ਦਸਤਾਰ ਸਜਾਉਣਾ ਸਿੱਖ ਧਰਮ ਦੀ ਮਰਿਆਦਾ

ਦਸਤਾਰ ਸਜਾਉਣਾ ਸਿੱਖ ਧਰਮ ਦੀ ਮਰਿਆਦਾ

ਸਿਖ ਸਭਿਆਚਾਰ         

ਬਹਾਦਰ ਸਿੰਘ ਗੋਸਲ

ਸਦੀਆਂ ਤੋਂ ਪੱਗ ਮਨੁੱਖ ਲਈ ਆਨ, ਸ਼ਾਨ, ਸਰਦਾਰੀ ਅਤੇ ਰੋਅਬ ਦੀ ਨਿਸ਼ਾਨੀ ਰਹੀ ਹੈ। ਪੁਰਾਣੇ ਸਮਿਆਂ ਵਿੱਚ ਸਿਆਣੇ ਲੋਕ ਪੱਗ ਬੰਨ੍ਹਣ ਵਿੱਚ ਆਪਣੀ ਠਾਠ ਸਮਝਦੇ ਸਨ। ਵੱਡੇ ਜਗੀਰਦਾਰ, ਜ਼ਿਮੀਂਦਾਰ ਜਾਂ ਚੌਧਰੀ ਪੱਗ ਨਾਲ ਆਪਣਾ ਰੁਤਬਾ ਵੱਡਾ ਹੋਇਆ ਮੰਨਦੇ ਸਨ। ਪੱਗਾਂ ਬੰਨ੍ਹਣ ਦੇ ਵੀ ਆਪਣੇ-ਆਪਣੇ ਅੰਦਾਜ਼ ਹੁੰਦੇ ਸਨ, ਕੋਈ ਕਿਸੇ ਤਰ੍ਹਾਂ ਦੀ ਪੱਗ ਬੰਨ੍ਹਦਾ ਸੀ ਅਤੇ ਕੋਈ ਕਿਸੇ ਹੋਰ ਤਰ੍ਹਾਂ ਦੀ। ਪੱਗ ਨਾਲ ਸਿਰ ਦੀ ਅਤੇ ਵਾਲਾਂ ਦੀ ਸੰਭਾਲ ਤਾਂ ਹੁੰਦੀ ਹੀ ਹੈ, ਪਰ ਪੱਗ ਬੰਨ੍ਹਣ ਵਾਲਾ ਵਿਅਕਤੀ ਆਪਣੇ ਆਪ ਨੂੰ ਰੋਅਬ ਵਾਲਾ ਵੀ ਮਹਿਸੂਸ ਕਰਦਾ ਹੈ। ਪਿਛਲੇ ਸਮਿਆਂ ਵਿੱਚ ਜਦੋਂ ਵੀ ਕਿਸੇ ਸਿਆਣੇ ਆਦਮੀ ਨੇ ਘਰ ਤੋਂ ਕਿਤੇ ਬਾਹਰ ਜਾਣਾ ਹੁੰਦਾ ਸੀ ਤਾਂ ਉਹ ਪੱਗ ਜ਼ਰੂਰ ਬੰਨ੍ਹ ਕੇ ਜਾਂਦਾ ਅਤੇ ਪਿੰਡਾਂ ਦੀਆਂ ਸੱਥਾਂ ਜਾਂ ਪੰਚਾਇਤਾਂ ਵਿੱਚ ਪੱਗ ਬੰਨ੍ਹ ਕੇ ਹੀ ਸਭ ਪਹੁੰਚਦੇ ਸਨ। ਇਨ੍ਹਾਂ ਵਿੱਚ ਨੰਗੇ ਸਿਰ ਜਾਣ ਨੂੰ ਬੁਰਾ ਮੰਨਿਆ ਜਾਂਦਾ। ਇਸ ਤਰ੍ਹਾਂ ਸਭ ਸਮਾਜਿਕ ਕਾਰਜਾਂ ਵਿੱਚ ਪੱਗ ਦੀ ਵਿਸ਼ੇਸ਼ ਮਹੱਤਤਾ ਹੁੰਦੀ ਸੀ ਅਤੇ ਮੌਜੂਦਾ ਸਮੇਂ ਵੀ ਹੈ। ਵਿਆਹਾਂ ਸਮੇਂ ਰੀਤੀ-ਰਿਵਾਜ ਵੀ ਨੰਗੇ ਸਿਰ ਵਾਲੇ ਨੂੰ ਕਰਨ ਦੀ ਮਨਾਹੀ ਹੁੰਦੀ ਸੀ।ਵਿਆਹਾਂ ਵਿੱਚ ਤਾਂ ਪੱਗਾਂ ਨੂੰ ਖ਼ਾਸ ਰੰਗਾਂ ਵਿੱਚ ਰੰਗਾ ਕੇ ਮਾਵਾ ਆਦਿ ਦੇ ਕੇ ਠਾਠ ਨਾਲ ਬੰਨ੍ਹਿਆ ਜਾਂਦਾ ਸੀ। ਇਹੀ ਕਾਰਨ ਸੀ ਕਿ ਪੱਗਾਂ ਰੰਗਣ ਅਤੇ ਮਾਵਾ ਦੇਣ ਵਾਲਿਆਂ ਦਾ ਇੱਕ ਨਵਾਂ ਧੰਦਾ ਵਿਕਸਤ ਹੋ ਗਿਆ। ਬਹੁਤ ਸਾਰੇ ਲਲਾਰੀ ਇਸ ਧੰਦੇ ਰਾਹੀਂ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਪਰਿਵਾਰਾਂ ਦਾ ਨਿਰਵਾਹ ਕਰਨ ਲੱਗੇ। ਲਲਾਰੀ ਦੇ ਕਿੱਤੇ ਨੂੰ ਚੰਗਾ ਕਮਾਈ ਵਾਲਾ ਅਤੇ ਮਾਣ ਵਾਲਾ ਸਮਝਿਆ ਜਾਣ ਲੱਗਾ। ਇੱਥੋਂ ਤੱਕ ਕਿ ਇਹ ਲਲਾਰੀ ਵੀ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਬਣ ਗਏ ਅਤੇ ਬਹੁਤ ਸਾਰਾ ਸਾਹਿਤ ਲਲਾਰੀਆਂ ਬਾਰੇ ਰਚਿਆ ਗਿਆ। ਸਿੱਖ ਸੰਗਤਾਂ ਵਿੱਚ ਤਾਂ ਪੱਗ ਨੂੰ ਦਸਤਾਰ ਦਾ ਨਾਂ ਦੇ ਕੇ ਬਹੁਤ ਸਤਿਕਾਰਿਆ ਜਾਂਦਾ ਹੈ ਅਤੇ ਦਸਤਾਰ ਸਜਾਉਣਾ ਸਿੱਖ ਧਰਮ ਦੀ ਮਰਿਆਦਾ ਬਣੀ ਹੋਈ ਹੈ।ਪੱਗ ਨੂੰ ਬੰਨ੍ਹਣ ਦੇ ਵੀ ਆਪਣੇ-ਆਪਣੇ ਅੰਦਾਜ਼, ਢੰਗ, ਤਰੀਕੇ ਜਾਂ ਸਟਾਇਲ ਹਨ, ਜਿੱਥੇ ਸਾਧਾਰਨ ਲੋਕ ਮੜ੍ਹਾਸੇ ਦੇ ਰੂਪ ਵਿੱਚ ਪੱਗ ਨੂੰ ਵੈਸੇ ਹੀ ਲਪੇਟ ਲੈਂਦੇ ਹਨ, ਉੱਥੇ ਪੜ੍ਹੇ ਲਿਖੇ ਨੌਜਵਾਨ ਤਾਂ ਬੜੀਆਂ ਪੋਚਵੀਆਂ ਪੱਗਾਂ ਬੰਨ੍ਹ ਕੇ ਹਰ ਇੱਕ ਦਾ ਦਿਲ ਜਿੱਤਣ ਦਾ ਯਤਨ ਕਰਦੇ ਹਨ। ਇਨ੍ਹਾਂ ਵਿੱਚ ਪਟਿਆਲਾ ਸ਼ਾਹੀ ਪੱਗ ਦੀ ਖ਼ੂਬ ਚਰਚਾ ਰਹਿੰਦੀ ਹੈ ਜਿਸ ਨੇ ਲੋਕ ਗੀਤਾਂ ਜਾਂ ਅਜੋਕੇ ਪੰਜਾਬੀ ਗੀਤਾਂ ਵਿੱਚ ਆਪਣੀ ਥਾਂ ਬਣਾ ਲਈ ਹੈ:

