ਸਿੱਖਾਂ-ਹਿੰਦੂਆਂ ਤੋ ਸੱਖਣਾ ਹੁੰਦਾ ਜਾ ਰਿਹਾ ਹੈ ਅਫ਼ਗਾਨਿਸਤਾਨ

ਸਿੱਖਾਂ-ਹਿੰਦੂਆਂ ਤੋ ਸੱਖਣਾ ਹੁੰਦਾ ਜਾ ਰਿਹਾ ਹੈ ਅਫ਼ਗਾਨਿਸਤਾਨ

ਅਫ਼ਗਾਨਿਸਤਾਨ ਦਾ ‘ਈਕੋਸਿਸਟਮ’ ਸਦੀਆਂ ਤੋਂ ਸਰਾਪਿਆ ਹੋਇਆ ਹੈ, 

ਅਫ਼ਗਾਨਿਸਤਾਨ ’ਚ ਬਚੇ-ਖੁਚੇ ਹਿੰਦੂਆਂ ਅਤੇ ਸਿੱਖਾਂ ਦੇ ਭਾਰਤ ਆਉਣ ਦਾ ਸਿਲਸਿਲਾ ਕਾਇਮ ਹੈ। ਬੀਤੇ ਦਿਨ 55 ਅਫ਼ਗਾਨ ਸਿੱਖ ਅਤੇ ਹਿੰਦੂ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਪਰਤ ਆਏ। ਹੁਣ ਉੱਥੇ 50 ਤੋਂ ਵੀ ਘੱਟ ਹਿੰਦੂ-ਸਿੱਖ ਬਚੇ ਹਨ। ਇਸ ਦੇ ਨਾਲ ਹੀ ਸ਼ੁਰੂ ਤੋਂ ਲੈ ਕੇ ਸਿਖ ਸਭਿਆਚਾਰ ਦਾ ਵਿਸ਼ੇਸ਼ ਅੰਗ ਅਫ਼ਗਾਨਿਸਤਾਨ ਆਪਣੇ ਮੂਲ ਵਾਸੀਆਂ ਹਿੰਦੂ, ਸਿੱਖ, ਬੋਧੀਆਂ ਤੋਂ ਸੌ ਫ਼ੀਸਦੀ ਮੁਕਤ ਹੋਣ ਵਾਲਾ ਹੈ। ਉੱਥੋਂ ਹਿੰਦੂਆਂ-ਸਿੱਖਾਂ ਦੀ ਹਿਜਰਤ ਕੋਈ ਪਹਿਲੀ ਵਾਰ ਨਹੀਂ ਹੋਈ। 

ਚਾਰ-ਪੰਜ ਦਹਾਕੇ ਪਹਿਲਾਂ ਇੱਥੇ ਜਿਨ੍ਹਾਂ ਅਫ਼ਗਾਨ ਹਿੰਦੂ-ਸਿੱਖਾਂ ਦੀ ਗਿਣਤੀ ਦੀ ਗਿਣਤੀ ਲੱਖਾਂ ’ਵਿਚ ਸੀ, ਉਨ੍ਹਾਂ ਦੀ ਗਿਣਤੀ ਗ੍ਰਹਿ ਯੁੱਧ, ਸ਼ਰੀਅਤ ਲਾਗੂ ਹੋਣ ਅਤੇ ਤਾਲਿਬਾਨੀ ਜਿਹਾਦ ਤੋਂ ਬਾਅਦ ਲਗਾਤਾਰ ਘੱਟਦੀ ਹੋਈ ਬਿਲਕੁਲ ਹੀ ਘੱਟ ਗਈ ਹੈ। 11 ਸਤੰਬਰ ਨੂੰ ਤਾਲਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪਾਂ ਨੂੰ ‘ਅਫ਼ਗਾਨਿਸਤਾਨੀ ਵਿਰਾਸਤ’ ਦਾ ਅੰਗ ਦੱਸ ਕੇ ਦੇਸ਼ ਤੋਂ ਬਾਹਰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਤਾਲਿਬਾਨ ਦੇ ਅਫ਼ਗਾਨਿਸਤਾਨ ’ਵਿਚ ਫਿਰ ਤੋਂ ਕਾਬਜ਼ ਹੋਣ ਅਤੇ ਗੁਰਦੁਆਰਿਆਂ ’ਤੇ ਹਮਲਿਆਂ ਤੋਂ ਬਾਅਦ ਭਾਰਤ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ ਸਾਲ ਅਗਸਤ ਅਤੇ ਦਸੰਬਰ ’ਵਿਚ ਦੋ ਜਥਿਆਂ ’ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੇ ਸਰੂਪਾਂ ਨੂੰ ਸਿੱਖ ਮਰਿਆਦਾ ਨਾਲ ਭਾਰਤ ਲਿਆਂਦਾ ਗਿਆ ਸੀ ਪਰ ਤਾਲਿਬਾਨ ਅਚਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪਾਂ ਨੂੰ ‘ਅਫ਼ਗਾਨਿਸਤਾਨੀ ਵਿਰਾਸਤ’ ਕਿਉਂ ਦੱਸਣ ਲੱਗਿਆ? ਕੀ ਉਸ ਦਾ ਹਿਰਦਾ ਪਰਿਵਰਤਨ ਹੋ ਰਿਹਾ ਹੈ? ਜਿਸ ਚਿੰਤਨ ਦੇ ਗਰਭ ’ਵਿਚੋਂ ਤਾਲਿਬਾਨ ਦਾ ਜਨਮ ਹੋਇਆ ਸੀ, ਜਿਸ ਮਜ਼ਹਬੀ ਧਾਰਨਾ ਨਾਲ ਅਫ਼ਗਾਨਿਸਤਾਨ ਦਾ ‘ਈਕੋਸਿਸਟਮ’ ਸਦੀਆਂ ਤੋਂ ਸਰਾਪਿਆ ਹੋਇਆ ਹੈ, ਕੀ ਉਸ ’ਵਿਚ ਗ਼ੈਰ-ਇਸਲਾਮੀ ਪੰਥ-ਮਜ਼ਹਬਾਂ ਨਾਲ ਸਹਿ-ਹੋਂਦ ਸੰਭਵ ਹੈ?

ਤਾਲਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ‘ਅਫ਼ਗਾਨਿਸਤਾਨੀ ਵਿਰਾਸਤ’ ਨਾਲ ਸਬੰਧਤ ਜੋ ਤਰਕ ਦਿੱਤਾ, ਉਹ ਉਸ ਦੇ ਵਿਚਾਰਕ ਸਿਧਾਂਤਾਂ ਦੇ ਉਲਟ ਹੈ। ‘ਕਾਫ਼ਿਰ-ਕੁਫ਼ਰ’ ਧਾਰਨਾ ਤੋਂ ਪ੍ਰੇਰਿਤ ਤਾਲਿਬਾਨ ਦਾ ਜਨਮ ਪਾਕਿਸਤਾਨ ਦੇ ਮਦਰੱਸਿਆਂ ਵਿਚ ਹੋਇਆ, ਜਿਨ੍ਹਾਂ ਦਾ ਵਿੱਤੀ ਪੋਸ਼ਣ ਕਈ ਸਾਲਾਂ ਤਕ ਸਾਊਦੀ ਅਰਬ ਵੱਲੋਂ ਹੁੰਦਾ ਰਿਹਾ।ਜੇ ਤਾਲਿਬਾਨ ਨੂੰ ਵਾਕਈ ‘ਅਫ਼ਗਾਨ ਵਿਰਾਸਤ’ ਦੀ ਚਿੰਤਾ ਹੁੰਦੀ ਤਾਂ ਉਸ ਦੇ ਲੜਾਕੇ ਮਾਰਚ 2001 ’ਚ ਬਾਮਿਆਨ ’ਚ ਵਿਸ਼ਾਲ ਬੁੱਧ ਦੀਆਂ ਮੂਰਤੀਆਂ ਨੂੰ ਬੰਬ ਨਾਲ ਕਿਉਂ ਉਡਾਉਂਦੇ? ਕਿਉਂਕਿ ਗੁਰੂ ਗਰੰਥ ਸਾਹਿਬ ਦਾ ਫਲਸਫਾ ਵੰਨ ਸਵੰਨਤਾ ਤੇ ਸਰਫਤ ਦੇ ਭਲੇ ਨੂੰ ਮਾਨਤਾ ਦਿੰਦਾ ਹੈ।

ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 16ਵੀਂ ਸਦੀ ’ਵਿਚ ਜਿਨ੍ਹਾਂ ਥਾਵਾਂ ਦਾ ਦੌਰਾ ਕਰ ਕੇ ਉਪਦੇਸ਼ ਦਿੱਤਾ, ਉਸ ’ਵਿਚ ਮੌਜੂਦਾ ਅਫ਼ਗਾਨਿਸਤਾਨ ਵੀ ਸੀ। ਇਨ੍ਹਾਂ ਯਾਤਰਾਵਾਂ ਨੂੰ ਸਿੱਖ ਰਵਾਇਤ ’ਵਿਚ ‘ਉਦਾਸੀਆਂ’ ਕਿਹਾ ਜਾਂਦਾ ਹੈ। ਇਸੇ ਲਈ ਅਫ਼ਗਾਨਿਸਤਾਨ ਸਿੱਖਾਂ ਲਈ ਪਵਿੱਤਰ ਹੈ ਪਰ ਸਮੇਂ-ਸਮੇਂ ’ਤੇ ਹਿੰਦੂ, ਬੋਧੀ, ਸਿੱਖ ਸ਼ਰਧਾਲੂਆਂ ’ਤੇ ਮਜ਼ਹਬੀ ਹਮਲਿਆਂ ਦਾ ਸ਼ਿਕਾਰ ਹੋਣ ਤੋਂ ਬਾਅਦ ਅੱਜ ਸਥਿਤੀ ਇਹ ਹੈ ਕਿ ਇਨ੍ਹਾਂ ਦਾ ਨਾਂ ਲੈਣ ਵਾਲਾ ਵੀ ਕੋਈ ਨਹੀਂ ਦਿਸਦਾ।

ਤਾਲਿਬਾਨ ਇਸ ਕਾਰਨ ਆਪਣਾ ਅਕਸ ਸੁਧਾਰਨਾ ਚਾਹੁੰਦਾ ਹੈ ਕਿਉਂਕਿ ਅਫ਼ਗਾਨਿਸਤਾਨ ਨੂੰ ਵਿਕਾਸ ਦੇ ਨਾਂ ’ਤੇ ਹੋਰ ਦੇਸ਼ਾਂ ਤੋਂ ਮਿਲ ਰਹੀ ਆਰਥਿਕ ਸਹਾਇਤਾ ਰੁਕ ਗਈ ਹੈ। ਇਸ ਨਾਲ ਉਹ ਸਮਾਜਿਕ, ਆਰਥਿਕ ਅਤੇ ਮਾਨਵੀ ਤੌਰ ’ਤੇ ਤਬਾਹ ਹੋ ਚੁੱਕਿਆ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਇੱਥੇ 60 ਲੱਖ ਲੋਕ ਭੁੱਖਮਰੀ ਦੇ ਸ਼ਿਕਾਰ ਹਨ ਤੇ ਦੋ ਕਰੋੜ 90 ਲੱਖ ਲੋਕਾਂ ਨੂੰ ਮਨੁੱਖੀ ਸਹਾਇਤਾ ਦੀ ਜ਼ਰੂਰਤ ਹੈ। ਇਸ ਸਭ ਨਾਲ ਨਜਿੱਠਣ ਲਈ ਅਫ਼ਗਾਨਿਸਤਾਨ ਨੂੰ ਲੱਖਾਂ ਡਾਲਰ ਚਾਹੀਦੇ ਹਨ।

ਸੰਯੁਕਤ ਰਾਸ਼ਟਰ ਦਫ਼ਤਰ ’ਵਿਚ ਮਨੁੱਖੀ ਮਾਮਲਿਆਂ ਦੇ ਤਾਲਮੇਲ ਵਿਭਾਗ ਦੇ ਮੁਖੀ ਨੇ ਵੀ ਕੁਝ ਸਮਾਂ ਪਹਿਲਾਂ ਸੁਰੱਖਿਆ ਪ੍ਰੀਸ਼ਦ ’ਵਿਚ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਅਫ਼ਗਾਨਿਸਤਾਨ ਦਾ ਵਿੱਤੀ ਪੋਸ਼ਣ ਫਿਰ ਤੋਂ ਸ਼ੁਰੂ ਕੀਤਾ ਜਾਵੇ। ਤਾਲਿਬਾਨੀਆਂ ਦੇ ਕਾਬਜ਼ ਹੋਣ ਨਾਲ ਉੱਥੇ ਕੀ ਸਿੱਖ, ਕੀ ਹਿੰਦੂ ਤੇ ਕੀ ਬੋਧੀ, ਸਭ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਿਆਂ ਹਿਜਰਤ ਕਰ ਰਹੇ ਹਨ, ਜੋ ਲੰਬੇ ਸਮੇਂ ਤਕ ਅਫ਼ਗਾਨਿਸਤਾਨ ਦੀ ਤਹਿਜ਼ੀਬ ਦਾ ਅਹਿਮ ਹਿੱਸਾ ਰਹੇ ਹਨ। ਜੋ ਮਾਮੂਲੀ ਗਿਣਤੀ ਇੱਥੇ ਰਹਿ ਗਈ ਹੈ, ਇਨ੍ਹਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇ।