ਭਗਵੇਂਵਾਦੀ ਪੈਦਾ ਕਰ ਰਹੇ ਹਨ ਹਿੰਸਾ ਦਾ ਮਾਹੌਲ
ਭੱਖਦਾ ਮਸਲਾ
ਡਾਕਟਰ ਅਰੁਣ ਮਿਤਰਾ
ਤਾਕਤਵਰ ਲੋਕ ਆਪਣੇ ਤੋਂ ਨੀਵੇਂ ਲੋਕਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਦਬਾ ਕੇ ਰੱਖਦੇ ਹਨ ਅਤੇ ਆਪਣਾ ਰਾਜਨੀਤਕ ਗ਼ਲਬਾ ਕਾਇਮ ਰੱਖਣ ਦਾ ਮਕਸਦ ਪੂਰਾ ਕਰਨ ਲਈ ਸਾਰੇ ਸਮਾਜ ਤੱਕ ਨੂੰ ਵੀ ਹਿੰਸਾ ਵਿਚ ਝੋਕਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਲਈ ਜਦੋਂ ਹਿੰਸਕ ਰੁਚੀ ਦੇ ਵਿਅਕਤੀ ਜਾਂ ਜਥੇਬੰਦੀ ਆਪਣੀ ਸੋਚ ਨੂੰ ਸਮਾਜ 'ਤੇ ਥੋਪਦੇ ਹਨ ਤਾਂ ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ। ਇੰਜ ਵਿਸ਼ਵ ਦੇ ਅਨੇਕਾਂ ਹਿੱਸਿਆਂ ਵਿਚ ਦੇਖਿਆ ਗਿਆ ਹੈ।ਪੁਰਾਣੇ ਸਮੇਂ ਵਿਚ ਰਾਜਿਆਂ ਮਹਾਰਾਜਿਆਂ ਅਤੇ ਬਾਦਸ਼ਾਹਾਂ ਵਲੋਂ ਆਪਣੀ ਪਰਜਾ ਦੀ ਗੱਲ ਨਾ ਮੰਨਣ ਜਾਂ ਉਸ ਦੇ ਕਿੰਤੂ-ਪ੍ਰੰਤੂ ਕਰਨ 'ਤੇ ਉਸ ਨਾਲ ਹਿੰਸਕ ਵਿਹਾਰ ਕੀਤਾ ਜਾਂਦਾ ਰਿਹਾ ਹੈ। ਭਾਰਤੀ ਇਤਿਹਾਸ ਵਿਚ ਚੰਦਰਗੁਪਤ ਮੌਰਿਆ ਦੇ ਵੇਲੇ ਰਾਜਾ ਧਨਾਨੰਦ ਵਲੋਂ ਕੇਵਲ ਗ਼ਰੀਬ ਜਨਤਾ ਦਾ ਹੀ ਘਾਣ ਨਹੀਂ ਕੀਤਾ ਗਿਆ ਬਲਕਿ ਸਮਕਾਲੀਨ ਵਿਦਵਾਨ ਚਾਣਕਿਆ ਨੂੰ ਵੀ ਮਾਰਨ ਦੀਆਂ ਸਾਜਿਸ਼ਾਂ ਰਚੀਆਂ ਗਈਆਂ ਸਨ। ਕਿਹਾ ਜਾਂਦਾ ਹੈ ਕਿ ਰਾਜਾ ਅਸ਼ੋਕ ਨੇ ਕਲਿੰਗਾ ਦੀ ਲੜਾਈ ਵਿਚ ਲੱਖਾਂ ਲੋਕਾਂ ਦਾ ਕਤਲ ਕੀਤਾ। ਬਾਅਦ ਵਿਚ ਵਿਦੇਸ਼ੀ ਹਮਲਾਵਰ ਸਾਡੇ ਦੇਸ਼ ਵਿਚ ਆਏ। ਉਨ੍ਹਾਂ ਨੇ ਵੀ ਇਥੋਂ ਦੇ ਲੋਕਾਂ ਦਾ ਘਾਣ ਕੀਤਾ। ਮੁਗਲਾਂ ਨੇ ਆਪਣੀ ਸੱਤਾ ਸਥਾਪਤ ਕਰਨ ਲਈ ਹਿੰਸਾ ਦੀ ਵਰਤੋਂ ਕੀਤੀ ਤੇ ਨਾਲ ਹੀ ਕੂਟਨੀਤੀ ਦਾ ਇਸਤੇਮਾਲ ਵੀ ਕੀਤਾ, ਭਾਵੇਂ ਬਾਅਦ ਵਿਚ ਮੁਗ਼ਲਾਂ ਨੇ ਐਲਾਨ ਕੀਤਾ ਕਿ ਉਹ ਇਸ ਖਿੱਤੇ ਦਾ ਹੀ ਹਿੱਸਾ ਹਨ ਤੇ ਇੱਥੇ ਹੀ ਰਹਿ ਗਏ ਤੇ ਸਮਾਜ ਵਿਚ ਰਲ ਮਿਲ ਗਏ। ਪਰ ਅੰਗਰੇਜ਼ੀ ਸਾਮਰਾਜ ਨੇ ਇੰਜ ਨਹੀਂ ਕੀਤਾ। ਉਨ੍ਹਾਂ ਨੇ ਕੂਟਨੀਤੀ ਰਾਹੀਂ ਇੱਥੇ ਕਬਜ਼ਾ ਕੀਤਾ ਤੇ ਦੇਸ਼ ਨੂੰ ਲੁੱਟਿਆ। ਉਹ ਸਾਰਾ ਮਾਲ ਇੰਗਲੈਂਡ ਵਿਚ ਲੈ ਗਏ ਤੇ ਭਾਰਤ ਨੂੰ ਖੋਖਲਾ ਕਰਕੇ ਉਨ੍ਹਾਂ ਨੇ ਆਪਣੀ ਆਰਥਿਕਤਾ ਮਜ਼ਬੂਤ ਕੀਤੀ। ਉਨ੍ਹਾਂ ਦੁਆਰਾ ਆਜ਼ਾਦੀ ਘੁਲਾਟੀਆਂ ਦੇ ਉੱਪਰ ਕੀਤੇ ਅੱਤਿਆਚਾਰਾਂ ਦੀ ਸੂਚੀ ਤਾਂ ਬਹੁਤ ਲੰਮੀ ਹੈ।ਆਜ਼ਾਦੀ ਉਪਰੰਤ ਲੋਕਤੰਤਰ 'ਤੇ ਆਧਾਰਿਤ ਦੇਸ਼ ਦੀ ਸਿਰਜਣਾ ਇਕ ਬਹੁਤ ਵੱਡੀ ਚੁਣੌਤੀ ਤੇ ਕਾਮਯਾਬੀ ਸੀ। ਦੇਸ਼ ਵਿਚ ਰਹਿਣ ਵਾਲੇ ਹਰ ਵਿਅਕਤੀ ਨੂੰ ਕਿਸੇ ਧਰਮ, ਜਾਤ, ਲਿੰਗ ਭੇਦ ਦੇ ਵਖਰੇਵੇਂ ਤੋਂ ਬਰਾਬਰ ਦੇ ਅਧਿਕਾਰ ਦਿੱਤੇ ਗਏ। ਏਨਾ ਹੀ ਨਹੀਂ, ਜੋ ਲੋਕ ਸਦੀਆਂ ਤੋਂ ਵਾਂਝੇ ਰਹੇ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਕਦਮਾਂ ਦੇ ਨਾਲ ਕਮੀਆਂ ਪੇਸ਼ੀਆਂ ਦੇ ਬਾਵਜੂਦ ਸਮਾਜਿਕ ਮਿਲਵਰਤਣ ਵਿਚ ਵਾਧਾ ਹੋਇਆ। ਸਦੀਆਂ ਤੋਂ ਲਤਾੜੇ ਗਏ ਲੋਕ ਵੀ ਕੁਝ ਹੱਦ ਤੱਕ ਆਪਣੇ ਅਧਿਕਾਰ ਪ੍ਰਾਪਤ ਕਰ ਸਕੇ। ਫ਼ਿਰਕਿਆਂ 'ਤੇ ਆਧਾਰਿਤ ਦੂਰੀਆਂ ਨੂੰ ਵੀ ਘੱਟ ਕੀਤਾ ਗਿਆ। ਪਰ ਅੱਜ ਫਿਰ ਇਨ੍ਹਾਂ ਸਭ ਪ੍ਰਾਪਤੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਅੱਜ ਇਕ ਵਿਸ਼ੇਸ਼ ਕਿਸਮ ਦੀ ਸੌੜੀ ਤੇ ਕੱਟੜਵਾਦੀ ਸੋਚ ਨੂੰ ਥੋਪਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਾਜ ਵਿਚ ਵਿਭਿੰਨਤਾਵਾਂ ਨੂੰ ਖ਼ਤਮ ਕਰਕੇ ਇਕ ਵਿਸ਼ੇਸ਼ ਸੋਚ ਨੂੰ ਪ੍ਰਨਾਇਆ ਸਮਾਜ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇੰਜ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਜਿਹੜੇ ਦੇਸ਼ ਇਸ ਕਿਸਮ ਦੀ ਸੋਚ 'ਤੇ ਬਣੇ ਉਨ੍ਹਾਂ ਦਾ ਕੀ ਹਾਲ ਹੈ ਤੇ ਜਿਹੜੇ ਦੇਸ਼ਾਂ ਨੇ ਲੋਕਾਂ ਦੇ ਵੱਖ-ਵੱਖ ਵਰਗਾਂ ਨੂੰ ਆਪਣੀ ਬੁੱਕਲ ਵਿਚ ਲਿਆ, ਉਹ ਤਰੱਕੀ ਕਰ ਕੇ ਕਿਤੇ ਅੱਗੇ ਨਿਕਲ ਗਏ ਹਨ।
ਅਜੋਕੇ ਸਮੇਂ ਆਪਣੇ ਸੌੜੇ ਸਮਾਜਿਕ ਤੇ ਰਾਜਨੀਤਕ ਮਨੋਰਥਾਂ ਨੂੰ ਪੂਰਾ ਕਰਨ ਲਈ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਬਰਨ ਧਰਮ ਪਰਿਵਰਤਨ ਦੇ ਨਾਂਅ 'ਤੇ ਇਕ ਮਾਹੌਲ ਬਣਾਇਆ ਗਿਆ। ਨੌਜਵਾਨਾਂ ਦੇ ਆਪਸੀ ਪਿਆਰ-ਮੁਹੱਬਤ ਕਰਨ ਦੇ ਅਧਿਕਾਰ ਨੂੰ ਸਮਾਪਤ ਕਰਨ ਦੀ ਜਬਰਨ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਲਈ ਲਵ ਜੇਹਾਦ ਵਰਗੇ ਕਾਨੂੰਨ ਬਣਾਏ ਗਏ। ਧਰਮ ਦੇ ਨਾਂਅ 'ਤੇ ਹੁੱਲੜਬਾਜ਼ਾਂ ਦੀਆਂ ਟੋਲੀਆਂ ਖੜ੍ਹੀਆਂ ਕੀਤੀਆਂ ਗਈਆਂ। ਇਹ ਪ੍ਰਚਾਰ ਖੁੱਲ੍ਹਮ-ਖੁੱਲ੍ਹਾ ਕੀਤਾ ਜਾ ਰਿਹਾ ਹੈ ਕਿ ਮੁਸਲਮਾਨ ਪਾਕਿਸਤਾਨੀ ਹਨ ਤੇ ਇਨ੍ਹਾਂ ਨੂੰ ਦੇਸ਼ 'ਚੋਂ ਕੱਢ ਦੇਣਾ ਚਾਹੀਦਾ ਹੈ। ਇਸ ਦੌਰਾਨ ਅਨੇਕਾਂ ਮੁਸਲਮਾਨਾਂ ਨੂੰ ਬਿਨਾਂ ਕਾਰਨਾਂ ਦੇ ਜੇਲ੍ਹਾਂ ਵਿਚ ਡੱਕਿਆ ਗਿਆ ਅਤੇ ਭੀੜਾਂ ਦੁਆਰਾ ਉਨ੍ਹਾਂ ਦੇ ਕਤਲ ਵੀ ਕੀਤੇ ਗਏ। ਬਹੁਤ ਵਾਰੀ ਇਸ ਕਿਸਮ ਦੀਆਂ ਘਟਨਾਵਾਂ ਦਾ ਪੁਲਿਸ ਜਾਂ ਕਚਹਿਰੀਆਂ ਵਲੋਂ ਵੀ ਕੋਈ ਨੋਟਿਸ ਨਹੀਂ ਲਿਆ ਗਿਆ। ਉਲਟਾ ਪੀੜਤਾਂ ਨੂੰ ਹੀ ਅਨੇਕਾਂ ਵਾਰ ਦੋਸ਼ੀ ਬਣਾ ਦਿੱਤਾ ਗਿਆ। ਸਰਕਾਰੀ ਸ਼ਹਿ ਨੇ ਇਸ ਕਿਸਮ ਦੀਆਂ ਸ਼ਕਤੀਆਂ ਨੂੰ ਬਲ ਦਿੱਤਾ ਹੈ। ਫ਼ਾਦਰ ਤੇ ਚਾਦਰ ਵਾਲਿਆਂ ਤੋਂ ਬਚੋ ਦੇ ਨਾਅਰੇ ਦਿੱਤੇ ਜਾ ਰਹੇ ਹਨ। ਸਮਾਜ ਸੁਧਾਰਕ ਬਿਰਧ ਫ਼ਾਦਰ ਸਟੈਨ ਸਵਾਮੀ ਦੀ ਮੌਤ ਵੀ ਤਾਂ ਹੱਤਿਆ ਹੀ ਸੀ। ਇਸੇ ਸਮੇਂ ਦੌਰਾਨ ਲੋਕ ਹਿਤੂ ਅੰਦੋਲਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਅਨੇਕਾਂ ਸਾਜਿਸ਼ਾਂ ਰਚੀਆਂ ਗਈਆਂ ਅਤੇ ਅੰਦੋਲਨਕਾਰੀਆਂ 'ਤੇ ਖ਼ਾਲਿਸਤਾਨੀ ਹੋਣ ਦੇ ਦੋਸ਼ ਲਾਏ ਗਏ। ਲਖੀਮਪੁਰ ਖੀਰੀ ਵਿਖੇ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਵਲੋਂ ਕਿਸਾਨਾਂ ਦੀ ਹੱਤਿਆ ਨੂੰ ਗ੍ਰਹਿ ਰਾਜ ਮੰਤਰੀ ਵਲੋਂ ਇਹ ਕਹਿ ਕੇ ਛੋਟੀ ਘਟਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਕਿ ਇਹ ਤਾਂ ਬੱਬਰ ਖ਼ਾਲਸਾ ਨਾਲ ਸੰਬੰਧਿਤ ਲੋਕ ਹਨ। ਵੱਖੋ-ਵੱਖਰੇ ਢੰਗ ਨਾਲ ਫ਼ਿਰਕੂ ਜ਼ਹਿਰ ਫੈਲਾਅ ਕੇ ਹਿੰਦੂਆਂ ਦੇ ਇਕ ਖ਼ਾਸ ਵਰਗ ਨੂੰ ਮਗਰ ਲਾ ਕੇ ਵਰਗਲਾਉਣ ਦੀ ਕੋਸ਼ਿਸ਼ ਅੱਜ ਵੀ ਜਾਰੀ ਹੈ ਅਤੇ ਉਨ੍ਹਾਂ ਦੇ ਮਨਾਂ ਵਿਚ ਫ਼ਿਰਕਾਪ੍ਰਸਤੀ ਨੂੰ ਭੜਕਾਇਆ ਜਾ ਰਿਹਾ ਹੈ। ਹੁਣ ਕਿਸਾਨ ਅੰਦੋਲਨ ਨੂੰ ਦੇਸ਼ ਧ੍ਰੋਹੀ ਸਿੱਖਾਂ ਵਲੋਂ ਕੀਤੇ ਜਾਣ ਵਾਲਾ ਅੰਦੋਲਨ ਗਰਦਾਨਿਆ ਜਾ ਰਿਹਾ ਹੈ। ਪਰ ਇਹ ਗੱਲ ਨਹੀਂ ਕਿ ਹਿੰਦੂ ਇਸ ਹਿੰਸਕ ਮਾਹੌਲ ਤੋਂ ਬਚ ਗਏ ਹਨ। ਜਿਨ੍ਹਾਂ ਹਿੰਦੂਆਂ ਨੇ ਸਰਕਾਰੀ ਨੀਤੀਆਂ 'ਤੇ ਕਿੰਤੂ ਕੀਤਾ ਉਨ੍ਹਾਂ ਨੂੰ ਵੱਖ-ਵੱਖ ਰੂਪ ਨਾਲ ਪ੍ਰੇਸ਼ਾਨ ਕੀਤਾ ਗਿਆ। ਕਿਸੇ ਨੂੰ ਅਰਬਨ ਨਕਸਲ ਕਹਿ ਕੇ ਤੇ ਕਿਸੇ ਨੂੰ ਦੇਸ਼ ਧ੍ਰੋਹੀ ਕਹਿ ਕੇ ਕੁੱਟਿਆ-ਮਾਰਿਆ ਗਿਆ ਜਾਂ ਫਿਰ ਜੇਲ੍ਹਾਂ ਵਿਚ ਡੱਕਿਆ ਗਿਆ। ਗੌਰੀ ਲੰਕੇਸ਼, ਪੰਸਰੇ, ਕਲਬੁਰਗੀ ਤੇ ਦਬੋਲਕਰ, ਇਹ ਸਭ ਹਿੰਦੂ ਪਰਿਵਾਰਾਂ ਵਿਚੋਂ ਹੀ ਤਾਂ ਸਨ। ਫ਼ਿਰਕੂ ਕੱਟੜਪੰਥੀਆਂ ਵਲੋਂ ਇਨ੍ਹਾਂ ਦੇ ਕਤਲ ਕੀਤੇ ਗਏ। ਇਕ ਹਿੰਦੂ ਇੰਸਪੈਕਟਰ ਸੁਬੋਧ ਕੁਮਾਰ ਨੂੰ ਫ਼ਿਰਕੂ ਭੀੜ ਵਲੋਂ ਜਾਨੋਂ ਮਾਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਵਿਚ ਮੁਨੀਸ਼ ਗੁਪਤਾ ਜੋ ਕਿ ਇਕ ਵਪਾਰੀ ਸੀ, ਨੂੰ ਹਿੰਸਾ ਦੀ ਸੋਚ ਨਾਲ ਮਸਤੀ ਹੋਈ ਪੁਲਿਸ ਵਲੋਂ ਕਤਲ ਕਰ ਦਿੱਤਾ ਗਿਆ। ਹੁਣ ਪ੍ਰਕਾਸ਼ ਝਾਅ ਤੇ ਉਸ ਦੀ ਟੀਮ ਦੇ ਨਾਲ ਮੱਧ ਪ੍ਰਦੇਸ਼ ਵਿਚ ਜੋ ਕੁਝ ਹੋਇਆ, ਇਸ ਤੋਂ ਸਬਕ ਲੈਣ ਦੀ ਲੋੜ ਹੈ, ਕਿਉਂਕਿ ਪ੍ਰਕਾਸ਼ ਝਾਅ ਵੀ ਹਿੰਦੂ ਤੇ ਉਸ ਦੇ ਟੀਮ ਦੇ ਮੈਂਬਰ ਵੀ ਹਿੰਦੂ ਹਨ। ਹਿੰਸਾ ਦੀ ਰੁਚੀ ਬਹੁਤ ਭਿਅੰਕਰ ਨਤੀਜੇ ਕੱਢ ਸਕਦੀ ਹੈ। ਹਿੰਸਕ ਭੀੜਾਂ ਵਲੋਂ ਪਹਿਲਾਂ ਤਾਂ ਆਪਣੇ ਹੀ ਫ਼ਿਰਕੇ ਦੇ ਲੋਕਾਂ ਦੇ ਮੂੰਹ ਬੰਦ ਕੀਤੇ ਜਾਂਦੇ ਹਨ ਤਾਂ ਜੋ ਉਹ ਉਨ੍ਹਾਂ ਵਲੋਂ ਕੀਤੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਮੂੰਹ ਨਾ ਖੋਲ੍ਹਣ। ਸੋਮਾਲੀਆ ਵਿਚ ਤੁੱਤਸੀ ਤੇ ਹੁੱਤੂ ਕਬੀਲਿਆਂ ਵਿਚ ਹੋਈਆਂ ਲੜਾਈਆਂ ਵਿਚ ਦੋਵਾਂ ਕਬੀਲਿਆਂ ਦੇ ਅੱਠ ਲੱਖ ਦੇ ਕਰੀਬ ਲੋਕ ਮਰੇ। ਗੁਆਂਢੀ ਨੇ ਗੁਆਂਢੀ ਨੂੰ ਮਾਰਿਆ। ਮਿੱਤਰ ਨੇ ਮਿੱਤਰ ਦਾ ਕਤਲ ਕੀਤਾ। ਇੱਥੋਂ ਤੱਕ ਕਿ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਦੂਜੇ ਕਬੀਲੇ ਦੀ ਸੀ ਤੇ ਪਤੀ ਨੇ ਇਹ ਗੱਲ ਕਹੀ ਕਿ ਜੇਕਰ ਉਹ ਆਪਣੀ ਪਤਨੀ ਦਾ ਕਤਲ ਨਾ ਕਰਦਾ ਤਾਂ ਉਸ ਦੇ ਕਬੀਲੇ ਦੀ ਹਿੰਸਕ ਭੀੜ ਉਸ ਨੂੰ ਮਾਰ ਦਿੰਦੀ। ਇਹੋ ਕੁਝ ਪੰਜਾਬ ਅੰਦਰ 1980ਵਿਆਂ ਦੌਰਾਨ ਅੱਤਵਾਦ ਦੇ ਸਮੇਂ ਵਾਪਰਿਆ। ਸੰਨ 1947 ਵਿਚ ਆਜ਼ਾਦੀ ਵੇਲੇ ਹੋਈ ਵੰਡ ਵੇਲੇ 10 ਲੱਖ ਦੇ ਕਰੀਬ ਹਿੰਦੂ, ਸਿੱਖ ਤੇ ਮੁਸਲਮਾਨ ਸਾਰੇ ਫ਼ਿਰਕਿਆਂ ਦੇ ਲੋਕ ਹਿੰਸਕ ਭੀੜਾਂ ਦਾ ਸ਼ਿਕਾਰ ਹੋਏ।ਅਜੋਕੇ ਭਾਰਤ ਦੇ ਸੰਦਰਭ ਵਿਚ ਟ੍ਰੌਲ ਮਾਫ਼ੀਆ (ਸੋਸ਼ਲ ਮੀਡੀਆ ਤੇ ਕਿਸੇ ਵਿਰੁੱਧ ਮੁਹਿੰਮ ਚਲਾਉਣ ਵਾਲੇ) ਵਲੋਂ ਫੈਲਾਈ ਜਾ ਰਹੀ ਫ਼ਿਰਕੂ ਦੁਰਭਾਵਨਾ ਤੇ ਫ਼ਿਰਕੂ ਜ਼ਹਿਰ ਤੋਂ ਬਚਣਾ ਅਤੀ ਜ਼ਰੂਰੀ ਹੈ, ਨਹੀਂ ਤਾਂ ਜਿਹੜੇ ਲੋਕ ਅੱਜ ਦੂਜਿਆਂ 'ਤੇ ਹੋ ਰਹੀ ਕਾਨੂੰਨੀ ਜਾਂ ਗ਼ੈਰ-ਕਾਨੂੰਨੀ ਹਿੰਸਾ ਤੋਂ ਖ਼ੁਸ਼ ਹੁੰਦੇ ਹਨ, ਉਨ੍ਹਾਂ ਦਾ ਹਸ਼ਰ ਵੀ ਉਹੀ ਹੋਏਗਾ। ਦੂਜੀ ਵਿਸ਼ਵ ਜੰਗ ਵਿਚ ਹੋਈ ਅੱਤ ਦੀ ਹਿੰਸਾ ਤੋਂ ਸਬਕ ਸਿੱਖਣ ਦੀ ਲੋੜ ਹੈ, ਜਿਸ ਵਿਚ ਹਿੰਸਾ ਕਰਨ ਵਾਲੇ ਤੇ ਜਿਨ੍ਹਾਂ ਉੱਪਰ ਹਿੰਸਾ ਕੀਤੀ ਗਈ ਦੋਵੇਂ ਹੀ ਹਿੰਸਾ ਦੀ ਅੱਗ ਵਿਚ ਝੁਲਸ ਗਏ। ਇਸ ਨਾਂਹ-ਪੱਖੀ ਹਾਲਾਤ ਵਿਚ ਪਰਿਵਰਤਨ ਲਿਆਉਣ ਲਈ ਅਤੇ ਅਮਨ ਤੇ ਸਦਭਾਵਨਾ ਦੀ ਮਜ਼ਬੂਤੀ ਲਈ ਜਨਤਕ ਅੰਦੋਲਨ ਉਭਾਰਨ ਦੀ ਲੋੜ ਹੈ। ਇਸ ਅੱਗ ਨੂੰ ਬੁਝਾਉਣ ਲਈ ਲੋਕਾਂ ਦੇ ਨਾਲ ਜੁੜੇ ਸਿਹਤ, ਸਿੱਖਿਆ, ਰੋਜ਼ਗਾਰ, ਆਰਥਿਕ ਤੇ ਸਮਾਜਿਕ ਨਿਆਂ ਆਦਿ ਵਰਗੇ ਮਸਲਿਆਂ ਤੇ ਅੰਦੋਲਨ ਕਰਨ ਦੀ ਲੋੜ ਹੈ, ਕਿਉਂਕਿ ਫ਼ਿਰਕੂ ਜ਼ਹਿਰ ਫੈਲਾਉਣ ਵਾਲੇ ਇਨ੍ਹਾਂ ਮਸਲਿਆਂ ਬਾਰੇ ਗੱਲ ਕਰਨ ਤੋਂ ਭੱਜਦੇ ਹਨ। ਇਨ੍ਹਾਂ ਤੋਂ ਇਲਾਵਾ ਸੰਵਿਧਾਨਕ ਸੰਸਥਾਵਾਂ ਜਿਵੇਂ ਕਿ ਪੁਲਿਸ ਜਾਂ ਨਿਆਂ ਪਾਲਿਕਾ ਦੀ ਦੁਰਵਰਤੋਂ ਨਾ ਹੋ ਸਕੇ, ਇਸ ਲਈ ਉਨ੍ਹਾਂ ਵਿਚ ਸੁਧਾਰਾਂ ਬਾਰੇ ਵੀ ਲੋਕ ਰਾਏ ਬਣਾਉਣ ਦੀ ਲੋੜ ਹੈ।
Comments (0)