼ੀ ਦੀ ਥਾਂ ਅਜਿਹੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ ਕਿ ਜਿਵੇਂ ਉਸਨੇ ਆਕੇ ਕੁਝ ਗਲਤੀ ਕੀਤੀ ਹੋਵੇ।

ਇਸ ਤੋਂ ਇਲਾਵਾ ਅਸੀਂ ਰਿਸ਼ਤੇਦਾਰੀਆਂ ਦੀ ਵੀ ਵੰਡ ਕੀਤੀ ਹੋਈ ਹੈ, ਆਉਣ ਵਾਲੇ ਪ੍ਰੋਹਣੇ  ਦੀ ਆਰਥਿਕ ਹਾਲਤ ਦੇ ਹਿਸਾਬ ਨਾਲ ਹੀ ਉਸਦੀ ਪ੍ਰੋਹਣਾਚਾਰੀ ਹੁੰਦੀ ਹੈ। ਕਿਸੇ ਪੈਸੇ ਵੱਲੋਂ ਸਹਿੰਦੇ ਪ੍ਰੋਹਣੇ  ਦੀ ਆਉ ਭਗਤ ਤੇ ਕਿਸੇ ਮਾਤੜ ਪ੍ਰੋਹਣੇ ਦੀ ਆਉ ਭਗਤ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੁੰਦਾ। ਵਿਆਹ ਸ਼ਾਦੀਆਂ ਉੱਤੇ ਪਹਿਲਾਂ ਵਾਂਗ ਰਿਸ਼ਤੇਦਾਰ  ਇਕੱਠੇ  ਹੋ ਨਹੀਂ ਆਉਦੇ ਬਸ ਘੜੀ ਦੀ ਘੜੀ ਪੈਲਸਾਂ ਵਿੱਚ ਆਉਂਦੇ ਹਨ ਤੇ ਉੱਥੋਂ ਹੀ ਵਾਪਸ ਹੋ ਜਾਂਦੇ ਹਨ। ਪਹਿਲਿਆਂ ਸਮਿਆਂ ਵਿੱਚ ਦਸ ਦਸ ਦਿਨ ਪਹਿਲਾਂ ਭੂਆ, ਮਾਸੀਆਂ ਦਾ ਇਕੱਠ ਵਿਹੜਿਆਂ ਵਿੱਚ ਰੌਣਕਾਂ ਲਗਾ ਛੱਡਦਾ ਸੀ। ਅੱਜ ਲੋਕ ਵਿਆਹਾਂ ਦੇ ਮੌਕੇ ਤੇ ਚਾਅ ਤੇ ਰੀਝਾਂ ਤਾਂ ਸ਼ਾਇਦ ਪੂਰੀਆਂ ਕਰਦੇ ਹਨ, ਪਰ ਸ਼ਾਇਦ ਉਹਨਾਂ ਦੇ ਤਰੀਕੇ ਬਦਲ ਚੁੱਕੇ ਹਨ, ਉਦਹਾਰਣ ਦੇ ਤੌਰ ਤੇ ਗਾਉਣ ਬਿਠਾਉਣ ਦੀ ਜਗ੍ਹਾ ਪੈਲਸਾਂ ਵਿੱਚ ਰੱਖੇ ਜਾਂਦੇ ਲੇਡੀ ਸੰਗੀਤ, ਘੋੜੀਆਂ , ਸੁਹਾਗ ਗਾਉਣ ਦੀ ਜਗ੍ਹਾ ਡੀ. ਜੇ ਸਪੀਕਰਾਂ ਦੀ ਕੰਨ ਪਾੜਵੀਂ  ਅਵਾਜ਼ ਆਦਿ ਨੇ ਲੈ ਲਈ ਹੈ। ਰਿਸ਼ਤੇਦਾਰ ਘੜੀ ਦੀ ਘੜੀ ਆਉਂਦੇ ਹਨ ਤੇ ਆਪਣੀ ਖਾਨਾਪੂਰਤੀ ਕਰ  ਘਰ ਵਾਪਸ ਹੋ ਜਾਂਦੇ ਹਨ।

ਇਹ ਕੁਝ ਉਦਹਾਰਨਾ ਤੋਂ ਸਮਝ ਲੱਗਦਾ ਸਾਡੇ ਜੀਵਨ ਵਿੱਚ ਕਾਫ਼ੀ ਤਬਦੀਲੀਆਂ ਆ ਚੁੱਕੀਆਂ ਹਨ। ਸਮੇਂ ਦੀ ਆਪਣੀ ਚਾਲ ਤੇ ਤਾਲ ਹੈ, ਸਮੇਂ ਦੀ ਚਾਲ ਨਾਲ ਘੜੀ ਦੀ ਸੂਈ ਦੀ ਟਿਕ ਟਿਕ ਦੀ ਤਾਲ ਹਮੇਸ਼ਾ ਇੱਕਸੁਰਤਾ ਨਾਲ ਚੱਲਦੀ ਰਹਿੰਦੀ ਹੈ  । ਇਸਨੇ ਬਹੁਤ ਤਬਦੀਲੀਆਂ ਕੀਤੀਆਂ ਵੀ ਤੇ ਹੋਰ ਕਰਨੀਆਂ ਵੀ ਹਨ। ਪਰ ਇਹ ਤਬਦੀਲੀਆਂ ਪਦਾਰਥਾਂ ਤੱਕ ਸੀਮਤ ਰਹਿਣੀਆਂ ਚਾਹੀਦੀਆਂ ਹਨ, ਇਹਨਾਂ ਤਬਦੀਲੀਆਂ ਦਾ ਅਸਰ ਤੇ ਨਸ਼ਾ ਸ਼ਾਇਦ ਸਾਡੇ ਦਿਮਾਗ ਤੇ ਨਹੀਂ ਚੜਨਾ ਚਾਹੀਦਾ। ਮਨੁੱਖ ਅਹਿਸਾਸਾਂ, ਜ਼ਜ਼ਬਾਤਾਂ ਦੇ ਸਹਾਰੇ ਜਿਊਂਦਾ ਹੈ। ਇਹ ਜ਼ਜਬਾਤ ਸਾਡੇ ਆਪਣਿਆਂ ਨਾਲ ਜੁੜੇ ਹੁੰਦੇ ਹਨ। ਇਹਨਾਂ ਵਿੱਚ ਫਿੱਕ ਕਦੇ ਨਹੀਂ ਪੈਣੀ ਚਾਹੀਦੀ। ਪੰਜਾਬੀ ਆਪਣੀ ਚੰਗੀ ਮਹਿਮਾਨ ਨਿਵਾਜੀ ਦਾ ਕਰਕੇ ਦੁਨੀਆਂ ਭਰ ਵਿੱਚ ਮਸ਼ਹੂਰ ਹਨ, ਪਰ ਸੱਭਿਆਚਾਰ ਦਾ ਇਹ ਰੰਗ ਸਹਿਜੇ ਸਹਿਜੇ ਫਿੱਕਾ ਹੁੰਦਾ ਜਾ ਰਿਹਾ ਹੈ, ਅਸੀਂ ਜਿੰਦਗੀ ਦੇ ਰੁਝੇਵਿਆਂ ਨੂੰ ਏਨਾਂ ਵਧਾ ਲਿਆ ਹੈ, ਪੈਸੇ ਇਕੱਠੇ ਕਰਨ ਦੀ ਦੌੜ ਨੂੰ ਏਨਾਂ ਤੇਜ਼ ਕਰ ਲਿਆ ਹੈ ਕਿ ਕੋਈ ਵੀ ਹੋਰ ਗਤੀਵਿਧੀ ਸਾਨੂੰ ਸਮੇਂ ਦੀ ਬਰਬਾਦੀ ਲੱਗਣ ਲੱਗ ਗਈ ਹੈ, ਏਥੋਂ ਤੱਕ ਕਿ ਕਿਸੇ ਰਿਸ਼ਤੇਦਾਰ, ਸਾਕ ਸੰਬੰਧੀ ਦਾ ਆਉਣਾ ਜਾਣਾ ਵੀ। ਪਰ ਸਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਪ੍ਰੋਹਣਾਚਾਰੀ ਜਿੱਥੇ ਸਾਡੇ ਸੱਭਿਆਚਾਰ ਦਾ ਹਿੱਸਾ ਹੈ, ਉੱਥੇ ਬਹੁਤ ਸਾਰੀਆਂ ਭਾਵਨਾਵਾਂ, ਜਜਬਾਤਾਂ ਦਾ ਸੁਮੇਲ ਹੈ। ਕਿਸੇ ਰਿਸ਼ਤੇਦਾਰ ਦਾ ਆਉਣਾ ਬਹਿ ਕੇ ਉਸ ਨਾਲ ਘੜੀ ਦੁੱਖ ਸੁੱਖ ਕਰਨਾ, ਖੁਸ਼ੀਆਂ ਸਾਂਝੀਆਂ ਕਰਨੀਆਂ ਤੇ ਦੁੱਖ ਦਾ ਭਾਰ ਹੌਲਾ ਕਰਨਾ ਜਿੰਦਗੀ ਦੀ ਤੇਜ਼ ਚੱਲਦੀ ਗੱਡੀ ਨੂੰ ਰਹਾਉ ( ਠਹਿਰਾਵ) ਦਿੰਦਾ ਹੈ। ਜਿਹੜੇ ਇਹ ਕਹਿੰਦੇ ਹਨ ਕਿ ਕਿਸੇ ਰਿਸ਼ਤੇਦਾਰ ਦਾ ਜਾਣ ਜਾਂ ਕਿਸੇ ਸਾਕ ਸੰਬੰਧੀ ਨੂੰ ਸਾਂਭਣ ਦਾ ਸਾਡੇ ਕੋਲ ਸਮਾਂ ਨਹੀਂ, ਉਹ ਗਲਤ ਹਨ, ਜਿੰਨਾ ਜਰੂਰੀ ਕੰਮਾਂ ਲਈ ਅਸੀਂ ਸਮਾਂ ਕੱਢਣਾ ਹੁੰਦਾ ਕੱਢ ਹੀ ਲੈਂਦੇ ਹਾਂ, ਗੱਲ ਸਿਰਫ਼ ਪਹਿਲ ਦੀ ਹੁੰਦੀ ਹੈ। 

ਸੋ ਮੈਨੂੰ ਲੱਗਦਾ ਕਿ ਸਾਨੂੰ ਅੱਗੇ ਵੱਧਣ ਦੇ ਨਾਲ ਨਾਲ ਆਪਣੇ  ਰੀਤੀ ਰਿਵਾਜ਼ਾਂ, ਸੰਸਕਾਰਾਂ ਦਾ ਅਦਬ ਕਰਨਾ ਨਹੀਂ ਭੁੱਲਣਾ ਚਾਹੀਦਾ। ਰਿਸ਼ਤਿਆਂ  ਦੀ ਅਹਿਮੀਅਤ ਨੂੰ ਸਮਝਦੇ ਹੋਏ ਬਣਦਾ ਸਤਿਕਾਰ ਜਰੂਰ ਦੇਣਾ ਚਾਹੀਦਾ ਹੈ, ਇਹਨਾਂ ਨਾਲ ਹੀ ਸਾਡੀ ਸਾਂਝ ਦੀਆਂ ਤੰਦਾਂ ਹਰੀਆਂ ਭਰੀਆਂ ਰਹਿੰਦੀਆਂ ਹਨ ਅਤੇ ਸਭ ਤੋਂ ਵੱਡੀ ਗੱਲ ਕਿ ਇਸੇ ਮਿਲਵਰਤਨ ਕਰਕੇ ਸਾਨੂੰ ਸਮਾਜ ਦੇ ਪ੍ਰਾਣੀ ਹੋਣ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਖੁਸ਼ੀਆਂ ਵੰਡਿਆ ਵੱਧਦੀਆਂ ਅਤੇ ਦੁੱਖ ਸਾਂਝੇ ਕੀਤਿਆਂ ਘੱਟਦੇ ਹਨ, ਰਿਸ਼ਤਿਆਂ ਦੀ ਬੁਨਿਆਦ ਨੂੰ ਮਜ਼ਬੂਤ ਕਰੀਏ, ਆਪਣੇ ਜੀਵਨ ਵਿੱਚ ਏਨੇ ਵੀ ਨਾ ਉੱਲਝ ਜਾਈਏ ਕਿ ਮਾਮੇ, ਮਾਸੀਆਂ, ਭੂਆਂ ਵਰਗੇ  ਅਹਿਮ ਰਿਸ਼ਤਿਆਂ ਦੀਆਂ ਅਹਿਮੀਅਤ ਨੂੰ ਭੁੱਲ ਜਾਈਏ !  ਜਿਸ ਮਹਿਮਾਨ ਨਿਵਾਜੀ ਦੇ ਕਰਕੇ ਪੰਜਾਬੀ ਜਾਣੇ ਜਾਂਦੇ ਹਨ ਉਸਨੂੰ ਬਰਕਰਾਰ ਰੱਖੀਏ, ਏਸੇ ਵਿੱਚ ਬਰਕਤਾਂ ਹਨ ਪਿਆਰ ਦੀਆਂ ਤੇ ਰਿਜ਼ਕ ਦੀਆਂ। 

 

          ਹਰਕੀਰਤ ਕੌਰ 

          9779118066