ਆਸਟ੍ਰੇਲੀਆ ਦੀ ਸੰਸਦ ਭਵਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਆਸਟ੍ਰੇਲੀਆ ਦੀ ਸੰਸਦ ਭਵਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਪਰਥ (ਆਸਟ੍ਰੇਲੀਆ)/ਏ.ਟੀ.ਨਿਊਜ਼: ਆਸਟ੍ਰੇਲੀਆ ਦੀ ਕਿਸੇ ਵੀ ਸੰਸਦ ਵਿੱਚ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਸਿਰਜਣ ਤੋਂ ਬਾਅਦ, ਪੰਜਾਬ ਦੇ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੀ ਜੰਮਪਲ ਡਾ. ਪਰਵਿੰਦਰ ਕੌਰ ਨੇ ਹੁਣ ਪੱਛਮੀ ਆਸਟ੍ਰੇਲੀਆ ਦੀ ਸੰਸਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਰਾਬਰੀ, ਸਾਂਝੀਵਾਲਤਾ ਅਤੇ ਲੰਗਰ ਦੇ ਫ਼ਲਸਫ਼ੇ ਦਾ ਪ੍ਰਚਾਰ ਕਰਕੇ ਵਿਦੇਸ਼ੀ ਧਰਤੀ ’ਤੇ ਪੰਜਾਬ ਅਤੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਪੱਛਮੀ ਆਸਟ੍ਰੇਲੀਆ ਦੀ ਵਿਧਾਨ ਪ੍ਰੀਸ਼ਦ ਦੀ ਮੈਂਬਰ ਅਤੇ ਡਿਪਟੀ ਚੇਅਰ ਆਫ਼ ਕਮੇਟੀਜ਼ ਡਾ. ਪਰਵਿੰਦਰ ਕੌਰ ਵੱਲੋਂ ਸਦੀਆਂ ਪੁਰਾਣੀ ਲੰਗਰ ਪ੍ਰਥਾ ਦੇ ਪਿਛੋਕੜ ਅਤੇ ਮਹੱਤਵ ਬਾਰੇ ਦਿੱਤੇ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੀ ਚੁਫੇਰਿਓਂ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ।
ਭਾਰਤੀ ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਅਤੇ ਉੱਘੇ ਲੇਖਕ ਤੇ ਫ਼ਿਲਮਸਾਜ਼ ਹਰਿੰਦਰ ਐੱਸ. ਸਿੱਕਾ ਨੇ ਵੀ ਡਾ. ਪਰਵਿੰਦਰ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੱਛਮੀ ਜਗਤ ਨੂੰ ਸਿੱਖੀ ਦੇ ਅਸਲ ਸਾਰ ਅਤੇ ਮਨੁੱਖਤਾ ਦੀ ਸੇਵਾ ਦੇ ਸਰਬ-ਸਾਂਝੇ ਸੰਦੇਸ਼ ਤੋਂ ਬਾਖ਼ੂਬੀ ਜਾਣੂ ਕਰਵਾਇਆ ਹੈ।
ਪਰਥ ਸਥਿਤ ਪੱਛਮੀ ਆਸਟ੍ਰੇਲੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਡਾ. ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਦੀ ਮੇਜ਼ਬਾਨੀ ਕਰਨ ਲਈ ਸੰਸਦ, ਸਮੂਹ ਮੈਂਬਰਾਂ ਅਤੇ ਮੰਤਰੀ ਜੈਸਿਕਾ ਸਟੋਜਕੋਵਸਕੀ ਦਾ ਧੰਨਵਾਦ ਕੀਤਾ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ‘ਸੱਚੇ ਸੌਦੇ’ ਦੀ ਸਾਖੀ ਸੁਣਾਉਂਦਿਆਂ ਦੱਸਿਆ ਕਿ ਕਿਵੇਂ ਬਚਪਨ ਵਿੱਚ ਪਿਤਾ ਮਹਿਤਾ ਕਾਲੂ (ਮਹਿਤਾ ਕਲਿਆਣ ਦਾਸ) ਜੀ ਵੱਲੋਂ ਵਪਾਰ ਕਰਨ ਲਈ ਦਿੱਤੇ 20 ਰੁਪਏ ਗੁਰੂ ਨਾਨਕ ਦੇਵ ਜੀ ਨੇ ਕਈ ਦਿਨਾਂ ਤੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ’ਤੇ ਖ਼ਰਚ ਕਰ ਦਿੱਤੇ ਸਨ। ਗੁਰੂ ਸਾਹਿਬ ਨੇ ਮੁਨਾਫ਼ੇ ਨਾਲੋਂ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਉੱਤਮ ਨਿਵੇਸ਼ ਮੰਨਿਆ ਅਤੇ ਇਹੀ ਸੋਚ ਅੱਗੇ ਚੱਲ ਕੇ ‘ਲੰਗਰ ਪ੍ਰਥਾ’ ਦਾ ਆਧਾਰ ਬਣੀ, ਜੋ 500 ਸਾਲਾਂ ਬਾਅਦ ਵੀ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਨਿਰੰਤਰ ਜਾਰੀ ਹੈ।
ਡਾ. ਕੌਰ ਨੇ ਲੰਗਰ ਨੂੰ ਮਹਿਜ਼ ਭੋਜਨ ਵੰਡਣ ਦੀ ਪ੍ਰਕਿਰਿਆ ਤੋਂ ਕਿਤੇ ਉੱਪਰ ਦੱਸਦਿਆਂ ਕਿਹਾ ਕਿ ਇਸ ਸੰਸਥਾ ਦੀ ਸਿਰਜਣਾ ਜਾਤ-ਪਾਤ, ਧਰਮ, ਸਮਾਜਿਕ ਰੁਤਬੇ ਅਤੇ ਅਮੀਰੀ-ਗ਼ਰੀਬੀ ਦੇ ਵਿਤਕਰੇ ਨੂੰ ਖ਼ਤਮ ਕਰਨ ਲਈ ਕੀਤੀ ਗਈ ਸੀ, ਜਿੱਥੇ ਹਰ ਕੋਈ ਇੱਕੋ ਪੰਗਤ ਵਿੱਚ ਬੈਠ ਕੇ ਬਰਾਬਰੀ ਨਾਲ ਪ੍ਰਸ਼ਾਦਾ ਛਕਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਵੰਡੇ ਹੋਏ ਸਮਾਜ ਵਿੱਚ ਇਹ ਸਿਧਾਂਤ ਪਹਿਲਾਂ ਨਾਲੋਂ ਵੀ ਵੱਧ ਸਾਰਥਕ ਹੈ। ਇਸ ਮੌਕੇ ਉਨ੍ਹਾਂ ਸਿੱਖੀ ਦੇ ਤਿੰਨ ਬੁਨਿਆਦੀ ਸਿਧਾਂਤਾਂ, ‘ਕਿਰਤ ਕਰੋ’, ‘ਵੰਡ ਛਕੋ’ ਅਤੇ ‘ਨਾਮ ਜਪੋ’ ’ਤੇ ਵੀ ਚਾਨਣਾ ਪਾਇਆ ਅਤੇ ਪਰਥ ਵਾਸੀਆਂ ਨੂੰ ਕੈਨਿੰਗ ਵੇਲ ਅਤੇ ਬੈਨੇਟ ਸਪ੍ਰਿੰਗਜ਼ ਸਥਿਤ ਗੁਰਦੁਆਰਿਆਂ ਵਿੱਚ ਰੋਜ਼ਾਨਾ ਚੱਲਦੇ ਲੰਗਰ ਦਾ ਆਨੰਦ ਮਾਣਨ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਸੰਸਦ ਭਵਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ, ਡਿਪਟੀ ਪ੍ਰੀਮੀਅਰ ਰੀਟਾ ਸੈਫਿਓਟੀ, ਮੰਤਰੀ ਜੈਸਿਕਾ ਸਟੋਜਕੋਵਸਕੀ, ਬੇਸਿਲ ਜ਼ੈਂਪੀਲਾਸ ਸਮੇਤ ਸਿੱਖ ਗੁਰਦੁਆਰਾ ਪਰਥ ਦੇ ਪ੍ਰਧਾਨ ਸਰਬਪ੍ਰੀਤ ਸਿੰਘ ਅਤੇ ਸਿੱਖ ਐਸੋਸੀਏਸ਼ਨ ਆਫ਼ ਡਬਲਯੂ.ਏ. (ਗੁਰਦੁਆਰਾ ਕੈਨਿੰਗ ਵੇਲ) ਦੇ ਪ੍ਰਧਾਨ ਅਮਰਜੀਤ ਸਿੰਘ ਤੇ ਸਮੂਹ ਪ੍ਰਬੰਧਕ ਕਮੇਟੀਆਂ ਨੇ ਸ਼ਮੂਲੀਅਤ ਕੀਤੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡਾ. ਪਰਵਿੰਦਰ ਕੌਰ ਆਪਣੇ ਸਿੱਖ ਵਿਰਸੇ ਪ੍ਰਤੀ ਸਮਰਪਣ ਕਾਰਨ ਚਰਚਾ ਵਿੱਚ ਆਏ ਹਨ। ਪਿਛਲੇ ਸਾਲ ਮਈ ਮਹੀਨੇ ਵਿੱਚ ਵੀ ਉਨ੍ਹਾਂ ਨੇ ਪੱਛਮੀ ਆਸਟ੍ਰੇਲੀਆ ਦੀ ਸੰਸਦ ਵਿੱਚ ਨੰਗੇ ਪੈਰੀਂ ਖੜ੍ਹੇ ਹੋ ਕੇ, ਸਿਰ ’ਤੇ ਰਵਾਇਤੀ ਦੁਪੱਟਾ ਸਜਾ ਕੇ ਅਤੇ ‘ਇੱਕ ਓਂਕਾਰ’ ਤੇ ‘ਕੌਰ’ ਕਢਾਈ ਵਾਲਾ ਭਾਰਤੀ ਪਹਿਰਾਵਾ ਪਹਿਨ ਕੇ ਪਵਿੱਤਰ ‘ਗੁਟਕਾ ਸਾਹਿਬ’ ’ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ। ਨਵਾਂਸ਼ਹਿਰ ਨੇੜਲੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਆਸਟ੍ਰੇਲੀਆ ਪਹੁੰਚੀ ਡਾ. ਕੌਰ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇੱਕ ਉੱਘੀ ਬਾਇਓਟੈਕਨਾਲੋਜਿਸਟ ਰਹੀ ਹਨ, ਜਿਨ੍ਹਾਂ ਨੂੰ ਸਾਲ 2013 ਵਿੱਚ ਆਸਟਰੇਲੀਆਈ ਅਕੈਡਮੀ ਆਫ਼ ਸਾਇੰਸਿਜ਼ ਵੱਲੋਂ ‘ਸਾਇੰਸ ਐਂਡ ਇਨੋਵੇਸ਼ਨ ਐਵਾਰਡ’ ਅਤੇ 2019 ਵਿੱਚ ਮਾਈਕ੍ਰੋਸਾਫਟ ਦੇ ‘ਏ.ਆਈ. ਫਾਰ ਅਰਥ’ ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ।