ਐਲਨ ਮਸਕ ਦੀ ਕੰਪਨੀ ‘ਸਪੇਸਐਕਸ’ ਨੇ ਪੁਲਾੜ ਖੋਜ ਦੇ ਖੇਤਰ ਵਿੱਚ ਨਵਾਂ ਇਤਿਹਾਸ ਸਿਰਜਿਆ

ਐਲਨ ਮਸਕ ਦੀ ਕੰਪਨੀ ‘ਸਪੇਸਐਕਸ’ ਨੇ ਪੁਲਾੜ ਖੋਜ ਦੇ ਖੇਤਰ ਵਿੱਚ ਨਵਾਂ ਇਤਿਹਾਸ ਸਿਰਜਿਆ

ਵਾਸ਼ਿੰਗਟਨ/ਟੈਕਸਾਸ/ਏ.ਟੀ.ਨਿਊਜ਼ : ਪੁਲਾੜ ਖੋਜ ਦੇ ਖੇਤਰ ਵਿੱਚ ਨਵਾਂ ਇਤਿਹਾਸ ਸਿਰਜਦਿਆਂ ਐਲਨ ਮਸਕ ਦੀ ਕੰਪਨੀ ‘ਸਪੇਸਐਕਸ’ ਨੇ ਲੰਘੇ ਦਿਨੀਂ ਆਪਣੇ ਵਿਸ਼ਾਲ ‘ਸਟਾਰਸ਼ਿਪ’ ਪੁਲਾੜ ਯਾਨ ਨੂੰ ਔਰਬਿਟ ਤੋਂ ਵਾਪਸ ਧਰਤੀ ’ਤੇ ਲਿਆ ਕੇ ਲਾਂਚ ਟਾਵਰ ‘ਮੇਕਾਜ਼ਿਲਾ’  ਦੀਆਂ ਮਸ਼ੀਨੀ ਬਾਹਾਂ ਵਿੱਚ ਸਿੱਧਾ ਅਤੇ ਸੁਰੱਖਿਅਤ ਫੜਨ ਦਾ ਅਦਭੁੱਤ ਕਾਰਨਾਮਾ ਕਰ ਦਿਖਾਇਆ ਹੈ। ਇਹ ਪੁਲਾੜ ਇਤਿਹਾਸ ਵਿੱਚ ਪਹਿਲਾ ਮੌਕਾ ਹੈ ਜਦੋਂ ਕਿਸੇ ਔਰਬਿਟਲ ਰਾਕੇਟ ਦਾ ਉੱਪਰਲਾ ਹਿੱਸਾ ਪੁਲਾੜ ਤੋਂ ਵਾਪਸ ਪਰਤ ਕੇ ਲਾਂਚ ਸਾਈਟ ’ਤੇ ਸਿੱਧਾ ਉੱਤਰਿਆ ਹੈ, ਜੋ ਭਵਿੱਖ ਵਿੱਚ ਰਾਕੇਟਾਂ ਦੀ ਮੁੜ ਵਰਤੋਂ ਦੀ ਦਿਸ਼ਾ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।
ਇਸ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਐਲਨ ਮਸਕ ਨੇ ਐਕਸ ’ਤੇ ਇੰਜੀਨੀਅਰਾਂ ਅਤੇ ਟੀਮ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਵਿਗਿਆਨਕ ਕਲਪਨਾ ਵਰਗੇ ਦ੍ਰਿਸ਼ ਨੂੰ ਹਕੀਕਤ ਵਿੱਚ ਬਦਲ ਦਿੱਤਾ। ਨਾਸਾ ਦੇ ਪ੍ਰਸ਼ਾਸਕ ਜੈਰੇਡ ਆਈਜ਼ੈਕਮੈਨ ਨੇ ਵੀ ਇਸ ਨੂੰ ਜਾਦੂਈ ਪਲ ਦੱਸਦਿਆਂ ਕਿਹਾ ਕਿ ਇਹ ਸਫ਼ਲਤਾ ਮਨੁੱਖ ਨੂੰ ਚੰਦਰਮਾ ਦੇ ਮਿਸ਼ਨ ਦੇ ਹੋਰ ਨੇੜੇ ਲੈ ਗਈ ਹੈ।