ਆ ਗਏ ਪੱਗਾਂ ਪੋਚਵੀਆਂ ਵਾਲੇ

ਰਹੀਂ ਬਚ ਕੇ ਨੀਂ ਰੰਗਲੇ ਦੁਪੱਟੇ ਵਾਲੀਏ।

ਪੁਰਾਣੇ ਸਮਿਆਂ ਵਿੱਚ ਉੱਚਾ ਟੋਹਰਾ ਛੱਡ ਕੇ ਜਾਂ ਲੰਬੇ ਲੜ ਛੱਡ ਕੇ ਪੱਗ ਬੰਨ੍ਹਣ ਦਾ ਰੁਝਾਨ ਸੀ। ਨਾਮਧਾਰੀਆਂ ਦੀ ਦਸਤਾਰ ਜਾਂ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੀਆਂ ਦਸਤਾਰਾਂ ਤਾਂ ਸੰਸਾਰ ਭਰ ਵਿੱਚ ਨਿਵੇਕਲੀਆਂ ਹੀ ਹਨ। ਭਾਪਾ ਸ਼ਾਹੀ ਚੀਰੇ ਵਾਲੀਆਂ ਪੱਗਾਂ ਦਾ ਰਿਵਾਜ ਵੀ ਬਹੁਤ ਪ੍ਰਚੱਲਿਤ ਰਿਹਾ। ਹਿੰਦੂ ਭਰਾਵਾਂ ਵਿੱਚ ਪਿੱਛੇ ਲੰਬਾ ਲੜ ਛੱਡ ਕੇ ਪੱਗ ਬੰਨ੍ਹਣ ਦਾ ਅੰਦਾਜ਼ ਤਾਂ ਅੱਜ ਵੀ ਚੱਲਦਾ ਹੈ। ਮੁਸਲਮਾਨ ਭਰਾਵਾਂ ਵਿੱਚ ਕੁੱਲੇ ਦੇ ਉੱਤੇ ਆਪਣੇ ਹੀ ਅੰਦਾਜ਼ ਵਿੱਚ ਪੱਗ ਬੰਨ੍ਹਣ ਦਾ ਰਿਵਾਜ ਪ੍ਰਚੱਲਿਤ ਹੈ। ਸਿੱਖ ਪਰਿਵਾਰਾਂ ਵਿੱਚ ਤਾਂ ਬੱਚੇ ਵੀ ਪੱਗਾਂ ਬੰਨ੍ਹਣ ਵਿੱਚ ਮਾਹਿਰ ਹੋ ਜਾਂਦੇ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਦਸਤਾਰ ਬੰਨ੍ਹਣ ਦੇ ਮੁਕਾਬਲੇ ਕਰਵਾ ਕੇ ਦਸਤਾਰ ਨੂੰ ਵਧੀਆ ਢੰਗ ਨਾਲ ਬੰਨ੍ਹਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਪੱਗਾਂ ਬੰਨ੍ਹਣ ਦੇ ਅੰਦਾਜ਼ ਦੇ ਨਾਲ-ਨਾਲ ਪੱਗਾਂ ਦੇ ਰੰਗ ਵੀ ਵੱਖ-ਵੱਖ ਦੇਖਣ ਨੂੰ ਮਿਲਦੇ ਹਨ। ਪੇੇਂਡੂ ਪੰਜਾਬੀ ਸੱਭਿਆਚਾਰ ਵਿੱਚ ਤਾਂ ਪੱਗਾਂ ਦੇ ਰੰਗਾਂ ਨੇ ਆਪਣੀ ਖ਼ਾਸ ਪਛਾਣ ਬਣਾਈ ਹੋਈ ਹੈ। ਗੁਲਾਬੀ ਰੰਗ ਦੀ ਪੱਗ ਵਿਸ਼ੇਸ਼ ਸਥਾਨ ਰੱਖਦੀ ਹੋਈ ਸ਼ਗਨਾਂ ਦਾ ਰੰਗ ਮੰਨਿਆ ਜਾਂਦਾ ਹੈ। ਵਿਆਹਾਂ ਵਿੱਚ ਲਾੜਿਆਂ ਨੂੰ ਖ਼ਾਸ ਕਰਕੇ ਗੁਲਾਬੀ ਪੱਗ ਹੀ ਬੰਨ੍ਹਣ ਨੂੰ ਦਿੱਤੀ ਜਾਂਦੀ ਹੈ। ਅੱਜ ਵੀ ਹਿੰਦੂ ਪਰਿਵਾਰਾਂ ਵਿੱਚ ਕਿਸੇ ਮੁੰਡੇ ਦੀ ਬਰਾਤ ਸਮੇਂ ਲਾੜੇ ਦੇ ਖ਼ਾਸ ਰਿਸ਼ਤੇਦਾਰ ਗੁਲਾਬੀ ਰੰਗਾਂ ਦੀਆਂ ਪੱਗਾਂ ਬੰਨ੍ਹ ਕੇ ਵਿਲੱਖਣ ਨਜ਼ਰ ਆਉਂਦੇ ਹਨ ਅਤੇ ਬਰਾਤ ਦੀ ਖਿੱਚ ਦਾ ਕਾਰਨ ਬਣਦੇ ਹਨ। ਉਂਝ ਵੀ ਨੌਜਵਾਨਾਂ ਦੇ ਸਿਰ ਬੰਨ੍ਹੀਆਂ ਗੁਲਾਬੀ ਪੱਗਾਂ ਉਨ੍ਹਾਂ ਦੇ ਪਹਿਰਾਵੇ ਨੂੰ ਚਾਰ ਚੰਨ ਲਾ ਦਿੰਦੀਆਂ ਹਨ। ਭਾਵੇਂ ਕਿਸੇ ਨੂੰ ਨਜ਼ਰ ਲੱਗਣ ਜਾਂ ਨਜ਼ਰ ਉਤਾਰਨ ਦੀਆਂ ਗੱਲਾਂ ਸਮਾਜ ਵਿੱਚ ਵਹਿਮ ਹੀ ਹਨ, ਪਰ ਕਿਸੇ ਨੌਜਵਾਨ ਨੂੰ ਗੁਲਾਬੀ ਪੱਗ ਤੋਂ ਰੋਕਦੀ ਹੋਈ ਕੋਈ ਮੁਟਿਆਰ ਕਹਿ ਬੈਠਦੀ ਹੈ:

ਗਨੇਰੀਆਂ, ਗਨੇਰੀਆਂ, ਗਨੇਰੀਆਂ

ਗੁਲਾਬੀ ਪੱਗ ਨਾ ਬੰਨ੍ਹ ਵੇ

ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ।

ਪਰ ਉਹ ਨੌਜਵਾਨ ਤਾਂ ਗੁਲਾਬੀ ਰੰਗ ਦਾ ਮਤਵਾਲਾ ਹੁੰਦਾ ਹੈ ਕਿਉਂਕਿ ਇਹ ਰੰਗ ਉਸ ਦੇ ਫੱਬਦਾ ਹੈ ਜੋ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਉਹ ਉਸ ਮੁਟਿਆਰ ਦੀ ਗੱਲ ਦਾ ਜੁਆਬ ਦਿੰਦਾ ਹੋਇਆ ਕਹਿੰਦਾ ਹੈ:

ਗਨੇਰੀਆਂ, ਗਨੇਰੀਆਂ, ਗਨੇਰੀਆਂ

ਨੀਂ ਗੁਲਾਬੀ ਪੱਗ ਬੰਨ੍ਹ ਲੈਣ ਦੇ

ਸਾਡੇ ਖੇਤਾਂ ਵਿੱਚ ਮਿਰਚਾਂ ਬਥੇਰੀਆਂ।

ਇਸੇ ਤਰ੍ਹਾਂ ਹੋਰ ਰੰਗਾਂ ਦੀਆਂ ਪੱਗਾਂ ਦੀ ਵੀ ਆਪਣੀ-ਆਪਣੀ ਟੌਹਰ ਹੁੰਦੀ ਹੈ ਜਿਸ ਤਰ੍ਹਾਂ ਪੇਂਡੂ ਖੇਤਰਾਂ ਵਿੱਚ ਤੋਤੇ ਰੰਗੀ ਪੱਗ ਦੀਆਂ ਖ਼ੂਬ ਧੁੰਮਾਂ ਪੈਂਦੀਆਂ ਸਨ ਅਤੇ ਇਹ ਸਤਰਾਂ ਆਮ ਪੰਜਾਬੀ ਦੇ ਬੁੱਲ੍ਹਾਂ ’ਤੇ ਹੁੰਦੀਆਂ ਸਨ:

ਕੁੜੀ ਲੈ ਗਿਆ ਸਰ੍ਹੋਂ ਦੇ ਫੁੱਲ ਵਰਗੀ

ਤੋਤੇ ਰੰਗੀ ਪੱਗ ਬੰਨ੍ਹ ਕੇ।

ਪੰਜਾਬੀ ਨੌਜਵਾਨ ਕਈ-ਕਈ ਰੰਗਾਂ ਦੀਆਂ ਪੱਗਾਂ ਰੱਖਦੇ ਹਨ। ਜਦੋਂ ਉਹ ਇਨ੍ਹਾਂ ਨੂੰ ਪੋਚਵੇ ਅੰਦਾਜ਼ ਵਿੱਚ ਬੰਨ੍ਹਦੇ ਹਨ ਤਾਂ ਹਰ ਇੱਕ ਦਾ ਮਨ ਮੋਹ ਲੈਂਦੇ ਹਨ ਤਾਂ ਹੀ ਇਹ ਗੀਤ ਬਹੁਤ ਮਸ਼ਹੂਰ ਹੋਇਆ:

ਨਾਭੀ ਪੱਗ ਤੇ ਬਾਸਕਟ ਕਾਲੀ

ਓਹ ਜੱਟਾ! ਤੈਨੂੰ ਬੜੀ ਸਜਦੀ।

ਪਿੰਡਾਂ ਵਿੱਚ ਆਮ ਲੋਕ ਬੜੇ ਹੀ ਸਾਧਾਰਨ, ਮੌਜੀ ਅਤੇ ਖੁਸ਼ਮਿਜਾਜ਼ ਹੁੰਦੇ ਸਨ, ਉਹ ਪੱਗ ਤਾਂ ਜ਼ਰੂਰ ਬੰਨ੍ਹਦੇ ਹਨ, ਪਰ ਆਪਣੀਆਂ ਟੇਢੀਆਂ ਪੱਗਾਂ ਦੀ ਵੀ ਕਦੇ ਪਰਵਾਹ ਨਹੀਂ ਕਰਦੇ, ਤਾਂ ਹੀ ਉਨ੍ਹਾਂ ਬਾਰੇ ਕਿਹਾ ਜਾਂਦਾ ਹੈ:

ਮਾਰ ਮੁੰਡਿਆਂ ਲਲਕਾਰਾ

ਟੇਢੀ ਪੱਗ ਵਾਲਿਆ।

ਪਿਛਲੇ ਸਮਿਆਂ ਵਿੱਚ ਬਹੁਤ ਛੋਟੀ ਉਮਰ ਦੇ ਬੱਚਿਆਂ ਦਾ ਵੀ ਵਿਆਹ ਕਰ ਦਿੰਦੇ ਸਨ। ਉਹ ਵਿਆਹ ਦੀਆਂ ਰਸਮਾਂ ਤਾਂ ਨਿਭਾ ਹੀ ਲੈਂਦੇ ਸਨ, ਪਰ ਉਨ੍ਹਾਂ ਲਈ ਜ਼ਿੰਦਗੀ ਵਿੱਚ ਸੰਭਲਣਾ ਅਜੇ ਬਾਕੀ ਹੁੰਦਾ ਸੀ ਤਾਂ ਹੀ ਤਾਂ ਇੱਕ ਨਵ-ਵਿਆਹੀ ਆਪਣੇ ਨਿੱਕੜੇ ਜਿਹੇ ਪਤੀ ਨੂੰ ਦੇਖ ਕੇ ਕਹਿ ਦਿੰਦੀ ਸੀ:

ਮਾਹੀ ਮੇਰਾ ਨਿੱਕਾ ਜਿਹਾ

ਉਹਨੂੰ ਪੱਗ ਬੰਨ੍ਹਣੀ ਨਾ ਆਵੇ।

ਅੱਜਕੱਲ੍ਹ ਤਾਂ ਸਿਆਸੀ ਲੋਕ ਵੀ ਉਨ੍ਹਾਂ ਦੀਆਂ ਪੱਗਾਂ ਦੇ ਰੰਗਾਂ ਕਰਕੇ ਜਾਣੇ ਜਾਂਦੇ ਹਨ। ਚਿੱਟੀ ਪੱਗ ਕਾਂਗਰਸੀਆਂ ਦੀ ਨਿਸ਼ਾਨੀ ਹੁੰਦੀ ਹੈ ਤਾਂ ਨੀਲੀ ਪੱਗ ਬੰਨ੍ਹੀ ਦੇਖ ਉਸ ਨੂੰ ਹਰ ਕੋਈ ਅਕਾਲੀ ਕਹਿੰਦਾ ਹੈ। ਨਵੀਂ ਪਾਰਟੀ ‘ਆਪ’ ਦੇ ਕਾਰਕੁਨਾਂ ਨੂੰ ਪੀਲੀਆਂ ਪੱਗਾਂ ਲਈ ਜਾਣਿਆ ਜਾਂਦਾ ਹੈ। ਪਰ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੇ ਹਰੇ ਰੰਗ ਦੀਆਂ ਪੱਗਾਂ ਨੂੰ ਬਹੁਤ ਉਤਸ਼ਾਹ ਦਿੱਤਾ ਹੈ। ਕਿਸਾਨ ਅੰਦੋਲਨ ਅਤੇ ਦਿੱਲੀ ਦੀਆਂ ਸਰਹੱਦਾਂ ’ਤੇ ਹਰੇ ਰੰਗ ਦੀਆਂ ਪੱਗਾਂ ਦੀ ਭਰਮਾਰ ਨਜ਼ਰ ਆਉਂਦੀ ਹੈ। ਕਹਿਣ ਦਾ ਭਾਵ ਕਿ ਪੱਗ ਦਾ ਰੰਗ ਵੀ ਕਿਸੇ ਬੰਨ੍ਹਣ ਵਾਲੇ ਦੀ ਵਿਚਾਰਧਾਰਾ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ।ਕਿਸੇ ਵੀ ਅੰਦੋਲਨ ਜਾਂ ਜੁਝਾਰੂ ਮੈਦਾਨ ਵਿੱਚ ਪੱਗ ਦਾ ਅਹਿਮ ਰੋਲ ਹੁੰਦਾ ਹੈ। ਇੱਥੋਂ ਤੱਕ ਕੇ ਦੇਸ਼ ਦੀ ਆਜ਼ਾਦੀ ਲਈ ਇਸ ਪੱਗ ਨੇ ਉਹ ਰੋਲ ਅਦਾ ਕੀਤਾ ਕਿ ਸੰਸਾਰ ਦੀ ਮਹਾਨ ਸ਼ਕਤੀ ਕਹੇ ਜਾਣ ਵਾਲੇ ਅੰਗਰੇਜ਼ਾਂ ਨੂੰ ਪੱਗ ਦੀ ਵੰਗਾਰ ਦਾ ਟਾਕਰਾ ਕਰਨਾ ਮੁਸ਼ਕਿਲ ਹੋ ਗਿਆ ਸੀ। ਦੇਸ਼ ਦੀ ਆਜ਼ਾਦੀ ਲਈ ਪੱਗ ਦਾ ਗੀਤ ਬੜਾ ਮਸ਼ਹੂਰ ਹੋਇਆ:

ਪੱਗੜੀ ਸੰਭਾਲ ਜੱਟਾ

ਪੱਗੜੀ ਸੰਭਾਲ ਓਏ

ਇਸ ਗੀਤ ਨੇ ਸਾਰੇ ਦੇਸ਼ ਨੂੰ ਇਸ ਤਰ੍ਹਾਂ ਜਾਗਰੂਕ ਕੀਤਾ ਕਿ ਦੇਸ਼ ਦਾ ਹਰ ਬੱਚਾ-ਬੁੱਢਾ, ਕਿਸਾਨ-ਕਿਰਤੀ ਦੇਸ਼ ਦੀ ਆਜ਼ਾਦੀ ਦੀ ਜੰਗ ਵਿੱਚ ਕੁੱਦ ਪਿਆ ਅਤੇ ਅੰਗਰੇਜ਼ਾਂ ਨੂੰ ਹਾਰ ਮੰਨਣੀ ਪਈ ਅਤੇ ਸਾਡਾ ਦੇਸ਼ ਆਜ਼ਾਦ ਹੋ ਗਿਆ।ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿੱਥੇ ਇਸ ਪੱਗ ਨੇ ਪੰਜਾਬੀ ਸੱਭਿਆਚਾਰ ਨੂੰ ਰੰਗੀਨ ਬਣਾਇਆ ਹੈ, ਉੱਥੇ ਹੀ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ। ਇਸ ਦੇ ਨਾਲ-ਨਾਲ ਮਨੁੱਖ ਦੇ ਬਚਪਨ ਵਿੱਚ ਦਸਤਾਰ ਬੰਦੀ ਤੋਂ ਲੈ ਕੇ ਮਰਨ ਉਪਰੰਤ ਪਗੜੀ ਦੀ ਰਸਮ ਤੱਕ ਪੱਗ ਮਨੁੱਖ ਦੇ ਜੀਵਨ ਸੇਧ ਦੀ ਪ੍ਰਤੀਕ ਬਣੀ ਰਹੀ ਹੈ। ਦੂਜੇ ਪਾਸੇ ਸਨਮਾਨ ਦਾ ਚਿੰਨ੍ਹ ਬਣਕੇ ਹੁਣ ਇਹ ਪੱਗ ਸਿਆਸੀ ਅਖਾੜਿਆਂ ਵਿੱਚ ਵੀ ਆਪਣੇ ਰੰਗ ਦਿਖਾਉਣ ਲੱਗੀ ਹੈ।