ਖਾਲਸਾ ਕਾਲਜ ਵਿੱਚ ਡੀਯੂਐਸਯੂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਪਵਿਤ ਸਿੰਘ ਨਾਲ ਕੁੱਟਮਾਰ, ਓਸ ਦੀ ਪੱਗ ਉਤਾਰੀ 

ਖਾਲਸਾ ਕਾਲਜ ਵਿੱਚ ਡੀਯੂਐਸਯੂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਪਵਿਤ ਸਿੰਘ ਨਾਲ ਕੁੱਟਮਾਰ, ਓਸ ਦੀ ਪੱਗ ਉਤਾਰੀ 

ਬੀਬੀ ਰਣਜੀਤ ਕੌਰ ਵਲੋਂ ਲਗਾਏ ਗਏ ਧਰਨੇ ਉਪਰੰਤ ਐਫਆਈਆਰ ਹੋਈ ਦਰਜ਼ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 23 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਐਤਵਾਰ ਨੂੰ ਖਾਲਸਾ ਕਾਲਜ ਵਿੱਚ ਡੀਯੂਐਸਯੂ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਇਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਪਵਿਤ ਸਿੰਘ ਨਾਲ ਕੁੱਟਮਾਰ ਕਰਣ ਨਾਲ ਓਸ ਦੀ ਪੱਗ ਉਤਾਰ ਦਿੱਤੀ ਗਈ, ਤੇ ਓਸ ਨੂੰ ਕੇਸਾਂ ਤੋਂ ਫੜ ਖਿੱਚ ਧੂਹ ਕੀਤੀ ਗਈ । ਇਸ ਵਾਕਿਆਤ ਦੀ ਵੀਡੀਓ ਵਾਇਰਲ ਹੋਣ ਨਾਲ ਸਿੱਖ ਪੰਥ ਧਾਰਮਿਕ ਭਾਵਨਾਵਾਂ ਨੂੰ ਵਡੀ ਠੇਸ ਪੁੱਜੀ। ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਸ ਦੇ ਵਾਲ ਖਿੱਚੇ ਗਏ ਅਤੇ ਉਸ ਨੂੰ ਕੁੱਟਿਆ ਗਿਆ। ਇਸ ਘਟਨਾ ਨਾਲ ਕਾਲਜ ਵਿੱਚ ਤਣਾਅ ਦਾ ਮਾਹੌਲ ਬਣ ਗਿਆ ।
ਮਾਮਲੇ ਦਾ ਪਤਾ ਲਗਦੇ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਤੁਰੰਤ ਕਾਲਜ ਪੁੱਜ ਗਏ ਤੇ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਮੌਰੀਸ ਨਗਰ ਥਾਣੇ ਵਿੱਚ ਐਫਆਈਆਰ ਦਰਜ ਕਰਵਾਉਣ ਲਈ ਜਦੋ ਜਹਿਦ ਸ਼ੁਰੂ ਕਰ ਦਿੱਤੀ । ਠਾਣੇ ਬਾਹਰ ਵਡੀ ਗਿਣਤੀ ਅੰਦਰ ਸੰਗਤਾਂ ਦੇ ਕੀਤੇ ਗਏ ਇਕੱਠ ਅਤੇ ਧਰਨੇ ਨੂੰ ਦੇਖਦਿਆਂ ਮੋਰੀਸ ਨਗਰ ਠਾਣੇ ਵਲੋਂ ਐਫ ਆਈ ਆਰ ਦਰਜ਼ ਕੀਤੀ ਗਈ ਜਿਸ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਗੰਭੀਰ ਦੋਸ਼ ਲਾਏ ਗਏ ਹਨ।  ਐਫਆਈਆਰ ਵਿੱਚ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਕੰਮ), 115 (2) (ਸਵੈ-ਇੱਛਾ ਨਾਲ ਠੇਸ ਪਹੁੰਚਾਉਣਾ), ਅਤੇ 351 (2) (ਅਪਰਾਧਿਕ ਧਮਕੀ) ਸ਼ਾਮਲ ਹਨ। ਬੀਬੀ ਰਣਜੀਤ ਕੌਰ ਨੇ ਦਿੱਲੀ ਕਮੇਟੀ ਦੇ ਆਗੂਆਂ ਤੇ ਦੋਸ਼ ਲਗਾਏ ਹਨ ਕਿ ਓਹ ਸਿੱਖ ਪੰਥ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਹਨ ਤੇ ਜਦੋ ਵੀ ਪੰਥ ਨਾਲ ਕੋਈ ਭਾਣਾ ਵਾਪਰਦਾ ਹੈ ਇਹ ਲੋਕ ਮੌਕੇ ਤੇ ਨਜਰ ਨਹੀਂ ਆਂਦੇ ਹਨ, ਮਸਲਾ ਹੱਲ ਹੋਣ ਉਪਰੰਤ ਵਾਹ ਵਾਹ ਖੱਟਣ ਲਈ ਇਕ ਦੋ ਦਿਨਾਂ ਬਾਅਦ ਅਖਬਾਰੀ ਬਿਆਨ ਜਰੂਰ ਲਗਾ ਦੇਂਦੇ ਹਨ । 
ਜਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਅਧੀਨ ਚਲਦੇ ਕਾਲਜਾਂ ਨੂੰ ਡੀਯੂਐਸਯੂ ਤੋਂ ਵੱਖ ਕਰ ਲਿਆ ਹੈ ਜਿਸਦਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਅਤੇ ਕਾਂਗਰਸ ਦੀ ਨੈਸ਼ਨਲ ਸਟੂਡੈਂਟਸ ਯੂਨੀਅਨ (ਐਨਐਸਯੂਆਈ) ਦੇ ਵਿਦਿਆਰਥੀ ਇਸ ਫੈਸਲੇ ਵਿਰੁੱਧ ਆਪਣਾ ਇਤਰਾਜ਼ ਪ੍ਰਗਟ ਕਰ ਰਹੇ ਹਨ। ਏਬੀਵੀਪੀ ਨੇ ਇਸ ਮੁੱਦੇ 'ਤੇ ਦਿੱਲੀ ਦੀ ਇੱਕ ਅਦਾਲਤ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਡੀਐਸਜੀਐਮਸੀ ਕਾਲਜਾਂ ਨੂੰ ਡੀਯੂਐਸਯੂ ਤੋਂ ਵੱਖ ਕਰਨ ਨੂੰ ਚੁਣੌਤੀ ਦਿੱਤੀ ਗਈ ਹੈ।
ਦੋਸ਼ੀਆਂ ਵਿਰੁੱਧ ਐਫਆਈਆਰ ਕਰਵਾਉਣ ਲਈ ਲਗੇ ਧਰਨੇ ਵਿਚ ਬੀਬੀ ਰਣਜੀਤ ਕੌਰ ਦੇ ਨਾਲ ਰਮਨਦੀਪ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਰਿੰਟਾ, ਅਵਤਾਰ ਸਿੰਘ ਮਾਕਨ ਸਮੇਤ ਵਡੀ ਗਿਣਤੀ ਅੰਦਰ ਸਿੱਖ ਸੰਗਤਾਂ ਦੇ ਨਾਲ ਕਾਲਜ ਦੇ ਵਿਦਿਆਰਥੀ ਵੀ ਸ਼ਾਮਿਲ ਸਨ ।