ਸਪੇਸਐਕਸ ਅਨੁਸਾਰ, ਸਟਾਰਸ਼ਿਪ ਨੇ ਆਪਣੀ 15ਵੀਂ ਉਡਾਣ ਲਈ ਪਿਛਲੇ ਦਿਨੀਂ ਟੈਕਸਾਸ ਸਥਿਤ ‘ਸਟਾਰਬੇਸ’ ਤੋਂ ਉਡਾਣ ਭਰੀ ਸੀ। ‘ਸੁਪਰ ਹੈਵੀ ਬੂਸਟਰ’ ਤੋਂ ਵੱਖ ਹੋਣ ਮਗਰੋਂ ਸਟਾਰਸ਼ਿਪ ਨੇ ਔਰਬਿਟ ਵਿੱਚ ਪਹੁੰਚ ਕੇ 26 ਸਟਾਰਲਿੰਕ  ਸੈਟੇਲਾਈਟ ਸਥਾਪਤ ਕੀਤੇ। ਹਾਲਾਂਕਿ, ਵਾਪਸੀ ਸਮੇਂ ਈਂਧਨ ਘੱਟ ਹੋਣ ਕਾਰਨ ਬੂਸਟਰ ਨੂੰ ਸੁਰੱਖਿਆ ਵਜੋਂ ਸਮੁੰਦਰ ਵੱਲ ਮੋੜ ਕੇ ਨਸ਼ਟ ਕਰਨਾ ਪਿਆ, ਪਰ ਸਟਾਰਸ਼ਿਪ 20 ਘੰਟਿਆਂ ਤੋਂ ਵੱਧ ਸਮਾਂ ਪੁਲਾੜ ਵਿੱਚ ਰਹਿਣ ਤੋਂ ਬਾਅਦ ਲਗਭਗ 22.5 ਘੰਟਿਆਂ ਮਗਰੋਂ ਵਾਪਸ ਟੈਕਸਾਸ ਪਰਤ ਆਇਆ। ਬੱਦਲਾਂ ਵਿੱਚੋਂ ਨਿਕਲਣ ਮਗਰੋਂ ਤਿੰਨ ਰੈਪਟਰ ਇੰਜਣਾਂ ਦੀ ਮਦਦ ਨਾਲ ਯਾਨ ਦੀ ਗਤੀ ਹੌਲੀ ਕਰਕੇ ਇਸ ਨੂੰ ਮੇਕਾਜ਼ਿਲਾ ਦੀਆਂ ਮਸ਼ੀਨੀ ਬਾਹਾਂ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ। ਜ਼ਿਕਰਯੋਗ ਹੈ ਕਿ ਆਮ ਮਿਸ਼ਨਾਂ ਵਿੱਚ ਰਾਕੇਟ ਦੇ ਉੱਪਰਲੇ ਹਿੱਸੇ ਨੂੰ ਨਸ਼ਟ ਹੋਣ ਲਈ ਛੱਡ ਦਿੱਤਾ ਜਾਂਦਾ ਹੈ, ਪਰ ਇਹ ਸਫ਼ਲਤਾ ਮਹਿੰਗੇ ਪੁਲਾੜੀ ਉਪਕਰਨਾਂ ਦੀ ਬਰਬਾਦੀ ਰੋਕਣ ਅਤੇ ਪੁਲਾੜ ਯਾਤਰਾ ਨੂੰ ਸਸਤਾ ਬਣਾਉਣ ਵੱਲ ਵੱਡਾ ਮੀਲ ਪੱਥਰ ਸਾਬਤ ਹੋਵੇਗੀ।